ਪੰਜਾਹ ਸਾਲਾਂ ਬਾਅਦ ਵੀ ‘ਗਰਮ ਹਵਾ` ਦੀ ਤਾਜ਼ਗੀ

ਅਮਿਤਾਭ ਭੱਟਾਚਾਰੀਆ
ਆਜ਼ਾਦੀ ਤੋਂ ਬਾਅਦ ਦਾ 1948 ਦਾ ਭਾਰਤ, 1974 ਦੇ ਐਮਰਜੈਂਸੀ ਤੋਂ ਪਹਿਲਾਂ ਦੇ ਭਾਰਤ ਨਾਲੋਂ ਵੱਖਰਾ ਸੀ ਤੇ ਅੱਜ ਦਾ ਭਾਰਤ ਅੱਧੀ ਸਦੀ ਤੋਂ ਪਹਿਲਾਂ ਦੇ ਭਾਰਤ ਨਾਲੋਂ ਬਹੁਤ ਅਲੱਗ ਹੈ ਪਰ ਫਿਲਮ ਦੀ ਕਲਾਤਮਕ ਸੁੰਦਰਤਾ ਤੇ ਪ੍ਰਸੰਗਕਤਾ ਫਿੱਕੀ ਨਹੀਂ ਪਈ ਕਿਉਂਕਿ ਸ਼ਾਇਦ ਫਿਰਕੂ ਸਦਭਾਵਨਾ, ਸਹਿਣਸ਼ੀਲਤਾ, ਸੁਲ੍ਹਾ ਤੇ ਸਮਾਜਿਕ ਬਰਾਬਰੀ ਨਾਲ ਜੁੜੇ ਸਵਾਲ ਅੱਜ ਵੀ ਕਾਫ਼ੀ ਢੁੱਕਵੇਂ ਹਨ।

‘ਗਰਮ ਹਵਾ` ਚੁੱਪ-ਚਾਪ ਸਾਨੂੰ ਆਪਣਾ ਆਪ ਪਰਖਣ ਲਈ ਕਹਿੰਦੀ ਹੈ। ਅਦਾਕਾਰ ਬਲਰਾਜ ਸਾਹਨੀ ਨੇ ਬਿਨਾਂ ਸ਼ੱਕ ਇਸ ਫਿਲਮ `ਚ ਆਪਣੀ ਬਿਹਤਰੀਨ ਪੇਸ਼ਕਾਰੀ ਦਿੱਤੀ। ਉਹ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਫ਼ੌਤ ਹੋ ਗਿਆ ਸੀ ਪਰ ਚੰਗੇ ਭਾਗਾਂ ਨੂੰ ਫਿਲਮ ਦੇ ਨਿਰਦੇਸ਼ਕ ਐੱਮ.ਐੱਸ. ਸੱਥਿਊ (93) ਅੱਜ ਵੀ ਸਾਡੇ ਦਰਮਿਆਨ ਹਨ। ਕੀ ਸਾਨੂੰ ਕੌਮੀ ਪੱਧਰ `ਤੇ ਉਨ੍ਹਾਂ ਦਾ ਸਨਮਾਨ ਕਰ ਕੇ ‘ਗਰਮ ਹਵਾ` ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ? ਅੱਜ ਭਾਰਤ ਦੇ ਹਾਲਾਤ ਦੇ ਮੱਦੇਨਜ਼ਰ ਅਜਿਹੀਆਂ ਕਾਰਵਾਈਆਂ ਅਤੇ ਸਰਗਰਮੀਆਂ ਬਹੁਤ ਜ਼ਰੂਰੀ ਹਨ। ‘ਗਰਮ ਹਵਾ’ ਵਰਗੀਆਂ ਫਿਲਮਾਂ ਔਖੇ ਹਾਲਾਤ ਵਿਚ ਵੀ ਧੜਕਦੀ ਜ਼ਿੰਦਗੀ ਦਾ ਅਹਿਸਾਸ ਕਰਵਾਉਂਦੀਆਂ ਹਨ।
