ਰਾਮ ਦੀ ਪੁਨਰ-ਰਚਨਾ: ਬ੍ਰਾਹਮਣਵਾਦੀ ਸਰਵਉੱਚਤਾ ਉਤਸ਼ਾਹਿਤ ਕਰਨ ਦਾ ਸਾਧਨ

ਸਾਗਰ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਅਯੁੱਧਿਆ ਵਿਚ 22 ਜਨਵਰੀ ਨੂੰ ਬਾਬਰੀ ਮਸਜਿਦ ਵਾਲੀ ਜਗ੍ਹਾ ਬਣਾਏ ਜਾ ਰਹੇ ਰਾਮ ਮੰਦਰ ਅਤੇ ਇਸ ਅਧੂਰੇ ਮੰਦਰ ਵਿਚ 2024 ਦੀਆਂ ਆਮ ਚੋਣਾਂ ਤੋਂ ਐਨ ਪਹਿਲਾਂ ਨਰਿੰਦਰ ਮੋਦੀ ਵੱਲੋਂ ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਨਾਲ ਮਿਲ ਕੇ ਕੀਤੀ ‘ਪ੍ਰਾਣ ਪ੍ਰਤਿਸ਼ਠਾ` ਦਾ ਦੂਰਗਾਮੀ ਮਨੋਰਥ ਕੀ ਹੈ, ‘ਕਾਰਵਾਂ’ ਰਸਾਲੇ ਦੇ ਸਟਾਫ ਮੈਂਬਰ ਸਾਗਰ ਦੀ ਇਹ ਟਿੱਪਣੀ ਗ਼ੌਰਤਲਬ ਹੈ। ‘ਕਾਰਵਾਂ’ ਆਪਣੀਆਂ ਖੋਜੀ ਰਿਪੋਰਟਾਂ ਲਈ ਜਾਣਿਆ ਜਾਂਦਾ ਹੈ। ਟਿੱਪਣੀ ਦੇ ਮਹੱਤਵ ਦੇ ਮੱਦੇਨਜ਼ਰ ਇਸ ਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

25 ਨਵੰਬਰ 2023 ਨੂੰ ਮੱਧ ਪ੍ਰਦੇਸ਼ ਦੇ ਤੀਰਥ ਸਥਾਨ ਚਿਤਰਕੂਟ ਦੇ ਇਕ ਮੰਦਰ ਦੇ ਮੁੱਖ ਪੁਜਾਰੀ ਰਾਮਭੱਦਰਾਚਾਰੀਆ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਹਿੰਦੂ ਭਗਵਾਨ ਰਾਮ ਨੇ ਇਕ ਸਵੇਰੇ ਉਸ ਨੂੰ ਦੈਵੀ ਦਰਸ਼ਨ ਦਿੱਤੇ ਸਨ। ਉਸ ਅਨੁਸਾਰ, ਉਹ ਹਾਜ਼ਤ ਲਈ ਜਾਗਿਆ ਸੀ ਜਦੋਂ ਰਾਮ ਛੋਟੇ ਬੱਚੇ ਦੇ ਰੂਪ ਵਿਚ ਉਸ ਦੇ ਸਾਹਮਣੇ ਪ੍ਰਗਟ ਹੋਏ, ਉਸ ਨੂੰ ਬਾਥਰੂਮ ਵਿਚ ਲੈ ਗਏ ਅਤੇ ਫਿਰ ਉਸ ਦੇ ਨਾਲ ਬੈੱਡਰੂਮ ਵਿਚ ਵਾਪਸ ਆਏ। ਰਾਮਭੱਦਰਚਾਰੀਆ ਅੱਖਾਂ ਤੋਂ ਅੰਨ੍ਹਾ ਹੈ ਅਤੇ ਭਗਵਾਨ ਦੇ ਦਰਸ਼ਨ ਹੋਏ ਹੋਣ ਦਾ ਦਾਅਵਾ ਕਰਦਾ ਹੈ। ਇਕ ਸਵਰਨ (ਉਚ ਜਾਤੀ) ਪੱਤਰਕਾਰ ਸੁਧੀਰ ਚੌਧਰੀ ਜੋ ਸਾਰਥਕ ਕੰਮਾਂ ਦੇ ਵਿਰੁੱਧ ਸ਼ੋਅ ਕਰਨ ਲਈ ਬਦਨਾਮ ਹੈ, ਆਜ ਤਕ ਚੈਨਲ ਉੱਪਰ ਉਸ ਨੂੰ ਹੋਸਟ ਕਰ ਰਿਹਾ ਸੀ। ਚੌਧਰੀ ਨੇ ਸਿਰਫ਼ ਰਾਮਭੱਦਰਚਾਰੀਆ ਨੂੰ ਇਹ ਸਵਾਲ ਕਰਨ ਤੋਂ ਹੀ ਟਾਲਾ ਨਹੀਂ ਵੱਟਿਆ ਕਿ ਇਹ ਤਾਂ ਬਹੁਤ ਹੀ ਸਤਿਕਾਰਤ ਭਗਵਾਨ ਬਾਰੇ ਕੁਫ਼ਰ ਦੇ ਬਰਾਬਰ ਹੈ, ਉਸ ਨੇ ਪੁਜਾਰੀ ਨੂੰ ‘ਗੁਰੂ ਜੀ` ਵੀ ਕਿਹਾ।
ਇਸ ਦੀ ਬਜਾਇ ਚੌਧਰੀ ਨੇ ਪੁਜਾਰੀ ਨੂੰ ਪੁੱਛਿਆ ਕਿ 22 ਜਨਵਰੀ ਨੂੰ ਰਾਮ ਮੰਦਰ ਦਾ ਜੋ ਮਹੂਰਤ ਕੀਤਾ ਜਾਣਾ ਹੈ, ਉਸ ਬਾਰੇ ਉਸ ਦਾ ਬ੍ਰਹਮ ਦਰਸ਼ਨ ਕੀ ਕਹਿੰਦਾ ਹੈ। ਰਾਮਭੱਦਰਾਚਾਰੀਆ ਨੇ ਕਿਹਾ ਕਿ ਰਾਮ ਨੇ ਉਸ ਨੂੰ ਕਿਹਾ ਕਿ “ਮੇਰੇ ਨਾਲ ਆ ਕੇ ਅੰਮ੍ਰਿਤ ਮਹੋਤਸਵ ਮਨਾਓ।” ਅੰਮ੍ਰਿਤ ਮਹੋਤਸਵ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਬਾਰੇ ਪ੍ਰਚਲਤ ਕੀਤਾ ਸਰਕਾਰੀ ਸ਼ਬਦ ਹੈ ਪਰ ਦਰਅਸਲ ਇਹ ਬ੍ਰਾਹਮਣਵਾਦੀ ਸੰਸਕ੍ਰਿਤੀ ਦਾ ਪ੍ਰਚਾਰ ਕਰਨ ਦਾ ਸਾਧਨ ਹੈ।
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਇਕ ਜਨਤਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੇਦਾਂ ਅਤੇ ਹੋਰ ਬ੍ਰਾਹਮਣੀ ਸਾਹਿਤ ਦੇ ਗਿਆਨ ਲਈ ਰਾਮਭੱਦਰਾਚਾਰੀਆ ਨੂੰ ‘ਰਾਸ਼ਟਰੀ ਵਿਰਾਸਤ` ਐਲਾਨਿਆ ਸੀ। ਮੋਦੀ ਨੇ ਇਸ ਗੱਲ `ਤੇ ਵੀ ਮਾਣ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ 2015 `ਚ ਰਾਮਭੱਦਰਾਚਾਰੀਆ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਸੀ। ਉਸ ਦਿਨ ਮੋਦੀ ਦਾ ਧੰਨਵਾਦ ਕਰਦੇ ਹੋਏ ਰਾਮਭੱਦਰਾਚਾਰੀਆ ਨੇ ਕਿਹਾ ਕਿ ਉਸ ਨੇ ਰਾਮ ਨੂੰ ਕਿਹਾ ਸੀ ਕਿ ਉਹ ਆਪਣੇ ਲਈ ਅੱਖਾਂ ਨਹੀਂ ਸਗੋਂ ਭਾਰਤ ਵਿਚ ਦੁਬਾਰਾ ਜਨਮ ਲੈਣਾ ਚਾਹੁੰਦਾ ਹੈ- ਤੇ ਉਹ ਵੀ ‘ਸਿਰਫ਼ ਬ੍ਰਾਹਮਣ ਵੰਸ਼ ਵਿਚ।`
ਰਾਮਭੱਦਰਾਚਾਰੀਆ ਇੱਕੋ-ਇਕ ਅਜਿਹਾ ਪੁਜਾਰੀ ਨਹੀਂ ਜਿਸ ਦੇ ਤਰਕਹੀਣ ਭਾਸ਼ਣਾਂ ਨੂੰ ਸਵਰਨ ਪੱਤਰਕਾਰਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਰਾਮ ਦੇ ਨਾਮ `ਤੇ ਜਨਤਕ ਤੌਰ `ਤੇ ਸਨਮਾਨਿਤ ਕੀਤਾ ਅਤੇ ਮੰਚ ਦਿੱਤਾ ਜਾ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਜਿਉਂ ਹੀ ਮੰਦਰ ਦਾ ਮਹੂਰਤ ਨੇੜੇ ਆ ਰਿਹਾ ਸੀ, ਮੁੱਖਧਾਰਾ ਮੀਡੀਆ ਅਤੇ ਭਾਜਪਾ ਆਗੂ ਬ੍ਰਾਹਮਣ ਸਰਵਉੱਚਤਾ ਅਤੇ ਰਾਮ ਦੇ ਬ੍ਰਾਹਮਣਵਾਦੀ ਰੂਪ ਨੂੰ ਉਤਸ਼ਾਹਿਤ ਕਰ ਰਹੇ ਸਨ ਜਦੋਂਕਿ ਕਿਸੇ ਵੀ ਤਰਕਸ਼ੀਲ ਆਵਾਜ਼ ਉੱਪਰ ਸਿਆਸੀ, ਵਿਵਾਦਪੂਰਨ ਅਤੇ ਹਿੰਦੂ ਅਕੀਦਿਆਂ ਵਿਰੋਧੀ ਹੋਣ ਦਾ ਠੱਪਾ ਲਾ ਰਹੇ ਹਨ।
