ਕਮਲਜੀਤ ਸਿੰਘ ਵਿਰਕ: ਕ੍ਰਾਂਤੀਕਾਰੀ ਤੋਂ ਕਾਰੋਬਾਰੀ

ਰਵਿੰਦਰ ਸਹਿਰਾਅ
1973 ਦੀ ਜੁਲਾਈ-ਅਗਸਤ ਦਾ ਮਹੀਨਾ| ਅਸੀਂ ਮੋਗੇ ਦੇ ਸ਼ਹੀਦਾਂ ਦੀ ਯਾਦ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਫਗਵਾੜੇ ਪ੍ਰੋਗਰਾਮ ਕਰਨਾ ਸੀ| ਸ਼ਹੀਦ ਹਰਜੀਤ ਦੇ ਪਿਤਾ ਸੂਬੇਦਾਰ ਜਗੀਰ ਸਿੰਘ ਨੂੰ ਪਹਿਲਾਂ ਹੀ ਆਉਣ ਲਈ ਆਖ ਆਏ ਸੀ| ਸੋਚਿਆ ਕਿਉਂ ਨਾ ਕੁਝ ਇਨਕਲਾਬੀ ਕਵੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਸੁਣਿਆ ਜਾਵੇ| ਪਾਸ਼, ਕੇਵਲ ਕੌਰ ਤੇ ਜੈਮਲ ਪਡਾ ਉਸ ਸਮੇਂ ਚਰਚਿਤ ਨਾਂਅ ਸਨ|

ਪਾਸ਼ ਉਨ੍ਹੀਂ ਦਿਨੀਂ ਜ਼ਿਆਦਾ ਪਿੰਡ ਹੀ ਰਹਿੰਦਾ ਸੀ ਤੇ ਕੇਵਲ ਕੌਰ ਜਲੰਧਰ| ਦੋਵਾਂ ਨੂੰ ਅਸਾਨੀ ਨਾਲ਼ ਹੀ ਮਿਲ ਲਿਆ ਪਰ ਜੈਮਲ ਦਾ ਪਿੰਡ ਦੂਰ ਸੀ| ਪਿੰਡ ਗਿਆ ਤਾਂ ਪਤਾ ਲੱਗਾ ਕਿ ਬਾਹਰ ਖੇਤਾਂ ਵਿਚ ਝੋਨੇ ਨੂੰ ਪਾਣੀ ਲਾਉਣ ਗਿਆ ਹੋਇਆ| ਮੈਂ ਪੁਛਦਾ ਪੁਛਾਉਂਦਾ ਉਹਨੂੰ ਜਾ ਲਭਿਆ| ਉਸਨੇ ਖ਼ੁਸ਼ੀ-ਖ਼ੁਸ਼ੀ ਆਉਣ ਦੀ ਹਾਮੀ ਭਰਦਿਆਂ ਕਿਹਾ ਕਿ ਸਾਡੇ ਨਾਲ਼ ਦੇ ਪਿੰਡ ਜਗਾਂ ਵਿਚ ਇਕ ਬਹੁਤ ਹੀ ਜੋਸ਼ੀਲਾ ਨੌਜੁਆਨ ਵਿਦਿਆਰਥੀ ਹੈ ਕਮਲਜੀਤ ਵਿਰਕ| ਜਿਸਨੇ ਹੁਣੇ ਹੁਣੇ ਨਡਾਲੇ ਕਾਲਜ ਵਿਚ ਦਾਖ਼ਲਾ ਲਿਆ| ਪੀ.ਐਸ.ਯੂ. ਦੇ ਉਹ ਬਹੁਤ ਕੰਮ ਆ ਸਕਦੈ|
ਫਿਰ ਕਿਸੇ ਸਮਾਗਮ ’ਤੇ ਉਸਨੇ ਕਮਲਜੀਤ ਨੂੰ ਸਾਡੇ ਨਾਲ਼ ਮਿਲਾਇਆ| ਉਹ ਵਾਕਈ ਬੜਾ ਹੀ ਉਤਸ਼ਾਹੀ ਤੇ ਯੂਨੀਅਨ ਨੂੰ ਸਮਰਪਿਤ ਨਿਕਲਿਆ| ਬੜੇ ਥੋੜ੍ਹੇ ਅਰਸੇ ਵਿਚ ਉਸਨੇ ਨਡਾਲੇ, ਬੇਗੋਵਾਲ, ਸੁਲਤਾਨਪੁਰ ਲੋਧੀ ਤੇ ਰਣਧੀਰ ਕਾਲਜ ਕਪੂਰਥਲਾ ਵਿਚ ਯੂਨੀਅਨ ਦੀਆਂ ਇਕਾਈਆਂ ਬਣਾ ਦਿਤੀਆਂ| ਇਲਾਕੇ ਦੇ ਕਈ ਹਾਈ ਸਕੂਲਾਂ ਨੂੰ ਵੀ ਯੂਨੀਅਨ ਨਾਲ਼ ਜੋੜਿਆ| ਜੋਸ਼ੀਲੇ ਵਿਦਿਆਰਥੀਆਂ ਦਾ ਇਕ ਵਡਾ ਗਰੁਪ ਉਸਦੇ ਇਕ ਇਸ਼ਾਰੇ ’ਤੇ ਕੁਝ ਵੀ ਕਰਨ ਨੂੰ ਤਿਆਰ-ਬਰ-ਤਿਆਰ ਰਹਿੰਦਾ| ਮਲਕੀਤ ਚੀਮਾ, ਮਨਜੀਤ ਘਗ, ਗੁਰਮੀਤ ਚੀਮਾ, ਮਹਿੰਦਰ ਪੱਡਾ ਆਦਿ ਅਜਿਹੇ ਨੌਜੁਆਨ ਸਨ, ਜਿਨ੍ਹਾਂ ਨੇ ਅਗੇ ਜਾ ਕੇ ਕਈ ਘੋਲਾਂ ਦੀ ਅਗਵਾਈ ਕੀਤੀ| ਪਾਸ਼ ਦੇ ਕਤਲ ਤੋਂ ਬਾਅਦ ਜਦੋਂ ਖ਼ਾਲਿਸਤਾਨੀਆਂ ਨੇ ਐਲਾਨ ਕਰ ਦਿਤਾ ਕਿ ਜਿਹੜਾ ਵੀ ਉਸਦੀ ਜ਼ਮੀਨ ਵਾਹੁਣ ਆਏਗਾ ਉਸ ਨੂੰ ਵੀ ਅਸੀਂ ਏ ਕੇ 47 ਨਾਲ਼ ਟਕਰਾਂਗੇ ਤਾਂ ਇਹ ਮਰਹੂਮ ਮਲਕੀਤ ਚੀਮਾ ਤੇ ਉਸਦੇ ਸਾਥੀ ਹੀ ਸਨ, ਜਿਨ੍ਹਾਂ ਨੇ ਟਰੈਕਟਰ-ਟਰਾਲੀਆਂ ਲਿਆ ਕੇ ਉਸਦੀ ਜ਼ਮੀਨ ਵੀ ਵਾਹੀ ਤੇ ਉਨ੍ਹਾਂ ਨੂੰ ਲਲਕਾਰਿਆ ਵੀ| ਆਹ ਪਾਸ਼ ਟਰਸਟ ਵਾਲੇ ਤੇ ਹੁਣ ਪਾਸ਼ ਦੇ ਸਭ ਤੋਂ ਨੇੜਲੇ ਦਸਣ ਵਾਲੇ ਪਤਾ ਨਹੀਂ ਕਿਹੜੀਆਂ ਖੁਡਾਂ ਵਿਚ ਵੜੇ ਰਹੇ| ਜਦੋਂ ਮਾਹੌਲ ਆਮ ਹੋ ਗਿਆ ਤਾਂ ਇਹ ਡਡੂਆਂ ਦੀ ਪੰਸੇਰੀ ਵਾਂਗ ਬਾਹਰ ਨਿਕਲੇ ਤੇ ਗੜੈਂ-ਗੜੈਂ ਕਰਨ ਲਗ ਪਏ ਤੇ ਹੁਣ ਤਕ ਕਰ ਰਹੇ ਹਨ|
ਖ਼ੈਰ…ਗੱਲ ਤਾਂ ਆਪਾਂ ਕਮਲਜੀਤ ਦੀ ਕਰ ਰਹੇ ਸੀ| 18 ਅਪ੍ਰੈਲ 1956 ਨੂੰ ਉਹ ਮਾਤਾ ਦਲੀਪ ਕੌਰ ਦੀ ਕੁਖੋਂ ਜਨਮਿਆ| ਪਿਤਾ ਸ਼ਿਵਦੇਵ ਸਿੰਘ ਉਸਦੇ ਬਚਪਨ ’ਚ ਹੀ ਗੁਜ਼ਰ ਗਿਆ| ਪੰਜ ਭਰਾਵਾਂ ਤੇ ਦੋ ਭੈਣਾਂ ’ਚੋਂ ਉਹ ਪੰਜਵੇਂ ਨੰਬਰ ’ਤੇ ਸੀ| ਵਡਾ ਭਰਾ ਹਰਬੰਸ ਸਿੰਘ ਵਿਰਕ ਫਗਵਾੜੇ ਪ੍ਰੋਫ਼ੈਸਰ ਸੀ, ਕੁਝ ਸਾਲ ਉਹ ਉਸ ਕੋਲ ਰਹਿ ਕੇ ਪੜ੍ਹਦਾ ਰਿਹਾ| ਖੇਡਾਂ ਵਿਚ ਉਸ ਦੀ ਖ਼ਾਸ ਰੁਚੀ ਸੀ ਪਰ ਫਿਰ ਪਿੰਡ ਚਲਾ ਗਿਆ|
ਨਕਸਲੀ ਲਹਿਰ ਆਪਣੇ ਅੰਤਲੇ ਦਮਾਂ ’ਤੇ ਸੀ ਪਰ ਹੁਣ ਉਹ ਜਨਤਕ ਜਥੇਬੰਦੀਆਂ ਵਿਚ ਬਦਲ ਕੀ ਸੀ| ਬਹੁਤ ਸਾਰੇ ਸਾਥੀ ਅਜੇ ਵੀ ਅੰਡਰ ਗਰਾਊਂਡ (ਰੂਪੋਸ਼) ਸਨ| ਜਿਨ੍ਹਾਂ ਦੇ ਸਿਰਾਂ ਦੇ ਮੁਲ ਰਖੇ ਹੋਏ ਸਨ| ਕਮਲਜੀਤ ਦੇ ਯੂਨੀਅਨ ਵਿਚ ਸਰਗਰਮ ਹੋਣ ਨਾਲ਼ ਬਹੁਤ ਸਾਰੇ ਗੁਪਤ ਆਗੂਆਂ ਦਾ ਵੀ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ| ਉਨ੍ਹਾਂ ਦੇ ਭੇਸ ਵੀ ਬਦਲੇ ਹੋਏ ਸਨ ਤੇ ਨਾਮ ਵੀ| ਅਸੀਂ ਸਿਰਫ਼ ਬਦਲੇ ਹੋਏ ਨਾਵਾਂ ਨਾਲ਼ ਹੀ ਉਨ੍ਹਾਂ ਨੂੰ ਜਾਣਦੇ ਸੀ| ਉਂਜ ਉਹ ਬਹੁਤ ਹੀ ਸਿਆਣੇ, ਮਿਲਣਸਾਰ ਤੇ ਪਰਿਵਾਰਕ ਸਨ| ਗਾਹੇ-ਬਗਾਹੇ ਉਨ੍ਹਾਂ ਮਾਰਕਸਵਾਦ ਬਾਰੇ ਸਕੂਲਿੰਗ ਵੀ ਕਰਨੀ| ਪਰ ਕਮਲਜੀਤ ਨੇ ਕਦੇ ਜ਼ਿਆਦਾ ਧਿਆਨ ਨਾ ਦੇਣਾ, ਉਹ ਤਾਂ ਕਰਨ ਵਿਚ ਵਿਸ਼ਵਾਸ ਕਰਦਾ ਸੀ| ਕਿਸੇ ਵੀ ਮਸਲੇ ਨੂੰ ਉਹ ਲਟਕਾਉਣਾ ਨਹੀਂ ਸੀ ਚਾਹੁੰਦਾ ਸਗੋਂ ਝਟ ਪਟ ਉਹਦਾ ਹਲ ਕਰਨਾ ਚਾਹੁੰਦਾ ਸੀ|
