ਵੱਡੀਆਂ ਚੁਣੌਤੀਆਂ ਅਤੇ ਸਵਾਲਾਂ ਨੇ ਅਕਾਲੀ ਦਲ ਦਾ ਰਾਹ ਮੱਲਿਆ

ਚੰਡੀਗੜ੍ਹ: ਭਾਜਪਾ ਤੋਂ ਵੱਖ ਹੋਣ ਬਾਅਦ ਸੂਬੇ ਵਿਚ ਆਪਣੀ ਗੁਆਚੀ ਸਿਆਸੀ ਜ਼ਮੀਨ ਤਲਾਸ਼ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਹੁਣ ਮੁੜ ਪੈਰ ਜਮਾਉਣੇ ਸੌਖੇ ਨਹੀਂ ਜਾਪਦੇ। ਅਕਾਲੀ ਦਲ ਨੇ ਸਿਆਸਤ ਦਾ ਸਿਖਰ ਵੀ ਛੋਹਿਆ ਪਰ ਜਨਤਕ ਉਭਾਰ ਦੀ ਥਾਂ ਕਰੀਬ ਦਹਾਕੇ ਤੋਂ ਪਾਰਟੀ ਨਿਘਾਰ ਵੱਲ ਗਈ, ਇਸ ਦੌਰਾਨ ਕਈ ਵੱਡੇ ਅਕਾਲੀ ਆਗੂ ਪਾਰਟੀ ਛੱਡ ਕੇ ਚਲੇ ਗਏ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਵੇਂ ਸੁਖਦੇਵ ਸਿੰਘ ਢੀਂਡਸਾ ਤੇ ਹੋਰ ਰੁੱਸੇ ਟਕਸਾਲੀ ਆਗੂਆਂ ਨੂੰ ਨਾਲ ਤੋਰਨ ਵਿਚ ਸਫ਼ਲ ਰਹੇ। ਪਰ ਪਾਰਟੀ ਲਈ ਵੱਡੀਆਂ ਚੁਣੌਤੀਆਂ ਤੇ ਸਵਾਲਾਂ ਨੇ ਰਾਹ ਮੱਲਿਆ ਹੋਇਆ ਹੈ। ਸੂਬੇ ਵਿਚ ਦਹਾਕਾ ਭਰ ਰਾਜ ਕਰਨ ਵਾਲੀ ਇਹ ਪਾਰਟੀ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਵੀ ਨਹੀਂ ਬਣ ਸਕੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮਗਰੋਂ ਸੂਬੇ ਵਿਚ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਦੇਹਾਂਤ ਮਗਰੋਂ ਮੋਗਾ ਵਿਚ ਅਕਾਲੀ ਦਲ ਦਾ ਇਕ ਅਧਿਆਇ ਖ਼ਤਮ ਹੋਣਾ ਮੰਨਿਆ ਜਾ ਰਿਹਾ ਹੈ।
ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਅਸਤੀਫ਼ਾ ਦੇਣ ਤੇ ਉਨ੍ਹਾਂ ਦੇ ਭਾਜਪਾ ‘ਚ ਸ਼ਾਮਲ ਹੋ ਕੇ ਬਠਿੰਡਾ ਤੋਂ ਚੋਣ ਲੜਨ ਦੀ ਚਰਚਾ ਛਿੜੀ।
ਇਸ ਦੌਰਾਨ ਇਥੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ‘ਚ ‘ਆਪ‘ ਵਿਚ ਸ਼ਾਮਲ ਹੋਏ ਮੋਗਾ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਪ੍ਰੇਮ ਚੱਕੀਵਾਲਾ ਤੇ ਹੋਰ ਆਗੂਆਂ ਦੀ ਬਗਾਵਤ ਪਾਰਟੀ ਲਈ ਵੱਡੀ ਵੰਗਾਰ ਬਣ ਕੇ ਸਾਹਮਣੇ ਆਈ ਹੈ। ਪਾਰਟੀ ਛੱਡਣ ਤੇ ਹਾਸ਼ੀਏ ‘ਤੇ ਚੱਲ ਰਹੇ ਨਾਰਾਜ਼ ਅਕਾਲੀ ਆਗੂਆਂ ਦਾ ਆਖਣਾ ਹੈ ਕਿ ਆਪਹੁਦਰੀਆਂ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਆਪਣੇ ਮਨਮਰਜ਼ੀ ਦੇ ਫ਼ੈਸਲਿਆਂ ਕਾਰਨ ਪਾਰਟੀ ਨੂੰ ਆਹ ਦਿਨ ਦੇਖਣੇ ਪੈ ਰਹੇ ਹਨ। ਅਕਾਲੀ ਦਲ ‘ਚ ਸੱਤਾਹੀਣ ਹੋਣ ਤੋਂ ਬਾਅਦ ਛਿੜਿਆ ਗ੍ਰਹਿ ਯੁੱਧ ਠੰਢਾ ਨਹੀਂ ਹੋ ਰਿਹਾ। ਮੋਗਾ ਜ਼ਿਲ੍ਹੇ ‘ਚ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ ਮਗਰੋਂ ਇਥੇ ਕੋਈ ਵੱਡੇ ਕੱਦ ਦਾ ਆਗੂ ਨਹੀਂ ਰਿਹਾ। ਇਥੋਂ ਇਕ ਦਹਾਕੇ ਦੌਰਾਨ ਜ਼ਿਲ੍ਹਾ ਕਾਂਗਰਸ ਦੇ ਮੌਜੂਦਾ ਪ੍ਰਧਾਨ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ, ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ, ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਮਰਹੂਮ ਐਸ.ਜੀ.ਪੀ.ਸੀ. ਮੈਂਬਰ ਢੋਸ, ਜੋ ਧਰਮਕੋਟ ਤੋਂ ਮੌਜੂਦਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਪਿਤਾ ਹਨ, ਧਰਮਕੋਟ ਨਗਰ ਕੌਂਸਲ ਸਾਬਕਾ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਨਿਹਾਲ ਸਿੰਘ ਵਾਲਾ ਤੋਂ ਹਲਕਾ ਕਾਂਗਰਸ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਅਤੇ ਹੋਰ ਆਗੂ ਅਸਲ ਵਿਚ ਅਕਾਲੀ ਦਲ ਦੀਆਂ ਨੀਤੀਆਂ ਤੋਂ ਤੰਗ ਆ ਕੇ ਅਕਾਲੀ ਦਲ ਨੂੰ ਆਲਵਿਦਾ ਆਖ ਗਏ।
ਅਕਾਲੀ ਦਲ ਬਾਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਕਾਫੀ ਚੁਣੌਤੀਆਂ ਮਿਲੀਆਂ। ਗੁਰਦੁਆਰਾ ਸੁਧਾਰ ਲਹਿਰ ‘ਚੋਂ ਨਿਕਲੇ ਅਕਾਲੀ ਦਲ ਲਈ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਪਾਰਟੀ ਦੇ ਆਗੂਆਂ ‘ਤੇ ਸੱਤਾਧਾਰੀ ਹੁੰਦਿਆਂ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਜੋ ਹੁਣ ਤੱਕ ਪਿੱਛਾ ਨਹੀਂ ਛੱਡ ਰਹੇ।
ਮਨੀਸ਼ ਤਿਵਾੜੀ ਅੇਤਕੀਂ ਚੰਡੀਗੜ੍ਹ ਤੋਂ ਚੋਣ ਲੜਨਗੇ
ਨਵੀਂ ਦਿੱਲੀ: ਕਾਂਗਰਸ ਨੇ 16 ਲੋਕ ਸਭਾ ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਸੰਸਦੀ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਤਿਵਾੜੀ ਸ੍ਰੀ ਆਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਹਨ। ਹਰਿਆਣਾ ਵਿਚ ਦੀਪੇਂਦਰ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਨੂੰ ਕ੍ਰਮਵਾਰ ਰੋਹਤਕ ਤੇ ਸਿਰਸਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਮੰਡੀ ਅਤੇ ਵਿਨੋਦ ਸੁਲਤਾਨਪੁਰੀ ਸ਼ਿਮਲਾ ਹਲਕੇ ਤੋਂ ਪਾਰਟੀ ਉਮੀਦਵਾਰ ਹੋਣਗੇ।