‘ਅੱਖੀਂ ਵੇਖ ਨਾ ਰੱਜੀਆਂ’ – ਆਪਣਾ ਸਫ਼ਰਨਾਮਾ ਮੁੜ ਪੜ੍ਹਦਿਆਂ

ਪ੍ਰਿੰ. ਸਰਵਣ ਸਿੰਘ
ਕਦੇ ਸਬੱਬ ਹੀ ਐਸਾ ਬਣ ਜਾਂਦੈ ਕਿ ਲੇਖਕ ਆਪਣੀ ਪੁਰਾਣੀ ਕਿਤਾਬ ਮੁੜ ਪੜ੍ਹਨ ਲੱਗ ਪੈਂਦੈ। ਮੈਂ ਵੀ ਆਪਣਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ (ਮੇਰੀ ਅਮਰੀਕੀ ਫੇਰੀ) ਫਿਰ ਖੋਲ੍ਹ ਬੈਠਾਂ ਜੋ 50ਵੇਂ ਸਾਲ ਦੀ ਉਮਰ ਵਿਚ ਲਿਖਿਆ ਸੀ। ਉਹ ਵੀ ਕਿਆ ਦਿਨ ਸਨ! ਇਕ ਥਾਂ ਲਿਖਿਆ ਸੀ: ਕੋਈ ਦਿਨ ਖੇਡ ਲੈ, ਮੌਜਾਂ ਮਾਣ ਲੈ, ਤੈਂ ਉਡ ਜਾਣਾ ਓਏ ਬੱਦਲਾ ਧੁੰਦ ਦਿਆ…। ਉਦੋਂ ‘ਸੱਜਣਾ ਦੇ ਸ਼ਹਿਰ’ ਬੇਕਰਸਫੀਲਡ ਵਿਚ ਮੇਰਾ 50ਵਾਂ ਜਨਮ ਦਿਨ ਮਨਾਇਆ ਗਿਆ ਸੀ। ਉਸ ਤੋਂ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਸਾਧਾਰਨ ਕਿਸਾਨ ਘਰਾਂ `ਚ ਜੰਮਿਆਂ ਦੇ ਵੀ ਜਨਮ ਦਿਨ ਮਨਾਏ ਜਾਂਦੇ ਹਨ!

ਆਉਂਦੀ 8 ਜੁਲਾਈ ਨੂੰ ਮੈਂ ਚੁਰਾਸੀ ਸਾਲਾਂ ਦਾ ਹੋ ਜਾਣੈ ਜਿਸ ਨਾਲ ਕਹਿੰਦੇ ਨੇ ਕਿ ਚੁਰਾਸੀ ਕੱਟੀ ਜਾਂਦੀ ਐ। ਹੁਣ ਭਾਵੇਂ ਮੇਰੀ ਉਮਰ ਲੰਮੇ ਤੋਰੇ ਫੇਰੇ ਕਰਨ ਤੇ ਉਡਾਰੀਆਂ ਭਰਨ ਦੀ ਨਹੀਂ, ਫਿਰ ਵੀ ਪਤਾ ਨਹੀਂ ਕਿਉਂ ਟਿਕ ਕੇ ਨੀਂ ਬੈਠ ਹੁੰਦਾ? ਇਕ ਦਿਨ ਅਚਾਨਕ ਰਉਂ ਬਣ ਗਿਆ ਕਿ ਚਲੋ ਐਤਕੀਂ ਕੈਲੇਫੋਰਨੀਆ ਵੱਲ ਦਾ ਹੀ ਗੇੜਾ ਮਾਰ ਆਈਏ। ਪੁਰਾਣੇ ਸੱਜਣਾਂ ਮਿੱਤਰਾਂ ਨੂੰ ਮੁੜ ਮਿਲ ਗਿਲ ਲਈਏ। ਸੱਚੀ ਗੱਲ ਐ ਜੱਗ ਜਿਉਂਦਿਆਂ ਦੇ ਮੇਲੇ ਹੁੰਦੇ ਨੇ। ਫੇਰ ਪਤਾ ਨਹੀਂ ਮਿਲ ਸਕੀਏ ਜਾਂ ਨਾ। ਪ੍ਰੋਗਰਾਮ ਬਣਾ ਲਿਐ, 28 ਅਪ੍ਰੈਲ ਨੂੰ ਲਾਸ ਵੇਗਸ, 30 ਨੂੰ ਬੇਕਰਸਫੀਲਡ ਤੇ ਫਿਰ 8 ਮਈ ਤਕ ਚੱਲ ਸੋ ਚੱਲ। ਸਾਡਾ ਮੁੱਖ ਟਿਕਾਣਾ ਹੋਵੇਗਾ ‘ਸੱਜਣਾਂ ਦਾ ਸ਼ਹਿਰ’ ਬੇਕਰਸਫੀਲਡ।