ਉਹਦੀਆਂ ਸਰਗਰਮੀਆਂ ਨੂੰ ਦੇਖਦਿਆਂ ਉਸਨੂੰ ਕਪੂਰਥਲਾ ਜ਼ਿਲ੍ਹੇ ਦਾ ਇੰਚਾਰਜ ਬਣਾ ਦਿਤਾ ਗਿਆ| ਜ਼ਿਲ੍ਹੇ ਦੇ ਵਿਦਿਆਰਥੀਆਂ ਵਿਚ ਉਹਨੇ ਇਨਕਲਾਬੀ ਰੂਹ ਫੂਕ ਦਿਤੀ| ਕਾਲਜਾਂ ਦੇ ਪ੍ਰਿੰਸੀਪਲ ਤੇ ਪੋ੍ਰਫ਼ੈਸਰ ਉਸਨੂੰ ਮਾਣ-ਸਤਿਕਾਰ ਦੇਣ ਲਗੇ| ਮੈਨੇਜਮੈਂਟਾਂ ਨਾ ਚਾਹੁੰਦਿਆਂ ਵੀ ਉਹਦੀ ਹਾਂ ਵਿਚ ਹਾਂ ਮਿਲਾਉਂਦੀਆਂ| ਵਿਦਿਆਰਥੀ-ਵਿਦਿਆਰਥਣਾਂ ਉਹਦੇ ਇਕ ਸਦੇ ’ਤੇ ਕਲਾਸਾਂ ’ਚੋਂ ਬਾਹਰ ਆ ਕੇ ਉਹਦੀ ਗੱਲ ਸੁਣਦੇ| ਉਹਦੇ ਭਾਸ਼ਣ ਵਿਚ ਲੋਹੜੇ ਦਾ ਜੋਸ਼ ਹੁੰਦਾ| ਸੁਣ ਕੇ ਅਧਿਆਪਕ ਵੀ ਅਸ਼-ਅਸ਼ ਕਰ ਉੱਠਦੇ| ਕਾਲਜਾਂ ਵਿਚ ਕਵੀ ਦਰਬਾਰ ਕਰਵਾਉਂਦਾ| ਦਰਸ਼ਨ ਖਟਕੜ, ਸੰਤ ਰਾਮ ਉਦਾਸੀ, ਜਸਵੰਤ ਖਟਕੜ, ਜੈਮਲ ਪੱਡਾ, ਕੇਵਲ ਕੋਰ ਆਪਣੀਆਂ ਇਨਕਲਾਬੀ ਲਿਖਤਾਂ ਨਾਲ਼ ਵਿਦਿਆਰਥੀਆਂ ਦੇ ਜੋਸ਼ ਨੂੰ ਦੂਣ ਸਵਾਇਆ ਕਰ ਦਿੰਦੇ| ਮੈਨੂੰ ਯਾਦ ਹੈ, ਇਕ ਵੇਰ ਸ਼ਾਇਰ ਅਮਿਤੋਜ (ਜੋ ਉਸੇ ਇਲਾਕੇ ਦਾ ਸੀ) ਉਚੇਚਾ ਦਰਸ਼ਨ ਖਟਕੜ ਨੂੰ ਕਵੀ ਦਰਬਾਰ ’ਚ ਮਿਲਣ ਆਇਆ| ਉਹ ਕਾਫ਼ੀ ਦੇਰ ਵਿਚਾਰ-ਵਿਟਾਂਦਰਾ ਕਰਦੇ ਰਹੇ| ਅਮਿਤੋਜ ਦੀ ਭੈਣ ਵੀ ਸ਼ਾਇਦ ਉਦੋਂ ਨਡਾਲੇ ਕਾਲਜ ਵਿਚ ਹੀ ਪੜ੍ਹਦੀ ਸੀ|
1974 ਵਿਚ ਪੀ.ਐਸ.ਯੂ. ਵਿਚਾਰਧਾਰਕ ਜਾਂ ਜਥੇਬੰਦਕ ਵਖਰੇਵਿਆਂ ਕਰਕੇ ਦੋਫਾੜ ਹੋ ਗਈ| ਨਵੇਂ ਗਰੁਪ ਦੀ ਅਗਵਾਈ ਬਿਕਰ ਕੰਮੇਆਣਾ (ਪਹਿਲਾਂ ਵੀ ਤੇ ਹੁਣ ਫਿਰ ਮੁੜ ਕੇ ਬਿਕਰ ਐਸ਼ੀ) ਨੇ ਕੀਤੀ| ਨਵੀਂ ਪੀ.ਐਸ.ਯੂ. ਦੀ ਸੂਬਾ ਕਮੇਟੀ ਵਿਚ ਕਮਲਜੀਤ ਨੂੰ ਵੀ ਲੈ ਲਿਆ ਗਿਆ ਤੇ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਦਿਤੀ ਗਈ| ਪਿੰਡ ਰੋਡੇ ਵਿਚ ਸੂਬਾਈ ਇਜਲਾਸ ਵੀ ਕੀਤਾ ਗਿਆ ਪਰ ਛੇਤੀ ਹੀ ਜੂਨ 1975 ਵਿਚ ਐਮਰਜੈਂਸੀ ਲਗ ਗਈ| ਬਹੁਤ ਸਾਰੀਆਂ ਯੂਨੀਅਨਾਂ ’ਤੇ ਪਾਬੰਦੀ ਲਾ ਦਿਤੀ ਗਈ| ਵਿਰੋਧੀਆਂ ਨੂੰ ਜੇਲ੍ਹਾਂ ਅੰਦਰ ਡਕ ਦਿਤਾ ਗਿਆ| ਪਾਰਟੀ ਵਾਲਿਆਂ ਯੂਨੀਅਨ ਦੇ ਆਗੂਆਂ ਨੂੰ ਵੀ ਗੁਪਤਵਾਸ ਚਲੇ ਜਾਣ ਲਈ ਹੁਕਮ ਕੀਤਾ| ਕਮਲਜੀਤ ਦੀ ਡਿਊਟੀ ਦੁਆਬੇ ਤੋਂ ਹਟਾ ਕੇ ਮਾਲਵੇ ’ਚ ਲਾ ਦਿਤੀ ਗਈ| ਉਸਨੇ ਕੇਸ ਵੀ ਕਟਵਾ ਲਏ ਤੇ ਨਾਮ ਵੀ ਬਦਲ ਲਿਆ| ਉਹ ਜਦ ਕਦੇ ਦੁਆਬੇ ’ਚ ਆਉਂਦਾ ਤਾਂ ਸਾਡੇ ਪਿੰਡ ਆ ਕੇ ਰਹਿੰਦਾ| ਕਿਉਂਕਿ ਸਾਡੇ ਪਿੰਡ ਕੋਈ ਟਾਊਟ ਨਹੀਂ ਸੀ ਤੇ ਸਾਰਾ ਪਿੰਡ ਸਾਡਾ ਸਾਥ ਦਿੰਦਾ ਸੀ| ਹੋਰ ਵੀ ਕਈ ਗੁਪਤ ਆਗੂ ਸਾਡੇ ਘਰ ਆ ਕੇ ਰਹਿੰਦੇ ਰਹੇ| ਗਲੀ-ਗੁਆਂਢ ਉਨ੍ਹਾਂ ਨੂੰ ਘਰ ਦੇ ਜੀਆਂ ਵਾਂਗ ਪਿਆਰ-ਸਤਿਕਾਰ ਦਿੰਦਾ|
ਉਧਰ ਪਿੰਡ ਜਗਾ ਵਿਚ ਪੁਲਿਸ ਦੇ ਛਾਪੇ ਪੈਣੇ ਆਮ ਹੋ ਗਏ| ਉਹ ਚਾਹੁੰਦੇ ਸੀ ਕਿ ਕਮਲਜੀਤ ਨੂੰ ਪੇਸ਼ ਕਰੋ| ਡੰਗਰਾਂ ਤਕ ਨੂੰ ਵੀ ਥਾਣੇ ਲੈ ਗਏ| ਜਾਂ ਡੰਗਰ ਖੋਲ੍ਹ ਕੇ ਲੋਕਾਂ ਦੀਆਂ ਪੈਲੀਆਂ ਵਿਚ ਛਡੇ ਜਾਣ ਲਗੇ| ਉਸਦੇ ਭਰਾਵਾਂ ਨੂੰ ਵੀ ਥਾਣੇ ਲਿਜਾ ਕੇ ਖਜਲ-ਖੁਆਰ ਕੀਤਾ ਜਾਣ ਲਗਿਆ| ਬਸ ਇਹ ਨਿਤ ਦਾ ਕਰਮ ਹੋ ਗਿਆ ਪਰ ਸਦਕੇ ਜਾਈਏ ਮਾਤਾ ਦੇ ਜਿਹਨੇ ਪੂਰੇ ਹੌਸਲੇ ਨਾਲ਼ ਡਟ ਕੇ ਮੁਕਾਬਲਾ ਕੀਤਾ| ਛੋਟੇ ਭਰਾਵਾਂ ’ਚ ਦਹਿਸ਼ਤ ਤਾਂ ਸੀ ਪਰ ਪੂਰੇ ਸਿਦਕ ਨਾਲ਼ ਆਪਣੇ ਭਰਾ ਨਾਲ਼ ਖੜ੍ਹੇ ਸਨ| ਜਦੋਂ ਅਖ਼ੀਰ ਹੋ ਗਈ ਤਾਂ ਇਕ ਦਿਨ ਵਡੇ ਭਰਾ ਪ੍ਰੋ. ਹਰਬੰਸ ਸਿੰਘ ਵਿਰਕ ਹੋਰੀਂ ਸਾਡੇ ਪਿੰਡ (ਹਰਦੋ ਫਰਾਲੇ) ਆਏ| ਕਮਲਜੀਤ ਵੀ ਆਇਆ ਹੋਇਆ ਸੀ| ਉਨ੍ਹਾਂ ਸੁਝਾਅ ਦਿਤਾ ਕਿ ਕਮਲਜੀਤ ਨੂੰ ਪੇਸ਼ ਕਰਵਾ ਦਈਏ| ਪਰ ਉਸਨੇ ਸਾਫ਼ ਨਾਂਹ ਕਰ ਦਿਤੀ| ਆਖ਼ਰ ਉਹ ਵਾਪਸ ਚਲੇ ਗਏ| ਮਾੜੀ ਗੱਲ ਇਹ ਹੋਈ ਕਿ ਫਰਵਰੀ 1976 ਵਿਚ ਸਾਡੀ ਸਾਰੀ ਸੂਬਾ ਕਮੇਟੀ ਨੂੰ ਇਕ ਹੀ ਸਾਡੇ ਹੀ ਇਕ ਭੇਤੀ ਨੇ ਪੁਲਿਸ ਨੂੰ ਮੁਖ਼ਬਰੀ ਕਰਕੇ ਸਾਨੂੰ ਫੜਵਾ ਦਿਤਾ| ਸਿਟੇ ਵਜੋਂ ਅਸੀਂ ਸਮੇਤ ਕਮਲਜੀਤ ਐਮਰਜੈਂਸੀ ਦੇ ਟੁਟਣ ਤਕ ਵਖ-ਵਖ ਜੇਲ੍ਹਾਂ ਵਿਚ ਬੰਦ ਰਹੇ| ਸਗੋਂ ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਵੀ ਜਨਤਾ ਪਾਰਟੀ ਦੀ ਸਰਕਾਰ ਬਣਨ ਸਮੇਂ ਹੀ ਰਿਹਾਅ ਕੀਤੇ ਗਏ|
ਇਸੇ ਤਰ੍ਹਾਂ ਇਕ ਦਿਨ ਉਹ ਜੇ.ਬੀ.ਟੀ. ਕਾਲਜ ਸ਼ੇਖੂਪੁਰਾ (ਕਪੂਰਥਲਾ) ਵਿਚ ਯੂਨੀਅਨ ਦੀ ਚੋਣ ਕਰਵਾਉਣ ਗਿਆ| ਪ੍ਰੋ. ਹਰਭਜਨ ਸਿੰਘ ਦਾ ਛੋਟਾ ਭਰਾ ਗੁਰਦੀਪ ਸਿੰਘ ਤੇ ਕਸ਼ਮੀਰ ਸਿੰਘ ਉਥੇ ਸਰਗਰਮ ਸਨ| ਪਾਸ਼ ਵੀ ਉਥੇ ਜੇ.ਬੀ.ਟੀ. ਵਿਚ ਦਾਖਲ ਸੀ| ਆਪਣੇ ਭਾਸ਼ਣ ਤੋਂ ਬਾਅਦ ਕਮਲਜੀਤ ਨੇ ਪਾਸ਼ ਨੂੰ ਕੋਈ ਕਵਿਤਾ ਸੁਣਾਉਣ ਲਈ ਕਿਹਾ ਤਾਂ ਅਗੋਂ ਪਾਸ਼ ਕਹਿੰਦਾ, ‘ਕਮਲਜੀਤ ਤੇਰਾ ਭਾਸ਼ਣ ਭਲਾ ਕਵਿਤਾ ਤੋਂ ਘਟ ਸੀ, ਤੂੰ ਸਾਰੀਆਂ ਗੱਲਾਂ ਤਾਂ ਕਹਿ üਗਿਆਂ|’
