ਪੰਜਾਬ ਵਿਚ ਚੋਣ ਦਾ ਪਿੜ ਭਖਣ ਲੱਗਾ

‘ਆਪ’ ਅਤੇ ਕਾਂਗਰਸ ਦਾ ਵੱਕਾਰ ਦਾਅ ’ਤੇ; ਦਲ-ਬਦਲੂਆਂ ਲਈ ਮੈਦਾਨ ਤਿਆਰ
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਪੰਜਾਬ ਦਾ ਸਿਆਸੀ ਮਾਹੌਲ ਦਿਲਚਸਪ ਬਣਿਆ ਹੋਇਆ ਹੈ। ਸੂਬੇ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਜਿਥੇ ਇਨ੍ਹਾਂ ਚੋਣਾਂ ਨੂੰ ਵੱਕਾਰ ਦਾ ਸਵਾਲ ਬਣਾ ਕੇ ਚੱਲ ਰਹੀਆਂ ਹਨ, ਉਥੇ ਆਪਣੀ ਹੋਂਦ ਬਚਾਉਣ ਲਈ ਹੱਥ-ਪੈਰ ਮਾਰ ਰਿਹਾ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਪੂਰੀ ਵਾਹ ਲਾਉਣ ਦੀ ਤਿਆਰੀ ਕਰੀ ਬੈਠਾ ਹੈ। ਸੂਬੇ ਵਿਚ ਪੈਰ ਧਰਾਵੇ ਦੀਆਂ ਕੋਸ਼ਿਸ਼ਾਂ ਵਿਚ ਜੁਟੀ ਭਾਜਪਾ ਦਲ-ਬਦਲੂਆਂ ਆਸਰੇ ਮੈਦਾਨ ਵਿਚ ਆ ਨਿੱਤਰੀ ਹੈ।

ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਹੁਣ ਤੱਕ ਐਲਾਨੇ ਉਮੀਦਵਾਰਾਂ ਦੀ ਸੂਚੀ ਸਾਫ ਇਸ਼ਾਰਾ ਕਰਦੀ ਹੈ ਕਿ ਕੋਈ ਵੀ ਧਿਰ ਇਸ ਵਾਰ ਕਸਰ ਛੱਡਣ ਦੇ ਰੌਂਅ ਵਿਚ ਨਹੀਂ ਹੈ। ਆਮ ਆਦਮੀ ਪਾਰਟੀ ਇਸ ਪਾਸੇ ਸਭ ਤੋਂ ਚੌਕਸ ਨਜ਼ਰ ਆ ਰਹੀ ਹੈ ਜਿਸ ਨੇ ਇਸ ਵਾਰ ਜਾਂ ਤਾਂ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਮੈਦਾਨ ਵਿਚ ਉਤਾਰਿਆ, ਜਾਂ ਫਿਰ ਦਲ ਬਦਲਾਅ ਕੇ ਲਿਆਂਦੇ ਮੌਜੂਦਾ ਕਾਂਗਰਸੀ ਵਿਧਾਇਕਾਂ ਨੂੰ ਅੱਗੇ ਕੀਤਾ ਹੈ। ‘ਆਪ’ ਨੇ 13 ਦੀਆਂ 13 ਸੀਟਾਂ ਉਤੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਨੇ ਆਪਣੇ 9 ਮੌਜੂਦਾ ਵਿਧਾਇਕਾਂ ਨੂੰ ਹੀ ਮੈਦਾਨ ਵਿਚ ਉਤਾਰ ਦਿੱਤਾ ਹੈ। ਪਾਰਟੀ ਨੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ, ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ, ਫ਼ਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਡਾ. ਬਲਬੀਰ ਸਿੰਘ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦ ਐਲਾਨਿਆਂ ਹੈ। ਇਹ ਸਾਰੇ ਮੌਜੂਦਾ ਵਿਧਾਇਕ ਹਨ।
ਇਸ ਤੋਂ ਇਲਾਵਾ ਆਪ ਨੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਪਵਨ ਕੁਮਾਰ ਟੀਨੂੰ ਜਲੰਧਰ ਅਤੇ ਕਾਂਗਰਸ ਤੋਂ ਆਏ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਫਤਹਿਗੜ੍ਹ ਸਾਹਿਬ ਅਤੇ ਡਾ. ਰਾਜ ਸਿੰਘ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਦਾ ਵੀ ਹਾਲ ਇਹੀ ਹੈ। ਉਸ ਨੇ ਆਪਣੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਹੈ। ਹੁਣ ਜੇਕਰ ਇਹ ਸਾਰੇ ਵਿਧਾਇਕ ਜਿੱਤਦੇ ਹਨ, ਪੰਜਾਬ ਦੀਆਂ ਤਕਰੀਬਨ ਦਰਜਨ ਵਿਧਾਨ ਸਭਾ ਸੀਟਾਂ ਉਤੇ ਉਪ ਚੋਣਾਂ ਹੋਣਗੀਆਂ।
ਪੰਜਾਬ ਦਾ ਮੌਜੂਦਾ ਸਿਆਸੀ ਮਾਹੌਲ ਇਹ ਹੈ ਕਿ ਇਸ ਵਾਰ ਜ਼ਿਆਦਾਤਰ ਸਿਆਸੀ ਆਗੂ ਦਲ ਬਦਲੀ ਕਰ ਕੇ ਆਪਣੀਆਂ ਰਵਾਇਤੀ ਪਾਰਟੀਆਂ ਖ਼ਿਲਾਫ਼ ਹੀ ਚੋਣਾਂ ਲੜ ਰਹੇ ਹਨ। ਕਾਂਗਰਸ ਨੇ ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ। ਇਹ ਉਹੀ ਧਰਮਵੀਰ ਗਾਂਧੀ ਹਨ ਜਿਨ੍ਹਾਂ ਨੇ 2014 ‘ਚ ‘ਆਪ‘ ਦੀ ਤਰਫੋਂ ਚੋਣ ਲੜੀ ਸੀ ਅਤੇ ਕਾਂਗਰਸ ਦੀ ਪ੍ਰਨੀਤ ਕੌਰ ਨੂੰ ਹਰਾਇਆ ਸੀ। ਗਾਂਧੀ ਹੁਣ ਕਾਂਗਰਸ ਦੇ ਉਮੀਦਵਾਰ ਹਨ ਅਤੇ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਹਨ। ਪਿਛਲੇ ਸਾਲ ਜਲੰਧਰ ਤੋਂ ਲੋਕ ਸਭਾ ਜ਼ਿਮਨੀ ਚੋਣ ‘ਚ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ‘ਆਪ‘ ਦੀ ਟਿਕਟ ‘ਤੇ ਜਿੱਤੇ ਸਨ। ਇਸ ਵਾਰ ਉਹ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਸਾਲ 2022 ‘ਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜ ਰਹੇ ਪਵਨ ਕੁਮਾਰ ਟੀਨੂੰ ਨੇ ‘ਆਪ‘ ਵਿਚ ਪ੍ਰਵੇਸ਼ ਕਰ ਲਿਆ ਹੈ। ਆਪ ਨੇ ਉਸ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਲੁਧਿਆਣਾ ਤੋਂ ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ ਅਤੇ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੂੰ ਕਾਂਗਰਸੀ ਉਮੀਦਵਾਰ ਵਜੋਂ ਚੁਣੌਤੀ ਦੇਣ ਵਾਲੇ ਇਹ ਦੋਵੇਂ ਆਗੂ ਇਸ ਵਾਰ ਕਾਂਗਰਸ ਨੂੰ ਚੁਣੌਤੀ ਦੇ ਰਹੇ ਹਨ।
