ਟਿਕਟ ਵੰਡ: ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਪਾਰਟੀ ਤੋਂ ਖਫਾ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪਰ ਕਾਂਗਰਸ ਦੇ ਸੀਨੀਅਰ ਆਗੂ ਪਾਰਟੀ ਤੋਂ ਖ਼ਫ਼ਾ ਨਜ਼ਰ ਆ ਰਹੇ ਹਨ। ਕਾਂਗਰਸ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਸੀਨੀਅਰ ਆਗੂ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਪੰਜਾਬ ਦੇ ਉਮੀਦਵਾਰਾਂ ‘ਤੇ ਸਵਾਲ ਚੁੱਕੇ ਹਨ। ਇਸ ਪੱਤਰ ਦੀ ਕਾਪੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਵੀ ਭੇਜੀ ਗਈ ਹੈ।

ਸ੍ਰੀ ਦੂਲੋ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਖ-ਵੱਖ ਘੁਟਾਲਿਆਂ, ਮਾਫੀਆ, ਤਸਕਰੀ, ਨਸ਼ਿਆਂ ਤੇ ਸ਼ਰਾਬ ਤਸਕਰੀ ਦੇ ਕਾਰੋਬਾਰ ਵਿਚ ਸ਼ਾਮਲ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਸਨ ਜਿਸ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਦਲਬਦਲੂ ਤੇ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ 13 ਵਿਚੋਂ 12 ਉਮੀਦਵਾਰ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਹਨ। ਇਸ ਤੋਂ ਇਲਾਵਾ 12 ਵਿਚੋਂ 5 ਕਾਂਗਰਸੀ ਹਨ, ਬਾਕੀ 7 ਬਾਹਰੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਬਾਹਰੀ ਉਮੀਦਵਾਰਾਂ ਨੂੰ ਟਿਕਟਾਂ ਦੇਣ ਲਈ ਪਾਰਟੀ ਦੇ ਕਈ ਸੀਨੀਅਰ ਤੇ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ਵਿਚ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਅੱਜ ਹਾਸ਼ੀਏ ‘ਤੇ ਪਹੁੰਚ ਗਈ ਹੈ ਜਿਸ ਨੂੰ ਬਚਾਉਣ ਲਈ ਪੁਰਾਣੇ ਤੇ ਵਫ਼ਾਦਾਰ ਆਗੂਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ 2022 ਦੇ ਚੋਣ ਨਤੀਜਿਆਂ ‘ਤੇ ਮੰਥਨ ਕਰਨਾ ਚਾਹੀਦਾ ਹੈ। ਉਸ ਮੰਥਨ ਦੇ ਆਧਾਰ ‘ਤੇ ਹੀ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਮੀਦਵਾਰਾਂ ਬਾਰੇ ਮੁੜ ਤੋਂ ਵਿਚਾਰ ਨਹੀਂ ਕਰਦੀ ਤਾਂ ਲੋਕ ਸਭਾ ਚੋਣਾਂ ਵਿਚ ਵੀ ਵਿਧਾਨ ਸਭਾ ਚੋਣਾਂ ਵਾਂਗ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।
ਪਿੱਠ ’ਚ ਛੁਰਾ ਮਾਰਨ ਵਾਲਿਆਂ ਕੋਲੋਂ ਲੋਕ ਬਦਲਾ ਲੈਣਗੇ: ਰਾਜਾ ਵੜਿੰਗ
ਲੁਧਿਆਣਾ: ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਕਾਂਗਰਸ ਛੱਡ ਕੇ ਗੱਦਾਰੀ ਕੀਤੀ ਹੈ। ਹੁਣ ਲੁਧਿਆਣਾ ‘ਚ ਲੜਾਈ ਗੱਦਾਰ ਅਤੇ ਵਫ਼ਾਦਾਰ ਵਿਚਕਾਰ ਹੈ। ਇਥੇ ਆਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਪਾਰਟੀ ਨੂੰ ਰਵਨੀਤ ਬਿੱਟੂ ਦੀ ਲੋੜ ਸੀ ਤਾਂ ਉਨ੍ਹਾਂ ਪਿੱਠ ‘ਚ ਛੁਰਾ ਮਾਰਨ ਵਾਲਾ ਕੰਮ ਕੀਤਾ।