ਸਾਰਿਆਂ ਵਾਂਗ ਕਮਲਜੀਤ ਨੇ ਵੀ ਜੇਲ੍ਹ ਤੋਂ ਬਾਹਰ ਆ ਕੇ ਫਿਰ ਕਾਲਜ ਵਿਚ ਦਾਖ਼ਲਾ ਲਿਆ ਤੇ ਮੁੜ ਯੂਨੀਅਨ ਦੀਆਂ ਸਰਗਰਮੀਆਂ ਸ਼ੁਰੂ ਕਰ ਦਿਤੀਆਂ| ਉਸਦੀ ਹਰਮਨ ਪਿਆਰਤਾ ਪਹਿਲਾਂ ਨਾਲ਼ੋਂ ਵੀ ਵਧ ਗਈ| ਹੁਣ ਉਹ ਲੋਕਾਂ ਵਿਚ ਇਕ ਨਾਇਕ ਬਣ ਕੇ ਉੱਭਰਿਆ| ਪਿੰਡ ਦੀ ਪੰਚਾਇਤ ਨੇ ਪੰਚ ਵੀ ਚüਣ ਲਿਆ| ਫ਼ੈਸਲਾ ਕਰਵਾਉਣ ਲਈ ਲੋਕਾਂ ਦਾ ਇਕਠ ਘਰ ਵਿਚ ਤੇ ਵਿਦਿਆਰਥੀ ਮਸਲੇ ਹੱਲ ਕਰਾਉਣ ਲਈ ਕਾਲਜਾਂ ਵਿਚ ਭੀੜਾਂ ਜੁੜਨ ਲਗੀਆਂ| ਇਨ੍ਹੀਂ ਦਿਨੀਂ ਸੁਲਤਾਨਪੁਰ ਕਾਲਜ ਵਿਚ ਫ਼ੀਸਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਘੋਲ ਆਰੰਭਿਆ| ਕਾਲਜ ਦਾ ਪ੍ਰਿੰਸੀਪਲ ਮੰਤਰੀ ਆਤਮਾ ਸਿੰਘ ਦਾ ਜਵਾਈ ਹੋਣ ਕਰਕੇ ਢੀਠ ਬਣਿਆ ਬੈਠਾ ਸੀ| ਕਮਲਜੀਤ ਉੱਥੇ ਗਿਆ ਤੇ ਉਹਨੂੰ ਚੈਲਿੰਜ ਕੀਤਾ ਕਿ ਜਾਂ ਤਾਂ ਮੰਗਾਂ ਮੰਨ ਨਹੀਂ ਤਾਂ ਤੈਨੂੰ ਦਫ਼ਤਰੋਂ ਬਾਹਰ ਨਹੀਂ ਨਿਕਲਣ ਦੇਣਾ| ਪੁਲਿਸ ਦੀ ਧਾੜ ਆਈ ਤੇ ਕਮਲਜੀਤ ਨੂੰ ਗ੍ਰਿਫ਼ਤਾਰ ਕਰਕੇ ਕਪੂਰਥਲਾ ਜੇਲ੍ਹ ਵਿਚ ਡਕ ਦਿਤਾ| ਦੂਜੇ ਦਿਨ ਵਿਦਿਆਰਥੀਆਂ ਦੀਆਂ ਵਹੀਰਾਂ ਕਪੂਰਥਲੇ ਆਣ ਪਹੁੰਚੀਆਂ| ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵੇਰ ਹੋਇਆ ਕਿ ਵਿਦਿਆਰਥੀ ਜੇਲ੍ਹਾਂ ਦੀਆਂ ਕੰਧਾਂ ਉੱਪਰ ਚੜ੍ਹ ਗਏ ਤੇ ਅੰਦਰੋਂ ਕਮਲਜੀਤ ਨੇ ਬੜਾ ਹੀ ਜੋਸ਼ੀਲਾ ਭਾਸ਼ਣ ਦਿਤਾ| ਬਸ ਅਗਲੇ ਦਿਨ ਹੀ ਵਿਦਿਆਰਥੀਆਂ ਦੀਆਂ ਮੰਗਾਂ ਵੀ ਮੰਨ ਲਈਆਂ ਗਈਆਂ ਤੇ ਕਮਲਜੀਤ ਨੂੰ ਵੀ ਬਿਨਾਂ ਸ਼ਰਤ ਰਿਹਾਅ ਕਰ ਦਿਤਾ ਗਿਆ|
ਜਿਉਂ-ਜਿਉਂ ਉਸਦੀ ਲੋਕ-ਪ੍ਰਿਅਤਾ ਵਧ ਰਹੀ ਸੀ, ਉਹ ਪੁਲਿਸ ਦੀਆਂ ਅਖਾਂ ਵਿਚ ਰੜਕਣ ਲਗਾ| ਹੁਣ ਉਹ ਕੋਈ ਬਹਾਨਾ ਭਾਲਦੇ ਸਨ ਕਿ ਕਿਵੇਂ ਕੋਈ ਝੂਠਾ ਕੇਸ ਪਾ ਕੇ ਉਸਨੂੰ ਨਜ਼ਰਬੰਦ ਕੀਤਾ ਜਾਵੇ| ਇਲਾਕੇ ਦੇ ਟਾਊਟਾਂ ਦਾ ਸਹਾਰਾ ਵੀ ਲਭਦੇ ਰਹੇ ਪਰ ਕੋਈ ਵੀ ਉਹਦੇ ਖ਼ਿਲਾਫ਼ ਝੂਠਾ ਕੇਸ ਪਾਉਣ ਲਈ ਤਿਆਰ ਨਾ ਹੋਇਆ|