ਗ੍ਰੈਜੂਏਸ਼ਨ ਪੂਰੀ ਕਰਨ ਤੋਂ ਥੋੜ੍ਹੀ ਦੇਰ ਬਾਅਦ ਮੈਂ ਫਿਲਮ ਸੁਸਾਇਟੀ ਅੰਦੋਲਨ ਵਿਚ ਲੀਨ ਹੋ ਕੇ ‘ਗਰਮ ਹਵਾ` ਦੇਖੀ ਸੀ ਅਤੇ ਇਸ ਫਿਲਮ ਨੇ ਮੇਰੇ `ਤੇ ਜੋ ਪ੍ਰਭਾਵ ਛੱਡਿਆ, ਉਹ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਚੇਤੇ ਹੈ। ਸਤਿਆਜੀਤ ਰੇਅ ਨੇ ਫਿਲਮ ਦਾ ਪੁਰਜ਼ੋਰ ਬਚਾਅ ਕਰਦਿਆਂ ਮਸ਼ਹੂਰ ਬੰਗਾਲੀ ਹਫ਼ਤਾਵਾਰੀ ਰਸਾਲੇ ਨੂੰ ਲੰਮੀ ਚਿੱਠੀ ਲਿਖੀ ਸੀ। ਉਦੋਂ ਉਥਲ-ਪੁਥਲ ਦੇ ਦਿਨ ਸਨ, ਖ਼ਾਸ ਕਰ ਕੇ ਬੰਗਾਲ ਅਤੇ ਭਾਰਤ ਦੇ ਬਹੁਤੇ ਖੇਤਰਾਂ ਵਿਚ। ਪੰਜਾਹ ਸਾਲਾਂ ਬਾਅਦ, ਜਦੋਂ ਮੈਂ ਹਾਲ ਹੀ ਵਿਚ ਇਹ ਫਿਲਮ ਦੁਬਾਰਾ ਦੇਖੀ ਤਾਂ ਮੇਰਾ ਮਨ ਭਰ ਆਇਆ। ਮੈਂ ਬਦਲ ਗਿਆ ਹਾਂ, ਦੇਸ਼ ਵੀ ਬਹੁਤ ਜ਼ਿਆਦਾ ਬਦਲ ਗਿਆ ਹੈ ਪਰ ਇਹ ਫਿਲਮ ਅਜੇ ਵੀ ਧੂਹ ਪਾਉਂਦੀ ਹੈ।
ਉਹ ਕੀ ਸ਼ੈਅ ਹੈ ਕਿ ‘ਗਰਮ ਹਵਾ` ਹਿੰਦੀ/ਉਰਦੂ ਸਿਨੇਮਾ ਦੇ ਮਿਆਰ ਤੋਂ ਹੀ ਨਹੀਂ ਸਗੋਂ ਭਾਰਤੀ ਸਿਨਮੇ ਦੇ ਵਡੇਰੇ ਕੈਨਵਸ `ਤੇ ਸ਼ਾਹਕਾਰ ਰਚਨਾ ਬਣੀ? ਇਸ ਦੇ ਵਿਸ਼ਾ ਵਸਤੂ ਦੀ ਪ੍ਰਸੰਗਿਕਤਾ ਜਾਂ ਇਸ ਦੇ ਨਿਰਦੇਸ਼ਨ ਦੀ ਲਿਆਕਤ, ਜ਼ਬਰਦਸਤ ਅਦਾਕਾਰੀ ਜਾਂ ਇਸ ਦਾ ਸੰਪਾਦਨ, ਪਟਕਥਾ ਜਾਂ ਸੰਗੀਤ? ਸ਼ਾਇਦ ਇਸ ਸਭ ਕੁਝ ਨੇ ਰਲ਼ ਕੇ ਜਾਂ ਇਸ ਤੋਂ ਵੀ ਕੁਝ ਵਧ ਕੇ ਇਸ ਨੂੰ ਸ਼ਾਹਕਾਰ ਬਣਾਇਆ ਸੀ। ਹਿੰਦੋਸਤਾਨ ਦੀ ਵੰਡ ਅਤੇ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਆਗਰਾ ਦੇ ਇੱਕ ਅਸ਼ਰਫ਼ੀ ਮੁਸਲਿਮ ਪਰਿਵਾਰ ਵਿਚ ਪੈਦੇ ਹੋਏ ਸੰਘਰਸ਼, ਦੁੱਖ ਅਤੇ ਮਾਯੂਸੀ ਦੇਸ਼ ਦੇ ਦੋ ਵੱਡੇ ਫਿਰਕਿਆਂ ਵਿਚਕਾਰ ਵਧ ਰਹੇ ਸਮਾਜਿਕ ਤਣਾਅ ਅਤੇ ਬੇਵਿਸਾਹੀ ਦੇ ਵਡੇਰੇ ਪ੍ਰਸੰਗ ਨੂੰ ਬਿਆਨ ਕਰਦੇ ਹਨ। ਇਸ ਸਭ ਕੁਝ ਨੂੰ ਇੰਨੀ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ ਹੈ ਕਿ ਇਸ ਫਿਲਮ ਨੂੰ ਦੇਸ਼ ਦੀ ਵੰਡ ਦੇ ਵਿਸ਼ਿਆਂ `ਤੇ ਬਣੀਆਂ ਬਿਹਤਰੀਨ ਫਿਲਮਾਂ `ਚੋਂ ਇੱਕ ਕਹਿਣਾ ਹੀ ਕਾਫ਼ੀ ਨਹੀਂ ਹੈ।
1974 ਵਿਚ ਲਿਖੇ ਇੱਕ ਹੋਰ ਪ੍ਰਭਾਵਸ਼ਾਲੀ ਲੇਖ ਵਿਚ ਰੇਅ ਨੇ ਆਪਣੇ ਮਖ਼ਸੂਸ ਅੰਦਾਜ਼ ਵਿਚ ‘ਗਰਮ ਹਵਾ` ਦਾ ਜ਼ਿਕਰ ਕਰਦਿਆਂ ਇਸ ਦੇ ਥੀਮ, ਮੁੱਖ ਪਾਤਰਾਂ ਦੀ ਅਦਾਕਾਰੀ ਅਤੇ ਹਦਾਇਤਕਾਰ ਐੱਮ.ਐੱਸ. ਸੱਥਿਊ (ਮੈਸੂਰ ਸ੍ਰੀਨਿਵਾਸ ਸੱਥਿਊ) ਦੇ ਠਰ੍ਹੰਮੇ ਦੀ ਦਾਦ ਦਿੰਦਿਆਂ ਇਸ ਨੂੰ ਮੁਕੰਮਲ ਰਚਨਾ ਕਰਾਰ ਦਿੱਤਾ ਸੀ। ਉਨ੍ਹਾਂ ਲਿਖਿਆ ਸੀ, “ਇਸ ਗੱਲ ਦੇ ਸਬੂਤ ਹਨ ਕਿ ਇਹ ਫਿਲਮ ਬਹੁਤ ਹੀ ਘੱਟ ਵਸੀਲਿਆਂ ਨਾਲ ਬਣਾਈ ਗਈ ਸੀ ਪਰ ਇਸ ਕਰ ਕੇ ਉਪਜੇ ਇਸ ਦੇ ਕੁਝ ਖਰ੍ਹਵੇਂ ਪੱਖਾਂ ਦੀ ਭਰਪਾਈ ਇਸ ਸਮੁੱਚੀ ਫਿਲਮ ਵਿਚ ਸਮੋਈ ਇਕਚਿਤ ਦਿਆਨਤਦਾਰੀ ਦੇ ਮਾਹੌਲ ਨੇ ਕਰ ਦਿੱਤੀ ਸੀ।” ਇਸਮਤ ਚੁਗਤਾਈ ਦੀ ਕਹਾਣੀ ਨੂੰ ਕੈਫ਼ੀ ਆਜ਼ਮੀ ਨੇ ਆਪਣੇ ਜ਼ਾਤੀ ਤਜਰਬੇ ਦੇ ਆਧਾਰ `ਤੇ ਸਜਾਇਆ ਸੀ ਅਤੇ ਇਸ ਫਿਲਮ ਵਿਚ ਬਦਲਦੇ ਸਮੇਂ ਵਿਚ ਖਿੰਡ-ਪੁੰਡ ਰਹੇ ਇੱਕ ਸੁਚੱਜੇ ਪਰਿਵਾਰ ਦੇ ਨਾਜ਼ੁਕ ਪਲ ਪਰੋਏ ਹਨ। ਫਿਲਮ ਵਿਚ ਸਲੀਮ ਮਿਰਜ਼ਾ ਦਾ ਪਾਤਰ ਬਲਰਾਜ ਸਾਹਨੀ ਨੇ ਨਿਭਾਇਆ ਹੈ ਜਿਸ ਦਾ ਖ਼ੁਦਾ `ਤੇ ਅਡਿੱਗ ਭਰੋਸਾ ਹੈ ਅਤੇ ਮਾਹੌਲ ਵਿਗੜ ਜਾਣ ਦੇ ਬਾਵਜੂਦ ਆਗਰਾ ਛੱਡ ਕੇ ਜਾਣਾ ਨਹੀਂ ਚਾਹੁੰਦਾ; ਉਸ ਦਾ ਭਰਾ ਅਤੇ ਮੁਸਲਿਮ ਲੀਗ ਦਾ ਨੇਤਾ ਹਲੀਮ ਚੁੱਪ-ਚਾਪ ਆਪਣੇ ਪੁੱਤਰ ਕਜ਼ੀਮ ਨਾਲ ਪਾਕਿਸਤਾਨ ਚਲਿਆ ਜਾਂਦਾ ਹੈ ਹਾਲਾਂਕਿ ਸਲੀਮ ਦੀ ਧੀ ਅਮੀਨਾ (ਗੀਤਾ ਸਿਧਾਰਥ) ਦਾ ਕਜ਼ੀਮ ਨਾਲ ਵਿਆਹ ਹੋਣਾ ਹੁੰਦਾ ਹੈ।
ਉਨ੍ਹਾਂ ਦਾ ਪੁਸ਼ਤੈਨੀ ਘਰ ਹਲੀਮ ਦੇ ਨਾਂ ਹੋਣ ਕਰ ਕੇ ਉਸ ਨੂੰ ‘ਔਕਾਫ਼ ਸੰਪਤੀ` ਐਲਾਨ ਦਿੱਤਾ ਜਾਂਦਾ ਹੈ। ਸਲੀਮ ਦੇ ਪਰਿਵਾਰ `ਤੇ ਮੁਸੀਬਤਾਂ ਦਾ ਪਹਾੜ ਟੁੱਟਣ ਕਰ ਕੇ ਉਨ੍ਹਾਂ ਨੂੰ ਛੋਟੇ ਘਰ ਵਿਚ ਤਬਦੀਲ ਹੋਣਾ ਪੈਂਦਾ ਹੈ, ਬੈਂਕ ਤੋਂ ਕਰਜ਼ਾ ਨਾ ਮਿਲਣ ਕਰ ਕੇ ਜੁੱਤਿਆਂ ਦਾ ਕਾਰੋਬਾਰ ਵੀ ਠੱਪ ਹੋ ਜਾਂਦਾ ਹੈ ਅਤੇ ਮੁਹੱਲੇ ਵਿਚ ਉਸ ਨੂੰ ਪਾਕਿਸਤਾਨੀ ਏਜੰਟ ਹੋਣ ਦੇ ਤਾਅਨੇ-ਮਿਹਣੇ ਸੁਣਨੇ ਪੈਂਦੇ ਹਨ। ਆਖ਼ਰ ਜਦੋਂ ਉਸ ਦੀ ਧੀ ਦੇ ਵਿਆਹ ਦੀਆਂ ਆਸਾਂ ਬਿਖਰ ਜਾਂਦੀਆਂ ਹਨ ਤਾਂ ਉਹ ਖ਼ੁਦਕੁਸ਼ੀ ਕਰ ਲੈਂਦੀ ਹੈ ਜਿਸ ਤੋਂ ਬਾਅਦ ਸਲੀਮ ਦਾ ਸਬਰ ਜਵਾਬ ਦੇ ਦਿੰਦਾ ਹੈ ਅਤੇ ਉਹ ਵੀ ਆਪਣੀ ਪਤਨੀ (ਸ਼ੌਕਤ ਆਜ਼ਮੀ) ਅਤੇ ਪੜ੍ਹਨ ਦੇ ਬਾਵਜੂਦ ਬੇਰੁਜ਼ਗਾਰ ਪੁੱਤਰ (ਫ਼ਾਰੂਕ ਸ਼ੇਖ) ਨਾਲ ਪਾਕਿਸਤਾਨ ਚਲੇ ਜਾਣ ਲਈ ਤਿਆਰ ਹੋ ਜਾਂਦਾ ਹੈ। ਰੇਲਵੇ ਸਟੇਸ਼ਨ ਵੱਲ ਜਾਂਦਿਆਂ ਉਹ ਰਾਹ ਵਿਚ ਪ੍ਰਗਤੀਸ਼ੀਲ ਧਿਰਾਂ ਵੱਲੋਂ ਕੱਢੇ ਜਾ ਰਹੇ ਪ੍ਰਦਰਸ਼ਨ ਨੂੰ ਦੇਖਦੇ ਹਨ ਜਿਸ ਵਿਚ ਇਨਸਾਫ਼ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਉਨ੍ਹਾਂ ਦੇ ਦਿਲ ਵਿਚ ਇੱਕ ਨਵੀਂ ਉਮੀਦ ਜਾਗ ਪੈਂਦੀ ਹੈ ਅਤੇ ਉਹ ਆਪਣਾ ਫ਼ੈਸਲਾ ਬਦਲ ਲੈਂਦੇ ਹਨ।
ਇਸ ਫਿਲਮ ਦੀ ਵੱਖਰੀ ਪਛਾਣ ਬਣੀ ਰਹੀ ਹੈ ਜਿਸ ਦੇ ਕਈ ਕਾਰਨ ਹਨ। ਪਹਿਲਾ ਇਹ ਕਿ ਇਸ ਵਿਚ ਮਾਯੂਸੀ ਤਾਂ ਹੈ ਪਰ ਕੁੜਿੱਤਣ ਨਹੀਂ ਹੈ ਅਤੇ ਫਿਲਮ ਵਿਚ ਕੋਈ ਖ਼ਲਨਾਇਕ ਨਹੀਂ ਦਿਖਾਇਆ ਗਿਆ, ਕਿਸੇ ਨੂੰ ਵੀ ਪੂਰੀ ਤਰ੍ਹਾਂ ਸਿਆਹ ਨਹੀਂ ਦਿਖਾਇਆ ਗਿਆ। ਕੋਈ ਮੰਨੇ ਭਾਵੇਂ ਨਾ ਪਰ ਇਸ ਫਿਲਮ `ਤੇ ਸਤਿਆਜੀਤ ਰੇਅ ਦੀ ਫਿਲਮਸਾਜ਼ੀ ਦਾ ਅਸਰ ਨਜ਼ਰ ਆਉਂਦਾ ਹੈ ਜਿਸ ਵਿਚ ਹਰ ਪੱਖ ਨੂੰ ਸੰਜਮ ਨਾਲ ਨਿਭਾਇਆ ਗਿਆ ਹੈ ਅਤੇ ਹਾਲਾਤ ਦੇ ਮਾਰੇ ਪਾਤਰ ਅਸਲੀਅਤ ਦੇ ਨੇੜੇ ਅਤੇ ਮਾਨਵੀ ਨਜ਼ਰ ਆਉਂਦੇ ਹਨ। ਮੈਸੂਰ ਸ੍ਰੀਨਿਵਾਸ ਸੱਥਿਊ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜਜ਼ਬਾਤ ਨੂੰ ਕਾਬੂ ਅਤੇ ਇਨ੍ਹਾਂ ਦਾ ਇਜ਼ਹਾਰ ਕਿਵੇਂ ਕਰਨਾ ਹੈ। ਨਾਟਕੀ ਅੰਸ਼ ਭਾਰੂ ਹੈ ਪਰ ਰੋਣ ਧੋਣ ਤੋਂ ਪ੍ਰਹੇਜ਼ ਰੱਖਿਆ ਗਿਆ ਹੈ। ਇਸ ਕਰ ਕੇ ਇਹ ਕਲਾਤਮਿਕ ਗੁਣਵੱਤਾ ਵਾਲੀ ਇੱਕ ਨਫ਼ੀਸ ਫਿਲਮ ਗਿਣੀ ਜਾਂਦੀ ਹੈ।