ਸਬੱਬੀਂ ਮੇਰੇ ਪਹਿਲੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਦੀ ਇਕ ਪੁਰਾਣੀ ਕਾਪੀ ਲੱਭ ਗਈ। ਉਸ ਦਾ ਟਾਈਟਲ ਸਵਰਨਜੀਤ ਸਵੀ ਨੇ ਬਣਾਇਆ ਸੀ ਤੇ ਕਿਤਾਬ 1992 ਵਿਚ ਲਾਹੌਰ ਬੁੱਕ ਸ਼ਾਪ ਨੇ ਪ੍ਰਕਾਸ਼ਿਤ ਕੀਤੀ ਸੀ। ਉਹ ਸਫ਼ਰਨਾਮਾ ਤੁਰਤ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣ ਗਿਆ ਜੋ ਬੀ ਏ ਭਾਗ ਦੂਜਾ ਤੇ ਤੀਜਾ ਦੀਆਂ ਜਮਾਤਾਂ `ਚ ਛੇ ਸਾਲ ਪੜ੍ਹਾਇਆ ਜਾਂਦਾ ਰਿਹਾ। ਮੈਨੂੰ ਜਦ ਕਦੇ ਪੁਰਾਣੇ ਵਿਦਿਆਰਥੀ ਮਿਲਦੇ ਹਨ ਤਾਂ ਅਕਸਰ ਇਸ ਸਫ਼ਰਨਾਮੇ ਦਾ ਜ਼ਿਕਰ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਉਹ ਪਾਠ ਪੁਸਤਕ ਵਜੋਂ ਪੜ੍ਹਨਾ ਪਿਆ ਸੀ।
ਮੈਂ ਪਹਿਲੀ ਵਾਰ ਅਮਰੀਕਾ/ਕੈਨੇਡਾ 1990 `ਚ ਗਿਆ ਸਾਂ। ਦਸ ਕੁ ਹਫ਼ਤਿਆਂ ਦੇ ਸੈਰ ਸਪਾਟੇ ਪਿੱਛੋਂ ਇਹ ਸਫ਼ਰਨਾਮਾ ਲਿਖਿਆ ਗਿਆ ਸੀ ਜੋ ਲੜੀਵਾਰ ‘ਪੰਜਾਬੀ ਟ੍ਰਿਬਿਊਨ’ ਤੇ ‘ਇੰਡੋ ਕੈਨੇਡੀਅਨ ਟਾਈਮਜ਼’ ਵਿਚ ਛਪਦਾ ਰਿਹਾ। ਫਿਰ ਕਿਤਾਬੀ ਰੂਪ `ਚ ਪ੍ਰਕਾਸ਼ਿਤ ਹੋਇਆ। ਤਤਕਰਾ ਸੀ: ਅਮਰੀਕਾ ਦੀ ਰਾਹਦਾਰੀ, ਹਵਾਈ ਜਹਾਜ਼ ਦੇ ਹੂਟੇ, ਮਿਲਣੀ ਮਿੱਤਰਾਂ ਦੀ, ਸੱਜਣਾਂ ਦਾ ਸ਼ਹਿਰ, ਬਾਗਾਂ ਦੀ ਧਰਤੀ, ਕੈਲੇਫੋਰਨੀਆ ਦਾ ਫਾਰਮੀ ਜੀਵਨ, ਯੂਬਾ ਸਿਟੀ ਵਿਚ ਕਬੱਡੀ, ਕੈਲੇਫੋਰਨੀਆ ਤੋਂ ਕੈਨੇਡਾ, ਗਰਮ ਪਾਣੀ ਦੇ ਚਸ਼ਮੇ, ਬਾਬਿਆਂ ਦੀ ਸੱਥ, ਵਿਸਲਰ ਦੇ ਹੁਸੀਨ ਨਜ਼ਾਰੇ, ਗੁਰਦਵਾਰਿਆਂ ਦੀ ਗਹਿਮਾ-ਗਹਿਮੀ, ਦਾਅਵਤਾਂ ਦੇ ਦੌਰ, ਵੈਨਕੂਵਰ ਦਾ ਪੰਜਾਬੀ ਖੇਡ ਮੇਲਾ, ਵਿਕਟੋਰੀਆ ਦੀ ਸੈਰ, ਕੁਝ ਮੇਲ ਮੁਲਾਕਾਤਾਂ, ਬੱਸ ਦਾ ਲੰਮਾ ਸਫ਼ਰ, ਫਰਿਜ਼ਨੋ ਦੇ ਆਸ ਪਾਸ, ਸੋਨ ਸੁਨਹਿਰਾ ਸਾਨ ਫਰਾਂਸਿਸਕੋ, ਜੂਏਬਾਜ਼ਾਂ ਦਾ ਸ਼ਹਿਰ ਰੀਨੋ, ਗੇੜਾ ਹਾਲੀਵੁੱਡ ਦਾ, ਸੁਫ਼ਨਿਆਂ ਦੀ ਸੈਰਗਾਹ ਡਿਜ਼ਨੀਲੈਂਡ ਤੇ ਅੱਖੀਂ ਵੇਖ ਨਾ ਰੱਜੀਆਂ। ਲਓ ਟ੍ਰੇਲਰ ਤੁਸੀਂ ਵੀ ਵੇਖ ਲਓ:
