ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਦੀ ‘ਹੀਰਾ ਮੰਡੀ’

ਕੁਦਰਤ ਕੌਰ
ਫਿਲਮ ਨਿਰਮਾਤਾ ਸੰਜੈ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ‘ਹੀਰਾ ਮੰਡੀ: ਦਿ ਡਾਇਮੰਡ ਬਾਜ਼ਾਰ` ਦਾ ਪ੍ਰੀਮੀਅਰ ਪਹਿਲੀ ਮਈ ਨੂੰ ਨੈੱਟਫਲਿਕਸ `ਤੇ ਹੋਵੇਗਾ। ਸੰਜੈ ਲੀਲਾ ਭੰਸਾਲੀ ਇਸ ਵੈੱਬ ਸੀਰੀਜ਼ ਜ਼ਰੀਏ ਡਿਜੀਟਲ ਪਲੇਟਫਾਰਮ `ਤੇ ਸ਼ੁਰੂਆਤ ਕਰ ਰਹੇ ਹਨ। ਦੱਖਣੀ ਮੁੰਬਈ ਵਿਚਲੇ ਮਹਾਲਕਸ਼ਮੀ ਰੇਸ ਕੋਰਸ ਵਿਚ ਡਰੋਨ ਲਾਈਟ ਸ਼ੋਅ ਦੌਰਾਨ ਉਨ੍ਹਾਂ ਵੈੱਬ ਸੀਰੀਜ਼ ਦੇ ਪ੍ਰੀਮੀਅਰ ਸ਼ੋਅ ਦੀ ਤਰੀਕ ਦਾ ਐਲਾਨ ਕੀਤਾ। ਇਸ ਮੌਕੇ ਵੈੱਬ ਸੀਰੀਜ਼ ਦੀ ਸਟਾਰ ਕਾਸਟ ਸਮੇਤ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਰਿਚਾ ਚੱਢਾ, ਸ਼ਰਮਿਨ ਸੇਗਲ, ਸੰਜੀਦਾ ਸ਼ੇਖ, ਭੰਸਾਲੀ ਪ੍ਰੋਡਕਸ਼ਨ ਦੀ ਸੀਈਓ ਪ੍ਰੇਰਨਾ ਸਿੰਘ ਅਤੇ ਨੈੱਟਫਲਿਕਸ ਇੰਡੀਆ ਦੀ ਸੀਰੀਜ਼ ਡਾਇਰੈਕਟਰ ਤਾਨਿਆ ਬਾਮੀ ਹਾਜ਼ਰ ਸਨ।

ਭੰਸਾਲੀ ਨੇ ਕਿਹਾ, “ਮੈਂ ‘ਹੀਰਾ ਮੰਡੀ: ਦਿ ਡਾਇਮੰਡ ਬਾਜ਼ਾਰ` ਦੀ ਦੁਨੀਆ ਨੂੰ ਨੈੱਟਫਲਿਕਸ `ਤੇ ਲਿਆਉਣ ਲਈ ਟੀਮ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਜਨੂੰਨ ਅਤੇ ਸਮਰਪਣ ਭਾਵਨਾ ਸਦਕਾ ਇਹ ਸੰਭਵ ਹੋਇਆ।” ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਕਿਹਾ, “ਸੰਜੈ ਸਰ ਅਤੇ ਮੈਂ ਕਈ ਸਾਲਾਂ ਤੋਂ ਮਿਲ ਕੇ ਕੰਮ ਕਰ ਰਹੇ ਹਾਂ, ਮੈਨੂੰ ਖੁਸ਼ੀ ਹੈ ਕਿ ਇਹ ਹੀਰਾ ਮੰਡੀ ਨਾਲ ਸੰਭਵ ਹੋਇਆ ਹੈ। ਉਹ ਜਿਸ ਤਰੀਕੇ ਨਾਲ ਔਰਤ ਨੂੰ ਪਰਦੇ `ਤੇ ਪੇਸ਼ ਕਰਦੇ ਹਨ, ਅਜਿਹਾ ਦੂਜਾ ਕੋਈ ਨਹੀਂ ਕਰ ਸਕਦਾ। ਉਨ੍ਹਾਂ ਦਾ ਵੱਖਰਾ ਨਜ਼ਰੀਆ ਹੁੰਦਾ ਹੈ।” ਇਸ ਵੈੱਬ ਸੀਰੀਜ਼ ਵਿਚ ਸੋਨਾਕਸ਼ੀ ਸਿਨਹਾ ਫਰੀਦਾਂ ਦੀ ਭੂਮਿਕਾ ਨਿਭਾਅ ਰਹੀ ਹੈ। ਉਸ ਨੇ ਇੰਸਟਾਗ੍ਰਾਮ `ਤੇ ਫਰੀਦਾਂ ਦੀ ਝਲਕ ਵੀ ਪੇਸ਼ ਕੀਤੀ।
‘ਹੀਰਾ ਮੰਡੀ’ ਬਣਾਉਣ ਬਾਰੇ ਐਲਾਨ ਅਪਰੈਲ 2021 ਵਿਚ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਸੰਜੈ ਲੀਲਾ ਭੰਸਾਲੀ ਨੇ ਇਸ ਪ੍ਰੋਜੈਕਟ ਬਾਰੇ 14 ਸਾਲ ਪਹਿਲਾਂ ਸੋਚਣਾ ਸ਼ੁਰੂ ਕੀਤਾ ਸੀ। ਇਹ ਸੀਰੀਜ਼ ਹੁਣ 8 ਭਾਗਾਂ ਵਿਚ ਦਿਖਾਈ ਜਾਵੇਗੀ। ਇਸ ਸੀਰੀਜ਼ ਦੀ ਸ਼ੂਟਿੰਗ ਜੂਨ 2022 ਵਿਚ ਆਰੰਭ ਹੋ ਗਈ ਸੀ ਪਰ ਇਸ ਬਾਰੇ ਮੀਡੀਆ ਨੂੰ ਖਬਰ ਪਿਛਲੇ ਸਾਲ ਜੂਨ ਵਿਚ ਹੀ ਦਿੱਤੀ ਗਈ। ‘ਬੌਲੀਵੁੱਡ ਹੰਗਾਮਾ’ ਨੇ ਰਿਪੋਰਟ ਕੀਤਾ ਹੇ ਕਿ ਇਸ ਸੀਰੀਜ਼ ਦਾ ਪਾਇਲਟ ਐਪੀਸੋਡ ਖੁਦ ਸੰਜੈ ਲੀਲਾ ਭੰਸਾਲੀ ਨੇ ਨਿਰਦੇਸ਼ਤ ਕੀਤਾ ਹੈ; ਬਾਕੀ ਸਾਰੇ ਐਪੀਸੋਡ ਮਿਤਕਸ਼ਾਰਾ ਕੁਮਾਰ ਦੀ ਨਿਰਦੇਸ਼ਨਾ ਹੇਠ ਬਣੇ ਹਨ। ਉਸ ਨੇ ਸੰਜੈ ਲੀਲਾ ਭੰਸਾਲੀ ਨਾਲ ‘ਬਾਜੀਰਾਓ ਮਸਤਾਨੀ’ ਅਤੇ ‘ਪਦਮਾਵਤ’ ਫਿਲਮਾਂ ਵਿਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੈ ਲੀਲਾ ਭੰਸਾਲੀ ਦਾ ਇਹ ਵਿਸ਼ਾਲ ਪ੍ਰੋਜੈਕਟ ‘ਮਦਰ ਇੰਡੀਆ’(1957), ‘ਮੁਗਲੇ-ਏ-ਆਜ਼ਮ’ (1960) ਅਤੇ ‘ਪਾਕੀਜ਼ਾ’ (1972) ਫਿਲਮਾਂ ਨੂੰ ਸਮਰਪਤ ਕੀਤਾ ਗਿਆ ਹੈ।