ਆਪ ਨੇ ਫ਼ਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਜੀ.ਪੀ. ਨੂੰ ਟਿਕਟ ਦਿੱਤੀ ਹੈ। ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸਾਲ 2022 ‘ਚ ਉਨ੍ਹਾਂ ਕਾਂਗਰਸ ਦੀ ਟਿਕਟ ਉਤੇ ਵਿਧਾਨ ਸਭਾ ਚੋਣ ਲੜੀ ਸੀ। ਇਸ ਵਾਰ ਦੋਵੇਂ ਝਾੜੂ ਦੇ ਨਿਸ਼ਾਨ ‘ਤੇ ਉਤਰੇ ਹਨ। ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪਿਛਲੀ ਵਾਰ ਬਠਿੰਡਾ ਤੋਂ ਪੰਜਾਬ ਏਕਤਾ ਪਾਰਟੀ ਦੇ ਬੈਨਰ ਹੇਠ ਚੋਣ ਲੜੀ ਸੀ ਪਰ ਹੁਣ ਉਹ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨਗੇ। ਜੀਤ ਮਹਿੰਦਰ ਸਿੱਧੂ ਬਠਿੰਡਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਹਨ, ਜੋ ਲਗਾਤਾਰ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੇ ਸਨ। ਆਪ ਅਤੇ ਕਾਂਗਰਸ ਜਿਥੇ ਸੰਗਰੂਰ, ਜਲੰਧਰ ਅਤੇ ਬਠਿੰਡਾ ਹਲਕੇ ਨੂੰ ਵੱਕਾਰ ਦਾ ਸਵਾਲ ਮੰਨ ਰਹੀਆਂ ਹਨ, ਉਥੇ ਅੰਮ੍ਰਿਤਸਰ ਲੋਕ ਸਭਾ ਹਲਕਾ ਵੀ ਵੱਡੀ ਚੁਣੌਤੀ ਹੈ। ਇਸ ਹਲਕੇ ਤੋਂ ਭਾਜਪਾ ਨੇ ਤਰਨਜੀਤ ਸਿੰਘ ਸੰਧੂ, ‘ਆਪ‘ ਨੇ ਕੁਲਦੀਪ ਸਿੰਘ ਧਾਲੀਵਾਲ, ਕਾਂਗਰਸ ਨੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਮਰਨਜੀਤ ਸਿੰਘ ਮਾਨ ਦਾ ਪੁੱਤਰ ਇਮਾਨ ਸਿੰਘ ਮਾਨ ਚੋਣ ਮੈਦਾਨ ‘ਚ ਉਤਾਰਿਆ ਹੈ।
ਇਸ ਵਾਰ ਅੰਮ੍ਰਿਤਸਰ ਹਲਕੇ ਵਿਚ ਬਹੁਕੋਨੀ ਮੁਕਾਬਲਾ ਹੋਣ ਕਾਰਨ ਕਿਸੇ ਵੀ ਪਾਰਟੀ ਦੇ ਉਮੀਦਵਾਰ ਲਈ ਜਿੱਤਣਾ ਸੌਖਾ ਨਹੀਂ ਹੋਵੇਗਾ। ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਭਾਵੇਂ ਦੋ ਵਾਰ ਪਹਿਲਾਂ ਜਿੱਤ ਚੁੱਕੇ ਹਨ ਪਰ ਇਸ ਵਾਰ ਕਾਂਗਰਸ ਦੀ ਮੌਜੂਦਾ ਹਾਲਤ ਅਤੇ ਆਪਸੀ ਖਿੱਚੋਤਾਣ ਉਸ ਲਈ ਵੱਡੀ ਚੁਣੌਤੀ ਸਾਬਤ ਹੋਵੇਗੀ। ਔਜਲਾ ਨੇ 2017 ਵਿਚ ਉਪ ਚੋਣ ਵਿਚ 5 ਲੱਖ 8 ਹਜ਼ਾਰ ਜਦਕਿ 2019 ਵਿਚ 4 ਲੱਖ 45 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਸਨ। ਅਕਾਲੀ-ਭਾਜਪਾ ਗੱਠਜੋੜ ਵੇਲੇ ਅੰਮ੍ਰਿਤਸਰ ਹਲਕੇ ਦੀ ਸੀਟ ਵਧੇਰੇ ਕਰਕੇ ਭਾਜਪਾ ਦੇ ਹਿੱਸੇ ਆਉਂਦੀ ਰਹੀ ਹੈ। ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਨੇ 2004, 2007 ਤੇ 2009 ਵਿਚ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਪਰ ਸਿੱਧੂ ਅਤੇ ਅਕਾਲੀ ਦਲ ਵਿਚਾਲੇ ਖਟਾਸ ਪੈਦਾ ਹੋਣ ਤੋਂ ਬਾਅਦ 2014, 2017 ਅਤੇ 2019 ਵਿਚ ਭਾਜਪਾ ਦੇ ਵੱਡੇ ਆਗੂ ਅਰੁਣ ਜੇਤਲੀ ਤੇ ਹਰਦੀਪ ਸਿੰਘ ਪੁਰੀ ਚੋਣ ਨਹੀਂ ਜਿੱਤ ਸਕੇ ਅਤੇ ਇਸ ਸੀਟ ‘ਤੇ ਕਾਂਗਰਸ ਦਾ ਕਬਜ਼ਾ ਹੋ ਗਿਆ। ਇਸ ਵਾਰ ਅਕਾਲੀ-ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਦੋਵੇਂ ਧਿਰਾਂ ਵੱਖ-ਵੱਖ ਚੋਣਾਂ ਲੜ ਰਹੀਆਂ ਹਨ ਜਿਸ ਕਾਰਨ ਦੋਵਾਂ ਧਿਰਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ। ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੁੜ ਸੰਸਦ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ 2019 ਵਿਚ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਲਈ ਚੋਣ ਲੜੀ ਸੀ ਅਤੇ ਸਿਰਫ 20 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਸਨ। ਭਾਵੇਂ ਇਸ ਵੇਲੇ ਉਹ ਪੰਜਾਬ ਵਜ਼ਾਰਤ ਵਿਚ ਕੈਬਨਿਟ ਮੰਤਰੀ ਹਨ ਅਤੇ ਉਨ੍ਹਾਂ ਦਾ ਚੰਗਾ ਰੁਤਬਾ ਹੈ ਪਰ ਆਮ ਆਦਮੀ ਪਾਰਟੀ ਦਾ ਡਿੱਗਿਆ ਗਰਾਫ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗਾ।
ਲੁਧਿਆਣਾ ਲੋਕ ਸਭਾ ਹਲਕਾ ਇਸ ਵਾਰ ਰਾਜਸੀ ਪਾਰਟੀਆਂ ਲਈ ਵੀ ਅਣਖ ਦਾ ਸਵਾਲ ਬਣਿਆ ਹੋਇਆ ਹੈ। ਸਾਲ 1967 ਤੋਂ 2019 ਤੱਕ ਹੋਈਆਂ 14 ਲੋਕ ਸਭਾ ਚੋਣਾਂ ਵਿਚੋਂ ਸਭ ਤੋਂ ਵੱਧ 8 ਵਾਰ ਜਿੱਤ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹਿੱਸੇ ਆਈ। ਹਾਲਾਂਕਿ ਇਸ ਵਾਰ ਹਾਲਾਤ ਵੱਖਰੇ ਹਨ। ਲੁਧਿਆਣਾ ਤੋਂ ਦੋ ਵਾਰ ਕਾਂਗਰਸ ਪਾਰਟੀ ਵੱਲੋਂ ਐਮ.ਪੀ. ਬਣੇ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋ ਕੇ ਇੱਥੋਂ ਹੀ ਭਗਵਾ ਧਿਰ ਦੇ ਉਮੀਦਵਾਰ ਬਣਨ ਕਰ ਕੇ ਕਾਂਗਰਸ ਤਕੜੇ ਉਮੀਦਵਾਰ ਦੀ ਭਾਲ ਵਿਚ ਹੈ।
ਸਿਆਸੀ ਮਾਹਰ ਇਸ ਵਾਰ ਮੁੱਖ ਮੁਕਾਬਲਾ ਕੌਮੀ ਪੱਧਰ ਉਤੇ ‘ਇੰਡੀਆ ਗੱਠਜੋੜ` ਰਾਹੀਂ ਭਾਈਵਾਲ ਆਪ ਅਤੇ ਕਾਂਗਰਸ ਵਿਚਾਲੇ ਮੰਨ ਰਹੇ ਹਨ। ਪੰਜਾਬ ਵਿਚ ਇਹ ਦੋਵੇਂ ਧਿਰਾਂ ਵੱਖ-ਵੱਖ ਚੋਣ ਲੜ ਰਹੀਆਂ ਹਨ। ਪੰਜਾਬ ਵਿਚ ਸੱਤਾਧਾਰੀ ਹੋਣ ਕਾਰਨ ਆਪ ਇਸ ਵਾਰ ਕੋਈ ਰਿਸਕ ਲੈਣ ਦੇ ਮੂਡ ਵਿਚ ਨਹੀਂ ਹੈ, ਉਥੇ ਕਾਂਗਰਸ ਵੀ ਆਪਣੀ ਪੂਰੀ ਵਾਹ ਲਾ ਕੇ ਮੁੜ ਭਰੋਸਾ ਬਹਾਲੀ ਦੀ ਰਣਨੀਤੀ ਤਹਿਤ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਦੋਵੇਂ ਧਿਰਾਂ ਆਪਣੀਆਂ ਵਿਧਾਨ ਸਭਾ ਸੀਟਾਂ ਦਾਅ ਉਤੇ ਲਾਉਣ ਲਈ ਤਿਆਰ ਹਨ ਤੇ ਮੌਜੂਦਾ ਵਿਧਾਇਕਾਂ ਨੂੰ ਅੱਗੇ ਕੀਤਾ ਹੈ। ਜੇਕਰ ਇਹ ਵਿਧਾਇਕ ਜਿੱਤ ਕੇ ਲੋਕ ਸਭਾ ਜਾਂਦੇ ਹਨ ਤਾਂ ਦੋਵਾਂ ਪਾਰਟੀਆਂ ਨੂੰ ਸੂਬੇ ਵਿਚ ਉਪ ਚੋਣ ਦੌਰਾਨ ਮੁੜ ਪਰਖ ਲਈ ਤਿਆਰ ਰਹਿਣਾ ਪਵੇਗਾ।

ਦਲ-ਬਦਲੂਆਂ ਲਈ ਨਵੀਂ ਮੁਸੀਬਤ!
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਬਦਲਣ ਕਾਰਨ ਕਈ ਆਗੂਆਂ ਨੂੰ ਹੁਣ ਨਵੀਂ ਪਾਰਟੀ ਦੇ ਚੋਣ ਨਿਸ਼ਾਨ ਲਈ ਪ੍ਰਚਾਰ ਕਰਦਿਆਂ ਕਈ ਸਮੱਸਿਆਵਾਂ ਆ ਰਹੀਆਂ ਹਨ। ਸ਼ਹਿਰੀ ਖੇਤਰਾਂ ਵਿਚ ਤਾਂ ਇਹ ਸਮੱਸਿਆ ਘੱਟ ਆ ਰਹੀ ਹੈ ਪਰ ਪੇਂਡੂ ਖੇਤਰਾਂ ਵਿਚ ਦਲ ਬਦਲਣ ਵਾਲਿਆਂ ਨੂੰ ਵੋਟਰ ਕਈ ਸਵਾਲ ਕਰ ਰਹੇ ਹਨ ਜਿਨ੍ਹਾਂ ਦਾ ਸਾਹਮਣਾ ਕਰਨਾ ਪਾਰਟੀ ਉਮੀਦਵਾਰਾਂ ਨੂੰ ਮੁਸ਼ਕਲ ਹੋ ਰਿਹਾ ਹੈ। ਇਹ ਟਕਸਾਲੀ ਵਰਕਰ ਹਨ ਜੋ ਪਾਰਟੀ ਬਦਲਣ ਵਾਲਿਆਂ ਨੂੰ ਸਮਰਥਨ ਦੇਣ ਦੀ ਥਾਂ ਪੁਰਾਣੀ ਪਾਰਟੀ ਦਾ ਹੀ ਸਾਥ ਦੇਣ ਦੀ ਗੱਲ ਕਰ ਰਹੇ ਹਨ।