ਬੜੀ ਸੋਹਣੀ ਕੁੜੀ ਖਿੜਕੀ ਪਿੱਛੇ ਬੈਠੀ ਸੀ। ਸੁਨਹਿਰੀ ਧੁੱਪ ਵਰਗਾ ਰੰਗ, ਨੀਲੀਆਂ ਬਲੌਰੀ ਅੱਖਾਂ, ਪਤਲੇ ਗੁਲਾਬੀ ਬੁੱਲ੍ਹ ਤੇ ਲੰਮੇ ਖੁੱਲ੍ਹੇ ਵਾਲ। ਖਿੜਕੀ `ਚੋਂ ਖ਼ੁਸ਼ਬੋ ਦੇ ਬੁੱਲੇ ਆ ਰਹੇ ਸਨ। ਉਹ ਹਰ ਇਕ ਨਾਲ ਮੁਸਕਰਾ ਕੇ ਗੱਲ ਕਰਦੀ। ਕਦੇ ਨਿੱਕਾ ਜਿਹਾ ਹਾਸਾ ਵੀ ਝਾਂਜਰ ਵਾਂਗ ਛਣਕ ਜਾਂਦਾ। ਵੀਜ਼ੇ ਵਾਲੇ ਪਾਸਪੋਰਟ ਲੈਣ ਲਈ ਸਾਨੂੰ ਚਾਰ ਵਜੇ ਸੱਦਿਆ ਗਿਆ ਸੀ। ਕਤਾਰ ਵਿਚ ਲੱਗੇ ਅਸੀਂ ਨੇੜੇ ਆਏ ਤਾਂ ਮੇਰਾ ਮਨ ਰੁਮਾਂਚਕ ਹੋ ਉਠਿਆ। ਮੈਂ ਆਪਣੀ ਪਤਨੀ ਨੂੰ ਕਿਹਾ, “ਵੇਖ ਕਿੰਨੀ ਸੋਹਣੀ ਕੁੜੀ ਐ, ਅਮਰੀਕਾ ਦੀ ਅਪਸਰਾ। ਅਗਲਿਆਂ ਨੇ ਪ੍ਰਭਾਵ ਪਾਉਣ ਲਈ ਮਾਡਲ ਵੀ ਚੁਣ ਕੇ ਰੱਖਿਆ। ਇਹ ਤਾਂ ਭਾਵੇਂ ਵੀਜ਼ੇ ਤੋਂ ਇਨਕਾਰ ਹੀ ਕਰ ਦੇਵੇ। ਆਖਾਂਗੇ ਕੋਈ ਗੱਲ ਨੀ। ਇਨਕਾਰ ਤਾਂ ਇਨਕਾਰ ਸਹੀ ਪਰ ਨਾਲ ਅਣਮੁੱਲੀ ਮੁਸਕ੍ਰਾਹਟ ਤਾਂ ਮਿਲੀ! ਦੱਸਿਆ ਕਰਾਂਗੇ ਇਨਕਾਰ ਕਿਸੇ ਐਰੇ ਗੈਰੇ ਨੇ ਨਹੀਂ, ਅੰਤਾਂ ਦੀ ਸੋਹਣੀ ਕੁੜੀ ਨੇ ਕੀਤਾ ਸੀ ਤੇ ਉਹ ਵੀ ਹੱਸ ਕੇ।
ਉਹੀ ਗੱਲ ਹੋਈ। ਸਾਡੇ ਪਾਸਪੋਰਟ ਉਸ ਕੁੜੀ ਤਕ ਨਹੀਂ ਸਨ ਪੁੱਜੇ। ਉਸ ਨੇ ਪਾਸੇ ਪਏ ਪਾਸਪੋਰਟ ਦੁਬਾਰਾ ਵੇਖੇ ਤੇ ਮੁਸਕਰਾ ਕੇ ਕਹਿਣ ਲੱਗੀ, “ਮਿਸਟਰ ਸਿੰਘ ਤੁਹਾਨੂੰ ਉਡੀਕ ਕਰਨੀ ਪਏਗੀ।”
ਮੈਂ ਪੁੱਛਿਆ, “ਕਿੰਨੀ ਕੁ?”
ਉਹ ਫਿਰ ਮੁਸਕਰਾਈ, “ਏਹੋ ਕੋਈ ਦਸ ਵੀਹ ਮਿੰਟ।”
ਮੇਰੇ ਮਚਲੇ ਮਨ ਨੇ ਕਿਹਾ, “ਲੈ ਕਿੱਡੀ ਛਾਲ ਮਾਰੀ ਐ! ਤੂੰ ਤਾਂ ਦਸ ਵੀਹ ਸਾਲ ਵੀ ਕਹਿੰਦੀ ਤਾਂ ਵੀ ਸ਼ੁਕਰ ਕਰਨਾ ਸੀ।”
ਅਸੀਂ ਧੁੱਪੇ ਖੜ੍ਹੇ ਸਾਂ। ਮੇਰੀ ਪਤਨੀ ਨੇ ਮੇਰੇ ਲਹਿਰੀ ਮਨ ਦੀਆਂ ਵਾਗਾਂ ਮੋੜੀਆਂ ਤੇ ਅਸੀਂ ਛਾਵੇਂ ਜਾ ਬੈਠੇ। ਸਾਰੀ ਕਤਾਰ ਭੁਗਤ ਗਈ ਤਾਂ ਅਸੀਂ ਦੁਬਾਰਾ ਖਿੜਕੀ ਵੱਲ ਵਧੇ। ਸਾਡੇ ਪਾਸਪੋਰਟ ਹਾਲਾਂ ਵੀ ਨਦਾਰਦ ਸਨ। ਪਤਨੀ ਨੇ ਵਿਅੰਗ ਕਸਿਆ, “ਸੁਣ ਲਓ ਇਨਕਾਰ ਹੁਣ ਸੋਹਣੀ ਕੁੜੀ ਤੋਂ!”