ਇਸ ਸੀਰੀਜ਼ ਦਾ ਟੀਜਰ ਫਰਵਰੀ ਮਹੀਨੇ ਰਿਲੀਜ਼ ਕੀਤਾ ਗਿਆ ਅਤੇ ਇਹ ਸੀਰੀਜ਼ ਹੁਣ ਪਹਿਲੀ ਮਈ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਸੀਰੀਜ਼ ਦੀ ਕਹਾਣੀ ਦਾ ਸਮਾਂ 1940ਵਿਆਂ ਦਾ ਹੈ ਜਦੋਂ ਹਿੰਦੁਸਤਾਨ ਵਿਚ ਆਜ਼ਾਦੀ ਦੀ ਲਹਿਰ ਪ੍ਰਚੰਡ ਰੂਪ ਵਿਚ ਚੱਲ ਰਹੀ ਸੀ। ਇਹ ਸੀਰੀਜ਼ ਲਾਹੌਰ ਦੀ ਹੀਰਾ ਮੰਡੀ ਨਾਲ ਸਬੰਧਿਤ ਤਵਾਇਫਾਂ ਦੀ ਜ਼ਿੰਦਗੀ ‘ਤੇ ਆਧਾਰਿਤ ਹੈ।
ਸੰਜੈ ਲੀਲਾ ਭੰਸਾਲੀ ਵੱਡੀਆਂ ਅਤੇ ਵਿਰਾਟ ਫਿਲਮਾਂ ਬਣਾਉਣ ਲਈ ਮਸ਼ਹੂਰ ਹਨ। ਇਸ ਪੱਖੋਂ ਉਸ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਉਹ ‘ਖਾਮੋਸ਼ੀ’, ‘ਦੇਵਦਾਸ’, ‘ਬਲੈਕ’, ‘ਸਾਂਵਰੀਆ’, ‘ਗੋਲੀਓਂ ਕੀ ਰਾਸਲੀਲਾ: ਰਾਮਲੀਲਾ’, ‘ਮੇਰੀ ਕੌਮ’, ‘ਬਾਜੀਰਾਓ ਮਸਤਾਨੀ’, ‘ਲਾਲ ਇਸ਼ਕ’, ‘ਪਦਮਾਵਤ’, ‘ਗੰਗੂਬਾਈ ਕਾਠੀਆਵਾੜੀ’ ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਆਪਣੇ ਉਮਦਾ ਕੰਮ ਕਰ ਕੇ ਉਸ ਦੀਆਂ ਫਿਲਮਾਂ 7 ਵਾਰ ਕੌਮੀ ਅਤੇ 12 ਵਾਰ ਫਿਲਮਫੇਅਰ ਇਨਾਮ ਜਿੱਤ ਚੁੱਕੀਆਂ ਹਨ। ਇਨ੍ਹਾਂ ਵਿਚੋਂ 5 ਵਾਰ ਤਾਂ ਉਹ ਸਰਵੋਤਮ ਡਾਇਰੈਕਟਰ ਦਾ ਫਿਲਮਫੇਅਰ ਇਨਾਮ ਜਿੱਤ ਚੁੱਕੇ ਹਨ। ਸਾਲ 2015 ਵਿਚ ਭਾਰਤ ਸਰਕਾਰ ਨੇ ਉਸ ਨੂੰ ਪਦਮ ਸ੍ਰੀ ਖਿਤਾਬ ਨਾਲ ਨਵਾਜਿਆ।
ਬਤੌਰ ਡਾਇਰੈਕਟਰ ‘ਖਾਮੋਸ਼ੀ’ ਸੰਜੈ ਲੀਲਾ ਭੰਸਾਲੀ ਦੀ ਪਹਿਲੀ ਫਿਲਮ ਸੀ। ਇਹ ਫਿਲਮ 1996 ਵਿਚ ਆਈ ਸੀ ਅਤੇ ਇਸ ਫਿਲਮ ਵਿਚ ਮਨੀਸ਼ਾ ਕੋਇਰਾਲਾ, ਨਾਨਾ ਪਾਟੇਕਰ, ਸਲਮਾਨ ਖਾਨ, ਸੀਮਾ ਬਿਸਵਾਸ, ਹੈਲਨ, ਰਘੁਬੀਰ ਯਾਦਵ ਆਦਿ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਸਨ ਅਤੇ ਇਸ ਫਿਲਮ ਦੀ ਖੂਬ ਚਰਚਾ ਹੋਈ ਸੀ।