ਚੋਣ ਜ਼ਾਬਤਾ: ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਬਰੇਕਾਂ

ਚੰਡੀਗੜ੍ਹ: ਪੰਜਾਬ ਵਿਚ ਚੋਣ ਜ਼ਾਬਤਾ ਲੱਗਣ ਕਰ ਕੇ ‘ਮੁੱਖ ਮੰਤਰੀ ਤੀਰਥ ਯਾਤਰਾ` ਸਕੀਮ ਨੂੰ ਤੁਰੰਤ ਬਰੇਕਾਂ ਲੱਗ ਗਈਆਂ ਹਨ। ਟਰਾਂਸਪੋਰਟ ਵਿਭਾਗ ਨੇ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਤੀਰਥ ਯਾਤਰਾ ਸਕੀਮ ਨੂੰ ਫਿਲਹਾਲ ਰੋਕ ਦਿੱਤਾ ਹੈ।

ਸੂਬੇ ਦੇ ਹਰ ਹਲਕੇ ਵਿਚੋਂ ਵੱਡੀ ਗਿਣਤੀ ਵਿਚ ਲੋਕ ਇਸ ਸਕੀਮ ਤਹਿਤ ਤੀਰਥ ਯਾਤਰਾ ਕਰ ਚੁੱਕੇ ਹਨ। ਹਰ ਵਿਧਾਨ ਸਭਾ ਹਲਕੇ ਵਿਚੋਂ ਪਹਿਲਾਂ ਰੋਜ਼ਾਨਾ 12 ਬੱਸਾਂ ਤੀਰਥ ਯਾਤਰਾ ਲਈ ਯਾਤਰੀਆਂ ਨੂੰ ਲੈ ਕੇ ਜਾਂਦੀਆਂ ਸਨ। ਕੇਂਦਰ ਸਰਕਾਰ ਨੇ ਤੀਰਥ ਯਾਤਰਾ ਲਈ ਰੇਲ ਗੱਡੀਆਂ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਤੀਰਥ ਯਾਤਰਾ ਸਕੀਮ ਤਹਿਤ ਪਹਿਲੀ ਰੇਲ ਗੱਡੀ ਨੂੰ 27 ਨਵੰਬਰ 2023 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਸ ਮਗਰੋਂ ਕੇਂਦਰ ਨੇ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰ ਦਿੱਤਾ, ਇਸ ਕਰ ਕੇ ਤੀਰਥ ਯਾਤਰਾ ਸਕੀਮ ਤਹਿਤ ਯਾਤਰੀਆਂ ਨੂੰ ਬੱਸਾਂ ਜ਼ਰੀਏ ਸੂਬੇ ਅੰਦਰਲੇ ਧਾਰਮਿਕ ਸਥਾਨਾਂ ਅਤੇ ਦੂਸਰੇ ਸੂਬਿਆਂ ‘ਚ ਪੈਂਦੇ ਧਾਰਮਿਕ ਸਥਾਨਾਂ ‘ਤੇ ਲਿਜਾਇਆ ਜਾ ਰਿਹਾ ਸੀ। ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਕਰਕੇ ਤੀਰਥ ਯਾਤਰਾ ਸਕੀਮ ਨੂੰ ਰੋਕ ਦਿੱਤਾ ਗਿਆ ਹੈ।
‘ਆਪ‘ ਸਰਕਾਰ ਵੱਲੋਂ ਅਗਲੇ ਵਿੱਤੀ ਵਰ੍ਹੇ 2024-25 ਲਈ ਤੀਰਥ ਯਾਤਰਾ ਸਕੀਮ ਲਈ 25 ਕਰੋੜ ਦਾ ਬਜਟ ਰੱਖਿਆ ਗਿਆ ਹੈ ਜਦੋਂ ਕਿ ਸਾਲ 2023-24 ਲਈ ਇਸ ਸਕੀਮ ਤਹਿਤ 40 ਕਰੋੜ ਦਾ ਬਜਟ ਰੱਖਿਆ ਗਿਆ ਸੀ। ਪੰਜਾਬ ਸਰਕਾਰ ਵੱਲੋਂ ਚੋਣਾਂ ਦਾ ਕੰਮ ਮੁਕੰਮਲ ਹੋਣ ਮਗਰੋਂ ਮੁੜ ਇਹ ਸਕੀਮ ਸ਼ੁਰੂ ਕੀਤੀ ਜਾਵੇਗੀ ਕਿਉਂਕਿ ਲੋਕ ਸਭਾ ਚੋਣਾਂ ਮਗਰੋਂ ਪੰਚਾਇਤ ਚੋਣਾਂ ਤੇ ਨਗਰ ਕੌਂਸਲ ਚੋਣਾਂ ਕਰਾਏ ਜਾਣ ਦੀ ਸੰਭਾਵਨਾ ਹੈ।
ਉਮੀਦਵਾਰਾਂ ਨੂੰ ਪੁਲਿਸ ਕੇਸ ਬਾਰੇ ਇਸ਼ਤਿਹਾਰ ਦੇਣਾ ਪਵੇਗਾ
ਪਟਿਆਲਾ: ਉਮੀਦਵਾਰ ਨੂੰ ਆਪਣੇ ਵਿਰੁੱਧ ਦਰਜ ਪੁਲਿਸ ਕੇਸਾਂ ਬਾਰੇ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ‘ਚ ਤਿੰਨ ਵਾਰ ਇਸ਼ਤਿਹਾਰ ਦੇਣਾ ਪਵੇਗਾ। ਇਹ ਗੱਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਚੋਣ ਜ਼ਾਬਤੇ ਬਾਰੇ ਜਾਣੂ ਕਰਾਉਣ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਉਮੀਦਵਾਰ ਨੂੰ ਚੋਣ ਖ਼ਰਚੇ ਦੀ ਸੀਮਾ ਦਾ ਲੇਖਾ ਜੋਖਾ ਵੀ ਰੱਖਣਾ ਪਵੇਗਾ।