ਪਰ ਉਸ ਸੋਹਣੀ ਕੁੜੀ ਨੇ ਮੈਨੂੰ ਛਿੱਥਾ ਪੈਣੋਂ ਬਚਾ ਲਿਆ ਤੇ ਸਾਡੇ ਨਾਵਾਂ ਦੇ ਪਾਸਪੋਰਟ ਉਹਦੇ ਹੱਥਾਂ ਤਕ ਅੱਪੜ ਗਏ। ਉਸ ਨੇ ਮੁਸਕਰਾ ਕੇ ਦੇਰੀ ਲਈ ਮਾਫੀ ਮੰਗੀ ਤੇ ਹੱਸ ਕੇ ਵਧਾਈ ਦਿੰਦਿਆਂ ਪਾਸਪੋਰਟ ਸਾਡੇ ਹੱਥ ਫੜਾਏ। ਅਸੀਂ ਪਾਸਪੋਰਟ ਖੋਲ੍ਹ ਕੇ ਵੇਖੇ ਤਾਂ ਉਨ੍ਹਾਂ ਉਤੇ ਅਮਰੀਕਾ ਦੀ ਰਾਹਦਾਰੀ ਦਾ ਇਕ ਇਕ ਸਾਲ ਦਾ ਰੰਗ ਬਰੰਗਾ ਠੱਪਾ ਲੱਗਾ ਹੋਇਆ ਸੀ। ਉਸ ਪਲ ਉਹ ਠੱਪੇ ਵੀ ਸਾਨੂੰ ਉਸ ਅਮਰੀਕਨ ਕੁੜੀ ਦੇ ਹੱਸਦੇ ਮੂੰਹ ਵਰਗੇ ਲੱਗੇ।
*ਹਨ੍ਹੇਰੇ ਪਏ ਅਸੀਂ ਹਵਾਈ ਅੱਡੇ `ਤੇ ਪਹੁੰਚੇ। ਚੁਫੇਰੇ ਰੰਗ ਬਰੰਗੀਆਂ ਬੱਤੀਆਂ ਜਗ ਰਹੀਆਂ ਸਨ। ਮੁੱਖ ਦੁਆਰ ਮੂਹਰੇ ਤਾਂ ਰਾਤ ਨੂੰ ਦਿਨ ਚੜ੍ਹਿਆ ਲੱਗਦਾ ਸੀ। ਉਥੇ ਹਵਾਈ ਜਹਾਜ਼ ਚੜ੍ਹਾਉਣ ਵਾਲਿਆਂ ਤੇ ਅੱਗੋਂ ਲੈਣ ਵਾਲਿਆਂ ਦਾ ਧੱਕਾ ਪੈਂਦਾ ਸੀ। ਪੰਜਾਬੀ ਮੁਸਾਫ਼ਿਰ ਕਾਫੀ ਗਿਣਤੀ ਵਿਚ ਸਨ। ਉਨ੍ਹਾਂ `ਚ ਵਧੇਰੇ ਬਜ਼ੁਰਗ ਸਨ ਜਿਨ੍ਹਾਂ ਨੂੰ ਪਰਦੇਸੀਂ ਰਹਿੰਦੇ ਧੀਆਂ-ਪੁੱਤਰਾਂ ਨੇ ਆਪਣੇ ਕੋਲ ਸੱਦਿਆ ਸੀ। ਕੁਝ ਸੱਜ ਵਿਆਹੀਆਂ ਕੁੜੀਆਂ ਸਨ ਜੋ ਪਰਦੇਸੀਂ ਰਹਿੰਦੇ ਆਪਣੇ ਕੰਤਾਂ ਕੋਲ ਚੱਲੀਆਂ ਸਨ…।
ਇਕ ਨਵ-ਵਿਆਹੀ ਪੰਜਾਬਣ ਮੁਟਿਆਰ ਸੀ। ਸਾਢੇ ਪੰਜ ਫੁੱਟ ਤੋਂ ਉੱਚੀ, ਮਹਿੰਦੀ ਲਾਈ ਹੋਈ, ਹਾਰ-ਸ਼ਿੰਗਾਰ ਕੀਤਾ ਤੇ ਕਲੀਰੇ ਪਾਏ ਹੋਏ। ਅੱਖਾਂ `ਚ ਕਜਲੇ ਦੀਆਂ ਧਾਰਾਂ ਤੇ ਹੱਥਾਂ-ਕੰਨਾਂ `ਚ ਗਹਿਣੇ। ਕਿਸੇ ਵੱਡੇ ਘਰ ਦੀ ਧੀ ਪਰਦੇਸ ਸਹੁਰੀਂ ਚੱਲੀ ਸੀ। ਮਾਪਿਆਂ ਤੋਂ ਨਿਖੜਦਿਆਂ ਵੇਖ ਕੇ ਨੇੜੇ ਖੜ੍ਹਿਆਂ ਸਭ ਦੀਆਂ ਅੱਖਾਂ ਡੁਬ-ਡੁਬਾ ਗਈਆਂ ਸਨ। ਅਸੀਂ ਕੁੜੀ ਦਾ ਸਿਰ ਪਲੋਸਦਿਆਂ ਮਾਪਿਆਂ ਦਾ ਦਿਲ ਧਰਾਇਆ ਕਿ ਟੋਕੀਓ ਤਕ ਤਾਂ ਅਸੀਂ ਇਸ ਦੇ ਨਾਲ ਹਾਂ ਤੇ ਅੱਗੋਂ ਵੀ ਇਹਨੂੰ ਪਹਿਲਾਂ ਜਹਾਜ਼ ਚੜ੍ਹਾ ਕੇ ਫੇਰ ਆਪ ਚੜ੍ਹਾਂਗੇ। ਏਨੀ ਕੁ ਅਪਣੱਤ ਜਤਾਉਣ ਨਾਲ ਹੀ ਉਨ੍ਹਾਂ ਦਾ ਰਉਂ ਕੁਝ ਸੁਖਾਵਾਂ ਹੋ ਗਿਆ ਤੇ ਵਿਦਾਇਗੀ ਸੌਖੀ ਹੋ ਗਈ…।
*
ਏਅਰ ਹੋਸਟੈਸ ਤੋਂ ਮੈਂ ਪਾਣੀ ਹੀ ਲਿਆ ਕਿਉਂਕਿ ਸੈਵਨ ਅੱਪ ਦਾ ਪਤਾ ਨਹੀਂ ਸੀ ਕਿ ਉਹ ਕਿੰਨਾ ਅੱਪ ਜਾਂ ਡਾਊਨ ਕਰੇਗਾ। ਹੌਲ਼ੀ-ਹੌਲ਼ੀ ਹਾੜਾ ਲਾਇਆ ਤਾਂ ਮਨ ਸਰੂਰ ਨਾਲ ਭਰਦਾ ਗਿਆ। ਵੰਨ-ਸੁਵੰਨੀਆਂ ਸੂਰਤਾਂ ਨਿਹਾਰਦਿਆਂ ਮੇਰੀ ਕਲਪਨਾ ਹੁਲ੍ਹਾਰੇ ਵਿਚ ਆ ਗਈ। ਮੈਨੂੰ ਲੱਗਾ ਅੱਧ-ਅਸਮਾਨੇ ਮਿੰਨੀ ਦੁਨੀਆ ਵਸੀ ਪਈ ਸੀ, ਰੰਗਾਂ ਨਸਲਾਂ ਤੋਂ ਉਤੇ, ਜਾਤਾਂ ਪਾਤਾਂ ਤੋਂ ਪਰੇ੍ਹ ਤੇ ਧਰਮਾਂ ਕਰਮਾਂ ਤੋਂ ਨਿਰਲੇਪ। ਉਡਣ ਖਟੋਲਾ ਉਡਿਆ ਜਾ ਰਿਹਾ ਸੀ ਜਿਸ ਨੇ ਮੇਰੀ ਕਲਪਨਾ ਨੂੰ ਪਰ ਲਾ ਦਿੱਤੇ ਸਨ। ਮੈਂ ਕਿਸੇ ਵਜਦ ਵਿਚ ਮਖ਼ਮੂਰ ਸਾਂ ਤੇ ਮੇਰੇ ਧੁਰ ਅੰਦਰੋਂ ਸੁੱਤੇ ਬੋਲ ਜਾਗ ਰਹੇ ਸਨ-ਕੋਈ ਦਿਨ ਖੇਡ ਲੈ, ਮੌਜਾਂ ਮਾਣ ਲੈ, ਤੈਂ ਉਡ ਜਾਣਾ ਓਏ ਬੱਦਲਾ ਧੁੰਦ ਦਿਆ…!
