ਸ਼ਹੀਦ ਭਗਤ ਸਿੰਘ ਹੁਰਾਂ ਦਾ ਪ੍ਰੇਰਨਾ ਸ੍ਰੋਤ – ਭਾਈ ਮੇਵਾ ਸਿੰਘ ਲੋਪੋਕੇ

ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਆਪਣੇ ਵਕਤਾਂ ਦੌਰਾਨ ਸਿਆਸਤ ਦੇ ਖੇਤਰ ਵਿਚ ਜੋ ਭੂਮਿਕਾ ਨਿਭਾਈ, ਉਸ ਦੀ ਗੂੰਜ ਅਤੇ ਅਸਰ ਸਾਨੂੰ ਅੱਜ ਵੀ ਗਾਹੇ-ਬਗਾਹੇ ਸੁਣ/ਦਿਸ ਪੈਂਦੇ ਹਨ। ਬਾਅਦ ਦੀਆਂ ਜੁਝਾਰੂ ਮੁਹਿੰਮਾਂ ਲਈ ਇਹ ਨੌਜਵਾਨ ਸਦਾ ਪ੍ਰੇਰਨਾ ਦਾ ਸਰੋਤ ਬਣਦੇ ਰਹੇ ਹਨ। ਇਨ੍ਹਾਂ ਨੌਜਵਾਨਾਂ, ਖਾਸ ਕਰ ਕੇ ਭਗਤ ਸਿੰਘ ਦੇ ਪ੍ਰੇਰਨਾ ਸਰੋਤਾਂ ਬਾਰੇ ਚਰਚਾ ਵੀ ਅਕਸਰ ਚਲਦੀ ਰਹਿੰਦੀ ਹੈ। ਭਗਤ ਸਿੰਘ ਦੇ ਅਜਿਹੇ ਪ੍ਰੇਰਨਾ ਸਰੋਤਾਂ ਵਿਚੋਂ ਇਕ, ਮੇਵਾ ਸਿੰਘ ਲੋਪੋਕੇ ਬਾਰੇ ਬੜੀ ਦਿਲਚਸਪ ਵਾਰਤਾ ਉਘੇ ਲੇਖਕ ਵਰਿਆਮ ਸਿੰਘ ਸੰਧੂ ਨੇ ਆਪਣੇ ਇਸ ਲੇਖ ਵਿਚ ਬਿਆਨ ਕੀਤੀ ਹੈ।

11 ਜਨਵਰੀ 1915 ਵਿਚ ਕੈਨੇਡਾ ਵਿੱਚ ਫਾਂਸੀ ਲੱਗਣ ਵਾਲੇ ਪਹਿਲੇ ‘ਗਦਰੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਬਾਰੇ ਮੇਰੀ ਪੁਸਤਕ ‘ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ‘ ਦੇ ਛਪਣ ਤੱਕ ਮੈਨੂੰ ਭਗਤ ਸਿੰਘ ਦਾ ਲੇਖ ਨਹੀਂ ਸੀ ਮਿਲਿਆ, ਪਰ ਬਾਅਦ ਵਿਚ ਪ੍ਰੋ ਮਲਵਿੰਦਰ ਸਿੰਘ ਵੜੈਚ ਹੁਰਾਂ ਨੇ ਮੈਨੂੰ ਇਹ ਲੇਖ ਭੇਜ ਦਿੱਤਾ ਤੇ ਮੇਰੇ ਕਥਨ ਦੀ ਪੁਸ਼ਟੀ ਹੋ ਗਈ ਕਿ ਭਾਈ ਮੇਵਾ ਸਿੰਘ, ਸ਼ਹੀਦ ਭਗਤ ਸਿੰਘ ਦਾ ਪ੍ਰੇਰਨਾ ਸਰੋਤ ਸੀ। ਹੁਣ ਗੱਲ ਥੋੜ੍ਹੀ ਕੁ ਖੋਲ੍ਹ ਕੇ ਕਰਦੇ ਹਾਂ।
ਸਾਡੇ ਇਨਕਲਾਬੀ ਇਤਿਹਾਸ ਵਿਚ ਭਾਈ ਮੇਵਾ ਸਿੰਘ ਦੀ ਇਕ ਹੋਰ ਇਤਿਹਾਸਕ ਪਹਿਲ-ਕਦਮੀ ਵੱਲ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੈ। ਇਹ ਭਾਈ ਮੇਵਾ ਸਿੰਘ ਹੀ ਸੀ, ਜਿਸਨੇ ਆਪਣਾ ਕੇਸ ਲੜਨ ਲਈ ਕੋਈ ਵਕੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ (ਜੋ ਭਗਤ ਸਿੰਘ ਹੁਰਾਂ ਵੀ ਕੀਤਾ)। ਭਾਈਚਾਰੇ ਵੱਲੋਂ ਬਹੁਤ ਦਬਾਅ ਪੈਣ ਤੋਂ ਬਾਅਦ ਹੀ, ਉਸਨੇ ਬੜਾ ਹਿਚਕਚਾਉਂਦਿਆਂ ਵਕੀਲ ਕਰਨਾ ਪ੍ਰਵਾਨ ਕੀਤਾ ਸੀ ਅਤੇ ਉਹ ਵੀ ਆਪਣੀਆਂ ਸ਼ਰਤਾਂ ’ਤੇ। ਭਾਈ ਮੇਵਾ ਸਿੰਘ ਦੀ ਇੱਛਾ ਸੀ ਕਿ ਵਕੀਲ ਵੱਲੋਂ ਉਹਦੇ ਬਚਾਓ ਲਈ ਕੋਈ ਯਤਨ ਨਹੀਂ ਕੀਤਾ ਜਾਵੇਗਾ; ਨਾ ਹੀ ਉਹਨੂੰ ਬੇਕਸੂਰ ਸਾਬਤ ਕਰਨ ਲਈ, ਉਹਦੇ ਹੱਕ ਵਿਚ, ਕੋਈ ਗਵਾਹ ਭੁਗਤਾਇਆ ਜਾਵੇਗਾ। ਉਹਦੇ ਵਕੀਲ ਵੱਲੋਂ ਸਰਕਾਰੀ ਵਕੀਲ ਨਾਲ ਸਵਾਲ-ਜਵਾਬ ਕਰਨ-ਕਰਾਉਣ ਦੀ ਕੋਈ ਕਵਾਇਦ ਵੀ ਨਹੀਂ ਕੀਤੀ ਜਾਵੇਗੀ। ਉਸਦਾ ਮੱਤ ਸੀ ਕਿ ਉਹ ਆਪਣੇ ਦੋਸ਼ ਨੂੰ ਸਵੀਕਾਰ ਕਰਦਾ ਹੈ ਅਤੇ ਆਪਣੇ ਕੀਤੇ ਦਾ ਉਹਨੂੰ ਕੋਈ ਪਛਤਾਵਾ ਨਹੀਂ, ਸਗੋਂ ਮਾਣ ਹੈ। ਆਪਣੇ ਕੀਤੇ ਕਰਮ ਦੀ ਉਚਿੱਤਤਾ ਦੇ ਪ੍ਰਗਾਟਵੇ ਲਈ ਉਹ ਖ਼ੁਦ ਸਪਸ਼ਟੀਕਰਨ ਦੇਵੇਗਾ। ਇਸ ਸੰਬੰਧੀ ਉਸਨੇ ਆਪਣਾ ਪੱਖ ਖ਼ੁਦ ਪੰਜਾਬੀ ਵਿਚ ਲਿਖ ਕੇ ਤਿਆਰ ਕਰ ਲਿਆ ਸੀ। ਵਕੀਲ ਦੀ ਸਹਾਇਤਾ ਕੇਵਲ ਇਸ ਲਈ ਪ੍ਰਾਪਤ ਕੀਤੀ ਗਈ ਕਿ ਉਹ ਉਸਦੇ ਪੰਜਾਬੀ ਵਿਚ ਲਿਖੇ ਬਿਆਨ ਨੂੰ ਅਨੁਵਾਦ ਕਰਵਾ ਕੇ ਅਦਾਲਤ ਵਿਚ ਪੇਸ ਕਰੇਗਾ। ਉਹਦੇ ਵਕੀਲ ਮਿਸਟਰ ਵੁੱਡ ਨੇ ਅਜਿਹਾ ਹੀ ਕੀਤਾ।
ਭਾਈ ਮੇਵਾ ਸਿੰਘ ਦਾ ਇਹ ਬਿਆਨ ਬੜਾ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਹੈ, ਜਿਸਦਾ ਅਧਿਅਨ ਭਾਈ ਮੇਵਾ ਸਿੰਘ ਦੀ ਸ਼ਖ਼ਸੀਅਤ, ਸੋਚ ਅਤੇ ਅਮਲ ਦੇ ਪਿਛੋਕੜ ਦੀ ਨਿਸ਼ਾਨਦੇਹੀ ਕਰਦਾ ਹੈ। ਬਿਆਨ ਵਿਚ ਉਹਦੇ ਅੰਦਰਲੇ ਦਰਦ ਨੂੰ ਵੀ ਜ਼ਬਾਨ ਮਿਲਦੀ ਹੈ; ਭਾਰਤੀ ਭਾਈਚਾਰੇ ਵੱਲੋਂ ਵੈਨਕੂਵਰ ਤੇ ਬ੍ਰਿਟਿਸ਼ ਕੋਲੰਬੀਆ ਵਿਚ ਲੜੀ ਜਾ ਰਹੀ ਆਜ਼ਾਦੀ ਦੀ ਲੜਾਈ ਵਿਚ ਦੇਸ਼ ਭਗਤਾਂ ਦੇ ਯੋਗਦਾਨ ਵੱਲ ਵੀ ਸੰਕੇਤ ਹਨ ਤੇ ਸਰਕਾਰ ਵੱਲੋਂ ਕੀਤੇ ਜ਼ੁਲਮ ਤੇ ਵਧੀਕੀਆਂ ਨੂੰ ਵੀ ਨਜ਼ਰ ਗੋਚਰੇ ਲਿਆਂਦਾ ਗਿਆ ਹੈ; ਭਾਰਤੀ ਇਨਕਲਾਬੀਆਂ ਵੱਲੋਂ ਆਰੰਭੀ ਲੜਾਈ ਵਿਚ ਸਰਕਾਰੀ ਧਿਰ ਦਾ ਸਾਥ ਦੇਣ ਵਾਲੀਆਂ ਭਾਰਤੀ ਭਾਈਚਾਰੇ ਦੀਆਂ ਕਾਲੀਆਂ ਭੇਡਾਂ ਬੇਲਾ ਸਿੰਘ, ਬਾਬੂ ਸਿੰਘ ਜਿਹੇ ਗ਼ਦਾਰਾਂ ਦੇ ਕਿਰਦਾਰ ਦੀ ਨਕਾਬ-ਕੁਸ਼ਾਈ ਹੋਈ ਹੈ; ਆਪਣੇ ਦੇਸ਼-ਭਗਤ ਭਰਾਵਾਂ ਭਾਈ ਭਾਗ ਸਿੰਘ ਤੇ ਬਦਨ ਸਿੰਘ ਦੇ ਕਤਲ ਤੋਂ ਮਨ ਵਿਚ ਪੈਦਾ ਹੋਇਆ ਰੋਹ ਤੇ ਰੰਜ ਵੀ ਬੋਲਦਾ ਹੈ; ਹਾਪਕਿਨਸਨ ਦੇ ਕਤਲ ਦਾ ਕਾਰਨ ਵੀ ਸਪੱਸ਼ਟ ਹੁੰਦਾ ਹੈ; ਵਰਤਮਾਨ ਹਾਲਾਤ ਤੇ ਸਿੱਖ-ਇਤਿਹਾਸ ਤੋਂ ਮਿਲੀ ਇਨਕਲਾਬੀ ਪ੍ਰੇਰਨਾ ਦਾ ਸਬੂਤ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਹ ਬਿਆਨ ਕਨੇਡੀਅਨ ਇਨਸਾਫ਼ ਦਾ ਪੋਲ ਵੀ ਉਘਾੜਦਾ ਹੈ। ਇਸ ਬਿਆਨ ਵਿਚ ਭਾਈ ਮੇਵਾ ਸਿੰਘ ਦੇ ਨਿੱਜ ਦੀਆਂ ਕਈ ਪਰਤਾਂ ਵੀ ਖੁੱਲ੍ਹਦੀਆਂ ਹਨ। ਉਹ ਧਰਮੀ ਬੰਦਾ ਹੈ, ਇਨਸਾਨੀਅਤ ਨੂੰ ਪਿਆਰਨ ਵਾਲਾ ਹੈ; ਨਿਮਰ ਤੇ ਸਹਿਣਸ਼ੀਲ ਹੈ। ਸੱਚਾ ਸਿੱਖ ਹੋਣ ਦੇ ਨਾਤੇ ਕਿਸੇ ਨਾਲ ਵੀ ਨਿੱਜੀ ਦੁਸ਼ਮਣੀ ਪਾਲਣ ਦਾ ਵਿਸ਼ਵਾਸੀ ਨਹੀਂ। ਹਾਪਕਿਨਸਨ ਨਾਲ ਵੀ ਉਸਨੂੰ ਨਿੱਜੀ ਦੁਸ਼ਮਣੀ ਨਹੀਂ। ਸਿੱਖੀ ਸਿਧਾਂਤ ਉਸ ਲਈ ਮਾਰਗ-ਦਰਸ਼ਨ ਕਰਦਾ ਹੈ ਅਤੇ ਉਹ ਕੇਵਲ ਆਪਣੇ ਦੁਖ-ਸੁਖ ਤੱਕ ਸੀਮਤ ਨਾ ਰਹਿ ਕੇ ਆਪਣੇ ਭਾਈਚਾਰੇ ਦੇ ਦੁਖ-ਸੁਖ ਨਾਲ ਨਾਤਾ ਜੋੜਦਾ ਹੈ ਤੇ ‘ਜਬੈ ਬਾਣ ਲਾਗੇ, ਤਬੈ ਰੋਸ ਜਾਗੇ’ ਦੇ ਕਥਨ ’ਤੇ ਅਮਲ ਕਰਦਿਆਂ ਮੌਕਾ ਆਉਣ ’ਤੇ ਸਿਰ ਛੰਡ ਕੇ ਸਵੈਮਾਣ ਨਾਲ ਮੌਤ ਦੇ ਸਨਮੁੱਖ ਬੇਝਿਕ ਤੇ ਬੇਖ਼ੌਫ਼ ਹੋ ਕੇ ਖੜੇ ਹੋ ਜਾਣ ਦੇ ਅਸੀਮ ਹੌਸਲੇ ਦਾ ਮੁਜਾਹਰਾ ਕਰਦਾ ਹੈ। ਇਹੋ ਕੰਮ ਬਾਅਦ ਵਿਚ ਭਗਤ ਸਿੰਘ ਹੁਰਾਂ ਕੀਤਾ।
ਅਸੀਂ ਵੇਖਿਆ ਹੈ ਕਿ ਆਪਣੇ ਬਿਆਨ ਰਾਹੀਂ ਭਾਈ ਮੇਵਾ ਸਿੰਘ ਆਪਣੇ ਕਾਰਜ ਦੀ ਉਚਿੱਤਤਾ ਠਹਿਰਾਉਣ ਲਈ ਆਪਣੇ ਵਿਚਾਰਧਾਰਕ ਪੈਂਤੜੇ ਨੂੰ ਪੇਸ਼ ਕਰਦਾ ਹੈ। ਸਰਕਾਰੀ ਪੈਂਤੜੇ ਤੋਂ ਤਾਂ ਪ੍ਰੈਸ ਵਿਚ ਉਸਨੂੰ ‘ਕਾਤਲ’ ਅਤੇ ‘ਕ੍ਰਿਮੀਨਲ’ ਕਹਿ ਕੇ ਭੰਡਿਆ ਜਾ ਰਿਹਾ ਸੀ। ਉਸਦੇ ਕਰਮ ਦਾ ਵਿਚਾਰਧਾਰਕ ਪੱਖ ਲੋਕਾਂ ਦੀਆ ਨਜ਼ਰਾਂ ਤੋਂ ਓਹਲੇ ਸੀ। ਇਸ ਪੱਖ ਨੂੰ ਦਲੀਲ ਪੂਰਨ ਢੰਗ ਨਾਲ ਉਹ ਆਮ ਜਨਤਾ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ। ਉਸਨੇ ਸੋਚ ਲਿਆ ਸੀ ਕਿ ਜੇ ਉਹ ਆਪਣਾ ਪੱਖ ਅਦਾਲਤ ਵਿਚ ਲਿਖ ਕੇ ਪੇਸ਼ ਕਰੇਗਾ ਤਾਂ ਜ਼ਰੂਰ ਇਸਦਾ ਲੋਕਾਂ ਵਿਚ ਜ਼ਿਕਰ-ਜ਼ਕਾਰ ਹੋਵੇਗਾ। ਲੋਕ ਜਾਣ ਸਕਣਗੇ ਕਿ ਹਾਪਕਿਨਸਨ ਦਾ ਕਤਲ ਕਿਸੇ ਨਿੱਜੀ ਦੁਸ਼ਮਣੀ ਦਾ ਨਤੀਜਾ ਨਹੀਂ, ਸਗੋਂ ਸਮੂਹ ਭਾਰਤੀ ਭਾਈਚਾਰੇ ਦੀਆਂ ਦੇਸ਼-ਭਗਤਕ ਅਕਾਂਖਿਆਵਾਂ ਦਾ ਪਰਤੌ ਸੀ। ਹੋਰ ਤਾਂ ਹੋਰ ਆਉਣ ਵਾਲੀਆਂ ਨਸਲਾਂ ਦੇ ਜਾਨਣ ਲਈ, ਇਹ ਬਿਆਨ ਅਦਾਲਤੀ ਰੀਕਾਰਡ ਵਿਚ ਇਤਿਹਾਸਕ ਦਸਤਾਵੇਜ਼ ਵਾਂਗ ਸੰਭਾਲ ਲਿਆ ਜਾਵੇਗਾ। ਇਸ ਪ੍ਰਕਾਰ ਆਪਣਾ ਬਚਾਓ ਨਾ ਕਰ ਕੇ ਜਦੋਂ ਉਹ ਆਪਣਾ ਵਿਚਾਰਧਾਰਕ ਪੈਂਤੜਾ ਪੇਸ਼ ਕਰਨ ਲਈ ਲਿਖਤੀ ਬਿਆਨ ਦੇ ਰਿਹਾ ਸੀ ਤਾਂ ਅਦਾਲਤ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਵਾਹਨ ਬਣਾ ਰਿਹਾ ਸੀ। ਮੇਵਾ ਸਿੰਘ ਦੀ ਸ਼ਹਾਦਤ ਤੋਂ ਪੰਦਰਾਂ-ਸੋਲਾਂ ਸਾਲ ਪਿੱਛੋਂ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅਦਾਲਤ ਨੂੰ ਕੁਝ ਏਸੇ ਅੰਦਾਜ਼ ਵਿਚ ਆਪਣੇ ਵਿਚਾਰਾਂ ਦਾ ਮਾਧਿਅਮ ਬਨਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਸੀ।
ਅਸੀਂ ਇਹ ਚੰਗੀ ਤਾਂ ਤਰ੍ਹਾਂ ਜਾਣਦੇ ਹਾਂ ਕਿ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਬੜੇ ਸੁਚੇਤ ਹੋ ਕੇ ਦਿੱਲੀ ਦੇ ਅਸੈਂਬਲੀ ਹਾਲ ਵਿਚ ਉਸ ਵੇਲੇ ਬੰਬ ਸੁੱਟਿਆ ਸੀ ਜਦੋਂ ਦੋ ਲੋਕ-ਵਿਰੋਧੀ ਬਿੱਲਾਂ, ਪਬਲਿਕ ਸੇਫਟੀ ਬਿਲ ਤੇ ਟਰੇਡ ਡਿਸਪਿਊਟ ਬਿੱਲ ਨੂੰ, ਅਸੈਂਬਲੀ ਵੱਲੋਂ ਬਹੁਮਤ ਨਾਲ ਰੱਦ ਕਰ ਦਿੱਤੇ ਜਾਣ ਦੇ ਬਾਵਜੂਦ ਵਾਇਸਰਾਏ ਉਸ ਦਿਨ ਮਨਜ਼ੂਰੀ ਦੇਣ ਵਾਲਾ ਸੀ। ਇਹ ਸਰਾਸਰ ਬੇਇਨਸਾਫ਼ੀ ਸੀ ਤੇ ਕਿਸੇ ਤਰ੍ਹਾਂ ਵੀ ਨਿਆਂ ਦੇ ਤਕਾਜ਼ੇ ’ਤੇ ਪੂਰੀ ਨਹੀਂ ਸੀ ਉਤਰਦੀ। ਜੇ ਬਰਤਾਨਵੀ ਸਰਕਾਰ ਨੇ ਆਪਣੇ ਪ੍ਰਛਾਵੇਂ ਅਧੀਨ ਚੱਲ ਰਹੀ ਤੇ ਬਣਾਈ ਗਈ ਅਸੈਂਬਲੀ ਦੇ ਮੈਂਬਰਾਂ ਦੀ ਵੀ ਸੁਣਨੀ ਨਹੀਂ ਤਾਂ ਉਨ੍ਹਾਂ ਦੇ ਕੰਨਾਂ ਵਿਚ ਰੋਸ ਦੀ ਇਹ ਆਵਾਜ਼ ਪਹੁੰਚਾਉਣੀ ਲਾਜ਼ਮੀ ਸੀ। ਬੰਬ ਸੁੱਟਣ ਤੋਂ ਕੁਝ ਸਮਾਂ ਪਹਿਲਾਂ ਦਵਾਰਕਾ ਦਾਸ ਲਾਇਬ੍ਰੇਰੀ ਲਾਹੌਰ ਵਿਚ ਲਾਇਬ੍ਰੇਰੀਅਨ ਦੀ ਸੇਵਾ ਨਿਭਾਅ ਰਹੇ ਭਗਤ ਸਿੰਘ ਦੇ ਮਿੱਤਰ ਰਾਜਾ ਰਾਮ ਸ਼ਾਸਤਰੀ ਨੇ ਇੱਕ ਨਵੀਂ ਪੁਸਤਕ ਪੜ੍ਹਨ ਲਈ ਭਗਤ ਸਿੰਘ ਨੂੰ ਦਿੱਤੀ ਜਿਸਦਾ ਇੱਕ ਅਧਿਆਇ ਪੜ੍ਹ ਕੇ ਤਾਂ ਭਗਤ ਸਿੰਘ ਖੁਸ਼ੀ ’ਚ ਉੱਛਲ ਪਿਆ ਸੀ। ਇਸ ਪੁਸਤਕ ਦਾ ਨਾਂ ਸੀ, ‘ਅਨਾਰਕਿਜ਼ਮ ਐਂਡ ਅਦਰ ਐਸੇਜ਼’।
ਉਸ ਪੁਸਤਕ ਵਿਚ ਇਕ ਵਿਸ਼ੇਸ਼ ਅਧਿਆਇ ਸੀ ਜਿਸਦਾ ਨਾਂ ਸੀ ‘ਸਾਈਕੋਲੋਜੀ ਆਫ਼ ਵਾਇਲੈਂਸ’ (ਹਿੰਸਾ ਦਾ ਮਨੋਵਿਗਿਆਨ)। ਇਸ ਅਧਿਆਇ ਵਿੱਚ ਫਰਾਂਸ ਦੇ ਅਰਾਜਕਤਾਵਾਦੀ ਨੌਜਵਾਨ ਵੇਲਾਂ ਦਾ ਬਿਆਨ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਟਰੇਡ ਯੂਨੀਅਨਾਂ ਦੇ ਸੰਗਠਨ, ਭਾਸ਼ਣਾਂ ਅਤੇ ਸ਼ਾਂਤਮਈ ਪ੍ਰਦਰਸ਼ਨਾਂ ਦਾ ਪੂੰਜੀਵਾਦੀ ਸ਼ਾਸਕਾਂ ਤੇ ਅਸਰ ਨਹੀਂ ਹੋਇਆ ਤਾਂ ਮੈਂ ਸੋਚਿਆ ਕਿ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲੇ ਕੰਨਾਂ ਨੂੰ ਭਵਿੱਖ ਦੀ ਖ਼ੂਨੀ ਕ੍ਰਾਂਤੀ ਬਾਰੇ ਸਾਵਧਾਨ ਕੀਤਾ ਜਾਵੇ। ਭਗਤ ਸਿੰਘ ਦੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਬਿਆਨ ਦੇਣ ਪਿੱਛੇ ਪ੍ਰੇਰਕ ਸ਼ਕਤੀ ਇਹੋ ਬਿਆਨ ਸੀ।
ਸਾਫ਼ ਜ਼ਾਹਿਰ ਹੈ ਭਗਤ ਸਿੰਘ ਹੁਰਾਂ ਨੇ ਅਜਿਹੀ ਸਰਕਾਰ ਦੇ ‘ਬੋਲਿਆਂ ਕੰਨਾਂ ਤੱਕ ਆਵਾਜ਼ ਪਹੁੰਚਾਉਣ’ ਲਈ ਬੰਬ ਸੁੱਟ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਇਸ ਵਾਸਤੇ ਪੇਸ਼ ਕੀਤਾ ਸੀ ਕਿ ਅਜਿਹਾ ਕਰਕੇ ਉਹ ਅਦਾਲਤ ਨੂੰ ਆਪਣੇ ਵਿਚਾਰਾਂ ਨੂੰ ਪ੍ਰਚਾਰਨ ਦਾ ਮਾਧਿਅਮ ਬਨਾਉਣਗੇ। ਉਨ੍ਹਾਂ ਨੇ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਅਦਾਲਤ ਨੂੰ ਮਾਧਿਅਮ ਵਜੋਂ ਭਰਪੂਰ ਰੂਪ ਵਿਚ ਵਰਤਿਆ ਵੀ।
ਅਦਾਲਤ ਵਿਚ ਦਿੱਤੇ ਆਪਣੇ ਬਿਆਨਾਂ ਰਾਹੀਂ ਭਗਤ ਸਿੰਘ ਹੁਰਾਂ ਆਪਣੇ ਨਜ਼ਰੀਏ ਤੇ ਵਿਚਾਰਧਾਰਾ ਨੂੰ ਜਗਤ ਦੇ ਸਾਹਮਣੇ ਰੱਖਿਆ। ਪ੍ਰੈਸ ਨੇ ਉਨ੍ਹਾਂ ਦੇ ਦਿੱਤੇ ਬਿਆਨਾਂ ਨੂੰ ਲੋਕਾਂ ਦੀ ਨਜ਼ਰ ਵਿਚ ਲਿਆਂਦਾ। ਭਗਤ ਸਿੰਘ ਹੁਰਾਂ ਬੰਬ ਸੁੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣ ਅਤੇ ਸੋਚ ਲਿਆ ਸੀ ਕਿ ਇਸ ਐਕਸ਼ਨ ਉਪਰੰਤ ਜਦੋਂ ਉਨ੍ਹਾਂ ਨੂੰ ਫੜ ਕੇ ਮੁਕੱਦਮਾ ਚਲਾਇਆ ਜਾਵੇਗਾ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲਣੀ ਨਿਸਚਿਤ ਹੈ। ਇਸਦੇ ਬਾਵਜੂਦ ਉਹ ਸਮਝਦੇ ਸਨ ਕਿ ਇਹ ਐਕਸ਼ਨ ਜ਼ਰੂਰੀ ਹੈ। ਅਦਾਲਤ ਰਾਹੀਂ ਉਨ੍ਹਾਂ ਦੇ ਦ੍ਰਿਸ਼ਟੀਕੋਨ ਦੀ ਵਿਆਪਕ ਜਾਣਕਾਰੀ ਜਨਤਾ ਤੱਕ ਪੁੱਜੀ। ਇਸ ਲਹਿਰ ਦੇ ਐਕਸ਼ਨਾਂ ਬਾਰੇ ਪਰਚਾਰੇ ਗਏ ਸਰਕਾਰੀ ਪੱਖ ਅਨੁਸਾਰ ਤਾਂ ਭਗਤ ਸਿੰਘ ਤੇ ਉਸਦੇ ਸਾਥੀ ਪਾਗਲ, ਡਾਕੂ ਜਾਂ ਚੋਰ ਬਣਾ ਕੇ ਪੇਸ਼ ਕੀਤੇ ਗਏ ਸਨ। ਹੁਣ ਅਦਾਲਤ ਵਿਚ ਦਿੱਤੇ ਬਿਆਨਾਂ ਰਾਹੀਂ ਉਨ੍ਹਾਂ ਕੇਵਲ ਇਹ ਹੀ ਸਾਬਤ ਨਾ ਕੀਤਾ ਕਿ ਉਹ ਪਾਗਲ, ਗੁੰਡੇ, ਚੋਰ, ਅਰਾਜਕਤਾਵਾਦੀ ਜਾਂ ਆਤੰਕਵਾਦੀ ਨਹੀਂ, ਸਗੋਂ ਇਹ ਵੀ ਪਰਮਾਣਿਤ ਕੀਤਾ ਕਿ ਉਹ ਅਸਲ ਰੂਪ ਵਿਚ ਅਜਿਹੇ ਇਨਕਲਾਬੀ ਹਨ ਜੋ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹਨ ਸਗੋਂ ਉਨ੍ਹਾਂ ਦੀ ਮਨਸ਼ਾ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਾ ਵੀ ਹੈ। ਅਦਾਲਤ ਵਿਚ ਦਿੱਤੇ ਬਿਆਨਾਂ ਸਦਕਾ ਹੀ ਭਗਤ ਸਿੰਘ ਹੁਰਾਂ ਦਾ ਮਕਸਦ ਜੱਗ-ਜ਼ਾਹਿਰ ਹੋਇਆ ਤੇ ਭਗਤ ਸਿੰਘ ਹਿੰਸਕ ਆਤੰਕਵਾਦੀ ਦੀ ਥਾਂ ਇਨਕਲਾਬੀ ਨਾਇਕ ਬਣ ਕੇ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ।
