ਅਕਾਲੀ ਦਲ ਦੀ ਏਕੇ ਵਾਲੀ ਮੁਹਿੰਮ ਖਤਰੇ ਵਿਚ ਪਈ!

ਸੰਗਰੂਰ: ਸੰਗਰੂਰ ਲੋਕ ਸਭਾ ਹਲਕੇ ਤੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਨਜ਼ਰਅੰਦਾਜ਼ ਕਰ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਉਮੀਦਵਾਰ ਬਣਾਉਣ ਤੋਂ ਬਾਅਦ ਪਾਰਟੀ ਦੀ ਏਕਤਾ ‘ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ।

ਵੱਡੀ ਗਿਣਤੀ ਸਮਰਥਕ ਢੀਂਡਸਾ ਰਿਹਾਇਸ਼ ‘ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲਣ ਪੁੱਜ ਰਹੇ ਹਨ ਜਿਨ੍ਹਾਂ ਜਜ਼ਬਾਤੀ ਲਹਿਜ਼ੇ ਵਿਚ ਪਰਮਿੰਦਰ ਸਿੰਘ ਢੀਂਡਸਾ ਨੂੰ ਜਲਦ ਕੋਈ ਫੈਸਲਾ ਲੈਣ ਲਈ ਦਬਾਅ ਪਾਇਆ ਪਰ ਸ੍ਰੀ ਢੀਂਡਸਾ ਨੇ ਆਪਣੇ ਸਮਰਥਕਾਂ ਨੂੰ ਹਾਲ ਦੀ ਘੜੀ ਸ਼ਾਂਤ ਰਹਿਣ ਲਈ ਕਿਹਾ ਹੈ। ਪਰਮਿੰਦਰ ਢੀਂਡਸਾ ਦੀ ਟਿਕਟ ਕੱਟੇ ਜਾਣ ਤੋਂ ਢੀਂਡਸਾ ਦੇ ਨੇੜਲਿਆਂ ‘ਚ ਮਾਯੂਸੀ ਛਾ ਗਈ ਹੈ। ਹੁਣ ਇਹ ਸਵਾਲ ਹੋ ਰਹੇ ਹਨ ਕਿ ਕੀ ਹੁਣ ਢੀਂਡਸਾ ਪਰਿਵਾਰ ਕਿਸੇ ਹੋਰ ਪਾਰਟੀ ਦਾ ਪੱਲਾ ਫੜੇਗਾ। ਇਸ ਸਵਾਲ ਨੂੰ ਲੈ ਕੇ ਢੀਂਡਸਾ ਪਰਿਵਾਰ ਖ਼ੁਦ ਵੀ ਸਿਆਸੀ ਮੰਥਨ ਵਿਚ ਜੁਟਿਆ ਹੋਇਆ ਹੈ। ਸੂਤਰਾਂ ਮੁਤਾਬਿਕ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਵੀਆਂ ਪ੍ਰਸਥਿਤੀਆਂ ਵਿਚ ਭਾਜਪਾ ਦੇ ਲੜ ਲੱਗਣ ਬਾਰੇ ਸੋਚਣ ਲੱਗੇ ਹਨ ਪਰ ਪਰਮਿੰਦਰ ਸਿੰਘ ਢੀਂਡਸਾ ਹਾਲੇ ਭਾਜਪਾ ‘ਚ ਜਾਣ ਦੇ ਰੌਂਅ ਵਿਚ ਨਹੀਂ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇ ਕੇ ਸਿਆਸੀ ਦਾਅ ਖੇਡ ਦਿੱਤਾ ਹੈ ਪਰ ਢੀਂਡਸਾ ਸਮਰਥਕਾਂ ਦੇ ਉਹ ਵੇਲਾ ਹੱਥ ਨਹੀਂ ਆ ਰਿਹਾ ਹੈ ਜਿਸ ਸਮੇਂ ਸੰਯੁਕਤ ਅਕਾਲੀ ਦਲ ਦਾ ਰਲੇਵਾਂ ਕੀਤਾ ਗਿਆ ਸੀ। ਜਦੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲੈਣ ਵਾਸਤੇ ਢੀਂਡਸਾ ਨੇ ਇਕ ਕਮੇਟੀ ਬਣਾਈ ਸੀ ਤਾਂ ਉਦੋਂ ਬਹੁਗਿਣਤੀ ਨੇ ਸੁਖਬੀਰ ਬਾਦਲ ਤੋਂ ਪਾਸਾ ਵੱਟਣ ਲਈ ਕਿਹਾ ਸੀ। ਜਿਹੜੇ ਢੀਂਡਸਾ ਨੇੜਲੇ ਟਿਕਟਾਂ ਦੀ ਆਸ ਲਾਈ ਬੈਠੇ ਸਨ, ਉਨ੍ਹਾਂ ਨੂੰ ਹੁਣ ਆਪਣਾ ਸਿਆਸੀ ਭਵਿੱਖ ਧੁੰਦਲਾ ਨਜ਼ਰ ਆਉਣ ਲੱਗਾ ਹੈ। ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇਕ ਇੰਟਰਵਿਊ ‘ਚ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਖ਼ਾਤਰ ਸੌਦਾ ਕੀਤਾ ਗਿਆ ਹੈ ਜਿਸ ਕਰ ਕੇ ਪਰਮਿੰਦਰ ਢੀਂਡਸਾ ਦੀ ਟਿਕਟ ਕੱਟੀ ਗਈ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਕਟ ਦੇ ਐਲਾਨ ਤੋਂ ਪਹਿਲਾਂ ਅਤੇ ਮਗਰੋਂ ਵੀ ਢੀਂਡਸਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕੀਤਾ।