*
ਅਸੀਂ ਬੇਕਰਸਫੀਲਡ ਪਹੁੰਚਣਾ ਸੀ। ਘੁਸਮੁਸੇ ਹਨ੍ਹੇਰੇ ਵਿਚ ਕਾਰ ਹਵਾ ਨੂੰ ਗੰਢਾਂ ਦਿੰਦੀ ਆਈ। ਲਾਸ ਏਂਜਲਸ ਤੋਂ ਬੇਕਰਸਫੀਲਡ ਡੇਢ ਕੁ ਘੰਟੇ ਦਾ ਸਫ਼ਰ ਸੀ। ਅਮਰੀਕਾ ਵਿਚ ਸ਼ਹਿਰਾਂ ਥਾਵਾਂ ਦਾ ਫਾਸਲਾ ਮੀਲਾਂ ਵਿਚ ਨਹੀਂ ਸਗੋਂ ਘੰਟਿਆਂ ਮਿੰਟਾਂ ਵਿਚ ਗਿਣਿਆ ਜਾਂਦਾ ਹੈ। ਘਰੋਂ ਕੰਮ ਦੀ ਥਾਂ 20 ਮਿੰਟ ਦਾ ਸਫ਼ਰ, ਸਟੋਰ 5 ਮਿੰਟ ਦਾ, ਬੈਂਕ 7 ਮਿੰਟ ਤੇ ਸਕੂਲ 10 ਮਿੰਟ ਦਾ। ਹਸਪਤਾਲ 12 ਮਿੰਟ ਤੇ ਗੈਸ ਸਟੇਸ਼ਨ 3 ਮਿੰਟ। ਏਵੇਂ ਜਿਵੇਂ ਸਾਕ-ਸਕੀਰੀਆਂ ਤੇ ਦੋਸਤਾਂ ਮਿੱਤਰਾਂ ਤਕ ਮਿਲਣ ਜਾਣ ਦਾ ਸਮਾਂ ਨਿਸ਼ਚਿਤ ਹੈ। ਉਂਜ ਅਮਰੀਕਾ ਵਿਚ ਹਾਲਾਂ ਵੀ ਮੀਲ ਹੀ ਚਲਦੇ ਹਨ ਜਦ ਕਿ ਕੈਨੇਡਾ ਨੇ ਕਿਲੋਮੀਟਰ ਅਪਣਾ ਲਏ ਹਨ।
ਭਜਨ (ਮੇਰਾ ਛੋਟਾ ਭਰਾ) ਸਾਡੇ ਨਾਲ ਬਾਹਰ ਆਇਆ ਤੇ ਆਂਢ-ਗੁਆਂਢ ਦੀ ਜਾਣਕਾਰੀ ਦੇਣ ਲੱਗਾ। ਉਹਦੀ ਬੀਹੀ ਵਿਚ ਮੈਕਸੀਕੇ, ਕਾਲ਼ੇ ਤੇ ਗੋਰਿਆਂ ਦੇ ਘਰ ਸਨ। ਪਾਕਿਸਤਾਨ ਦਾ ਇਕ ਪਰਿਵਾਰ ਥੋੜ੍ਹੇ ਦਿਨ ਪਹਿਲਾਂ ਹੀ ਭਜਨ ਹੋਰਾਂ ਦਾ ਗੁਆਂਢੀ ਬਣਿਆ ਸੀ। ਉਹ ਪਿੱਛੋਂ ਸਾਹੀਵਾਲ ਦੇ ਸਨ। ਉਨ੍ਹਾਂ ਤੋਂ ਪਹਿਲਾਂ ਮਰਹੂਮ ਸ਼ਾਇਰ ਪਾਸ਼ ਦੇ ਮਾਤਾ-ਪਿਤਾ, ਉਹਦੀ ਪਤਨੀ ਤੇ ਧੀ ਰਹਿੰਦੇ ਸਨ। ਹੁਣ ਉਹ ਉਥੋਂ ਥੋੜ੍ਹੇ ਹਟਵੇਂ ਰਹਿੰਦੇ ਹਨ। ਆਂਢ-ਗੁਆਂਢ ਬਾਰੇ ਦੱਸ ਕੇ ਭਜਨ ਨੇ ਨੇੜੇ ਹੀ ਇਕ ਸਕੂਲ ਦਾ ਗਰਾਊਂਡ ਵਿਖਾਇਆ ਜਿਥੇ ਅਸੀਂ ਸੈਰ ਤੇ ਕਸਰਤ ਕਰ ਸਕਦੇ ਸਾਂ…।
