ਭਾਜਪਾ ਦੀ ਪੰਜਵੀਂ ਸੂਚੀ `ਚ 111 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੋਕ ਸਭਾ ਚੋਣਾਂ ਲਈ 111 ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਕੇ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਵੀਕੇ ਸਿੰਘ ਦੀ ਥਾਂ ਗਾਜ਼ੀਆਬਾਦ ਤੋਂ ਸਥਾਨਕ ਵਿਧਾਇਕ ਅਤੁਲ ਗਰਗ ਨੂੰ ਟਿਕਟ ਦਿੱਤਾ ਹੈ ਜਦਕਿ ਬਿਹਾਰ ਦੇ ਬਕਸਰ ਤੋਂ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦਾ ਟਿਕਟ ਕੱਟ ਕੇ ਮਿਥਲੇਸ਼ ਤਿਵਾੜੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਪੀਲੀਭੀਤ ਤੋਂ ਮੌਜੂਦਾ ਸੰਸਦ ਮੈਂਬਰ ਵਰੁਣ ਗਾਂਧੀ ਦਾ ਟਿਕਟ ਕੱਟ ਕੇ ਜਿਤਿਨ ਪ੍ਰਸਾਦ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੂਜੇ ਪਾਸੇ ਵਰੁਣ ਦੀ ਮਾਂ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਮੁੜ ਟਿਕਟ ਨਾਲ ਨਿਵਾਜਿਆ ਗਿਆ ਹੈ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਓੜੀਸਾ ਦੇ ਸੰਭਲਪੁਰ ਤੋਂ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਵਲੋਂ ਪੰਜਵੀਂ ਸੂਚੀ ਵਿਚ ਬੌਲੀਵੁਡ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਟਿਕਟ ਦਿੱਤਾ ਗਿਆ ਹੈ। ਭਾਜਪਾ ਵਿਚ ਕੁਝ ਸਮਾਂ ਪਹਿਲਾਂ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਕੁਰੂਕਸ਼ੇਤਰ ਤੋਂ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਇਕ ਵਾਰ ਮੁੜ ਬੇਗੂਸਰਾਏ ਤੋਂ ਚੋਣ ਲੜਨਗੇ। ਦੂਜੇ ਪਾਸੇ ਬਿਹਾਰ ਨਾਲ ਸਬੰਧਤ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਉਜਿਆਰਪੁਰ ਤੋਂ ਜਦਕਿ ਆਰ ਕੇ ਸਿੰਘ ਆਰਾ ਤੋੋਂ, ਰਾਮਕ੍ਰਿਪਾਲ ਯਾਦਵ ਪਾਟਲੀਪੁੱਤਰ ਤੋਂ ਚੋਣ ਲੜਨਗੇ। ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਮੁੜ ਪਟਨਾ ਸਾਹਿਬ ਤੇ ਸੁਸ਼ੀਲ ਕੁਮਾਰ ਸਿੰਘ ਨੂੰ ਔਰੰਗਾਬਾਦ ਤੋਂ ਟਿਕਟ ਦਿੱਤਾ ਗਿਆ ਹੈ। ਰਾਜ ਸਭਾ ਮੈਂਬਰ ਵਿਵੇਕ ਠਾਕੁਰ ਨੂੰ ਨਵਾਦਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਰਾਧਾਮੋਹਨ ਸਿੰਘ ਪੂਰਬੀ ਚੰਪਾਰਨ ਤੋਂ ਚੋਣ ਲੜਨਗੇ। ਭਾਜਪਾ ਨੇ ਝਾਰਖੰਡ ਦੇ ਦੁਮਕਾ ਤੋਂ ਸੀਤਾ ਸੋਰੇਨ ਨੂੰ ਟਿਕਟ ਦਿੱਤਾ ਹੈ। ਉਹ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਹੈ ਤੇ ਕੁਝ ਦਿਨ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਸਨ। ਭਾਜਪਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖਿਲਾਫ਼ ਵਾਇਨਾਡ ਸੀਟ ਤੋਂ ਕੇਰਲ ਇਕਾਈ ਦੇ ਸਾਬਕਾ ਪ੍ਰਧਾਨ ਸੁਰੇਂਦਰਨ ਨੂੰ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਹੁਣ ਤਕ ਲੋਕ ਸਭਾ ਦੇ 291 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।