ਦੂਜਾ, ਇਹ ਕਾਰਜ ਇਨਸਾਨੀ ਨਿੱਘ ਨਾਲ ਭਰਿਆ ਹੋਇਆ ਹੈ। ਬੇਹੱਦ ਮੁਸ਼ਕਿਲ ਹਾਲਾਤ ਵਿਚ ਵੀ ਨਾਇਕ ਹਾਸਾ-ਠੱਠਾ ਕਰਦੇ ਹਨ, ਪ੍ਰੇਮ ਨਾਲ ਪੇਸ਼ ਆਉਂਦੇ ਤੇ ਆਨੰਦ ਲੈਂਦੇ ਹਨ। ਇੱਕ ਤੋਂ ਬਾਅਦ ਇੱਕ ਯਾਦਗਾਰੀ ਦ੍ਰਿਸ਼ `ਚ, ਜ਼ਿੰਦਗੀ ਦਾ ਤਮਾਸ਼ਾ ਆਪਣੇ ਸਾਰੇ ਰੰਗਾਂ ਨੂੰ ਪ੍ਰਗਟ ਕਰਦਾ ਹੈ ਤੇ ਵਿਸ਼ੇ ਨੂੰ ਭਰੋਸੇਯੋਗਤਾ ਅਤੇ ਸੁਹਜ ਨਾਲ ਭਰ ਦਿੰਦਾ ਹੈ। ਇਸ ਦਾ ਸਿਹਰਾ ਖੱਬੇ ਪੱਖੀ ਝੁਕਾਅ ਵਾਲੇ ਸੱਥਿਊ ਨੂੰ ਜਾਂਦਾ ਹੈ ਕਿ ਗੰਭੀਰ ਪ੍ਰਸੰਗ `ਚ ਫਿਲਮਾਈ ਫਿਲਮ ਨੂੰ ਉਪਦੇਸ਼ਾਤਮਕ ਜਾਂ ਕਿਸੇ ਤਰ੍ਹਾਂ ਦੇ ਪ੍ਰਚਾਰ ਦਾ ਮਾਧਿਅਮ ਨਹੀਂ ਬਣਨ ਦਿੱਤਾ ਗਿਆ। ਫਿਲਮ ਨੂੰ ਵਿਆਪਕ ਵਾਹ-ਵਾਹ ਮਿਲਣ ਦਾ ਇਹ ਇੱਕ ਕਾਰਨ ਸੀ। ਤੀਜਾ, ਸੱਥਿਊ ਵਪਾਰਕ ਕਲਾ ਦੇ ਸਭ ਤੋਂ ਵੱਡੇ ਰੂਪ ਵਜੋਂ ਸਿਨੇਮਾ ਦੀ ਸਮਰੱਥਾ ਨੂੰ ਜਾਣਦੇ ਸਨ ਤੇ ਉਨ੍ਹਾਂ ਇਸ ਗਿਆਨ ਨੂੰ ਫਿਲਮ ਦੇ ਹਿੱਤ `ਚ ਬਿਹਤਰੀਨ ਢੰਗ ਨਾਲ ਵਰਤਿਆ। ਹਰ ਅਦਾਕਾਰ ਦੀ ਸ਼ਾਨਦਾਰ ਪੇਸ਼ਕਾਰੀ, ਬਹਾਦੁਰ ਖ਼ਾਨ ਦੇ ਸ਼ਾਨਦਾਰ ਸੰਗੀਤ ਨਿਰਦੇਸ਼ਨ ਤੇ ਕੈਫੀ ਆਜ਼ਮੀ ਅਤੇ ਸ਼ਮ੍ਹਾ ਜ਼ੈਦੀ ਵੱਲੋਂ ਲਿਖੀ ਬੇਮਿਸਾਲ ਪਟਕਥਾ ਦੀ ਬਦੌਲਤ ਇਹ ਫਿਲਮ ਉਮੀਦ ਤੇ ਸੰਵੇਦਨਾ ਜਗਾਉਂਦੀ ਹੈ।
