ਖਡੂਰ ਸਾਹਿਬ: ਪੰਥਕ ਹਲਕਾ ਬਣਿਆ ਅਕਾਲੀ ਦਲ ਲਈ ਚੁਣੌਤੀ

ਅੰਮ੍ਰਿਤਸਰ: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਆਜ਼ਾਦ ਉਮੀਦਵਾਰ ਵਜੋਂ ਆਮਦ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਨੂੰ ਪੰਥਕ ਉਮੀਦਵਾਰੀ ਸਾਬਤ ਕਰਨ ਅਤੇ ਪੰਥਕ ਏਜੰਡੇ ਬਾਰੇ ਗੱਲ ਕਰਨ ਲਈ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ।

ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਰਸਾ ਸਿੰਘ ਵਲਟੋਹਾ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਇਕ ਰੈਲੀ ਦੀ ਹੈ ਜਿਸ ਵਿਚ ਉਹ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿਚ ਕਿਸੇ ਵੀ ਥਾਂ ਇਕ ਕਮਰੇ ਵਿਚ ਬੈਠ ਕੇ ਸਦਭਾਵਨਾ ਵਾਲੇ ਮਾਹੌਲ ਵਿਚ ਖੁੱਲ੍ਹੀ ਬਹਿਸ ਦੀ ਚੁਣੌਤੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਧਿਰ ਵੱਲੋਂ ਕੋਈ ਇਕ ਵਿਅਕਤੀ ਅਤੇ ਉਹ ਖੁਦ ਪੰਜਾਬ ਵਿਚ ਕਿਸੇ ਵੀ ਥਾਂ ‘ਤੇ ਇਕ ਕਮਰੇ ਵਿਚ ਬੈਠ ਜਾਣਗੇ ਜਿੱਥੇ ਕੁਝ ਮੀਡੀਆ ਵਾਲੇ ਵੀ ਹੋਣਗੇ ਅਤੇ ਉਨ੍ਹਾਂ ਵੱਲੋਂ ਪ੍ਰੋਗਰਾਮ ਦਾ ਪ੍ਰਸਾਰਨ ਲਾਈਵ ਕੀਤਾ ਜਾਵੇਗਾ ਜਿਸ ਵਿਚ ਉਹ ਆਪਣੀ ਪੰਥਕ ਉਮੀਦਵਾਰੀ ਅਤੇ ਏਜੰਡੇ ਬਾਰੇ ਗੱਲ ਰੱਖਣਗੇ। ਜੇਕਰ ਕਿਸੇ ਵੀ ਤਰ੍ਹਾਂ ਉਹ ਆਪਣੀ ਉਮੀਦਵਾਰੀ ਤੇ ਪੰਥਕ ਏਜੰਡੇ ਵਿਚ ਕਮਜ਼ੋਰ ਸਾਬਤ ਹੋਏ ਤਾਂ ਉਹ ਇਸ ਲੋਕ ਸਭਾ ਹਲਕੇ ਤੋਂ ਆਪਣੀ ਉਮੀਦਵਾਰੀ ਛੱਡ ਦੇਣਗੇ। ਉਹ ਇਸ ਸਬੰਧੀ ਉਮੀਦਵਾਰੀ ਛੱਡਣ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਕੋਈ ਪ੍ਰਵਾਨਗੀ ਨਹੀਂ ਲੈਣਗੇ।
ਅਕਾਲੀ ਉਮੀਦਵਾਰ ਦਾ ਦਾਅਵਾ ਹੈ ਕਿ ਉਸ ਨੇ ਚੋਣ ਮੈਦਾਨ ਵਿਚ ਨਿੱਤਰਨ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੇ ਸਮਰਥਨ ਦੇਣ ਦਾ ਹੁੰਗਾਰਾ ਵੀ ਭਰਿਆ ਸੀ ਪਰ ਸ੍ਰੀ ਵਲਟੋਹਾ ਨੇ ਉਸ ਪਰਿਵਾਰਿਕ ਮੈਂਬਰ ਦਾ ਨਾਂ ਦੱਸਣ ਤੋਂ ਇਨਕਾਰ ਕੀਤਾ ਜਿਸ ਵੱਲੋਂ ਸਮਰਥਨ ਦੇਣ ਦਾ ਹੁੰਗਾਰਾ ਭਰਿਆ ਗਿਆ ਸੀ। ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਪੰਥਕ ਇਲਾਕਾ ਹੈ ਜਿੱਥੇ ਵਧੇਰੇ ਕਰਕੇ ਪੰਥਕ ਪਾਰਟੀਆਂ ਨਾਲ ਸਬੰਧਤ ਉਮੀਦਵਾਰ ਹੀ ਜਿੱਤਦੇ ਰਹੇ ਹਨ।
ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਦਾ ਨੁਕਸਾਨ ਕੀਤਾ: ਸੁਖਬੀਰ
ਡੇਰਾਬੱਸੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਨ.ਕੇ. ਸ਼ਰਮਾ ਦੇ ਹੱਕ ਵਿਚ ਪੰਜਾਬ ਬਚਾਓ ਯਾਤਰਾ ਕੱਢੀ। ਸ੍ਰੀ ਬਾਦਲ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਦਿੱਲੀ ਆਧਾਰਿਤ ਪਾਰਟੀਆਂ ਦਾ ਤਜਰਬਾ ਕਰਨਾ ਪੰਜਾਬੀਆਂ ਨੂੰ ਬਹੁਤ ਮਹਿੰਗਾ ਪਿਆ ਹੈ। ਉਨ੍ਹਾਂ ਕਿਹਾ ਕਿ ਸੰਘੀ ਖ਼ੁਦਮੁਖ਼ਤਿਆਰੀ ਸਮੇਤ ਹੋਰ ਮੁੱਖ ਮੁੱਦੇ ਪਿੱਛੇ ਰਹਿ ਗਏ ਹਨ। ਸ੍ਰੀ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ‘ਤੇ ਵਿਸ਼ਵਾਸ ਰੱਖਣ। ਅਕਾਲੀ ਦਲ ਸੰਸਦ ਵਿਚ ਉਨ੍ਹਾਂ ਦੀ ਆਵਾਜ਼ ਬਣ ਕੇ ਗੂੰਜੇਗਾ।