ਦੱਖਣ ਦੀ ਸੁੰਦਰੀ ਸਾਈ ਪੱਲਵੀ ਦਾ ਜਾਦੂ

ਕੁਦਰਤ ਕੌਰ
ਦੱਖਣ ਦੀਆਂ ਤੈਲਗੂ, ਤਮਿਲ ਅਤੇ ਮਲਿਆਲਮ ਫਿਲਮਾਂ ਦੀ ਸਟਾਰ ਅਦਾਕਾਰਾ ਸਾਈ ਪੱਲਵੀ ਹੁਣ ਹਿੰਦੀ ਫਿਲਮਾਂ ਵਿਚ ਵੀ ਆ ਰਹੀ ਹੈ। ਇਸ ਫਿਲਮ ਵਿਚ ਉਸ ਦਾ ਹੀਰੋ ਉਘੀ ਫਿਲਮੀ ਹਸਤੀ ਆਮਿਰ ਖਾਨ ਦਾ ਪੁੱਤਰ ਜੁਨੈਦ ਖਾਨ ਹੋਵੇਗਾ। ਫਿਲਮ ਦਾ ਨਾਂ ਅਜੇ ਰੱਖਿਆ ਨਹੀਂ ਹੈ ਪਰ ਇਸ ਉਪਰ ਬਾਕਾਇਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ।

ਸਾਲ 1992 ਦੀ ਪੈਦਾਇਸ਼ ਸਾਈ ਪੱਲਵੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੀਆਂ-ਮੋਟੀਆਂ ਭੂਮਿਕਾਵਾਂ ਤੋਂ ਕੀਤੀ ਸੀ ਪਰ 2015 ਵਿਚ ਉਸ ਨੂੰ ਫਿਲਮ ‘ਪ੍ਰੇਮਮ’ ਨਾਲ ਵੱਡੀ ਬ੍ਰੇਕ ਮਿਲੀ। ਇਸ ਮਲਿਆਲਮ ਫਿਲਮ ਵਿਚ ਉਸ ਦਾ ਲੀਡ ਰੋਲ ਸੀ। ਫਿਲਮ ਹਿੱਟ ਹੋ ਗਈ ਅਤੇ ਨਾਲ ਹੀ ਪੱਲਵੀ ਦੇ ਸਿਤਾਰੇ ਚਮਕ ਉੱਠੇ। ਇਹ ਫਿਲਮ ਉਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੂਜੀ ਵੱਡੀ ਫਿਲਮ ਬਣ ਗਈ। ਫਿਲਮ ਵਿਚ ਪੱਲਵੀ ਨੇ ਮਲਾਰ ਦਾ ਜੋ ਕਿਰਦਾਰ ਨਿਭਾਇਆ, ਉਸ ਨਾਲ ਦਰਸ਼ਕ ਉਸ ਦੇ ਦੀਵਾਨੇ ਹੋ ਗਏ। ਇਸ ਫਿਲਮ ਲਈ ਉਸ ਨੂੰ ਮਲਿਆਲਮ ਵਿਚ ਫਿਲਮਫੇਅਰ ਦਾ ਸਰਵੋਤਮ ਨਵੀਂ ਅਦਾਕਾਰਾ ਦਾ ਇਨਾਮ ਮਿਲਿਆ।
ਕੋਇੰਬਟੂਰ (ਤਾਮਿਲ ਨਾਡੂ) ਵਿਚ ਜਨਮੀ ਸਾਈ ਪੱਲਵੀ ਫਿਰ 2017 ਵਿਚ ਆਪਣੀ ਫਿਲਮ ‘ਫਿਦਾ’ ਰਾਹੀਂ ਤੈਲਗੂ ਫਿਲਮੀ ਦੁਨੀਆ ਅੰਦਰ ਦਾਖਲ ਹੋਈ। ਇਹ ਫਿਲਮ ਵੀ ਖੂਬ ਹਿੱਟ ਰਹੀ। ਉਸ ਦੀ ਅਦਾਕਾਰੀ ਦੀ ਵੀ ਖੂਬ ਤਾਰੀਫ ਹੋਈ ਅਤੇ ਉਸ ਨੂੰ ਤੈਲਗੂ ਵਿਚ ਫਿਲਮਫੇਅਰ ਇਨਾਮ ਵੀ ਮਿਲਿਆ। ਇਸ ਤੋਂ ਬਾਅਦ ਉਸ ਦੀਆਂ ਕਈ ਫਿਲਮਾਂ ਆਈਆਂ ਜਿਨ੍ਹਾਂ ਵਿਚ ‘ਕਾਲੀ’ (2016), ‘ਮਿਡਲ ਕਲਾਸ ਅੱਬਾਈ’ (2017), ‘ਮਾਰੀ’ (2018), ‘ਪਾਵਾ ਕਧਾਈਗਈ’ (2020), ‘ਲਵ ਸਟੋਰੀ’ (2021), ‘ਸ਼ਿਆਮ ਸਿੰਘਾ ਰਾਏ’ (2021), ‘ਗਾਰਗੀ’ (2023) ਆਦਿ ਸ਼ਾਮਿਲ ਹਨ। ਹੁਣ ਉਸ ਦੀ ਗਿਣਤੀ ਸਟਾਰ ਅਦਾਕਾਰਾਵਾਂ ਵਿਚ ਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਤੁਹਾਡੀ ਮਿਹਨਤ ਅਤੇ ਲਗਨ ਸਫਲਤਾ ਦੇ ਰਾਹ ਆਪੇ ਖੋਲ੍ਹ ਦਿੰਦੀ ਹੈ।