ਪਰ ਇਹ ਭਾਈ ਮੇਵਾ ਸਿੰਘ ਹੀ ਸੀ ਜਿਸਨੇ ਸਾਡੇ ਇਨਕਲਾਬੀ ਇਤਿਹਾਸ ਵਿਚ ਸਭ ਤੋਂ ਪਹਿਲਾਂ ਇਸ ਜੁਗਤ ਦੀ ਸੁਚੇਤ ਤੌਰ ’ਤੇ ਵਰਤੋਂ ਕੀਤੀ। ਭਗਤ ਸਿੰਘ ਨੂੰ ਵੀ ਪਤਾ ਸੀ ਕਿ ਉਹਦੀ ਗ੍ਰਿਫ਼ਤਾਰੀ ਦਾ ਅੰਤਮ ਸਿੱਟਾ ਉਹਦੀ ਮੌਤ ਵਿਚ ਹੀ ਨਿਕਲਣਾ ਹੈ, ਤਦ ਵੀ ਉਸਨੇ ਆਪਣੇ ਆਪ ਨੂੰ ਸੁਚੇਤ ਕੁਰਬਾਨੀ ਦੇ ਰਾਹ ਤੋਰ ਲਿਆ। ਪਰ ਭਾਈ ਮੇਵਾ ਸਿੰਘ ਸੁਚੇਤ ਕੁਰਬਾਨੀ ਦੇ ਪੱਖੋਂ ਵੀ ਤਤਕਾਲੀ ਇਨਕਲਾਬੀ ਇਤਿਹਾਸ ਵਿਚ ਆਪਣੇ ਭਾਈਚਾਰੇ ਵਿਚ ਭਗਤ ਸਿੰਘ ਦਾ ਪਹਿਲ-ਪਲੱਕੜਾ ਵਡੇਰਾ ਸੀ। ਆਪਣੇ ਬਿਆਨ ਵਿਚ ਭਾਈ ਮੇਵਾ ਸਿੰਘ ਨੇ ਇਹ ਵੀ ਕਿਹਾ ਸੀ ਕਿ “ਇਨ੍ਹਾਂ ਲੋਕਾਂ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਇਹ ਸੋਚਦੇ ਨੇ ਕਿ ਸਿੱਖ ਕੁਝ ਵੀ ਨਹੀਂ। ਸਾਨੂੰ ਜ਼ਲੀਲ ਕੀਤਾ ਗਿਆ ਹੈ। ਸਾਡੀ ਗੱਲ ਸੁਣਨ ਵਾਲ਼ਾ ਇੱਥੇ ਕੋਈ ਜੱਜ ਨਹੀਂ। ਇਹ ਚਾਰ ਬੰਦੇ ਹੀ ਸਭ ਕੁਝ ਹਨ। ਬੇਲਾ ਸਿੰਘ, ਬਾਬੂ ਸਿੰਘ, ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਆਪਣੇ ਆਪ ਨੂੰ ਰੱਬ ਸਮਝਦੇ ਹਨ। ਸਰਕਾਰ ਸਿਰਫ਼ ਹਾਪਕਿਨਸਨ ਦੀ ਸੁਣਦੀ ਹੈ। ਏਥੇ ਹਾਪਕਿਨਸਨ ਤੇ ਉਹਦੇ ਚਾਟੜਿਆਂ ਦੀ ਸੁਣੀ ਜਾਦੀ ਹੈ, ‘ਸਾਡੀ ਨਹੀਂ’।’
ਜਦੋਂ ਭਗਤ ਸਿੰਘ ਹੁਰਾਂ ਅਸੈਂਬਲੀ ਵਿਚ ਬੰਬ ਸੁੱਟਿਆ ਤਾਂ ਉਦੋਂ ਭਾਰਤ ਵਿਚਲੀ ਬਰਤਾਨਵੀ ਸਰਕਾਰ ਭਾਰਤੀ ਲੋਕਾਂ ਦੀ ਆਵਾਜ਼ ਸੁਣਨੋਂ ਇਨਕਾਰੀ ਸੀ ਤੇ ਜਦੋਂ ਭਾਈ ਮੇਵਾ ਸਿੰਘ ਨੇ ਹਾਪਕਿਨਸਨ ਦਾ ਕਤਲ ਕੀਤਾ ਤਾਂ ਉਦੋਂ ਕਨੇਡਾ ਦੀ ਸਰਕਾਰ ਵੀ ਕਨੇਡਾ ਵਿਚ ਵੱਸਦੇ ਭਾਰਤੀ ਭਾਈਚਾਰੇ ਦੀ ਆਵਾਜ਼ ਸੁਣਨੋਂ ਇਨਕਾਰੀ ਸੀ। ਉਸ ਵੱਲੋਂ ਹਾਪਕਿਨਸਨ ਦਾ ਕੀਤਾ ਕਤਲ ਵੀ ‘ਬੋਲੇ ਕੰਨਾਂ’ ਤੱਕ ਆਵਾਜ਼ ਪਹੁੰਚਾਉਣ ਦਾ ਹੀਲਾ ਹੀ ਸੀ। ਸਥਾਪਤ ਵਿਵਸਥਾ ਦੇ ‘ਬੋਲੇ ਕੰਨਾਂ’ ਤੱਕ ਆਵਾਜ਼ ਪਹੁੰਚਾਉਣ ਪੱਖੋਂ ਭਾਈ ਮੇਵਾ ਸਿੰਘ, ਭਗਤ ਸਿੰਘ ਹੁਰਾਂ ਤੋਂ ਵੀ ਪਹਿਲਾਂ ਪਹਿਲਕਦਮੀ ਕਰਦਾ ਨਜ਼ਰ ਆਉਂਦਾ ਹੈ।
ਭਗਤ ਸਿੰਘ ਹੁਰਾਂ ਨੂੰ ਬਰਤਾਨਵੀ ਪੁਲਿਸ ਅਤੇ ਨਿਆਂ-ਪ੍ਰਣਾਲੀ ਤੋਂ ਕਿਸੇ ਇਨਸਾਫ਼ ਦੀ ਆਸ ਨਹੀਂ ਸੀ। ਆਪਣੇ ਇਸ ਮੱਤ ਦਾ ਪ੍ਰਗਟਾਵਾ ਉਨ੍ਹਾਂ ਵੱਲੋਂ ਅਕਸਰ ਹੀ ਆਪਣੇ ਬਿਆਨਾਂ ਵਿਚ ਕੀਤਾ ਜਾਂਦਾ ਰਿਹਾ। ਐਨ ਇੰਜ ਹੀ ਉਨ੍ਹਾਂ ਦੇ ਵਡੇਰੇ ਭਾਈ ਮੇਵਾ ਸਿੰਘ ਨੇ ਅਦਾਲਤ ਵਿਚ ਦਿੱਤੇ ਇਤਿਹਾਸਕ ਬਿਆਨ ਵਿਚ ਕਨੇਡੀਅਨ ਸਰਕਾਰ ਦੀ ਨਿਆਂ-ਪ੍ਰਣਾਲੀ ਨੂੰ ਬੇਨਕਾਬ ਕਰ ਦਿੱਤਾ। ਉਸਦੇ ਸ਼ਬਦਾਂ ਵੱਲ ਵੇਖੀਏ, “ਜਦੋਂ ਵੀ ਮੌਕਾ ਮਿਲਦਾ ਹੈ ਤਾਂ ਪੁਲਿਸ ਸਾਡੇ ਨਾਲ ਧੱਕਾ ਤੇ ਬੇਇੲਨਸਾਫ਼ੀ ਕਰਨ ਲਈ ਤਤਪਰ ਤੇ ਤਿਆਰ ਰਹਿੰਦੀ ਹੈ। ਜਦੋਂ ਸਾਡੇ ਕੇਸ ਅਦਾਲਤ ਵਿਚ ਜਾਂਦੇ ਹਨ ਤਾਂ ਜੱਜਾਂ ਨੇ ਸਾਡੇ ਵਿਰੁੱਧ ਦੇਣ ਵਾਲੇ ਫ਼ੈਸਲੇ ਪਹਿਲਾਂ ਹੀ ਤਿਆਰ ਕਰ ਕੇ ਰੱਖੇ ਹੁੰਦੇ ਹਨ। ਇਹ ਕੈਸਾ ਨਿਆਂ ਹੈ ਕਿ ਫ਼ੈਸਲਾ ਸਦਾ ਪੁਲਿਸ ਦੇ ਘੜੇ ਕੇਸ ਦੇ ਹੱਕ ਵਿਚ ਹੁੰਦਾ ਹੈ! ਜਦੋਂ ਜੱਜਾਂ ਦੇ ਮਨਾਂ ਵਿਚ ਪਹਿਲਾਂ ਹੀ ਖੋਟ ਹੋਵੇ ਤਾਂ ਕਿਸੇ ਪ੍ਰਕਾਰ ਦੇ ਨਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ। ਜੇ ਪੁਲਿਸ ਅਤੇ ਪ੍ਰਬੰਧਕੀ ਢਾਂਚਾ ਸਾਡੇ ਖ਼ਿਲਾਫ਼ ਬੇਨਿਆਈਂ ਕਰਨ ਲਈ ਆਪਸ ਇੱਕ-ਜੁੱਟ ਹੋ ਜਾਣ ਤਾਂ ਕਿਸੇ ਨੂੰ ਤਾਂ ਇਸ ਬੇਨਿਆਈਂ ਵਿਰੁੱਧ ਉਠਣਾ ਪੈਣਾ ਸੀ। ਤੇ ਮੈਂ ਉੱਠ ਖਲੋਤਾ ਹਾਂ। ਮੈਂ ਅਨਿਆਂ ਦੀ ਇਸ ਦੀਵਾਰ ਨੂੰ ਧੱਕਾ ਮਾਰ ਕੇ ਢਾਹੁਣ ਲਈ ਹੌਂਸਲਾ ਕੀਤਾ ਹੈ। ਤੁਸੀਂ ਮੈਨੂੰ ਫਾਹੇ ਲਾ ਸਕਦੇ ਹੋ। ਇਸ ਤੋਂ ਵੱਧ ਹੋਰ ਕਰ ਵੀ ਕੀ ਸਕਦੇ ਹੋ?”
ਭਾਈ ਮੇਵਾ ਸਿੰਘ ਦਾ ਇਤਿਹਾਸਕ ਬਿਆਨ ਅਦਾਲਤੀ ਕਾਰਵਾਈ ਦਾ ਹਿੱਸਾ ਬਣ ਕੇ ਜਨਤਾ ਤੱਕ ਪਹੁੰਚ ਗਿਆ। ਕੀ ਭਗਤ ਸਿੰਘ ਹੁਰਾਂ ਭਾਈ ਮੇਵਾ ਸਿੰਘ ਦੇ ਬਿਆਨ ਤੋਂ ਵੀ ਕੋਈ ਪ੍ਰੇਰਨਾ ਲਈ ਸੀ ਜਾਂ ਨਹੀਂ, ਭਾਵੇਂ ਭਗਤ ਸਿੰਘ ਨੇ ਸਿੱਧੇ ਤੌਰ ’ਤੇ ਨਹੀਂ ਮੰਨਿਆ ਪਰ ਇਸ ਦਾ ਅਨੁਮਾਨ ਜ਼ਰੂਰ ਹੈ ਕਿ ਭਗਤ ਸਿੰਘ ਨੂੰ ਜ਼ਰੂਰ ਭਾਈ ਮੇਵਾ ਸਿੰਘ ਦੀ ਸ਼ਹਾਦਤ ਅਤੇ ਦਿੱਤੇ ਬਿਆਨ ਦਾ ਇਲਮ ਹੋਵੇਗਾ। ਮੇਵਾ ਸਿੰਘ ਵੱਲੋਂ ਆਪਣੇ ਵਿਚਾਰਧਾਰਕ ਪੈਂਤੜੇ ਨੂੰ ਪੇਸ਼ ਕਰਨ ਲਈ ਅਦਾਲਤ ਨੂੰ ਮਾਧਿਅਮ ਬਣਾ ਕੇ ਵਰਤਣ ਬਾਰੇ ਵੀ ਭਗਤ ਸਿੰਘ ਨੂੰ ਜ਼ਰੂਰ ਗਿਆਨ ਹੋਵੇਗਾ। ਇਹ ਅਨੁਮਾਨ ਲਾਏ ਜਾਣ ਦੀ ਗੁੰਜਾਇਸ਼ ਇਸ ਕਰ ਕੇ ਵੀ ਹੈ ਕਿ ਚੰਗਾ ਤੇ ਸੁਚੇਤ ਪਾਠਕ ਹੋਣ ਨਾਤੇ ਭਗਤ ਸਿੰਘ ਭਾਰਤ ਅਤੇ ਪੰਜਾਬ ਦੇ ਇਨਕਲਾਬੀ ਇਤਿਹਾਸ ਦਾ ਚੰਗੀ ਤਰ੍ਹਾਂ ਜਾਣੂੰ ਸੀ। ਕੂਕਾ-ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ ਅਤੇ ਗ਼ਦਰ ਪਾਰਟੀ ਲਹਿਰ ਦੇ ਇਤਿਹਾਸ ਬਾਰੇ ਤਾਂ ਉਸਦੀਆਂ ਲਿਖੀਆਂ ਲਿਖਤਾਂ ਵੀ ਮਿਲਦੀਆਂ ਹਨ। ਗ਼ਦਰ ਪਾਰਟੀ ਦੇ ਦੂਜੇ ਸਕੱਤਰ ਭਾਈ ਸੰਤੋਖ ਸਿੰਘ ਨੇ ਭਾਰਤ ਆ ਕੇ ਮਾਸਿਕ ਪੱਤਰ ‘ਕਿਰਤੀ’ ਸ਼ੁਰੂ ਕੀਤਾ ਤਾਂ ਭਗਤ ਸਿੰਘ ‘ਕਿਰਤੀ’ ਵਿਚ ਲੇਖ ਵੀ ਲਿਖਦਾ ਰਿਹਾ। ਭਾਈ ਸੰਤੋਖ ਸਿੰਘ ਵਰਗੇ ਲਹਿਰ ਦੇ ਆਗੂ ਗ਼ਦਰੀਆਂ ਦੇ ਸੰਗ-ਸਾਥ ਵਿਚ ਵਿਚਰਨ ਕਰ ਕੇ ਅਤੇ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਪਰਚੇ ਦਾ ਲੇਖਕ ਹੋਣ ਕਰ ਕੇ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਭਗਤ ਸਿੰਘ ਗ਼ਦਰ ਲਹਿਰ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹਨੂੰ ਭਾਈ ਮੇਵਾ ਸਿੰਘ ਦੀ ਸ਼ਹਾਦਤ ਅਤੇ ਉਸ ਵੱਲੋਂ ਦਿੱਤੇ ਇਤਿਹਾਸਕ ਬਿਆਨ ਬਾਰੇ ਨਿਸਚੈ ਹੀ ਪਤਾ ਸੀ। ਇਸ ਪ੍ਰਸੰਗ ਵਿਚ ਭਾਈ ਮੇਵਾ ਸਿੰਘ ਬਾਰੇ ਲਿਖਿਆ ਆਰਟੀਕਲ ਇਸ ਲਿਖਤ ਤੋਂ ਬਾਅਦ ਦਿੱਤਾ ਗਿਆ ਹੈ ਤੇ ਜੋ ਇਹ ਪੁਸ਼ਟ ਕਰਨ ਲਈ ਵੱਡਾ ਸਬੂਤ ਹੈ ਕਿ ਭਾਵੇਂ ਅਸੈਂਬਲੀ ਵਿਚ ਬੰਬ ਸੁੱਟ ਕੇ ਸਰਕਾਰ ਦੇ ਬੋਲੇ ਕੰਨਾਂ ਵਿਚ ਆਵਾਜ਼ ਪਹੁੰਚਾਉਣ ਦੀ ਪ੍ਰੇਰਨਾ ਦਾ ਪਿਛੋਕੜ, ਭਗਤ ਸਿੰਘ, ਫ਼ਰਾਂਸ ਦੇ ਇਨਕਲਾਬੀ ‘ਵੇਲਾਂ’ ਦੇ ਐਕਸ਼ਨ ਤੇ ਕਥਨ ਨਾਲ ਜੋੜਦਾ ਹੈ ਤਦ ਵੀ ਕਿਹਾ ਜਾ ਸਕਦਾ ਹੈ ਕਿ ਅਚੇਤ-ਸੁਚੇਤ ਭਗਤ ਸਿੰਘ ਦੇ ਮਨ ਵਿਚ ਭਾਈ ਮੇਵਾ ਸਿੰਘ ਦੀ ਸ਼ਹਾਦਤ ਅਤੇ ਅਦਾਲਤ ਵਿਚ ਦਿੱਤੇ ਬਿਆਨ ਦੀ ਲੁਕਵੀਂ ਜਾਂ ਜ਼ਾਹਿਰਾ ਪ੍ਰੇਰਨਾ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ।
ਇੰਜ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਇਤਹਾਸ ਵਿਚ ਸਥਾਪਤ ਵਿਵਸਥਾ ਦੀ ਨਿਆਇ-ਪ੍ਰਣਾਲੀ ਦੇ ਪੋਲ ਨੂੰ ਉਜਾਗਰ ਕਰਨ, ਅਦਾਲਤ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਮਾਧਿਅਮ ਬਣਾ ਕੇ ਵਰਤਣ, ਸਥਾਪਤ ਵਿਵਸਥਾ ਦੇ ‘ਬੋਲੇ ਕੰਨਾਂ’ ਵਿਚ ਆਵਾਜ਼ ਪਹੁੰਚਾਉਣ ਲਈ ‘ਧਮਾਕਾਖ਼ੇਜ਼’ ਐਕਸ਼ਨ ਕਰਨ ਅਤੇ ਮੌਤ ਨੂੰ ਬੇਖ਼ੌਫ਼ ਹੋ ਕੇ ਵਾਰਨ ਵਿਚ ਭਾਈ ਮੇਵਾ ਸਿੰਘ ਪਹਿਲਾ ਸ਼ਹੀਦ ਸੂਰਮਾ ਹੈ। ਭਗਤ ਸਿੰਘ ਤੇ ਉਸਦੇ ਸਾਥੀ ਤਾਂ ਪੜ੍ਹੇ-ਲਿਖੇ ਸਨ ਅਤੇ ਉਨ੍ਹਾਂ ਨੇ ਭਾਰਤ ਅਤੇ ਸੰਸਾਰ ਦੇ ਇਨਕਲਾਬੀ ਇਤਿਹਾਸ ਨੂੰ ਪੜ੍ਹਿਆ-ਵਾਚਿਆ ਹੋਇਆ ਸੀ। ਉਨ੍ਹਾਂ ਦੀ ਸੋਚਣੀ ਪਿੱਛੇ ਪ੍ਰਾਪਤ ਅਕਾਦਿਮਕ ਗਿਆਨ ਦੀ ਰੌਸ਼ਨੀ ਕਾਰਜਸ਼ੀਲ ਸੀ। ਪਰ ਭਾਈ ਮੇਵਾ ਸਿੰਘ ਨੇ ਤਾਂ ਕੋਈ ਬਹੁਤੀ ਅਕਾਦਮਿਕ ਵਿਦਿਆ ਵੀ ਨਹੀਂ ਸੀ ਪ੍ਰਾਪਤ ਕੀਤੀ ਹੋਈ। ਉਹ ਤਾਂ ਕੇਵਲ ਗੁਰਮੁਖੀ ਹੀ ਪੜ੍ਹ-ਲਿਖ ਸਕਦਾ ਸੀ। ਪਰ ਹੈਰਾਨੀ ਤੇ ਖ਼ੁਸ਼ੀ ਦੀ ਗੱਲ ਹੈ ਕਿ ਉਸਨੇ ਅਜਿਹਾ ਬਿਆਨ ਇਸ ਅੰਦਾਜ਼ ਵਿਚ ਦੇਣਾ ਸੋਚ ਕੇ ਅਤੇ ਫਿਰ ਉਸਨੂੰ ਏਨੇ ਸੰਗਠਿਤ ਰੂਪ ਵਿਚ ਲਿਖ ਕੇ ਆਪਣੀ ਬੌਧਿਕ ਸਮਰੱਥਾ ਦਾ ਅਜਿਹਾ ਪ੍ਰਦਰਸ਼ਨ ਕੀਤਾ ਹੈ ਕਿ ਉਹਦੀ ਇਸ ਕਾਮਲ ਯੋਗਤਾ ਨੂੰ ਵੀ ਸਹਿਜੇ ਹੀ ਪ੍ਰਣਾਮ ਕਰਨ ਨੂੰ ਜੀਅ ਕਰਦਾ ਹੈ। ਇਹ ਕਾਰਜ ਉਹਦੇ ਗਹਿ-ਗੱਚ ਅਨੁਭਵ ਵਿਚੋਂ ਨਿਕਲੀ ਸਿਆਣਪ ਦਾ ਪ੍ਰਤੀਕ ਹੈ।
ਨਿਸਚੈ ਹੀ ਭਾਈ ਮੇਵਾ ਸਿੰਘ ਕਈ ਪੱਖਾਂ ਤੋਂ ਇਤਿਹਾਸਕ ਪਹਿਲ-ਕਦਮੀਆਂ ਕਰਨ ਵਾਲਾ, ਭਾਰਤ ਦੇ ਇਨਕਲਾਬੀ ਇਤਿਹਾਸ ਦਾ ਮਾਣਯੋਗ ਸ਼ਹੀਦ ਹੈ।
ਹੇਠਾਂ ਸ਼ਹੀਦ ਭਗਤ ਸਿੰਘ ਦਾ ਭਾਈ ਮੇਵਾ ਸਿੰਘ ਬਾਰੇ ਲਿਖਿਆ ਆਰਟੀਕਲ ਪੜ੍ਹ ਕੇ ਵੇਖ ਸਕਦੇ ਹੋ ਕਿ ਦੋਵਾਂ ਦੇ ਸੋਚਣ ਤੇ ਐਕਸ਼ਨ ਕਰਨ ਵਿਚ ਕਿੰਨੀ ਸਮਾਨਤਾ ਸੀ।
ਸ਼੍ਰੀ ਮੇਵਾ ਸਿੰਘ
ਮੁਸੀਬਤਾਂ ਦੇ ਵਿਹੜੇ ਵਿੱਚ ਕਲਾਬਾਜ਼ੀਆਂ ਲਾਉਂਦੇ ਜਿਨ੍ਹਾਂ ਲੋਕਾਂ ਨੇ ਸਦਾ ਹੀ ਪਿੱਛੇ ਰਹਿ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਨਹੀਂ ਕਿ ਉਹ ਡਰਦੇ ਸੀ ਬਲਕਿ ਇਸ ਲਈ ਕਿ ਅੱਗੇ ਵਧ ਕੇ ਵਾਹ! ਵਾਹ! ਖੱਟਣ ਦੀ ਇੱਛਾ ਹੀ ਕਦੀ ਉਨ੍ਹਾਂ ਦੇ ਮਨ ਵਿੱਚ ਪੈਦਾ ਨਹੀਂ ਹੋਈ। ਅਜਿਹੇ ਲੋਕਾਂ ਬਾਰੇ ਬਾਲਪਨ ਤੋਂ ਹੀ ਜੇ ਨਜ਼ੂਮੀ ਇਹ ਦੱਸ ਦਿਆ ਕਰਨ ਕਿ ਉਹ ਕਿਸੇ ਦਿਨ ਕ੍ਰਾਂਤੀ ਦੀ ਵੇਦੀ ਦਾ ਪਤੰਗਾ ਬਣ ਕੇ ਸਭ ਕੁਝ ਵਾਰ ਦੇਣਗੇ, ਜਾਂ ਇੱਕ ਦਿਨ ਮਸਤੀ ਵਿਚ ਆ ਕੇ ਇਹ ਕਹਿ ਕੇ, “ਆ ਮੌਤੇ! ਪੰਜਾ ਲੜਾਈਏ”, ਨੱਚਦੇ-ਟੱਪਦੇ ਫਾਂਸੀ ਦੇ ਤਖ਼ਤੇ ’ਤੇ ਜਾ ਖੜੇ ਹੋਣਗੇ, ਤਾਂ ਸ਼ਾਇਦ ਇਨ੍ਹਾਂ ਲੋਕਾਂ ਦਾ ਜੀਵਨ ਬਿਰਤਾਂਤ ਪੂਰੇ ਇਨਸਾਫ਼ ਨਾਲ ਲਿਖਿਆ ਜਾ ਸਕੇ। ਪਰ ਉਹ ਤਾਂ ਸੰਸਾਰ ਦੇ ਪਤਾ ਨਹੀਂ ਕਿਸ ਕੋਨੇ ਵਿਚੋਂ ਆ ਕੇ ਅਚਾਨਕ ਮਨੁੱਖ ਸਮਾਜ ਲਈ ਆਪਣਾ ਸਭ ਕੁਝ ਵਾਰ ਕੇ ਚੱਲਦੇ ਵੀ ਬਣੇ। ਲੋਕਾਂ ਨੇ ਉਸ ਦਿਨ ਉਨ੍ਹਾਂ ਵੱਲ ਹੈਰਾਨੀ ਨਾਲ ਤੱਕਿਆ, ਭਗਤੀ ਤੇ ਸ਼ਰਧਾ ਦੇ ਫੁੱਲ ਵੀ ਚੜ੍ਹਾਏ। ਪਰ ਫੇਰ ਵੀ ਕਿਸੇ ਨੇ ਉਨ੍ਹਾਂ ਦੇ ਕ੍ਰਾਂਤੀਕਾਰੀ ਜੀਵਨ ਦੀਆਂ ਦੋ-ਚਾਰ ਘਟਨਾਵਾਂ ਵੀ ਇਕੱਠੀਆਂ ਕਰ ਕੇ ਪ੍ਰਕਾਸ਼ਿਤ ਕਰਨ ਦੀ ਖ਼ੇਚਲ ਨਹੀਂ ਕੀਤੀ। ਅੱਜ ਜੇ ਕਿਸੇ ਅਜਿਹੇ ਕ੍ਰਾਂਤੀਕਾਰੀ ਆਦਰਸ਼ਵਾਦੀ ਦਾ ਜੀਵਨ-ਬਿਰਤਾਂਤ ਲਿਖਣ ਬੈਠੀਏ ਤਾਂ ਲਿਖ ਹੀ ਕੀ ਸਕਦੇ ਹਾਂ।
ਅਗਿਆਤ ਕ੍ਰਾਂਤੀਕਾਰੀ ਸਾਡੇ ਨਾਇਕ ਮੇਵਾ ਸਿੰਘ ਦਾ ਜਨਮ ਅੰਮ੍ਰਿਤਸਰ ਦੇ ਇੱਕ ਸਾਧਾਰਨ ਜਿਹੇ ਪਿੰਡ ਲੋਪੋਕੇ ਵਿੱਚ ਹੋਇਆ ਸੀ। ਬੱਸ ਖ਼ਾਨਦਾਨ ਤੇ ਬਾਲਪਣ ਬਾਰੇ ਇਹੀ ਕੁਝ ਜਾਣਕਾਰੀ ਹੈ। ਉਹ ਸਾਧਾਰਨ ਕਿਸਾਨ ਸਨ ਤੇ ਖੇਤੀ ਬਾੜੀ ਕਰਦੇ ਸੀ। ਅਨੇਕਾਂ ਲੋਕਾਂ ਨੂੰ ਰੋਜ਼ ਕਨੇਡਾ ਵੱਲ ਜਾਂਦੇ ਵੇਖ ਕੇ ਆਪ ਵੀ ਉਥੇ ਚਲੇ ਗਏ ਸਨ। ਪਰਮਾਤਮਾ ਦੀ ਭਗਤੀ ਵੱਲ ਆਪ ਦਾ ਖਾਸ ਝੁਕਾਉ ਸੀ।
ਕਨੇਡਾ ਵਿਚ ਭਾਰਤ ਵਾਸੀਆਂ ’ਤੇ ਹੁੰਦੇ ਜ਼ੁਲਮ, ਅਨਿਆਂ ਤੇ ਦੁਰ-ਵਿਹਾਰ ਨੇ ਆਪ ਦੇ ਦਿਲ ’ਤੇ ਕਰਾਰੀ ਸੱਟ ਮਾਰੀ। ਕਾਮਾਗਾਟਾ ਮਾਰੂ ਦੇ ਸੰਬੰਧ ਵਿਚ ਜਦ ਸ਼੍ਰੀ ਭਾਗ ਸਿੰਘ ਜੀ ਤੇ ਸ਼੍ਰੀ ਬਲਵੰਤ ਸਿੰਘ ਜੀ ਕੁਝ ਹੋਰ ਸਾਥੀਆਂ ਨਾਲ ਸਲਾਹ ਕਰਨ ਲਈ ਦੂਰ ਦੱਖਣ ਵੱਲ ਨਿਕਲ ਗਏ ਸਨ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੜ ਕੇ ‘ਸੁਭਾਸ’ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ ਤਾਂ ਉਦੋਂ ਆਪ ਵੀ ਉਨ੍ਹਾਂ ਦੇ ਨਾਲ ਸਨ। ਪਰ ਆਪ ਦੇ ਸਿਰਫ਼ ਇਹ ਕਹਿ ਦੇਣ ’ਤੇ ਹੀ ਆਪ ਨੂੰ ਛੱਡ ਦਿੱਤਾ ਗਿਆ ਸੀ ਕਿ ਅਸੀਂ ਤਾਂ ਐਵੇਂ ਹੀ ਇਧਰ ਘੁੰਮਣ ਆ ਗਏ ਸੀ। ਬਾਅਦ ਵਿੱਚ ਆਪ ਗੁਰੂ ਨਾਨਕ ਮਾਈਨਿੰਗ ਕੰਪਨੀ ਦੇ ਹਿੱਸੇਦਾਰ ਵੀ ਬਣ ਗਏ ਸੀ।
ਦੀਵਾਨ ਚੱਲ ਰਿਹਾ ਸੀ। ਸ਼੍ਰੀ ਭਾਗ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਸਨ ਤੇ ਸ਼੍ਰੀ ਵਤਨ ਸਿੰਘ ਜੀ ਉਨ੍ਹਾਂ ਦੇ ਕੋਲ ਹੀ ਬੈਠੇ ਸਨ। ਅਚਾਨਕ ਸਭਾ ਦੀ ਸ਼ਾਂਤੀ ਭੰਗ ਕਰਦੀ ਹੋਈ ਗੋਲੀ ਚੱਲਣ ਦੀ ਆਵਾਜ਼ ਆਈ ਤੇ ਸ਼੍ਰੀ ਭਾਗ ਸਿੰਘ ਤੇ ਸ਼੍ਰੀ ਵਤਨ ਸਿੰਘ ਜੀ ਸਦਾ ਦੀ ਨੀਂਦ ਸੌਂ ਗਏ। ਗ਼ੱਦਾਰ ਬੇਲਾ ਸਿੰਘ ਦੇ ਇਸ ਘਿਨੌਣੇ ਕੰਮ ਨੂੰ ਦੇਖ ਕੇ ਮਨ ਦੁੱਖ ਨਾਲ ਚੀਰਿਆ ਗਿਆ।
ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠੇ ਨੂੰ ਗੋਲੀ ਨਾਲ ਮਾਰ ਦਿੱਤਾ ਜਾਣਾ ਉਨ੍ਹਾਂ ਤੋਂ ਸਹਿਣ ਨਹੀਂ ਹੋ ਰਿਹਾ ਸੀ। ਮੁਕੱਦਮਾਂ ਚੱਲਣ ਵੇਲੇ ਕਾਤਲ ਨੇ ਬਿਆਨ ਦਿੱਤਾ ਸੀ ਕਿ ਇੰਮੀਗ੍ਰੇਸ਼ਨ ਵਿਭਾਗ ਦੇ ਮੁਖੀਆਂ ਨੇ ਹੀ ਮੈਨੂੰ ਇੰਝ ਕਰਨ ਲਈ ਕਿਹਾ ਸੀ। ਗੁਲਾਮ ਭਾਰਤ ਵਾਸੀਆਂ ਦੀ ਦੁਰਦਸ਼ਾ ਦੀ ਲਹੂ ਲਿੱਬੜੀ ਤਸਵੀਰ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰ ਵਗ ਤੁਰੀ। ਕਿਉਂਕਿ ਉਹ ਗ਼ੁਲਾਮ ਸਨ, ਕੀ ਏਸੇ ਕਰ ਕੇ ਉਨ੍ਹਾਂ ਨੂੰ ਘ੍ਰਿਣਾ ਕੀਤੀ ਜਾਂਦੀ ਸੀ। ਕੀ ਉਨ੍ਹਾਂ ਦੇ ਗ਼ੁਲਾਮ ਹੋਣ ਕਰਕੇ ਹੀ ਉਨ੍ਹਾਂ ’ਤੇ ਹਰ ਕਿਸਮ ਦੇ ਜ਼ੁਲਮ ਢਾਹੇ ਜਾਂਦੇ ਸੀ ਤੇ ਉਨ੍ਹਾਂ ਦੇ ਆਗੂਆਂ ਨੂੰ ਇਸਤਰ੍ਹਾਂ ਮਾਰ ਦਿੱਤਾ ਜਾਂਦਾ ਸੀ। ਇਨ੍ਹਾਂ ਸਾਰੀਆਂ ਗੱਲਾਂ ਨੇ ਉਨ੍ਹਾਂ ਦੇ ਦਿਲ ’ਤੇ ਗਹਿਰੀ ਚੋਟ ਕੀਤੀ। ਉਨ੍ਹਾਂ ਨੇ ਆਪਣਾ ਅੰਦਰੂਨੀ ਦੁੱਖ ਛੁਪਾਉਣ ਵਾਸਤੇ ਪਰਮਾਤਮਾ ਦੀ ਭਜਨ ਬੰਦਗੀ ਵਿਚ ਖ਼ੁਦ ਨੂੰ ਵਧੇਰੇ ਡੁਬੋ ਲਿਆ। ਪਰ ਇਸਦੇ ਬਾਵਜੂਦ ਵੀ ਆਪ ਨੇ ਭਰੇ ਹੋਏ ਹਿਰਦੇ ਨਾਲ ਇੱਕ ਦੋ ਵਾਰ ਕਿਹਾ, “ਹਰ ਕਦਮ ’ਤੇ ਠੁਕਰਾਏ ਜਾਣ ਵਾਲਾ ਇਹ ਗ਼ੁਲਾਮੀ ਤੇ ਬੇਇਜ਼ਤੀ ਵਾਲਾ ਜੀਵਨ ਹੁਣ ਅਸਹਿ ਹੋ ਉੱਠਿਆ ਹੈ।” ਉਸ ਵੇਲੇ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ’ਤੇ ਕਿਸੇ ਨੇ ਡੂੰਘਾ ਗੌਰ ਨਾ ਕੀਤਾ।
ਉਹ ਕ੍ਰਾਂਤੀ ਯੱਗ ਦੀ ਤੀਬਰ ਰਚਨਾ ਦੇ ਦਿਨ ਸਨ। ਲੋਕਾਂ ਨੇ ਰੀਵਾਲਵਰ ਤੇ ਰਫ਼ਲਾਂ ਚਲਾਉਣ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ। ਕਹਿੰਦੇ ਨੇ ਕਿ ਸਾਡੇ ਨਾਇਕ ਨੇ ਵੀ ਸੌ ਰੁਪਏ ਦੀਆਂ ਗੋਲੀਆਂ ਨਿਸ਼ਾਨਾਂ ਫੁੰਡਣ ਦੇ ਅਭਿਆਸ ਵਿਚ ਫੂਕ ਦਿੱਤੀਆਂ ਸਨ। ਉਨ੍ਹਾਂ ਦੇ ਇਸ ਕੰਮ ਬਾਰੇ ਵੀ ਕਿਸੇ ਨੇ ਗਹੁ ਨਾਲ ਨਾ ਵਿਚਾਰਿਆ। ਇੱਕ ਦਿਨ ਜਾ ਕੇ ਆਪਣੀ ਫੋਟੋ ਬਣਵਾ ਲਿਆਏ। ਆਪਣੇ ਘਰਵਾਲਿਆਂ ਵਾਸਤੇ ਉਨ੍ਹਾਂ ਦਾ ਇਹ ਅਮੁੱਲ ਉਪਹਾਰ ਸੀ। (ਭਗਤ ਸਿੰਘ ਨੇ ਵੀ ਅਸੈਂਬਲੀ ਵਿਚ ਬੰਬ ਸੁੱਟਣ ਤੋਂ ਪਹਿਲਾਂ ਆਪਣੀ ਫੋਟੋ ਖਿਚਵਾਈ ਸੀ।)
ਉਸ ਦਿਨ ਮੁਕੱਦਮੇ ਦੀ ਪੇਸ਼ੀ ਸੀ। ਇੰਮੀਗ੍ਰੇਸ਼ਨ ਵਿਭਾਗ ਦੇ ਮੁੱਖ ਅਧਿਕਾਰੀ ਮਿ. ਹਾਪਕਿਨਸਨ ਵੀ ਪੇਸ਼ ਹੋਣ ਲਈ ਆਏ ਸਨ। ਸਾਰਾ ਕੰਮ ਅਮਨ-ਅਮਾਨ ਨਾਲ ਹੋ ਰਿਹਾ ਸੀ ਕਿ ਅਚਾਨਕ ਇੱਕ ਗੋਲੀ ਚੱਲੀ ਅਤੇ ਇਸ ਤੋਂ ਪਹਿਲਾਂ ਕਿ ਕੋਈ ਫ਼ਾਇਰ ਕਰਨ ਵਾਲੇ ਵੱਲ ਧਿਆਨ ਕਰਦਾ ਹਾਪਕਿਨਸਨ ਸਦਾ ਦੀ ਨੀਂਦ ਸੌਂ ਗਏ। ਨਿਸ਼ਾਨਾ ਅਚੂਕ ਸੀ। ਉਨ੍ਹਾਂ ਦਾ ਸੌ ਰੁਪਇਆ ਲਾਇਆ ਸਫ਼ਲਾ ਹੋ ਗਿਆ ਸੀ। ਜੱਜ ਲੋਕ ਕੁਰਸੀਆਂ ਥੱਲੇ ਜਾ ਲੁਕੇ ਸਨ ਤੇ ਵਕੀਲ ਡਿੱਗਦੇ-ਢਹਿੰਦੇ ਬਾਹਰ ਨੂੰ ਭੱਜ ਚੱਲੇ ਸਨ। ਹਾਪਕਿਨਸਨ ਨੂੰ ਡਿੱਗਦਾ ਵੇਖ ਕੇ ਆਪ ਨੇ ਆਪਣਾ ਰੀਵਾਲਵਰ ਜੱਜ ਦੀ ਮੇਜ਼ ’ਤੇ ਰੱਖ ਦਿੱਤਾ ਤੇ ਉੱਚੀ ਆਵਾਜ਼ ਵਿੱਚ ਕਿਹਾ, “ਮੈਂ ਭੱਜਣਾ ਨਹੀਂ ਚਾਹੁੰਦਾ। ਆਪ ਲੋਗ ਸ਼ਾਂਤ ਰਹੋ। ਮੈਂ ਪਾਗ਼ਲ ਨਹੀਂ ਹਾਂ। ਹੋਰ ਕਿਸੇ ’ਤੇ ਗੋਲੀ ਨਹੀਂ ਚਲਾਵਾਂਗਾ। ਮੈਂ ਆਪਣਾ ਫ਼ਰਜ਼ ਪੂਰਾ ਕਰ ਲਿਆ ਹੈ।” ਇਸਤੋਂ ਮਗਰੋਂ ਪੁਲਿਸ ਨੂੰ ਬੁਲਾ ਕੇ ਆਤਮ-ਸਮਰਪਣ ਕਰ ਦਿੱਤਾ। ਅਫ਼ਰਾ-ਤਫ਼ਰੀ ਵਿਚ ਚਾਹੁੰਦੇ ਤਾਂ ਭੱਜ ਜਾਂਦੇ ਪਰ ਉਸ ਸੂਰਮੇ ਕ੍ਰਾਂਤੀਕਾਰੀ ਦੀ ਇੱਛਾ ਹੁਣ ਜੀਣ ਦੀ ਨਹੀਂ ਸੀ। ਪਤਿਤ, ਗ਼ੁਲਾਮ ਅਤੇ ਦੱਬੇ ਹੋਏ ਭਾਰਤ ਵਿਚ ਅਜੇ ਵੀ ਅਣਖ਼ ਬਾਕੀ ਹੈ, ਕੁਰਬਾਨੀ ਦੇ ਕੇ ਉਹ ਇਹੀ ਸਿੱਧ ਕਰਨਾ ਚਾਹੁੰਦੇ ਸਨ, ਅੱਜ ਵੀ ਉਨ੍ਹਾਂ ਵਿਚ ਅਪਮਾਨ ਦਾ ਬਦਲਾ ਲੈਣ ਦੀ ਜਾਨ ਬਾਕੀ ਹੈ, ਅੱਜ ਵੀ ਉਹ ਰਾਸ਼ਟਰੀ ਅਪਮਾਨ ਦਾ ਬਦਲਾ ਲੈ ਸਕਦੇ ਹਨ, ਇਹ ਜਤਾਉਣ ਵਾਸਤੇ ਉਨ੍ਹਾਂ ਨੇ ਇਹ ਸਭ ਕੁਝ ਕੀਤਾ ਸੀ। (ਐਕਸ਼ਨ ਤੋਂ ਬਾਅਦ ਦਾ ਸਾਰਾ ਮਾਹੌਲ ਉਹੋ ਹੈ, ਜੋ ਭਗਤ ਸਿੰਘ ਹੁਰਾਂ ਦੇ ਬੰਬ ਸੁੱਟਣ ਬਾਅਦ ਅਸੈਂਬਲੀ ਹਾਲ ਦਾ ਸੀ)
ਗ੍ਰਿਫ਼ਤਾਰੀ ਤੋਂ ਬਾਅਦ ਬਿਆਨ ਲੈਣ ਸਮੇਂ ਜਦੋਂ ਆਪ ਨੂੰ ਹਾਪਕਿਨਸਨ ਨੂੰ ਮਾਰਨ ਦਾ ਕਾਰਨ ਪੁੱਛਿਆ ਗਿਆ ਤਾਂ ਆਪ ਨੇ ਸਵਾਲ ਕੀਤਾ, “ਕੀ ਹਾਪਕਿਨਸਨ ਸੱਚੀਂ-ਮੁਚੀਂ ਮਰ ਗਿਆ ਹੈ?” ਜਵਾਬ ਵਿੱਚ ‘ਹਾਂ’ ਸੁਣ ਕੇ ਆਪ ਬੜੀ ਉੱਚੀ ਸਾਰੀ ਹੱਸ ਪਏ। ਬੋਲੇ, “ਅੱਜ ਮੈਨੂੰ ਅਸਲੀ ਆਨੰਦ ਪ੍ਰਾਪਤ ਹੋਇਆ ਹੈ। ਪੁੱਛਣ ’ਤੇ ਆਪ ਨੇ ਕਿਹਾ, “ਹਾਪਕਿਨਸਨ ਨੂੰ ਮੈਂ ਜਾਣ-ਬੁੱਝ ਕੇ ਕਤਲ ਕੀਤਾ ਹੈ। ਇਹ ਬਦਲਾ ਹੈ ਦੇਸ਼ ਅਤੇ ਧਰਮ ਦੇ ਅਪਮਾਨ ਦਾ। ਇਹ ਬਦਲਾ ਹੈ ਸਾਡੇ ਦੋ ਅਨਮੋਲ ਰਤਨਾਂ ਦੇ ਕਤਲ ਦਾ। ਮੈਂ ਤਾਂ ਮਿਸਟਰ ਰੀਡ (ਹਾਪਕਿਨਸਨ ਦਾ ਦੂਜਾ ਸਾਥੀ) ਨੂੰ ਵੀ ਮਾਰਨਾ ਸੀ ਪਰ ਉਥੇ ਨਾ ਹੋਣ ਕਾਰਨ ਉਹ ਬਚ ਗਿਆ ਹੈ।”
ਹਾਪਕਿਸਨਸਨ ਦੀ ਪਤਨੀ ਨੇ ਆਪਣੇ ਪਤੀ ਦੇ ਕਤਲ ਦੀ ਖ਼ਬਰ ਸੁਣ ਕੇ ਕਿਹਾ ਸੀ, “ਮੈਂ ਉਸ ਸੂਰਮੇ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਜਿਸ ਨੇ ਮੇਰੇ ਪਤੀ ਨੂੰ ਭਰੀ ਕਚਹਿਰੀ ਵਿਚ ਗੋਲੀ ਨਾਲ ਮਾਰਿਆ ਹੈ ਅਤੇ ਏਨੇ ਧੀਰਜ ਨਾਲ ਆਤਮ-ਸਮਰਪਣ ਕੀਤਾ ਹੈ।” ਇਸ ਘਟਨਾ ਤੋਂ ਬਾਅਦ ਕਿਸੇ ਨੇ ਪਿੱਠ ਪਿੱਛੇ ਵੀ ਭਾਰਤੀਆਂ ਲਈ ਘਿਨੌਣਾ ਸ਼ਬਦ ਨਹੀਂ ਵਰਤਿਆ।
ਮੁਕੱਦਮਾ ਚੱਲਣ ’ਤੇ ਆਪ ਨੇ ਬੜੀ ਸੂਰਮਤਾਈ ਨਾਲ ਆਪਣਾ ਗੁਨਾਹ ਕਬੂਲ ਕੀਤਾ। ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਤਾਂ ਆਪ ’ਤੇ ਇੱਕ ਸਰੂਰ ਜਿਹਾ ਛਾ ਗਿਆ। ਆਨੰਦ ਦਾ ਕੋਈ ਪਾਰਾਵਾਰ ਨਹੀਂ ਸੀ। ਫਾਂਸੀ ਦੇ ਦਿਨ ਤੱਕ ਆਪ ਜੀ ਦਾ ਵਜ਼ਨ ਤੇਰਾਂ ਪੌਂਡ ਵਧ ਚੁੱਕਾ ਸੀ।
ਫਾਂਸੀ ਦੇ ਦਿਨ ਜੇਲ੍ਹ ਦੇ ਬਾਹਰ ਤਪੱਸਵੀ ਦੇ ਦਰਸ਼ਨ ਕਰਨ ਲਈ ਕਨੇਡਾ ਵੱਸਦੇ ਪਰਵਾਸੀ ਭਾਰਤੀਆਂ ਦਾ ਹੜ੍ਹ ਜਿਹਾ ਆ ਗਿਆ। ਇਸ ਮਾਨਵ-ਸਾਗਰ ਵਿਚ ਗੋਰੇ ਲੋਕ ਵੀ ਘੱਟ ਨਹੀਂ ਸਨ। ਨਿਯਮ ਅਨੁਸਾਰ ਫਾਂਸੀ ਤੋਂ ਪਹਿਲਾਂ ਪਾਦਰੀ ਜਾਂ ਪਰੋਹਤ ਦਾ ਮਿਲਣਾ ਜ਼ਰੂਰੀ ਸੀ। ਇਸ ਲਈ ਭਾਈ ਮਿਤ ਸਿੰਘ ਜੀ ਅੰਦਰ ਆ ਗਏ। ਭਗਤੀ ਬੰਦਨਾ ਤੋਂ ਬਾਅਦ ਆਪ ਜੀ ਨੇ ਆਪਣਾ ਆਖ਼ਰੀ ਸੰਦੇਸ਼ ਦਿੱਤਾ। ਸ਼ਬਦ ਸਿੱਧੇ-ਸਾਦੇ ਸਨ ਪਰ ਭਾਵ ਉੱਚੇ ਤੇ ਦੇਸ਼ ਭਗਤੀ ਨਾਲ ਭਰਪੂਰ ਸਨ। ਆਪ ਨੇ ਕਿਹਾ:-
“ਬਾਹਰ ਜਾ ਕੇ ਸਾਰੇ ਭਾਰਤਵਾਸੀਆਂ ਨੂੰ ਅਤੇ ਖਾਸ ਕਰ ਕੇ ਰਾਸ਼ਟਰੀ ਕਾਰਜ-ਕਰਤਾਵਾਂ ਨੂੰ ਕਹਿ ਦੇਣਾ ਕਿ ਇਸ ਗ਼ੁਲਾਮੀ ਤੇ ਪ੍ਰਧੀਨਤਾ ਦੇ ਸਰਾਪ ਤੋਂ ਬਚ ਕੇ ਨਿਕਲਣ ਵਾਸਤੇ ਜ਼ੋਰਦਾਰ ਸੰਘਰਸ਼ ਕਰਨ। ਪਰ ਇਹ ਕੰਮ ਤਾਂ ਹੀ ਨੇਪਰੇ ਚੜ੍ਹੇਗਾ ਜਦੋਂ ਉਸ ਵਿਚ ਇਲਾਕੇਬੰਦੀ ਤੇ ਮਜ਼੍ਹਬੀ ਅਸਹਿਣਸ਼ੀਲਤਾ ਬਿਲਕੁਲ ਨਾ ਰਹੇ। ਨਾ ਮਾਝੇ, ਮਾਲਵੇ ਤੇ ਦੁਆਬੇ ਦਾ ਸੁਆਲ ਖੜਾ ਹੋਵੇ ਅਤੇ ਨਾ ਹਿੰਦੂ, ਸਿੱਖ ਅਤੇ ਮੁਸਲਮਾਨ ਧਰਮਾਂ ਦੇ ਸਵਾਲ ਖੜੇ ਹੋਣ ਅਤੇ ਜੋ ਮੈਨੂੰ ਪਿਆਰ ਕਰਨ ਵਾਲੇ ਸੰਬੰਧੀ ਅਤੇ ਮਿੱਤਰ ਹਨ ਉਨ੍ਹਾਂ ਨੂੰ ਇਹ ਮੇਰੀ ਖ਼ਾਸ ਬੇਨਤੀ ਹੈ।”
ਗੱਲਾਂ ਕਰਦੇ ਕਰਦੇ ਮਿੱਤ ਸਿੰਘ ਦੀਆਂ ਅੱਖਾਂ ਭਰ ਆਈਆਂ। ਇਸ ਗੱਲ ’ਤੇ ਆਪ ਬੜੇ ਨਾਰਾਜ਼ ਹੋਏ ਤੇ ਬੋਲੇ, “ਅੱਛਾ! ਆਏ ਤਾਂ ਮੇਰਾ ਹੌਸਲਾ ਵਧਾਉਣ ਸੀ ਪਰ ਖ਼ੁਦ ਹੀ ਰੋਣ ਲੱਗੇ। ਜ਼ਰਾ ਸੋਚੋ ਤਾਂ ਸਹੀ ਫਿਰ ਸਾਡੀ ਕੀ ਹਾਲਤ ਹੋਣੀ ਚਾਹੀਦੀ ਹੈ ਅਤੇ ਅਜਿਹੀ ਮੌਤ ਤਾਂ ਕਿਸੇ ਨਸੀਬ ਵਾਲੇ ਨੂੰ ਹੀ ਮਿਲਦੀ ਹੈ ਤੇ ਉਸ ਲਈ ਚਾਓ ਤੇ ਖ਼ੁਸ਼ੀ ਨਾ ਦਿਖਾ ਕੇ ਇਸਤਰ੍ਹਾਂ ਸੋਗ ਦਿਖਾਉਣਾ ਤਾਂ ਨਿਰ੍ਹਾ ਪਾਪ ਹੈ।” (ਅਜਿਹੇ ਹੀ ਸ਼ਬਦ ਭਗਤ ਸਿੰਘ ਨੇ ਮੁਲਾਕਾਤ ਸਮੇਂ ਰੋ ਪੈਣ ਵਾਲੇ ਆਪਣੇ ਛੋਟੇ ਭਰਾ ਨੂੰ ਖ਼ਤ ਵਿਚ ਲਿਖੇ ਸਨ)
ਆਖ਼ਰ ਉਹ ਘੜੀ ਵੀ ਆ ਗਈ। ਦੇਖੋ ਤਾਂ ਔਹ ਮਤਵਾਲਾ ਕਿਵੇਂ ਫ਼ਾਂਸੀ ਦੇ ਤਖ਼ਤੇ ਵੱਲ ਵਧ ਰਿਹਾ ਹੈ। ਡਰ ਅਤੇ ਚਿੰਤਾ ਉਸਦੇ ਕਿਤੇ ਨੇੜੇ-ਤੇੜੇ ਵੀ ਨਹੀਂ। ਆਖ਼ਰ ਇਹ ਸ਼ਬਦ ਉਚਾਰਦੇ ਹੋਏ , “ਹਰਿ ਜਸ ਰੇ ਮਨ ਜਪ ਲੈ ਜੋ ਸੰਗੀ ਹੈ ਤੇਰਾ।” ਫਾਂਸੀ ਦੇ ਤਖ਼ਤੇ ’ਤੇ ਜਾ ਖੜੇ ਹੋਏ। ਇਸਤੋਂ ਬਾਅਦ ਕੀ ਹੋਇਆ, ਉਹ ਪਾਠਕ ਖ਼ੁਦ ਸਮਝ ਸਕਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਤਲ਼ੀ ’ਤੇ ਸਿਰ ਰੱਖ ਕੇ ਪ੍ਰੇਮ ਦੀ ਗਲ਼ੀ ਵਿਚ ਖੇਡਣ ਆਇਆ ਸੀ ਤੇ ਸਿਰ ਦੇ ਗਿਆ।
ਦੇਹ ਦੇ ਸਵਾਗਤ ਲਈ ਲੋਕਾਂ ਦਾ ਸਾਗਰ ਪਹਿਲਾਂ ਹੀ ਠਾਠਾਂ ਮਾਰ ਰਿਹਾ ਸੀ। ਬੜੀ ਸ਼ਾਨ ਨਾਲ ਜਲੂਸ ਕੱਢਿਆ ਗਿਆ। ਅੱਜ ਇੰਦਰ ਦੇਵਤਾ ਵੀ ਖ਼ੁਦ ’ਤੇ ਕਾਬੂ ਨਹੀਂ ਰੱਖ ਸਕੇ ਅਤੇ ਖ਼ੂਬ ਜੰਮ ਕੇ ਬਾਰਸ਼ ਹੋਈ। ਪਰ ਜਲੂਸ ਘਟਣ ਦੀ ਥਾਂ ਸਗੋਂ ਹੋਰ ਵਧਦਾ ਗਿਆ। ਇੱਥੋਂ ਤੱਕ ਕਿ ਅੰਗਰੇਜ਼ ਔਰਤਾਂ ਵੀ ਉਸਦਾ ਸਾਥ ਨਾ ਛੱਡ ਸਕੀਆਂ। ਅੰਤਮ ਸੰਸਕਾਰ ਤੋਂ ਬਾਅਦ ਵੀ ਉਹ ਜਿਵੇਂ ਜੀਵੰਤ ਲੋਕਾਂ ਦੇ ਹਿਰਦੇ ਵਿਚ ਵਾਸ ਕਰ ਰਹੇ ਸਨ।