ਢੀਂਡਸਾ ਪਰਿਵਾਰ ਲਈ ਪ੍ਰਸਥਿਤੀ ਕਾਫ਼ੀ ਕਸੂਤੀ ਬਣੀ ਹੋਈ ਹੈ ਅਤੇ ਕਾਹਲੀ ਵਿਚ ਲਿਆ ਫ਼ੈਸਲਾ ਕਿਤੇ ਪੁੱਠਾ ਨਾ ਪੈ ਜਾਵੇ, ਇਸ ਕਰਕੇ ਪਰਿਵਾਰ ਮੰਥਨ ਵਿਚ ਲੱਗਾ ਹੋਇਆ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਤਰਫ਼ੋਂ ਢੀਂਡਸਾ ਪਰਿਵਾਰ ਨੂੰ ਸੰਗਰੂਰ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਢੀਂਡਸਾ ਪਰਿਵਾਰ ਹੁਣ ਦੁਚਿੱਤੀ ਵਿਚ ਫਸਿਆ ਹੋਇਆ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਅਜੇ ਅਜਿਹਾ ਕੋਈ ਇਰਾਦਾ ਨਹੀਂ ਹੈ। ਪਾਰਟੀ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਰਮਿੰਦਰ ਨੂੰ ਪਾਰਟੀ ਉਮੀਦਵਾਰ ਬਣਾਵਾਂਗੇ ਪਰ ਹੁਣ ਉਨ੍ਹਾਂ ਨੂੰ ਭਰੋਸੇ ਵਿਚ ਲਏ ਬਗੈਰ ਹੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ।
ਹੁਣ ਭਾਜਪਾ ਵਧਾ ਸਕਦੀ ਹੈ ਸਰਗਰਮੀਆਂ
ਚੰਡੀਗੜ੍ਹ: ਅਕਾਲੀ ਦਲ ਦੇ ਇਸ ਫ਼ੈਸਲੇ ਨਾਲ ਸਿਆਸੀ ਹਲਕਿਆਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਕਿਆਸਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਿਉਂਕਿ ਭਾਜਪਾ ਵੱਲੋਂ ਅਜੇ ਤੱਕ ਸੰਗਰੂਰ ਸੰਸਦੀ ਹਲਕੇ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਗਿਆ ਹੈ। ਜਿਸ ਤਰ੍ਹਾਂ ਭਾਜਪਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਮਲ ਦੇ ਫੁੱਲ ਦੀ ਖੁਸ਼ਬੋ ਨਾਲ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੀ ਹੈ, ਉਸ ਨਾਲ ਕੁੱਝ ਵੀ ਸੰਭਵ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸੰਗਰੂਰ ਸੰਸਦੀ ਹਲਕੇ ਦੇ ਵੱਖ-ਵੱਖ ਅਸੈਂਬਲੀ ਹਲਕਿਆਂ ਵਿਚ ਪਾਰਟੀ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਤੇ ਅਕਾਲੀ ਤੇ ਗੈਰ ਅਕਾਲੀ ਹਲਕਿਆਂ ਵਿਚ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਲਗਭਗ ਤੈਅ ਮੰਨੀ ਜਾ ਰਹੀ ਸੀ।