ਜਨਵਰੀ ਦੇ ਪਹਿਲੇ ਹਫ਼ਤੇ ਸ਼ੰਕਰਾਚਾਰੀਆ ਨਿਸਚਲਾਨੰਦ ਸਰਸਵਤੀ ਜੋ ਹਿੰਦੂ ਧਰਮ ਦੇ ਚਾਰ ਸਭ ਤੋਂ ਉੱਚੇ ਪੀਠ ਵਿਚੋਂ ਇਕ ਹੈ, ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਰਾਮ ਮੰਦਰ ਦੇ ਮਹੂਰਤ ਵਿਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਮੋਦੀ ਨੂੰ ਮੂਰਤੀ ਸਥਾਪਤ ਕਰਦੇ ਦੇਖਣਾ ਉਸ ਦੇ ਰੁਤਬੇ ਦੀ ਹੇਠੀ ਹੋਵੇਗਾ। ਉਸ ਦਾ ਮੰਨਣਾ ਸੀ ਕਿ ਸਥਾਪਨਾ ਸਿਰਫ਼ ਧਰਮਾਚਾਰੀਆ ਦੁਆਰਾ ਹੀ ਕੀਤੀ ਜਾ ਸਕਦੀ ਹੈ- ਇਕ ਬ੍ਰਾਹਮਣ ਬੰਦਾ ਜੋ ਹਿੰਦੂ ਮੱਤ ਦਾ ਅਧਿਕਾਰੀ ਹੈ। 2019 `ਚ ਮੋਦੀ ਨੇ ਜਨਤਕ ਤੌਰ `ਤੇ ਦਾਅਵਾ ਕੀਤਾ ਸੀ ਕਿ ਉਹ ਅਤਿ ਪਿਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਹੈ। ਖ਼ਫ਼ਾ ਹੋਏ ਸਰਸਵਤੀ ਨੇ ਪੁੱਛਿਆ ਕਿ ਫਿਰ ਉਹ ਕੀ ਕਰੇ। “ਜਦੋਂ ਮੋਦੀ ਸਮਾਰੋਹ ਵਿਚ ਬੁੱਤ ਨੂੰ ਛੂਹੇਗਾ, ਕੀ ਤਾੜੀ ਵਜਾਏ?” ਸ਼ੰਕਰਾਚਾਰੀਆ ਜਾਤੀ ਵਿਵਸਥਾ ਦਾ ਪੱਕਾ ਹਮਾਇਤੀ ਰਿਹਾ ਹੈ। ਪੱਤਰਕਾਰਾਂ ਦੇ ਸਾਹਮਣੇ ਆਪਣੀ ਬ੍ਰਹਮ ਸ਼ਖ਼ਸੀਅਤ ਪੇਸ਼ ਕਰਦੇ ਹੋਏ ਸਰਸਵਤੀ ਨੇ ਕਿਹਾ, “ਮੈਂ ਭਗਵਤੀ ਸੀਤਾ (ਰਾਮ ਦੀ ਪਤਨੀ) ਨੂੰ ਆਪਣੀ ਬੜੀ ਭੈਣ ਸਮਝਦਾ ਸੀ ਪਰ ਇਕ ਵਾਰ, ਜਦੋਂ ਮੈਂ ਅੰਤਰ-ਧਿਆਨ ਸੀ ਤਾਂ ਸੀਤਾ ਨੇ ਮੈਨੂੰ ਕਿਹਾ ਕਿ ਮੈਂ ਉਸ ਨੂੰ ਆਪਣੀ ਛੋਟੀ ਭੈਣ ਮੰਨਾਂ।”
ਸੁਧੀਰ ਚੌਧਰੀ ਵਾਂਗ ਪੱਤਰਕਾਰਾਂ ਨੇ ਸਰਸਵਤੀ ਨੂੰ ਗੁਰੂਦੇਵ ਕਹਿ ਕੇ ਸੰਬੋਧਨ ਕੀਤਾ ਅਤੇ ਉਸ ਦੇ ਬਿਆਨਾਂ ਦਾ ਵਿਰੋਧ ਨਹੀਂ ਕੀਤਾ ਜਿਸ ਨੂੰ ਦੇਵ ਪੁਰਸ਼ਾਂ ਦੀ ਪੁਸ਼ਤ-ਪਨਾਹੀ ਮੰਨਿਆ ਜਾ ਸਕਦਾ ਹੈ। ਇਸ ਤੋਂ ਤੁਰੰਤ ਬਾਅਦ ਸਰਸਵਤੀ ਨੂੰ ਸੀ.ਐੱਨ.ਐੱਨ. ਨਿਊਜ਼ 18 ਦੇ ਸ਼ੋਅ ਵਿਚ ਬੁਲਾਇਆ ਗਿਆ ਜਿੱਥੇ ਉਸ ਨੇ ਦੱਸਿਆ ਕਿ ਕਿਵੇਂ ਸਿਰਫ਼ ਬ੍ਰਾਹਮਣ ਹੀ ਅਧਿਆਪਕ ਹੋ ਸਕਦਾ ਹੈ ਅਤੇ ਉਹ ਹੋਰ ਬਹੁਤ ਸਾਰੇ ਕੰਮਾਂ ਦੇ ਨਾਲ-ਨਾਲ ਪ੍ਰਚਾਰ ਕਰਨ ਦੇ ਕਾਬਲ ਹੈ। ਆਨੰਦ ਨਰਸਿਮਹਾ (ਮੈਨੇਜਿੰਗ ਐਡੀਟਰ) ਜੋ ਤਾਮਿਲ ਬ੍ਰਾਹਮਣ ਹੈ, ਨੇ ਸਰਸਵਤੀ ਦੀ ਇੰਟਰਵਿਊ ਕੀਤੀ ਜੋ ਸੋਫ਼ੇ `ਤੇ ਬੈਠਾ ਸੀ, ਜਦੋਂਕਿ ਨਰਸਿਮਹਾ ਹੇਠਾਂ ਫਰਸ਼ `ਤੇ ਬੈਠਾ ਸੀ ਅਤੇ ਉਸ ਨੂੰ ਗੁਰੂਦੇਵ ਕਹਿ ਕੇ ਸੰਬੋਧਨ ਕਰ ਰਿਹਾ ਸੀ। ਨਰਸਿਮਹਾ ਨੇ ਸਰਸਵਤੀ ਨੂੰ ਮੁੱਖ ਸਵਾਲ ਪੁੱਛ ਕੇ ਉਸ ਨੂੰ ਇਹ ਕਹਿਣ ਲਈ ਪ੍ਰੇਰਿਆ ਕਿ ਮੰਦਰ ਭਾਰਤੀਆਂ ਦੀ ਧਾਰਮਿਕ ਚੇਤਨਾ ਨੂੰ ਜਗਾਏਗਾ। ਉਸੇ ਹਫ਼ਤੇ ਮਸ਼ਹੂਰ ਬ੍ਰਾਹਮਣ ਪ੍ਰਚਾਰਕ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਇਕ ਸਰਕਾਰ ਪੱਖੀ ਟੈਲੀਵਿਜ਼ਨ ਚੈਨਲ ਨੂੰ ਦੱਸਿਆ ਕਿ ਮਨੂ ਸਿਮਰਿਤੀ ਜੋ ਜਾਤ ਪ੍ਰਣਾਲੀ ਨੂੰ ਸ਼ਾਸਤਰੀ ਹਮਾਇਤ ਮੁਹੱਈਆ ਕਰਦੀ ਹੈ ਅਤੇ ਇਸ ਦੀਆਂ ਦਰਜੇਬੰਦੀਆਂ ਨੂੰ ਤੈਅ ਕਰਦੀ ਹੈ, “ਮਨੁੱਖਤਾ ਦੀ ਗੱਲ ਕਰਦੀ ਹੈ”। ਉਸ ਨੇ ਇਹ ਵੀ ਕਿਹਾ ਕਿ ਜੋ ਮਨੂ ਸਿਮਰਿਤੀ ਨੂੰ ਹੋਰ ਤਰ੍ਹਾਂ ਪੇਸ਼ ਕਰਦੇ ਹਨ, ਉਹ ‘ਮਾਨਸਿਕ ਰੋਗ` ਦਾ ਸ਼ਿਕਾਰ ਹਨ।
ਸਿਰਫ਼ ਧਾਰਮਿਕ ਆਗੂ ਹੀ ਨਹੀਂ, ਭਾਜਪਾ ਦੇ ਸਵਰਨ ਆਗੂ ਵੀ ਅੰਧ-ਵਿਸ਼ਵਾਸ ਫੈਲਾਉਣ ਲਈ ਰਾਮ ਦਾ ਸਹਾਰਾ ਲੈ ਰਹੇ ਹਨ। 5 ਜਨਵਰੀ ਨੂੰ ਭਾਜਪਾ ਦੇ ਇਕ ਬੁਲਾਰੇ ਸੁਧਾਂਸੂ ਤ੍ਰਿਵੇਦੀ ਜੋ ਬ੍ਰਾਹਮਣ ਹੈ, ਨੇ ਟੈਲੀਵਿਜ਼ਨ ਸ਼ੋਅ ਵਿਚ ਦਲੀਲ ਦਿੱਤੀ ਕਿ ਹਸਪਤਾਲਾਂ ਨਾਲੋਂ ਮੰਦਰਾਂ ਦੀ ਲੋੜ ਜ਼ਿਆਦਾ ਹੈ ਕਿਉਂਕਿ ਹਸਪਤਾਲ ਸਿਰਫ਼ ਬੰਦੇ ਦੀ ਸਿਹਤ ਦਾ ਇਲਾਜ ਕਰਦੇ ਹਨ, ਮੰਦਰ ਚਰਿੱਤਰ ਉਸਾਰਦੇ ਹਨ। ਤ੍ਰਿਵੇਦੀ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਦਾ ਵਿਰੋਧ ਕਰ ਰਿਹਾ ਸੀ ਜਿਸ ਨੇ ਕਿਹਾ ਸੀ ਕਿ ਲੋਕਾਂ ਨੂੰ ਮੰਦਰਾਂ ਨਾਲੋਂ ਹਸਪਤਾਲਾਂ ਦੀ ਲੋੜ ਜ਼ਿਆਦਾ ਹੈ। ਯਾਦਵ ਹੋਰ ਪਿੱਛੜੀਆਂ ਸ਼੍ਰੇਣੀਆਂ `ਚੋਂ ਹੈ।
ਦਸੰਬਰ 2023 `ਚ ਤ੍ਰਿਵੇਦੀ ਨੇ ਸੰਸਦ ਵਿਚ ਸੁਝਾਅ ਦਿੱਤਾ ਸੀ ਕਿ ਭਾਰਤ ਦਾ ਆਰਥਿਕ ਵਿਕਾਸ ਅਤੇ ਇਸ ਦੀ ਗਿਰਾਵਟ ਦਾ ਸਬੰਧ ਰਾਮ ਜਨਮ ਭੂਮੀ ਮੁਹਿੰਮ ਦੇ ਕ੍ਰਮਵਾਰ ਉਭਾਰ ਅਤੇ ਗਿਰਾਵਟ ਨਾਲ ਹੈ। ਜਨਵਰੀ 2023 `ਚ ਜਦੋਂ ਸ਼ੂਦਰ ਸਮਾਜ ਨਾਲ ਸਬੰਧਿਤ ਰਾਸ਼ਟਰੀ ਜਨਤਾ ਦਲ ਦੇ ਆਗੂ ਚੰਦਰ ਸ਼ੇਖਰ ਨੇ ਸੋਲ੍ਹਵੀਂ ਸਦੀ ਦੇ ਬ੍ਰਾਹਮਣ ਲੇਖਕ ਤੁਲਸੀਦਾਸ ਦੀ ਆਲੋਚਨਾ ਕੀਤੀ ਕਿ ਉਸ ਨੇ ਆਪਣੇ ਮਹਾਂਕਾਵਿ ਰਾਮਚਰਿਤਮਾਨਸ ਵਿਚ ਸੂਦਰਾਂ ਦਾ ਅਪਮਾਨ ਕੀਤਾ ਹੈ ਤਾਂ ਤ੍ਰਿਵੇਦੀ ਨੇ ਇਹ ਕਹਿ ਕੇ ਅਪਮਾਨਜਨਕ ਦੋਹੇ ਨੂੰ ਜਾਇਜ਼ ਠਹਿਰਾਇਆ ਕਿ ਇਸ ਦੀ ਆਲੋਚਨਾ ਕਰਨ ਵਾਲਿਆਂ ਨੂੰ ਇਸ ਦੇ ਸਹੀ ਅਰਥ ਸਮਝ ਨਹੀਂ ਆਉਂਦੇ।
ਹਾਲ ਹੀ ਵਿਚ ਖ਼ਾਨਾਬਦੋਸ਼ ਕਬੀਲੇ ਨਾਲ ਸਬੰਧਿਤ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਜਤਿੰਦਰ ਅਵਹਾੜ ਨੇ ਕਿਹਾ, “ਰਾਮ ਬਹੁਜਨਾਂ ਦਾ ਹੈ। ਜੋ ਰਾਮ ਸ਼ਿਕਾਰ ਕਰਦਾ ਤੇ ਮਾਸ ਖਾਂਦਾ ਹੈ, ਉਹ ਸਾਡਾ ਹੈ।” ਵਾਲਮੀਕਿ ਦੀ ਰਾਮਾਇਣ ਦਾ ਹਵਾਲਾ ਦਿੰਦਿਆਂ ਅਵਹਾੜ ਨੇ ਕਿਹਾ ਕਿ ਰਾਮ ਮਾਸ ਖਾਂਦੇ ਸਨ ਕਿਉਂਕਿ ਉਹ ਚੌਦਾਂ ਸਾਲ ਤੱਕ ਜੰਗਲਾਂ ਵਿਚ ਰਹੇ ਸਨ। ਹਿੰਦੂ ਧਰਮ ਉੱਪਰ ਆਪਣੀਆਂ ਵਿਸਤਾਰਤ ਲਿਖਤਾਂ ਵਿਚ ਬੀ.ਆਰ. ਅੰਬੇਡਕਰ ਨੋਟ ਕਰਦੇ ਹਨ ਕਿ ਰਾਮ ਤੇ ਕ੍ਰਿਸ਼ਨ ਵੇਦਿਕ ਭਗਵਾਨ ਨਹੀਂ ਸਗੋਂ ਸੰਪਰਦਾਵਾਂ ਸਨ ਜੋ ਬ੍ਰਾਹਮਣਾਂ ਦੁਆਰਾ ਕਬਜ਼ਾ ਕੀਤਾ ਜਾਣ ਤੋਂ ਪਹਿਲਾਂ ਸਥਾਨਕ ਭਾਈਚਾਰਿਆਂ `ਚੋਂ ਉਪਜੀਆਂ ਸਨ।
ਜਦੋਂ ਅਵਹਾੜ ਨੇ ਦਾਅਵਾ ਕੀਤਾ ਕਿ ਰਾਮ ਉਨ੍ਹਾਂ ਦੇ ਭਾਈਚਾਰੇ ਦਾ ਭਗਵਾਨ ਹੈ ਅਤੇ ਉਨ੍ਹਾਂ ਨੂੰ ਉਸ ਦੇ ਮਾਸ ਖਾਣ ਵਾਲੇ ਸੱਭਿਆਚਾਰ `ਤੇ ਮਾਣ ਹੈ ਤਾਂ ਮੁੱਖਧਾਰਾ ਮੀਡੀਆ ਨੇ ਤੁਰੰਤ ਉਸ ਦੇ ਬਿਆਨ ਨੂੰ ਵਿਵਾਦਪੂਰਨ ਕਹਿ ਕੇ ਤੋੜ-ਮਰੋੜ ਕੇ ਪੇਸ਼ ਕੀਤਾ। ਰਾਮਭੱਦਰਾਚਾਰੀਆ ਨੇ ਅਵਹਾੜ ਦੇ ਵਾਲਮੀਕਿ ਦੇ ਹਵਾਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਜਿਸ ਅਧਿਆਏ ਦਾ ਜ਼ਿਕਰ ਅਵਹਾੜ ਨੇ ਕੀਤਾ ਸੀ, ਉਹ ‘ਪ੍ਰਾਕਸ਼ਿਪਤ` (ਯਾਨੀ ਬਾਅਦ ਵਿਚ ਜੋੜਿਆ ਗਿਆ) ਹੈ ਅਤੇ ‘ਇਸ ਨੂੰ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।` ਤ੍ਰਿਵੇਦੀ ਨੇ ਵੀ ਇਸੇ ਤਰ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਸਿਰਫ਼ ਸੰਸਕ੍ਰਿਤ ਭਾਸ਼ਾ `ਚ ਵੇਦਿਕ ਸਕੂਲਾਂ ਤੋਂ ਗ੍ਰੈਜੂਏਟ ਹੋਏ ਲੋਕ ਹੀ ਧਾਰਮਿਕ ਪੁਸਤਕਾਂ `ਤੇ ਟਿੱਪਣੀ ਕਰਨ ਦੇ ਯੋਗ ਹਨ। ਧਾਰਮਿਕ ਕਿਤਾਬਾਂ ਦੀਆਂ ਗੈਰ-ਬ੍ਰਾਹਮਣ ਵਿਆਖਿਆਵਾਂ ਨੂੰ ਅਯੋਗ ਕਰਾਰ ਦੇਣ ਵਾਲੀਆਂ ਅਜਿਹੀਆਂ ਦਲੀਲਾਂ ਜਾਤ-ਪਾਤ ਦੀ ਉੱਤਮਤਾ ਨੂੰ ਦਰਸਾਉਂਦੀਆਂ ਹਨ ਅਤੇ ਇਸ ਵਿਚਾਰ ਨੂੰ ਮਜ਼ਬੂਤ ਕਰਦੀਆਂ ਹਨ ਕਿ ਸਿਰਫ਼ ਬ੍ਰਾਹਮਣ ਹੀ ਧਾਰਮਿਕ ਪੁਸਤਕਾਂ ਪੜ੍ਹਨ ਅਤੇ ਪ੍ਰਚਾਰ ਕਰਨ ਦੇ ਯੋਗ ਹਨ।
ਉਸੇ ਹਫ਼ਤੇ ਰਾਮ ਜਨਮ ਭੂਮੀ ਤੀਰਥ ਖੇਤਰ ਜੋ ਅਯੁੱਧਿਆ ਵਿਚ ਮੰਦਰ ਕੰਪਲੈਕਸ ਦੀ ਉਸਾਰੀ ਲਈ ਜ਼ਿੰਮੇਵਾਰ ਟਰੱਸਟ ਦਾ ਜਨਰਲ ਸਕੱਤਰ ਚੰਪਤ ਰਾਏ ਬਾਂਸਲ ਤਾਂ ਸੰਘ ਪਰਿਵਾਰ ਦੇ ਰਾਮ ਦੇ ਬਿਰਤਾਂਤ ਨੂੰ ਅੱਗੇ ਵਧਾਉਂਦਿਆਂ ਇਕ ਕਦਮ ਹੋਰ ਅੱਗੇ ਚਲਾ ਗਿਆ। ਆਪਣੇ ਪੈਰੋਕਾਰਾਂ ਦੇ ਇਕੱਠ `ਚ ਸ਼ਾਮਲ ਇਕ ਔਰਤ ਦੇ ਇਸ ਸਵਾਲ ਦੇ ਜਵਾਬ `ਚ ਕਿ ਕੀ ਸੀਤਾ ਮੰਦਰ `ਚ ਬਿਰਾਜਮਾਨ ਹੋਵੇਗੀ, ਬਾਂਸਲ ਨੇ ਕਿਹਾ ਕਿ ਕਿਉਂਕਿ ਰਾਮ ਨੂੰ ਪੰਜ ਸਾਲ ਦੇ ਬੱਚੇ ਵਜੋਂ ਦਰਸਾਇਆ ਜਾ ਰਿਹਾ ਹੈ, ਇਸ ਲਈ ਉਨ੍ਹਾਂ ਦੀ ਪਤਨੀ ਦੀ ਮੂਰਤੀ ਉਨ੍ਹਾਂ ਦੇ ਨਾਲ ਨਹੀਂ ਲਗਾਈ ਜਾਵੇਗੀ। ਇਸ ਦੀ ਬਜਾਇ ਉਸ ਨੂੰ ਰਾਮ ਦੇ ਤਿੰਨ ਹੋਰ ਭਰਾਵਾਂ ਦੇ ਨਾਲ ਮੰਦਰ ਦੀ ਪਹਿਲੀ ਮੰਜ਼ਿਲ `ਤੇ ਲਗਾਇਆ ਜਾਵੇਗਾ, ਰਾਮ ਦੀ ਮੂਰਤੀ ਜ਼ਮੀਨੀ ਮੰਜ਼ਿਲ `ਤੇ ਇਕੱਲੀ ਲੱਗੇਗੀ। ਬਾਂਸਲ ਨਾ ਸਿਰਫ਼ ਭਗਵਾਨ ਦਾ ਸਰਪ੍ਰਸਤ ਬਣ ਰਿਹਾ ਸੀ ਸਗੋਂ ਰਾਮ ਦੀ ਉਮਰ ਵੀ ਤੈਅ ਕਰ ਰਿਹਾ ਸੀ।
ਰਾਮ ਦੀ ‘ਹਮੇਸ਼ਾ ਬਾਲ ਉਮਰ` ਬਾਰੇ ਸੁਪਰੀਮ ਕੋਰਟ `ਚ ਵੀ ਲੰਮੀ ਬਹਿਸ ਹੋਈ। ਰਾਮ ਨੂੰ ਮਨੁੱਖਾਂ ਵਾਂਗ ਅਧਿਕਾਰਾਂ ਵਾਲੀ ਨਿਆਂਇਕ ਸ਼ਖ਼ਸੀਅਤ ਵਜੋਂ ਸਵੀਕਾਰ ਕੀਤਾ ਗਿਆ ਸੀ ਪਰ ਉਸ ਦਾ ਹਮੇਸ਼ਾ ਨਾਬਾਲਗ ਵਾਲਾ ਦਰਜਾ ਸੀਮਾਵਾਂ ਦੇ ਮਾਤਹਿਤ ਸੀ। ਇਸ ਦਾ ਮਤਲਬ ਸੀ ਕਿ ਰਾਮ ਸਦਾ ਲਈ ਨਾਬਾਲਗ ਨਹੀਂ ਰਹਿ ਸਕਦਾ। ਇਹ ਸਿਰਫ਼ ਰਾਮ ਦੇ ਨਾਬਾਲਗ ਦਰਜੇ ਕਾਰਨ ਹੀ ਸੀ ਕਿ ਹਿੰਦੂ ਮੁਕੱਦਮਾ ਧਿਰ ਭਗਵਾਨ ਦੀ ਤਰਫ਼ੋਂ ਕੇਸ ਲੜਨ ਦੇ ਯੋਗ ਹੋਏ ਸਨ। ਬੈਂਚ ਨੇ ਆਪਣੇ ਫ਼ੈਸਲੇ ਵਿਚ ਲਿਖਿਆ, “ਇਕ ਭਗਵਾਨ ਦੀ ਨਾਬਾਲਗ ਦੇ ਰੂਪ `ਚ ਕਾਨੂੰਨੀ ਕਲਪਨਾ ਭਗਵਾਨ ਦੀ ਆਪਣੇ ਆਪ ਕਾਨੂੰਨੀ ਕਾਰਵਾਈ ਸ਼ੁਰੂ ਕਰਨ `ਚ ਅਯੋਗਤਾ ਨੂੰ ਦੂਰ ਕਰਨ ਲਈ ਘੜੀ ਗਈ ਹੈ।… ਇਸ ਅਪਾਹਜਪਣ ਉੱਪਰ ਕਾਬੂ ਪਾਉਣ ਲਈ ਇਕ ਮਨੁੱਖੀ ਏਜੰਟ ਵੱਲੋਂ ਭਗਵਾਨ ਦੀ ਤਰਫ਼ੋਂ ਕਾਨੂੰਨੀ ਕਾਰਵਾਈ ਸ਼ੁਰੂ ਕਰਨੀ ਜ਼ਰੂਰੀ ਹੈ; ਹਾਲਾਂਕਿ ਸੀਮਤਾਈ ਦੇ ਕਾਨੂੰਨ ਦੀ ਅਮਲਦਾਰੀ ਤੋਂ ਭਗਵਾਨ ਨੂੰ ਛੋਟ ਦੇਣ ਲਈ ਬਿਰਤਾਂਤ ਦਾ ਵਿਸਤਾਰ ਨਹੀਂ ਕੀਤਾ ਗਿਆ ਹੈ।” ਫਿਰ ਵੀ ਟਰੱਸਟ ਨੇ ਰਾਮ ਨੂੰ ਉਮਰ ਦੇ ਦਿੱਤੀ ਹੈ। ਅਸਲ ਸਵਾਲ ਇਹ ਹੈ: ਕੀ ਟਰੱਸਟ ਕੇਂਦਰ ਸਰਕਾਰ ਦੁਆਰਾ ਦਿੱਤੀ ਸੱਤਰ ਏਕੜ ਜ਼ਮੀਨ ਅਤੇ ਰਾਮ ਦੇ ਨਾਂ `ਤੇ ਖ਼ਰੀਦੀ ਗਈ ਵਾਧੂ ਜ਼ਮੀਨ ਦੀ ਬਰਾਬਰ ਮਾਤਰਾ ਰਾਮ ਦੇ ਬਾਲਗ ਹੋਣ `ਤੇ ਭਗਵਾਨ ਨੂੰ ਵਾਪਸ ਦੇਵੇਗਾ ਜਾਂ ਇਹ ਉਸ ਦਾ ਨਿਗਰਾਨ ਬਣਿਆ ਰਹੇਗਾ? ਨਾਲ ਹੀ, ਇਹ ਫੈਸਲਾ ਕੌਣ ਕਰੇਗਾ ਕਿ ਰਾਮ ਕਦੋਂ ਬਾਲਗ ਹੋਵੇਗਾ, ਇਸ ਬਾਰੇ ਕਦੇ ਵੀ ਜਨਤਕ ਤੌਰ `ਤੇ ਗੱਲ ਨਹੀਂ ਕੀਤੀ ਗਈ। ਇਸ ਬਾਰੇ ਮੀਡੀਆ ਵੱਲੋਂ ਵੀ ਕੋਈ ਚਰਚਾ ਨਹੀਂ ਕੀਤੀ ਗਈ।
ਫਰਵਰੀ 2022 `ਚ ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣ ਮੁਹਿੰਮ ਦੌਰਾਨ, ਬਾਂਸਲ ਨੇ ਕਿਹਾ ਕਿ ਭਾਜਪਾ ਨੂੰ “ਰਾਮ ਮੰਦਰ ਦੇ ਨਿਰਮਾਣ ਦਾ ਸਿਹਰਾ ਲੈਣ ਦਾ ਪੂਰਾ ਹੱਕ ਹੈ” ਅਤੇ ਨਾਗਰਿਕਾਂ ਨੂੰ ਅਜਿਹੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ। ਇਹ ਟਰੱਸਟ ਦਾ ਨਿਰੋਲ ਸਿਆਸੀ ਬਿਆਨ ਹੈ ਜਿਸ ਨੇ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਇਹ ਨਿੱਜੀ ਸੰਸਥਾ ਹੈ। ਫਿਰ ਵੀ, ਕਿਸੇ ਵੀ ਮੀਡੀਆ ਨੇ ਬਾਂਸਲ ਦੇ ਬਿਆਨ ਨੂੰ ਸਿਆਸੀ ਜਾਂ ਵਿਵਾਦਪੂਰਨ ਨਹੀਂ ਕਿਹਾ। ਦਸੰਬਰ 2023 `ਚ ਬਾਂਸਲ ਟੈਲੀਵਿਜ਼ਨ ਸ਼ੋਅ ਉੱਪਰ ਆਇਆ। ਉਸ ਨੇ ਰਾਮ ਕੀ ਪੈੜੀ ਲਾਗੇ ਬੈਠ ਕੇ ਸਿਆਸੀ ਰੋਹਬ ਪਾਉਂਦਿਆਂ ਕਿਹਾ, “ਵਿਰੋਧੀ ਧਿਰ ਦੇ ਆਗੂਆਂ ਲਈ ਚੰਗਾ ਇਹੀ ਹੋਵੇਗਾ ਜੇਕਰ ਉਹ ਚੁੱਪ ਰਹਿਣ। ਜੇਕਰ ਤੁਸੀਂ ਚੁੱਪ ਰਹੋਗੇ ਤਾਂ ਤੁਹਾਡਾ ਨਾਮ ਸੱਦਾ ਪੱਤਰ ਵਾਲੀ ਸੂਚੀ ਵਿਚ ਆ ਸਕਦਾ ਹੈ।”
ਟਰੱਸਟ ਨੂੰ ਆਉਂਦੀ ਮਾਇਆ ਉੱਪਰ ਟੈਕਸ ਛੋਟ ਵੀ ਮਿਲਦੀ ਹੈ ਜੋ ਮਾਰਚ 2023 ਤੱਕ 3000 ਕਰੋੜ ਰੁਪਏ ਤੋਂ ਵੱਧ ਸੀ। ਟਰੱਸਟ ਜਿਸ ਤਰ੍ਹਾਂ ਮੰਦਰ ਨੂੰ ਕੰਟਰੋਲ ਕਰਦਾ ਹੈ ਅਤੇ ਭਗਵਾਨ ਦੀ ਤਰਫ਼ੋਂ ਫ਼ੈਸਲੇ ਕਰਦਾ ਹੈ, ਉਹ ਹੁਣ ਬਹੁਤ ਸਪਸ਼ਟ ਹੈ। ਜਨਵਰੀ 2023 `ਚ ਰਾਜਪੂਤ ਭਾਈਚਾਰੇ ਦੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਜਗਦਾਨੰਦ ਸਿੰਘ ਨੇ ਕਿਹਾ ਕਿ ਰਾਮ ਦਾ ਸ਼ਰਧਾਲੂ ਹੋਣ ਦੇ ਨਾਤੇ ਉਸ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਕਿਵੇਂ ਭਗਵਾਨ ਨੂੰ ਰਾਜਨੀਤਕ ਲਾਹੇ ਲਈ ਆਪਣੇ ਕਬਜ਼ੇ `ਚ ਲੈ ਗਿਆ ਹੈ। ਉਸ ਅਨੁਸਾਰ, “ਰਾਮ ਨੂੰ ਆਲੀਸ਼ਾਨ ਇਮਾਰਤ ਵਿਚ ਕੈਦ ਕਰ ਦਿੱਤਾ ਗਿਆ ਹੈ।