*ਇਕ ਚੌਕ `ਚ ਦੋ ਅੱਧ ਨੰਗੀਆਂ ਕੁੜੀਆਂ ਧੁੱਪੇ ਹੀ ਪੀਜ਼ੇ ਦੀ ਮਸ਼ਹੂਰੀ ਵਾਲਾ ਬੈਨਰ ਚੁੱਕੀ ਖੜ੍ਹੀਆਂ ਸਨ। ਕਾਰਾਂ ਵਾਲੇ ਪਹਿਲਾਂ ਕੁੜੀਆਂ ਦੇ ਹੁਸਨ ਵੱਲ ਵੇਖਦੇ ਤੇ ਫਿਰ ਮਸ਼ਹੂਰੀ ਪੜ੍ਹਦੇ। ਨੰਗੇਜ਼ ਵਿਖਾ ਕੇ ਸੌਦਾ ਵੇਚਣ ਦਾ ਇਹ ਵੀ ਆਪਣਾ ਢੰਗ ਸੀ। ਮੈਨੂੰ ਮੁਕਸਰ ਦਾ ਮੇਲਾ ਯਾਦ ਆ ਗਿਆ। ਸੰਨ 1961-62 `ਚ ਮੈਂ ਉਥੋਂ ਬੀਐੱਡ ਕੀਤੀ ਸੀ। ਮਾਘੀ ਮੇਲੇ ਦੀ ਰਾਤ ਨੂੰ ਇਕ ਜਮਾਤੀ ਸਾਨੂੰ ਹੋਸਟਲ `ਚੋਂ ਉਠਾ ਕੇ ਸਰਕਸਾਂ ਤੇ ਜਿੰਦਾ ਡਾਨਸਾਂ ਦੇ ਪੰਡਾਲਾਂ ਵੱਲ ਲੈ ਗਿਆ। ਇਕ ਪੰਡਾਲ ਮੂਹਰੇ ਦਰਸ਼ਕਾਂ ਦਾ ਧੱਕਾ ਪੈ ਰਿਹਾ ਸੀ। ਇਹੋ ਨਜ਼ਾਰਾ ਵੇਖ ਕੇ ਸਾਡੇ ਸਾਥੀ ਨੇ ਸਾਨੂੰ ਅੱਧੀ ਰਾਤ ਆ ਜਗਾਇਆ ਸੀ। ਰਸਤੇ ਵਿਚ ਉਹ ਅੱਖੀਂ ਵੇਖੇ ਨਜ਼ਾਰਿਆਂ ਦੀਆਂ ਸਿਫ਼ਤਾਂ ਸੁਣਾਉਂਦਾ ਆਇਆ ਸੀ। ਅਖੇ ਬਾਹਰ ਫੱਟੇ ਉਤੇ ਨੱਚਦਾ ਖੁਸਰਾ ਹੈਲਨ ਨੂੰ ਵੀ ਮਾਤ ਪਾਈ ਜਾਂਦਾ! ਅੱਖ ਮਾਰ ਕੇ ਅਗਲੇ ਨੂੰ ਪੈਰੋਂ ਕੱਢ ਦਿੰਦੈ!
ਭੀੜ ਵਿਚ ਥਾਂ ਬਣਾਉਂਦੇ ਅਸੀਂ ਅੱਗੇ ਵਧਣ ਲੱਗੇ। ਸਰਕਸ ਦੇ ਵੱਡੇ ਪੰਡਾਲ ਅੱਗੇ ਗੱਡੇ ਫੱਟਿਆਂ `ਤੇ ਮਧੂ ਬਾਲਾ ਬਣਿਆ ਨਚਾਰ ਨੱਚ ਰਿਹਾ ਸੀ। ਉਹਦੇ ਬੂਟੀਆਂ ਵਾਲਾ ਲਾਲ ਜੰਪਰ ਪਾਇਆ ਹੋਇਆ ਸੀ। ਕਾਲੀ ਚੁੰਨੀ, ਮੂੰਹ `ਤੇ ਪਾਊਡਰ ਮਲਿLਆ, ਬੁੱਲ੍ਹਾਂ `ਤੇ ਸੁਰਖ਼ੀ ਲਾਈ ਤੇ ਲੰਮੀ ਗੁੱਤ ਕੀਤੀ ਹੋਈ ਸੀ। ਲਾਊਡ ਸਪੀਕਰ ਦੇ ਗਾਣੇ `ਤੇ ਨਚਦਾ ਉਹ ਲੱਕ ਲਚਕਾਅ ਕੇ ਅੱਖ ਮਾਰਦਾ। ਜਗਦੇ ਗੈਸ ਦੇ ਚਾਨਣ ਵਿਚ ਉਹਦੀਆਂ ਅੱਖਾਂ ਵੀ ਮਤਾਬੀ ਵਾਂਗ ਜਗ ਰਹੀਆਂ ਸਨ। ਉਹਦੇ ਨਾਲ ਅੱਖ ਮਿਲਾਉਣ ਲਈ ਦਰਸ਼ਕ ਇਕ ਦੂਜੇ ਦੇ ਉਤੋਂ ਦੀ ਉਲਰ-ਉਲਰ ਪੈਂਦੇ। ਜੀਹਦੀ ਅੱਖ ਮਿਲ ਜਾਂਦੀ ਤੇ ਜੀਹਨੂੰ ਅੱਖ ਵੱਜ ਜਾਂਦੀ, ਉਹ ਹਿੱਕ `ਤੇ ਹੱਥ ਧਰ ਕੇ ਆਖਦਾ ‘ਹਾਇ’ ਤੇ ਪਿੱਛੋਂ ਸਾਥੀਆਂ ਨੂੰ ਕਹਿੰਦਾ, “ਲੈ ਆਪਾਂ ਨੀ ਹੁਣ ਛੇ ਮਹੀਨੇ ਡੋਲਦੇ!” ਤੇ ਉਹ ਟਿਕਟਾਂ ਲੈ ਕੇ ਅੰਦਰਲਾ ਸੋLਅ ਵੇਖਣ ਤੁਰ ਪੈਂਦੇ!