ਇਕ ਦਿਨ ਉਹ ਸਾਡੇ ਪਿੰਡ ਆਇਆ ਤਾਂ ਕਹਿੰਦਾ, ‘ਯਾਰ ਹੁਣ ਏਥੇ ਤਾਂ ਇਨ੍ਹਾਂ ਪੁਲਿਸ ਵਾਲਿਆਂ ਟਿਕਣ ਨਹੀਂ ਦੇਣਾ| ਮੈਂ ਚਾਹੁੰਦਾਂ ਕਿਤੇ ਬਾਹਰ ਚਲਿਆ ਜਾਵਾਂ|’ ਉਹ ਘਰਦਿਆਂ ਨਾਲ਼ ਵੀ ਸਲਾਹ ਕਰਕੇ ਆਇਆ ਸੀ| ਮੈਂ ਵੀ ਸਹਿਮਤ ਸੀ| ਏਧਰੋਂ-ਉਧਰੋਂ ਪੈਸੇ ਇਕਠੇ ਕੀਤੇ| ਉਹਦਾ ਪਾਸਪੋਰਟ ਬਣਵਾਇਆ| 1981 ਵਿਚ ਉਹ ਵਿਜ਼ਿਟਰ ਵੀਜਾ ਲੈ ਕੇ ਸੈਨਫ਼ਰਾਂਸਿਸਕੋ ਦੇ ਏਅਰਪੋਰਟ ’ਤੇ ਆ ਉੱਤਰਿਆ| ਉੱਥੋਂ ਸ਼ਿਕਾਗੋ ਤੇ ਫਿਰ ਸਿਲਵੋਕੀ ਜਾ ਡੇਰੇ ਲਾਏ| ਕੁਝ ਹੋਰ ਹਮਖ਼ਿਆਲ ਮਿਲ ਗਏ| ਇਕ ਧਨਾਢ ਹਿੰਦੁਸਤਾਨੀ ਕੋਲ ਗ਼ੁਲਾਮਾਂ ਵਾਂਗ ਕਈ ਵਰ੍ਹੇ ਕੰਮ ਕੀਤਾ| ਕੰਮ ਹੀ ਕੰਮ| ਬਸ ਚਲ ਸੋ ਚਲ| ਬਾਰਾਂ-ਬਾਰਾਂ ਘੰਟੇ, ਕਦੇ ਅਠਾਰਾਂ-ਅਠਾਰਾਂ ਘੰਟੇ| ਕੰਮ ਦੇ ਬੋਝ ਕਾਰਨ ਦਾਰੂ ਪੀਣੀ ਵੀ ਸ਼ੁਰੂ ਕਰ ਦਿਤੀ| ਜੇਲ੍ਹ ’ਚ ਪਈ ਤਲੀਆਂ ’ਤੇ ਬੇ-ਤਹਾਸ਼ਾ ਕੁਟ ਤੇ ਉਪਰੋਂ ਦਾਰੂ ਨੇ ਕਿਡਨੀਆਂ ਉੱਪਰ ਅਸਰ ਕੀਤਾ| ਦੋਸਤਾਂ-ਮਿਤਰਾਂ ਤੇ ਘਰ ਦਿਆਂ ਨੂੰ ਚਿੰਤਾ ਹੋਈ| ਹੋਣੀ ਹੀ ਸੀ ਇਹ ਤਾਂ ਕੁਦਰਤੀ ਗੱਲ þ| ਲਾਲ ਸੂਹਾ ਰੰਗ, ਗਠਵਾਂ ਸਰੀਰ, ਕਦੇ ਵੀ ਨਾ ਥਕਣ ਵਾਲਾ ਇਹ ਸੁਨਖਾ ਗਭਰੂ ਹੁਣ ਨਾਮੁਰਾਦ ਬਿਮਾਰੀ ਦੇ ਸ਼ਿਕੰਜੇ ਵਿਚ ਫਸਦਾ ਜਾ ਰਿਹਾ ਸੀ|
1988 ਵਿਚ ਉਹ ਪੰਜਾਬ ਗਿਆ| ਦੂਰ ਦੇ ਰਿਸ਼ਤੇਦਾਰਾਂ ’ਚੋਂ ਇਕ ਕੁੜੀ ਮਨਮੋਹਨ ਕੌਰ ਪਟਿਆਲੇ ਪੀ.ਐਚ.ਡੀ. ਕਰ ਰਹੀ ਸੀ| ਵਡੀ ਭੈਣ ਨੇ ਵਿਚ ਪੈ ਕੇ ਉਨ੍ਹਾਂ ਦਾ ਵਿਆਹ ਕਰਵਾ ਦਿਤਾ| ਕਈਆਂ ਵਿਰੋਧ ਵੀ ਕੀਤਾ ਕਿ ਇਹ ਤਾਂ ਬਿਮਾਰ þਹੈ, ਪਰ ਸਦਕੇ ਜਾਈਏ ਮਨਮੋਹਨ ਦੇ ਜਿਹਨੇ ਪੂਰੇ ਸਿਦਕ ਨਾਲ਼ ਸਾਥ ਨਿਭਾਇਆ| 1989 ਵਿਚ ਉਸਦਾ ਪਹਿਲੀ ਵੇਰ ਕਿਡਨੀ ਟਰਾਂਸਪਲਾਂਟ ਅਪਰੇਸ਼ਨ ਹੋਇਆ| ਵਡੀ ਭੈਣ ਨੇ ਆਪਣੀ ਕਿਡਨੀ ਦਾਨ ਕੀਤੀ ਪਰ ਛੇਤੀ ਹੀ ਨਾਕਾਮ ਹੋ ਗਈ|
ਉਨ੍ਹੀਂ ਦਿਨੀਂ ਮੈਂ ਬਾਲਟੀਮੋਰ (ਮੈਰੀਲੈਂਡ) ਰਹਿੰਦਾ ਸਾਂ| ਉਸਦੀ ਖ਼ਬਰ ਲੈਣ ਲਈ ਮੈਂ ਮਿਲਵਾਕੀ (ਵਿਸਕਾਨਸਿਨ) ਆਇਆ| ਫਲਾਈਟ ਸੇਂਟ ਲੁਈਸ (ਮਿਜੂਰੀ) ਕੁਝ ਸਮੇਂ ਲਈ ਰੁਕੀ, ਉਥੇ ਬੈਠਿਆਂ ਇਕ ਨਜ਼ਮ ਲਿਖੀ:

ਇਕ ਸਫ਼ਰ