… ਪਹਿਲਾਂ ਉਹ ਇਸ ਰਾਸ਼ਟਰ ਦੇ ਜ਼ੱਰੇ-ਜ਼ੱਰੇ ਵਿਚ ਰਹਿੰਦੇ ਸਨ। ਭਾਰਤ ਹੁਣ ਰਾਮ ਦਾ ਨਹੀਂ ਰਹੇਗਾ, ਸਿਰਫ਼ ਰਾਮ ਦਾ ਮੰਦਰ ਹੋਵੇਗਾ।” ਮੀਡੀਆ ਨੇ ਇਕ ਵਾਰ ਫਿਰ ਇਸ ਬਿਆਨ ਨੂੰ ਵਿਵਾਦਗ੍ਰਸਤ ਕਰਾਰ ਦਿੱਤਾ ਹਾਲਾਂਕਿ ਇਹ ਹਿੰਦੂਆਂ ਲਈ ਰਾਮ ਨੂੰ ਇਕ ਜਗ੍ਹਾ ਤੱਕ ਸੀਮਤ ਕਰਨ ਵਾਲੇ ਸਿਆਸੀ ਪ੍ਰਚਾਰ ਦੇ ਅੱਗੇ ਗੋਡੇ ਟੇਕਣ ਤੋਂ ਬਚਣ ਲਈ ਚਿਤਾਵਨੀ ਤੋਂ ਸਿਵਾਇ ਕੁਝ ਨਹੀਂ ਸੀ।
ਇਸੇ ਤਰ੍ਹਾਂ ਨਵੰਬਰ 2023 ਵਿਚ ਸਮਾਜਵਾਦੀ ਪਾਰਟੀ ਦੇ ਪਿਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਆਗੂ ਸਵਾਮੀ ਪ੍ਰਸਾਦ ਮੌਰੀਆ ਨੇ 22 ਜਨਵਰੀ ਨੂੰ ਭਗਵਾਨ ਰਾਮ ਦੀ ਮੂਰਤੀ ਲਗਾਉਣ ਲਈ ਟਰੱਸਟ ਦੁਆਰਾ ਕੀਤੀ ਜਾ ਰਹੀ ਰਸਮ `ਤੇ ਸਵਾਲ ਚੁੱਕੇ। ਟਰੱਸਟ ਨੇ ਰਾਮ ਦੀ ਮੂਰਤੀ ਦੀ ਸਥਾਪਨਾ ਨੂੰ ‘ਪ੍ਰਾਣ ਪ੍ਰਤਿਸ਼ਠਾ’ ਦਾ ਨਾਮ ਦਿੱਤਾ ਹੈ ਜਿਸ ਦਾ ਸ਼ਾਬਦਿਕ ਅਰਥ ਹੈ- ਕਿਸੇ ਚੀਜ਼ ਵਿਚ ਜਾਨ ਪਾਉਣਾ। ਮੌਰੀਆ ਨੇ ਕਿਹਾ, “ਤੁਸੀਂ ਉਸ ਵਿਚ ਜਾਨ ਕਿਵੇਂ ਪਾ ਸਕਦੇ ਹੋ ਜਿਸ ਦੀ ਹਜ਼ਾਰਾਂ ਸਾਲਾਂ ਤੋਂ ਪੂਜਾ ਕੀਤੀ ਜਾਂਦੀ ਹੈ? ਕੀ ਇਹ ਇਸ ਲਈ ਹੈ ਕਿਉਂਕਿ ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਭਗਵਾਨ ਤੋਂ ਉੱਪਰ ਹੋ?” ਕੋਈ ਇਹ ਸੋਚੇਗਾ ਕਿ ਇਹ ਵਾਜਬ ਸਵਾਲ ਸੀ ਜੋ ਰਾਮ ਦਾ ਕੋਈ ਵੀ ਸ਼ਰਧਾਲੂ ਪੁੱਛ ਸਕਦਾ ਹੈ। ਮੀਡੀਆ ਨੇ ਮੌਰੀਆ ਨੂੰ ਵੀ ਵਿਵਾਦ ਖੜ੍ਹੇ ਕਰਨ ਵਾਲਾ ਕਰਾਰ ਦੇ ਦਿੱਤਾ।
ਮੀਡੀਆ ਅਤੇ ਭਾਜਪਾ ਦੇ ਆਗੂ ਬ੍ਰਾਹਮਣੀ ਸਰਦਾਰੀ, ਅੰਧ-ਵਿਸ਼ਵਾਸ, ਸਿਆਸੀ ਹਿੰਦੂਵਾਦ ਅਤੇ ਰਾਮ ਦੀ ਕੱਟੜ ਤਸਵੀਰ ਦਾ ਪ੍ਰਚਾਰ ਕਰ ਕੇ ਹਿੰਦੂਆਂ ਦੀ ਬੁੱਧੀ ਦਾ ਨਾਸ ਮਾਰ ਰਹੇ ਹਨ। ਆਪਣੇ ਜਾਤੀ ਵਿਸ਼ੇਸ਼ ਅਧਿਕਾਰਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿਚ ਉਹ ਦੱਬੂ ਵਸੋਂ ਪੈਦਾ ਕਰ ਰਹੇ ਹਨ ਜੋ ਬਰਾਬਰੀ ਵਾਲੇ ਅਤੇ ਸਿਹਤਮੰਦ ਸਮਾਜ ਲਈ ਹੰਭਲਾ ਮਾਰਨ ਦੀ ਸਥਿਤੀ `ਚ ਨਹੀਂ ਹੋਵੇਗੀ।