ਚੌਕ `ਚ ਬੈਨਰ ਚੁੱਕੀ ਖੜ੍ਹੀਆਂ ਉਹ ਅਧਨੰਗੀਆਂ ਅਮਰੀਕਨ ਕੁੜੀਆਂ ਮੈਨੂੰ ਮਾਘੀ ਦੇ ਮੇਲੇ ਦਾ ਹੀ ਰੂਪ ਲੱਗੀਆਂ।
*
ਉਥੇ ਐਸ਼ ਆਰਾਮ ਦਾ ਸਿਖਰ ਵੀ ਵੇਖਿਆ ਤੇ ਹਉਕੇ ਲੈਂਦੀਆਂ ਉਦਾਸੀਆਂ ਵੀ ਤੱਕੀਆਂ। ਵਾਰ ਵਾਰ ਖਿਆਲ ਆਇਆ ਕਿ ਅਸਲੀ ਖ਼ੁਸ਼ੀ ਕਿਥੇ ਐ? ਖੁLਸ਼ੀ ਬਾਹਰ ਹੈ ਜਾਂ ਅੰਦਰ? ਖ਼ੁਸ਼ੀ ਅਮੀਰੀ ਤੇ ਡਾਲਰਾਂ ਵਿਚ ਹੋਵੇ ਤਾਂ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਵਿਚ ਕੋਈ ਗ਼ਮਗੀਨ ਕਿਉਂ ਹੋਵੇ? ਮੇਰੇ ਕੰਨਾਂ ਨੇ ਇਕ ਵਾਰ ਨਹੀਂ ਵਾਰ ਵਾਰ ਸੁਣਿਆ ਕਿ ਅੰਕਲ ਸਾਡਾ ਇਥੇ ਜੀਅ ਨਹੀਂ ਲੱਗਦਾ, ਭਾਅ ਜੀ ਡਾਲਰਾਂ ਨੂੰ ਚੱਟਣਾ ਜੇ ਚਿੱਤ ਈ ਖ਼ੁਸ਼ ਨਾ ਹੋਇਆ? ਤੇ ਅਜਿਹੇ ਬੋਲ ਵੀ ਸੁਣਨ ਨੂੰ ਮਿਲੇ, “ਚੰਗਾ ਖਾਨੇ ਆਂ, ਚੰਗਾ ਪਹਿਨਦੇ ਆਂ, ਕਾਰਾਂ `ਤੇ ਚੜ੍ਹਦੇ ਆਂ, ਕਿਸੇ ਨੂੰ ਟਿੱਚ ਨੀ ਜਾਣਦੇ। ਹੋਰ ਦੱਸੋ ਕੀ ਵੰਝ ਲੈਣਾ?”
ਸਿਆਣੇ ਸੱਚ ਕਹਿੰਦੇ ਹਨ ਕਿ ਕਿਸੇ ਨੂੰ ਮਾਂਹ ਮਾਫਕ, ਕਿਸੇ ਨੂੰ ਬਾਦੀ। ਅਮਰੀਕਾ-ਕੈਨੇਡਾ ਦੇ ਸੋਹਲੇ ਗਾਉਣ ਵਾਲੇ ਵੀ ਬਥੇਰੇ ਹਨ ਤੇ ਨਿੰਦਣ ਭੰਡਣ ਵਾਲਿਆਂ ਦਾ ਵੀ ਘਾਟਾ ਨਹੀਂ। ਸੂਖਮਭਾਵੀ ਵਿਅਕਤੀ ਉਥੇ ਕੁਝ ਵਧੇਰੇ ਪਰੇਸ਼ਾਨ ਲੱਗੇ ਜਦ ਕਿ ਮੋਟੀ ਬੁੱਧੀ ਵਾਲੇ ਬੜੇ ਖ਼ੁਸ਼ ਤੇ ਢੋਲੇ ਦੀਆਂ ਲਾਉਣ ਵਾਲੇ ਟੱਕਰੇ।
*
ਉਥੇ ਤਿੰਨ ਡਬਯੂਆਂ ਦਾ ਕੋਈ ਇਤਬਾਰ ਨਹੀਂ। ਵੋਮੈਨ, ਵੈਦਰ ਤੇ ਵਰਕ। ਅਰਥਾਤ ਤੀਵੀਂ, ਮੌਸਮ ਤੇ ਕੰਮ ਦਾ ਕੋਈ ਵਿਸਾਹ ਨਹੀਂ। ਕੋਈ ਪਤਾ ਨਹੀਂ ਤੀਵੀਂ ਕਦੋਂ ਪਾਸਾ ਵੱਟ ਜਾਵੇ, ਮੌਸਮ ਕਦੋਂ ਖਰਾਬ ਹੋ ਜਾਵੇ ਤੇ ਕੰਮ ਕਦੋਂ ਛੁੱਟ ਜਾਵੇ। ਉਥੇ ਲੋਕ ਬਦਲ ਬਦਲ ਕੇ ਕਈ ਤਰ੍ਹਾਂ ਦੇ ਕਿੱਤੇ ਤੇ ਕਾਰੋਬਾਰ ਕਰਦੇ ਹਨ। ਘਰ ਬਦਲਦੇ ਹਨ, ਵਿਆਹ ਬਦਲਦੇ ਹਨ, ਦੋਸਤ ਕੁੜੀਆਂ ਤੇ ਦੋਸਤ ਮੁੰਡੇ ਬਦਲਦੇ ਹਨ। ਦੋ ਤਿੰਨ ਵਿਆਹ ਹੋਣੇ ਤਾਂ ਆਮ ਜਿਹੀ ਗੱਲ ਹਨ। ਜਿਹੜਾ ਜੋੜਾ 25 ਵਰ੍ਹੇ `ਕੱਠਾ ਕੱਟ ਜਾਵੇ ਯਾਨੀ ਸਿਲਵਰ ਜੁਬਲੀ ਮਨਾ ਜਾਵੇ, ਉਹਦੀਆਂ ਤਾਂ ਫਿਰ ਅਖ਼ਬਾਰਾਂ ਵਿਚ ਖ਼ਬਰਾਂ ਛਪਦੀਆਂ ਹਨ। ਪੰਜਾਬ ਵਿਚ ਜਿਵੇਂ ਮਰਗ ਦੇ ਭੋਗ ਦਾ ਕਾਰਡ ਛਪਦਾ ਉਵੇਂ ਉਥੇ ਅਖ਼ਬਾਰਾਂ ਵਿਚ ਇਸ਼ਤਿਹਾਰ ਛਪਦੇ ਹਨ ਕਿ ਅਸੀਂ ਪੱਚੀ ਸਾਲਾਂ ਤੋਂ ਵਿਆਹੇ ਹੋਏ ਹਾਂ ਤੇ ਫੇਰ ਵੀ ਬੜੇ ਖ਼ੁਸ਼ ਆਂ!
ਅਜਿਹੇ ਇਸ਼ਤਿਹਾਰ ਪੜ੍ਹ ਕੇ ਪਾਠਕ ਉਸ ਜੋੜੇ ਨੂੰ ਹਾਰਦਿਕ ਵਧਾਈਆਂ ਦਿੰਦੇ ਹਨ ਕਿ ਤੁਸੀਂ ਧੰਨ ਹੋ ਜਿਹੜੇ ਏਨਾ ਸਮਾਂ `ਕੱਠੇ ਕੱਟ ਗਏ! ਉਹ ਸ਼ੁਭ ਕਾਮਨਾਵਾਂ ਭੇਜਦੇ ਹਨ ਕਿ ਤੁਹਾਡੇ `ਚ ਅੱਗੇ ਜਾ ਕੇ ਵੀ ਫਰਕ ਨਾ ਪਵੇ ਤੇ ਤੁਹਾਡੀ ਗੋਲਡਨ ਜੁਬਲੀ ਮਨਾਉਣ ਤਕ ਬਣੀ ਰਹੇ!
*
ਤੜਕਸਾਰ ਸਾਡਾ ਜਹਾਜ਼ ਦਿੱਲੀ ਦੇ ਹਵਾਈ ਅੱਡੇ `ਤੇ ਉਤਰਿਆ। ਜੀਟੀ ਰੋਡ `ਤੇ ਉਹੀ ਭੀੜਾਂ ਸਨ, ਉਹੀ ਹੌਰਨ ਤੇ ਉਹੀ ਧੂੜਾਂ। ਪੁਰੇ ਦੀ `ਵਾ ਵਗ ਰਹੀ ਸੀ ਤੇ ਝੋਨੇ ਦੇ ਖੇਤ ਝੂੰਮ ਰਹੇ ਸਨ। ਡਰਾਈਵਰਾਂ ਦੀਆਂ ਗਾਲ੍ਹਾਂ ਸਨ, ਗੱਡੀਆਂ ਦੇ ਝਟਕੇ ਤੇ ਟਰੱਕਾਂ ਦਾ ਉਡਾਇਆ ਘੱਟਾ ਮੁੜ ਮੁੜ ਅੱਖਾਂ `ਚ ਪੈ ਰਿਹਾ ਸੀ। ਪਰ ਇਹ ਮਿੱਟੀ-ਘੱਟਾ ਆਪਣੇ ਵਤਨ ਦਾ ਸੀ ਇਸ ਲਈ ਅੱਖਾਂ `ਚ ਪੈਣ ਦੇ ਬਾਵਜੂਦ ਪਿਆਰਾ ਪਿਆਰਾ ਲੱਗ ਰਿਹਾ ਸੀ। ਆਪਣੇਪਣ ਦਾ ਅਜਬ ਅਹਿਸਾਸ ਹੋ ਰਿਹਾ ਸੀ। ਏਥੇ ਆਪਣੀ ਮਿੱਟੀ ਸੀ, ਆਪਣਾ ਪਾਣੀ, ਆਪਣੀ ਧੁੱਪ ਤੇ ਆਪਣੇ ਲੋਕ। ਸੜਕ ਕੰਢੇ ਝੂੰਮਦੇ ਸਫੈਦਿਆਂ ਦੇ ਝੁੰਡ ਪਲ ਦੀ ਪਲ ਇਉਂ ਲੱਗੇ ਜਿਵੇਂ ਉਹ ਸਾਡਾ ਸਵਾਗਤ ਕਰਦੇ ਹੋਣ।
ਦੁਨੀਆ ਲੱਖ ਸੋਹਣੀ ਹੋਵੇ ਪਰ ਉਹ ਕਦੇ ਪਿਆਰੇ ਵਤਨ ਤੋਂ ਸੋਹਣੀ ਨਹੀਂ ਹੋ ਸਕਦੀ।
ਖ਼ੈਰ ਇਹ ਟ੍ਰੇਲਰ ਹੈ। ਫਿਲਮ ਕਦੇ ਫੇਰ ਸਹੀ।