ਸੇਂਟ ਲੁਈਸ ਦੇ ਹਵਾਈ ਅਡੇ ’ਤੇ ਬੈਠਿਆਂ
ਸ਼ੀਸ਼ੇ ਦੀਆਂ ਬਾਰੀਆਂ ’ਚੋਂ ਦਿਖ ਰਹੇ
ਨਿਕੇ ਨਿਕੇ ਬਦਲਾਂ ਦੇ ਟੋਟਿਆਂ ਦਾ ਉੱਡਣਾ
ਬਹੁਤ ਰੁਮਾਨੀ ਲਗ ਰਿਹਾ ਹੈ|

ਬੀਅਰ ਦੀਆਂ ਚüਸਕੀਆਂ ਭਰਦੇ ਹੁਸੀਨ ਚਿਹਰੇ
ਮਾਹੌਲ ਨੂੰ ਦਿਲਕਸ਼ ਬਣਾ ਰਹੇ ਹਨ
ਪਰ ਮੈਂ ਭਟਕੇ ਰਾਹੀ ਵਾਂਗ ਬੇਚੈਨ ਬੈਠਾ ਹਾਂ|

ਹਰ ਲੰਘਦੇ ਆਦਮੀ ’ਚੋਂ
ਤੈਨੂੰ ਲਭਣ ਦੀ ਕੋਸ਼ਿਸ਼ ਕਰਦਾ ਹਾਂ
‘ਲੌਰਲ’ ਤੋਂ ‘ਮਿਲਵਾਕੀ’ ਤਕ ਦਾ ਇਹ ਸਫ਼ਰ
‘ਜਗਾ’ ਤੋਂ ‘ਫਰੌਲੇ’ ਵਿਚਕਾਰਲੇ ਪੈਂਡੇ ਦੀਆਂ
ਅਣਗਿਣਤ ਯਾਦਾਂ ਨੂੰ
ਮੁੜ ਜ਼ਿਹਨ ’ਚ ਲੈ ਆਉਂਦਾ ਹੈ|

ਜਦੋਂ ਨਾ ਕੋਈ ਅਕੇਵਾਂ ਹੁੰਦਾ ਸੀ, ਨਾ ਥਕੇਵਾਂ
ਮੱਕੀ ਦਿਆਂ ਖੇਤਾਂ ’ਚ ਗੋਡੀ ਕਰਨਾ
ਤੇ ਮਿਟੀ ਦੀ ਖ਼ੁਸ਼ਬੂ ਨੂੰ ਸਾਹਾਂ ’ਚ ਸਮੋ ਲੈਣਾ
ਉੱਚੀ ਉੱਚੀ ਹਸਦਿਆਂ ਫ਼ਸਲਾਂ ਨਾਲ਼ ਗੱਲਾਂ ਕਰਨੀਆਂ
ਕਿੰਨੇ ਹੁਸੀਨ ਸਨ ਉਹ ਦਿਨ|

ਹੁਣ ਤਾਂ ਸੁਣਦੇ ਆਂ ਕਿ ਖੇਤਾਂ ’ਚੋਂ
ਲਾਵਾਰਸ ਲਾਸ਼ਾਂ ਦੀ ਬੋ ਆਉਂਦੀ ਹੈ|

ਪਤਾ ਨਹੀਂ ਕਦ ਪਰਤਣਗੇ ਉਹ ਦਿਨ
ਬਸ ਬੀਤੇ ਦੀਆਂ ਯਾਦਾਂ ਨੂੰ ਯਾਦ ਕਰਦਾ ਹੋਇਆ
ਤੇਰੀ ਸਿਹਤਯਾਬੀ ਲਈ ਦੁਆ ਕਰਦਾ ਹਾਂ|

ਇਕ ਪਿਛੋਂ ਇਕ ਤਿੰਨ ਵੇਰ ਕਿਡਨੀ ਟਰਾਂਸਪਲਾਂਟ ਅਪਰੇਸ਼ਨ ਹੋਏ| ਤੀਜਾ ਅਪਰੇਸ਼ਨ ਕਾਮਯਾਬ ਰਿਹਾ| ਜਿਸ ਸਹਾਰੇ ਹੁਣ ਤਕ ਜੀ ਰਿਹਾ ਹੈ, ਪਰ ਦਵਾਈਆਂ ਦੇ ਅਸਰ ਕਾਰਨ ਹੋਰ ਬਿਮਾਰੀਆਂ ਲਗਦੀਆਂ ਗਈਆਂ| ਉਹ ਦਸਦੈ ਕਿ ਹੁਣ ਤਕ ਪਿਛਲੇ ਤੀਹ ਸਾਲਾਂ ਵਿਚ ਕਣ-ਕਣ ਸਰਜਰੀਆਂ ਹੋ ਚüਕੀਆਂ ਹਨ| ਇਕ ਵੇਰ ਤਾਂ 32 ਘੰਟੇ ਆਈ.ਸੀ.ਯੂ. ਵਿਚ ਰਿਹਾ| ਕੋਵਿਡ ਦਾ ਹਮਲਾ ਵੀ ਹੋਇਆ ਤੇ ਫਿਰ ਵੈਂਟੀਲੇਟਰ ’ਤੇ ਲਿਜਾਣਾ ਪਿਆ ਪਰ ਇਹ ਉਹਦਾ ਸਿਰੜ ਹੀ ਸੀ ਉਹ ਫਿਰ ਸਾਬਤ-ਸਬੂਤਾ ਹੋ ਕੇ ਨਿਕਲਿਆ|
ਖ਼ੈਰ ਗੱਲ ਅਗਾਂਹ ਨਿਕਲ ਗਈ…ਆਪਾਂ ਥੋੜ੍ਹਾ ਪਿਛਾਂਹ ਮੁੜੀਏ| ਵਿਆਹ ਤੋਂ ਬਾਅਦ ਛੇਤੀ ਹੀ ਮਨਮੋਹਣ ਵੀ ਅਮਰੀਕਾ ਆ ਗਈ| ਛੋਟਾ ਭਰਾ ਸੁਖਜਿੰਦਰ ਵਿਰਕ ਉਰਫ਼ ਰਾਣਾ ਵਿਰਕ ਵੀ ਪਹੁੰਚ ਗਿਆ| ਮਿਲਵਾਕੀ ਵਿਚ ਇਕ ਸਟੋਰ/ਗੈਸ ਸਟੇਸ਼ਨ ਖ਼ਰੀਦ ਲਿਆ| ਇਸੇ ਦੌਰਾਨ ਆਪਣੀਆਂ ਭੈਣਾਂ, ਭਾਣਜੇ, ਭਰਾ, ਭਤੀਜੇ/ਭਤੀਜੀਆਂ ਵੀ ਇਧਰ ਬੁਲਾ ਲਏ, ਪਰ ਕਾਰੋਬਾਰ ਵਿਚ ਸਾਂਝ ਸਭ ਤੋਂ ਛੋਟੇ ਭਰਾ ਰਾਣੇ ਨਾਲ਼ ਹੀ ਰਖੀ| ਦੋਵੇਂ ਭਰਾਵਾਂ ਦੀਆਂ ਜੀਵਨ ਸਾਥਣਾਂ ਨੇ ਵੀ ਸਿਰਤੋੜ ਮਿਹਨਤ ਕੀਤੀ| ਕਾਰੋਬਾਰ ਵਿਚ ਬਰਕਤ ਪੈਂਦੀ ਗਈ| ਪੁਤਰ ਨੀਲ ਤੇ ਧੀ ਮਲਿਕਾ ਨੇ ਪਰਿਵਾਰ ਵਿਚ ਵਾਧਾ ਕੀਤਾ| ਨੀਲ ਤੇ ਰਾਣੇ ਵਿਰਕ ਦਾ ਪੁਤਰ ਨਿਕਨੀਤ ਹੁਣ ਕਾਰੋਬਾਰ ਸੰਭਾਲ ਰਹੇ ਹਨ| ਮਲਿਕਾ ਇਕ ਵਡੀ ਕੰਪਨੀ ਵਿਚ ਮੈਨੇਜਰ ਹੈ|
ਦੋਵੇਂ ਭਰਾਵਾਂ ਤੇ ਉਨ੍ਹਾਂ ਦੀਆਂ ਸਾਥਣਾਂ ਦੇ ਏਕੇ ਕਾਰਨ ਇਕ ਤੋਂ ਬਾਅਦ ਇਕ ਬਿਜ਼ਨਿਸ ਖ਼ਰੀਦਦੇ ਗਏ| ਹੁਣ ਉਨ੍ਹਾਂ ਕੋਲ ਦਸ ਦੇ ਕਰੀਬ ਲਿਕਰ ਸਟੋਰ (ਸ਼ਰਾਬ ਦੇ ਸਟੋਰ) ਅਤੇ ਏਨੇ ਹੀ ਗੈਸ ਸਟੇਸ਼ਨ ਹਨ| ਕਈ ਅਚਲ ਜਾਇਦਾਦਾਂ ਤੇ ਸਟਰਿਪ ਮੌਲ ਹਨ| ਉਹ ਅਜੇ ਵੀ ਪੁਰਾਣੇ ਦਿਨਾਂ ਨੂੰ ਨਹੀਂ ਭੁਲਦਾ, ਨਾ ਹੀ ਉਨ੍ਹਾਂ ਦੋਸਤਾਂ ਜਿਨ੍ਹਾਂ ਨਾਲ਼ ਜਾਨ ਤੋੜ ਕੇ ਕੰਮ ਕਰਦਾ ਰਿਹਾ ਸੀ| ਉਸਨੂੰ ਧਨਾਂਢ ਹਿੰਦੁਸਤਾਨੀਆਂ ਵਲੋਂ ਨਵੇਂ ਮੁੰਡਿਆਂ (ਜਿਨ੍ਹਾਂ ਕੋਲ ਪੇਪਰ ਨਹੀਂ ਸਨ) ਦਾ ਕੀਤਾ ਜਾਂਦਾ ਸ਼ੋਸ਼ਣ ਵੀ ਅਜੇ ਤਕ ਯਾਦ ਹੈ| ਇਸੇ ਕਰਕੇ ਉਹ ਆਪਣੇ ਕੋਲ ਕੰਮ ਕਰਦੇ ਮੁੰਡਿਆਂ ਨਾਲ਼ ਬੜੇ ਪਿਆਰ ਤੇ ਸਤਿਕਾਰ ਨਾਲ਼ ਪੇਸ਼ ਆਉਂਦਾ ਹੈ| ਘਰ ਦੇ ਜੀਆਂ ਵਾਂਗ ਵਿਹਾਰ ਕਰਦਾ ਹੈ| ਹਰ ਰੋਜ਼ ਕੁਸ਼ ਘੰਟੇ (ਸਿਹਤ ਵਿਚ ਵਿਗਾੜ ਕਾਰਨ ਵੀ) ਅਜੇ ਕੰਮ ’ਤੇ ਜਾਂਦਾ ਹੈ| ਏਨੀਆਂ ਬਿਮਾਰੀਆਂ ਨਾਲ਼ ਜੂਝਣ ਕਰਕੇ ਥੋੜ੍ਹਾ ਧਾਰਮਿਕ ਵੀ ਹੋ ਗਿਆ ਹੈ| ਰਬ ਦਾ ਸ਼ੁਕਰਾਨਾ ਹਰ ਵਕਤ ਕਰਦਾ ਹੈ ਪਰ ਪੂਰੇ ਹੌਸਲੇ ਵਿਚ ਤੇ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਹੈ ਕਮਲਜੀਤ ਵਿਰਕ| ਦੁਆ ਕਰਦਾ ਹਾਂ ਕਿ ਉਹ ਸਿਹਤਯਾਬ ਰਹੇ| ਦੋ ਕੁ ਸਾਲ ਪਹਿਲਾਂ ਇਹਨੇ ਸਾਨੂੰ ਵੀ ਪੈਨਸਿਲਵੇਨੀਆਂ ਤੋਂ ਏਥੇ ਇੰਡੀਆਨਾ ਬੁਲਾ ਲਿਆ| ਤਕਰੀਬਨ ਹਰ ਸ਼ਾਮ ਨੂੰ ਅਸੀਂ ਇਕਠੇ ਹੁੰਦੇ ਹਾਂ ਤੇ ਪੁਰਾਣੇ ਦੋਸਤਾਂ ਨੂੰ ਯਾਦ ਵੀ ਕਰਦੇ ਹਾਂ ਤੇ ਕਦੇ ਵੀ ਪੁਰਾਣੇ ਸਾਥੀਆਂ ਜਿਵੇਂ ਦਰਸ਼ਨ ਖਟਕੜ, ਜਸਵਿੰਦਰ ਗ਼ਜ਼ਲਗੋ ਆਦਿ ਨਾਲ਼ ਗੱਲ ਵੀ ਕਰਦੇ ਹਾਂ| ਸ਼ਾਲਾ! ਇਹ ਸਿਲਸਿਲਾ ਇੰਝ ਹੀ ਜਾਰੀ ਰਹੇ|