ਸਲੀਮ ਮਿਰਜ਼ਾ ਇਸ ਗੱਲ ਨੂੰ ਭਲੀਭਾਂਤ ਜਾਣਦਾ ਹੈ ਕਿ ਕਿਉਂ ਉਨ੍ਹਾਂ ਦੇ ਜੱਦੀ ਘਰ ਨੂੰ ‘ਸ਼ਰਨਾਰਥੀਆਂ ਦੀ ਸੰਪਤੀ` ਐਲਾਨਿਆ ਗਿਆ ਹੈ ਜਾਂ ਕਿਉਂ ਉਸ `ਤੇ ਪਾਕਿਸਤਾਨੀ ਜਾਸੂਸ ਹੋਣ ਦੇ ਦੋਸ਼ ਲਾਏ ਗਏ (ਮਗਰੋਂ ਬਰੀ ਕੀਤਾ ਗਿਆ) – ਇਸ ਦਾ ਵੱਡਾ ਕਾਰਨ ਉਸ ਦੀ ਬੇਪ੍ਰਵਾਹੀ ਤੇ ਸ਼ਾਲੀਨਤਾ ਸੀ। ਉਸ ਨੂੰ ਸਮਝ ਸੀ ਕਿ ਬੈਂਕਾਂ ਉਸ ਦੇ ਜੁੱਤਿਆਂ ਦੇ ਕਾਰੋਬਾਰ ਲਈ ਕਰਜ਼ਾ ਦੇਣ ਤੋਂ ਇਸ ਲਈ ਮਨ੍ਹਾ ਕਰ ਰਹੀਆਂ ਹਨ ਕਿਉਂਕਿ ਕਈ ਲੋਕ ਕਰਜ਼ਾ ਅਦਾ ਕੀਤੇ ਬਿਨਾਂ ਪਾਕਿਸਤਾਨ ਚਲੇ ਗਏ ਹਨ, ਤੇ ਦੋਵਾਂ ਫਿਰਕਿਆਂ ਵਿਚ ਹੀ ਚੰਗੇ ਤੇ ਮਾੜੇ ਤੱਤ ਮੌਜੂਦ ਹਨ। ਮਨੁੱਖੀ ਸੁਭਾਅ `ਚ ਉਨ੍ਹਾਂ ਦਾ ਇਹ ਵਿਸ਼ਵਾਸ ਬਹੁਤ ਪੱਕਾ ਸੀ। ਇਸ ਲਈ ਪਾਕਿਸਤਾਨ ਜਾਣ ਸਮੇਂ, ਥੋੜ੍ਹੀ ਜਿਹੀ ਉਮੀਦ ਜਾਗਣ `ਤੇ ਉਹ ਆਪਣੇ ਪੁੱਤਰ ਨਾਲ ਜਲੂਸ ਵਿਚ ਸ਼ਾਮਲ ਹੋ ਗਿਆ ਤੇ ਰੁਕਣ ਦਾ ਫ਼ੈਸਲਾ ਕਰ ਕੇ ਇੱਕ ਜਾਗਰੂਕ ਨਾਗਰਿਕ ਵਜੋਂ ਉਸ ਨੇ ਇਨਸਾਫ਼ ਤੇ ਸਾਂਝੇ ਹਿੱਤ ਲਈ ਸੰਘਰਸ਼ ਕਰਨ ਦਾ ਮਨ ਬਣਾ ਲਿਆ। ਇਹ ਸਾਰੇ ਕਾਰਕ ਮਿਲ ਕੇ ‘ਗਰਮ ਹਵਾ` ਨੂੰ ਭਾਰਤੀ ਸਿਨੇਮਾ `ਚ ਮੀਲ ਪੱਥਰ ਬਣਾਉਂਦੇ ਹਨ। ਸੈਂਸਰ ਬੋਰਡ ਨੇ ਕਈ ਮਹੀਨਿਆਂ ਤੱਕ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ, ਕੁਝ ਸੰਗਠਨਾਂ ਨੇ ਫਿਲਮ ਦੀ ਰਿਲੀਜ਼ ਖਿਲਾਫ਼ ਚਿਤਾਵਨੀਆਂ ਵੀ ਦਿੱਤੀਆਂ ਪਰ ਇਸ ਸਭ ਦੇ ਬਾਵਜੂਦ ਇਹ ਫਿਲਮ ਵੱਡੇ-ਵੱਡੇ ਮੁਕਾਬਲਿਆਂ ਵਿਚ ਨਾਮਜ਼ਦ ਹੋਈ ਤੇ ਇਸ ਨੇ ਕੌਮੀ ਏਕਤਾ `ਤੇ ਸਰਬੋਤਮ ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ। ਫਿਲਮ ਨੂੰ ਨਵੇਂ ਸਿਰਿਓਂ ਸਹੇਜ ਕੇ 2014 ਵਿਚ ਦੁਬਾਰਾ ਰਿਲੀਜ਼ ਕੀਤਾ ਗਿਆ ਤੇ ਅੱਜ ਵੀ ਲੋਕ ਇਸ ‘ਸ਼ਾਹਕਾਰ` ਫਿਲਮ `ਚ ਨਵੇਂ ਅਰਥ ਤਲਾਸ਼ਦੇ ਹਨ।
ਆਜ਼ਾਦੀ ਤੋਂ ਬਾਅਦ ਦਾ 1948 ਦਾ ਭਾਰਤ, 1974 ਦੇ ਐਮਰਜੈਂਸੀ ਤੋਂ ਪਹਿਲਾਂ ਦੇ ਭਾਰਤ ਨਾਲੋਂ ਵੱਖਰਾ ਸੀ ਤੇ ਅੱਜ ਦਾ ਭਾਰਤ ਅੱਧੀ ਸਦੀ ਤੋਂ ਪਹਿਲਾਂ ਦੇ ਭਾਰਤ ਨਾਲੋਂ ਬਹੁਤ ਅਲੱਗ ਹੈ ਪਰ ਫਿਲਮ ਦੀ ਕਲਾਤਮਕ ਸੁੰਦਰਤਾ ਤੇ ਪ੍ਰਸੰਗਕਤਾ ਫਿੱਕੀ ਨਹੀਂ ਪਈ ਕਿਉਂਕਿ ਸ਼ਾਇਦ ਫਿਰਕੂ ਸਦਭਾਵਨਾ, ਸਹਿਣਸ਼ੀਲਤਾ, ਸੁਲ੍ਹਾ ਤੇ ਸਮਾਜਿਕ ਬਰਾਬਰੀ ਨਾਲ ਜੁੜੇ ਸਵਾਲ ਅੱਜ ਵੀ ਕਾਫ਼ੀ ਢੁੱਕਵੇਂ ਹਨ। ‘ਗਰਮ ਹਵਾ` ਚੁੱਪ-ਚਾਪ ਸਾਨੂੰ ਆਪਣਾ ਆਪ ਪਰਖਣ ਲਈ ਕਹਿੰਦੀ ਹੈ। ਬਲਰਾਜ ਸਾਹਨੀ ਨੇ ਬਿਨਾਂ ਸ਼ੱਕ ਇਸ ਫਿਲਮ `ਚ ਆਪਣੀ ਬਿਹਤਰੀਨ ਪੇਸ਼ਕਾਰੀ ਦਿੱਤੀ। ਉਹ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਫ਼ੌਤ ਹੋ ਗਿਆ ਸੀ। ਚੰਗੇ ਭਾਗਾਂ ਨੂੰ ਨਿਰਦੇਸ਼ਕ ਸੱਥਿਊ (93) ਹਾਲੇ ਸਾਡੇ ਨਾਲ ਹਨ। ਕੀ ਸਾਨੂੰ ਕੌਮੀ ਪੱਧਰ `ਤੇ ਉਨ੍ਹਾਂ ਦਾ ਸਨਮਾਨ ਕਰ ਕੇ ‘ਗਰਮ ਹਵਾ` ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ?