ਇੱਕ ਪਤੀਵਰਤਾ ਔਰਤ ਦੀ ਬੇਮਿਸਾਲ ਕਹਾਣੀ ਹੈ ਫ਼ਿਲਮ “ਬੁੱਕਲ਼ ਦੇ ਸੱਪ” -ਫ਼ਿਲਮੀਂ ਸਮੀਖਿਆ

ਹਰ ਕਲਾ ਇੱਕ ਸਾਧਨਾ ਅਤੇ ਮਿਹਨਤ ਦੀ ਮੰਗ ਕਰਦੀ ਹੈ। ਜਦ ਸਾਧਨਾ, ਹਿੰਮਤ ਅਤੇ ਮਿਹਨਤ ਇੱਕ ਜੁੱਟ ਹੋ ਤੁਰਦੀਆਂ ਹਨ, ਤਾਂ ਉਥੇ ਆਸਾਂ ਨੂੰ ਬੂਰ ਵੀ ਪੈਂਦਾ ਹੈ ਅਤੇ ਮਿਹਨਤ ਦਾ ਮੁੱਲ ਵੀ ਮੁੜਦਾ ਹੈ। ਦੂਜੀ ਗੱਲ ਇਹ ਵੀ ਧਿਆਨ ਮੰਗਦੀ ਹੈ, ਕਿ ਜਿਤਨੀ ਦੇਰ ਕਿਰਤ ਅਤੇ ਫ਼ਿਲਮ ਨਿਰਦੇਸ਼ਕ ‘ਇੱਕ ਜੋਤ’ ਨਹੀਂ ਹੁੰਦੇ, ਨਾ ਦਰਸ਼ਕ ਅਤੇ ਨਾ ਬਣਾਉਣ ਵਾਲ਼ੇ ਨੂੰ ਸੰਤੁਸ਼ਟੀ ਨਸੀਬ ਹੋਵੇਗੀ।

ਇਸ ਫ਼ਿਲਮ ਦੇ ਵਿਸ਼ੇ ਬਾਰੇ, ਜਾਂ ਕਹਾਣੀ ਬਾਰੇ ਮੈਂ ਬਹੁਤਾ ਵਿਸਥਾਰਪੂਰਵਕ ਚਾਨਣਾ ਨਹੀਂ ਪਾਵਾਂਗਾ, ਕਿਉਂਕਿ ਜੇ ਦਰਸ਼ਕ ਖ਼ੁਦ ਮੂਵੀ ਦੇਖ ਕੇ ਕਹਾਣੀ ਅਤੇ ਵਿਸ਼ੇ ਦੀ ਪੜਚੋਲ਼ ਕਰੇ ਅਤੇ ਫ਼ੈਸਲਾ ਦੇਵੇ, ਤਾਂ ਇਹ ਰੀਤ ਸੋਨੇ ‘ਤੇ ਸੁਹਾਗੇ ਦਾ ਕਾਰਜ ਕਰੇਗੀ। ਫ਼ਿਲਮ ਦਾ ‘ਅਸਲ ਜੱਜ’ ਤਾਂ ਦਰਸ਼ਕ ਹੀ ਹੋਣਾ ਚਾਹੀਦਾ ਹੈ, ਕਿਉਂਕਿ ਅੱਜ-ਕੱਲ੍ਹ ਦੇ ‘ਵਿਕਾਊ ਜ਼ਮਾਨੇ’ ਵਿਚ ਸਮੀਖਿਆ ਤਾਂ ਖਰੀਦੀ ਵੀ ਜਾ ਸਕਦੀ ਹੈ। ਅੱਜ-ਕੱਲ੍ਹ ਉਹ ‘ਮਾਣ’ ਵੀ ਰੱਖੇ ਜਾਂਦੇ ਨੇ ਕਿ ਅੱਧੀ ਤੇਰੀਆਂ ਮੁਲ੍ਹਾਜੇLਦਾਰਾ, ਵੇ ਅੱਧੀ ਆ ਗ਼ਰੀਬ ਜੱਟ ਦੀ…। ਵਿਦੇਸ਼ਾਂ ਵਿਚੋਂ ਮਿਲ਼ਦੀ ‘ਸਬਸਿਡੀ’ ਸਾਡੀਆਂ ਪੰਜਾਬੀ ਫ਼ਿਲਮਾਂ ਨੂੰ ਘੁਣ ਬਣ ਕੇ ਚਿੰਬੜ ਚੁੱਕੀ ਹੈ ਅਤੇ ਦੈਂਤ ਵਾਂਗ ਨਿਘਾਰ ਵੱਲ ਧੂਹ ਰਹੀ ਹੈ।
‘ਬਦਲਾ ਜੱਟੀ ਦਾ’ ਅਤੇ ‘ਜੱਟ ਜਿਉਣਾ ਮੌੜ’ ਵਰਗੀਆਂ ਬਹੁ-ਚਰਚਿਤ ਪੰਜਾਬੀ ਫ਼ਿਲਮਾਂ ਦੇ ਸਿਰਮੌਰ ਨਿਰਦੇਸ਼ਕ ਬਾਈ ਰਵਿੰਦਰ ਰਵੀ ਦੇ ਨਿਰਦੇਸ਼ਨ ਅਧੀਨ ਅਤੇ ਬਾਈ ਜੀਤ ਸਿੰਘ ਸੰਧੂ ਦੇ ਚਰਚਿਤ ਨਾਵਲ `ਤੇ ਅਧਾਰਿਤ ਬਣੀ ਫ਼ਿਲਮ “ਬੁੱਕਲ਼ ਦੇ ਸੱਪ” ਮੈਂ ਯੂ-ਟਿਊਬ ‘ਤੇ ਦੋ ਵਾਰ ਦੇਖੀ। ਇਸ ਫ਼ਿਲਮ ਦੀ ਨਾਇਕਾ ਕੰਵਲ (ਜੋਤ ਚਾਹਲ) ਆਪਣੇ ਪਤੀ ਰਣਜੀਤ (ਸੋਨਪ੍ਰੀਤ ਜਵੰਧਾ) ਨੂੰ ਬੇਪਨਾਹ ਮੁਹੱਬਤ ਕਰਦੀ ਹੈ। ਪਰ ਉਸ ਨੂੰ ਆਪਣੇ ਆਪ ਉੱਪਰ ਇੱਕ ਸ਼ਿਕਵਾ ਅਤੇ ਰੋਸਾ ਵੀ ਹੈ ਕਿ ਉਹ ਢਿੱਡੋਂ ਨਹੀਂ ਫੁੱਟੀ ਅਤੇ ਆਪਣੇ ਪਤੀ ਨੂੰ ਕੋਈ ਬੱਚਾ ਨਹੀਂ ਦੇ ਸਕੀ। ਰਿਸ਼ਤੇ ਪ੍ਰਤੀ ਇਮਾਨਦਾਰੀ ਅਤੇ ਫ਼ਰਜ਼ ਨੂੰ ਸਮਝਦਿਆਂ ਉਸ ਦੀ ਰੀਝ ਹੀ ਇਹ ਹੈ ਕਿ ਉਨ੍ਹਾਂ ਦੇ ਵਿਹੜੇ ਵਿੱਚ ਕੋਈ ਬਾਲ ਚਾਂਭੜ੍ਹਾਂ ਪਾਵੇ।
ਆਖਰ ਕੰਵਲ ਦੀ ਇਹ ਰੀਝ ਇੱਕ ‘ਜਨੂੰਨ’ ਅਤੇ ਫ਼ਿਰ ‘ਪਾਗਲਪਨ’ ਦਾ ਰੂਪ ਧਾਰਨ ਕਰ ਲੈਂਦੀ ਹੈ। ਉਹ ਆਪਣੇ ਪਤੀ ਉੱਪਰ ਦੂਜਾ ਵਿਆਹ ਕਰਵਾਉਣ ਲਈ ਦਬਾਅ ਪਾਉਣ ਲੱਗਦੀ ਹੈ। ਪਰ ਉਸ ਦਾ ਪਤੀ ਭਵਿੱਖ ਪ੍ਰਤੀ ਸੁਚੇਤ ਹੈ। ਉਹ ਭਲੀ-ਭਾਂਤ ਜਾਣੂੰ ਹੈ ਕਿ ਉਸ ਦਾ ਦੂਜਾ ਵਿਆਹ ਉਸ ਦੀ ਪਹਿਲੀ ਪਤਨੀ ਕੰਵਲ ਦੀ ਖ਼ੁਸ਼ਹਾਲ ਜ਼ਿੰਦਗੀ ‘ਨਰਕ’ ਬਣਾ ਦੇਵੇਗਾ। ਅਖ਼ੀਰ ਹੁੰਦਾ ਓਹੀ ਕੁਝ ਹੈ, ਜਿਸ ਦਾ ਕੰਵਲ ਦੇ ਪਤੀ ਰਣਜੀਤ ਨੂੰ ਡਰ ਸੀ। ਆਪਣੀ ਪਹਿਲੀ ਪਤਨੀ ਦੀ ਜ਼ਿਦ ਅੱਗੇ ਹਾਰ ਕੇ ਬੇਵੱਸ ਅਤੇ ਲਾਚਾਰ ਰਣਜੀਤ ਦੂਜਾ ਵਿਆਹ ਕਰਵਾ ਲੈਂਦਾ ਹੈ। ਫ਼ਿਰ ‘ਸੌਂਕਣ’ ਬਣੀ ਰਣਜੀਤ ਦੀ ਦੂਜੀ ਪਤਨੀ ਸਮੁੰਦਰੋ (ਕੁਲਵਿੰਦਰ ਕੌਰ) ਉਸ ਦੀ ਪਹਿਲੀ ਪਤਨੀ ਕੰਵਲ ਦਾ ਜਿਉਣਾ ਕਿਵੇਂ ਦੁੱਭਰ ਕਰਦੀ ਹੈ, ਫ਼ਿਲਮ ਦੇਖ ਕੇ ਹੀ ਪਤਾ ਲੱਗਦਾ ਹੈ। ਫ਼ਿਲਮ ਦੀ ਕਹਾਣੀ ਉਸ ਵੇਲ਼ੇ ਜ਼ਬਰਦਸਤ ਮੋੜ ਕੱਟਦੀ ਹੈ, ਜਦ ਰਣਜੀਤ ਦੀ ਦੂਜੀ ਪਤਨੀ ਦਾ ਰਿਸ਼ਤੇਦਾਰ ‘ਬਲੌਰੀ’ (ਨੀਟੂ ਪੰਧੇਰ) ਜਮਦੂਤ ਬਣ, ਸ਼ਾਂਤ ਮਾਹੌਲ ਵਿਚ ਆ ਡਿੱਗਦਾ ਅਤੇ “ਮਾਣਸ-ਬੂ – ਮਾਣਸ-ਬੂ” ਕਰਦਾ ਫ਼ਿਰਦਾ ਹੈ। ਇਸ ਫ਼ਿਲਮ ਵਿਚ ਸ਼ਰੀਕੇਬਾਜ਼ੀ ਦਾ ਸਿਖ਼ਰ ਬਲੌਰੀ ਦੀ ਕਮੀਨਗੀ ਭਰੀ ਕਾਰਗੁਜ਼ਾਰੀ ਹੈ। ਰਣਜੀਤ ਦੀ ਦੂਜੀ ਪਤਨੀ ਸਮੁੰਦਰੋ ਚੁੜੇਲ ਬਿਰਤੀ ਵਾਲ਼ੀ ਕੁਪੱਤੀ ਔਰਤ ਹੈ। ਚਤਰ ਅਤੇ ਕਮੀਨਾਂ ਬਲੌਰੀ ਕਿਵੇਂ ਉਸ ਨੂੰ ਆਪਣੇ ਜਾਲ਼ ਵਿਚ ਫ਼ਸਾ ਕੇ ਜਿਸਮਾਨੀ ਅਤੇ ਆਰਥਿਕ ਤੌਰ ‘ਤੇ ਵਰਤਦਾ ਹੈ, ਇਹ ਸ਼ਰੀਕੇਬਾਜ਼ੀ ਅਤੇ ਕਮੀਨਗੀ ਦੀ ‘ਹੱਦ’ ਹੈ।
ਕਲਾਕਾਰ ਕਿਸੇ ਵੀ ਫ਼ਿਲਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਸ ਫ਼ਿਲਮ ਵਿਚ ਸਾਰੇ ਕਲਾਕਾਰ ਠੂੰਹੇਂ ਦੇ ਡੰਗ ਵਰਗੇ ਨੇ। ਸਾਰੀ ਫ਼ਿਲਮ ਸੋਨਪ੍ਰੀਤ ਜਵੰਧਾ ਅਤੇ ਜੋਤ ਚਾਹਲ ਦੁਆਲ਼ੇ ਘੁੰਮਦੀ ਹੈ ਅਤੇ ਬਿਨਾ ਸ਼ੱਕ ਉਨ੍ਹਾਂ ਨੇ ਇਨ੍ਹਾਂ ਕਿਰਦਾਰਾਂ ਵਿੱਚ ਜਾਨ ਪਾ ਦਿੱਤੀ। ਕਾਮਰੇਡ ਦਾ ਰੋਲ ਹੌਬੀ ਧਾਲ਼ੀਵਾਲ਼ ਅਤੇ ਉਸ ਦੀ ਪਤਨੀ ਦਾ ਕਿਰਦਾਰ ਮੈਡਮ ਕੁਲਵੰਤ ਖੁਰਮੀਂ ਨੇ ਬਾ-ਕਮਾਲ ਨਿਭਾਅ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਬਲੌਰੀ ਦਾ ਕਿਰਦਾਰ ਨੀਟੂ ਪੰਧੇਰ ਨੇ ਬਾਖ਼ੂਬੀ ਨਿਭਾਇਆ ਹੈ। ਇੱਕ ਗੱਲ ਨੀਟੂ ਪੰਧੇਰ ਬਾਰੇ ਜ਼ਰੂਰ ਲਿਖਾਂਗਾ ਕਿ ਨੀਟੂ ਪੰਧੇਰ ਪੰਜਾਬੀ ਫ਼ਿਲਮਾਂ ਦਾ ‘ਗੱਬਰ ਸਿੰਘ’ ਹੈ। ਉਸ ਦੀ ਕਲਾ ਬਾ-ਕਮਾਲ ਅਤੇ ਸ਼ਾਨਦਾਰ ਹੈ। ਉਹ ਆਪਣੇ ਕਿਰਦਾਰ ਨੂੰ ਜਿਉਂਦਾ ਹੈ। ਪਰ ਬੇਹੱਦ ਅਫ਼ਸੋਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਉਸ ਦੀ ਕਲਾ ਦੀ ਪੰਜਾਬੀ ਫ਼ਿਲਮ ਇੰਡਸਟਰੀ ਨੇ ਉੱਕਾ ਕਦਰ ਨਹੀਂ ਪਾਈ। ਜੇ ਹਿੰਦੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਨੀਟੂ ਪੰਧੇਰ ਨੂੰ ਮੌਕਾ ਦੇਵੇ, ਤਾਂ ਮੈਂ ਦਾਅਵੇ ਨਾਲ਼ ਕਹਿਣ ਨੂੰ ਤਿਆਰ ਹਾਂ ਕਿ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਿਚ ਉਹ ਪੂਰਾ ਸਮਰੱਥ ਕਲਾਕਾਰ ਹੈ। ਫ਼ਿਲਮ ਵਿਚ ਸੀਰੀ ਦਾ ਭਾਵਨਾਤਮਿਕ ਕਿਰਦਾਰ ਕੁਲਦੀਪ ਨਿਆਮੀਂ ਨੇ ਨਿਭਾਅ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ। ਪਰ ਸਭ ਤੋਂ ਅਲੱਗ ਤਰ੍ਹਾਂ ਦਾ ਰੋਲ ਨੀਟੂ ਪੰਧੇਰ ਨੇ ‘ਬਲੌਰੀ’ ਦਾ ਅਤੇ ਕੁਲਵਿੰਦਰ ਕੌਰ ਨੇ ‘ਸਮੁੰਦਰੋ’ ਦਾ ਕਰ ਕੇ ਇਹ ਦਰਸਾ ਦਿੱਤਾ ਕਿ ਇੱਕ ਰਵਾਇਤੀ ਕਲਾਕਾਰੀ ਨਾਲ਼ੋਂ ‘ਸੁਭਾਇਕੀ’ ਕੀਤੀ ਕਲਾਕਾਰੀ ਕਿੰਨੀ ਜਾਨਦਾਰ ਅਤੇ ਵਜ਼ਨਦਾਰ ਹੁੰਦੀ ਹੈ।
ਫ਼ਿਲਮ “ਬੁੱਕਲ਼ ਦੇ ਸੱਪ” ਯੂ-ਟਿਊਬ ਉੱਪਰ ਉਪਲੱਬਧ ਹੈ। ਪਰ ਇਹ ਗੱਲ ਕਹਿਣ ਤੋਂ ਵੀ ਸੰਕੋਚ ਨਹੀਂ ਕਰਾਂਗਾ ਕਿ ਇਹ ਫ਼ਿਲਮ ਤੁਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਨਹੀਂ ਦੇਖ ਸਕਦੇ, ਕਿਉਂਕਿ ਇਸ ਵਿਚ ਕੁਝ ‘ਬੋਲਡ’ ਅਤੇ ਕੁਝ ਇਤਰਾਜ਼ਯੋਗ ਦ੍ਰਿਸ਼ ਪਾਏ ਗਏ ਹਨ। ਫ਼ਿਲਮ ਦਾ ਨਿਚੋੜ ਤਾਂ ਇਹ ਦਰਸਾਉਂਦਾ ਹੈ ਕਿ ਜਦ ਆਫ਼ਰੇ ਸ਼ਰੀਕ, ਗਲ਼ ਥਾਣੀਂ ਪਜਾਮਾ ਲਾਹੁੰਣੋਂ ਬਾਜ ਨਾ ਆਉਣ, ਤਾਂ ਆਖਰ ਹਥਿਆਰ ਨੂੰ ਹੱਥ ਪਾਉਣ ਤੋਂ ਇਲਾਵਾ ਬੰਦੇ ਕੋਲ਼ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ। ਇੱਕ ਘਾਗ ਨਿਰਦੇਸ਼ਕ ਰਵਿੰਦਰ ਰਵੀ ਦੇ ਪੀਠੇ ਦਾ ਛਾਨਣਾ ਕੀ…? ਬਾਈ ਰਵਿੰਦਰ ਰਵੀ ਅਤੇ ਨਿਰਮਾਤਾ ਸਵਰਨ ਸਿੰਘ ਵਧਾਈ ਦੇ ਪਾਤਰ ਹਨ, ਜਿੰਨ੍ਹਾਂ ਨੇ ਵੱਖਰੇ ਵਿਸ਼ੇ `ਤੇ ਫ਼ਿਲਮ ਬਣਾਉਣ ਲਈ ਦਿਲ ਕੱਢਿਆ।

-ਸ਼ਿਵਚਰਨ ਜੱਗੀ ਕੁੱਸਾ
ਜਅਗਗਕਿੁਸਸਅ@ੇਅਹੋੋ। ਦੲ