ਵੈਨਕੂਵਰ: ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਸੀਮਤ ਕਰਨ ਤੋਂ ਬਾਅਦ ਕੈਨੇਡਾ ਸਰਕਾਰ ਕੱਚੇ ਵਿਦੇਸ਼ੀ ਕਾਮਿਆਂ ਦੀ ਗਿਣਤੀ ‘ਚ ਵੱਡੀ ਕਟੌਤੀ ਕਰ ਰਹੀ ਹੈ। ਇਸ ਮੌਕੇ ਇਥੇ ਅਸਥਾਈ ਤੌਰ ‘ਤੇ ਰਹਿੰਦੇ 25 ਲੱਖ ਵਿਦੇਸ਼ੀਆਂ (ਟੀ.ਆਰ) ਦੀ ਗਿਣਤੀ ਨੂੰ ਆਉਂਦੇ ਸਤੰਬਰ ਤੱਕ ਘਟਾ ਕੇ 20 ਲੱਖ ਕੀਤਾ ਜਾਏਗਾ।
ਆਵਾਸ ਮੰਤਰੀ ਮਾਈਕ ਮਿਲਰ ਨੇ ਵਿਭਾਗ ਵੱਲੋਂ ਲਏ ਫੈਸਲੇ ਬਾਰੇ ਦੱਸਿਆ ਕਿ ਸਰਕਾਰ ਆਵਾਸ ਨਿਯਮਾਂ ਵਿਚਲੀਆਂ ਚੋਰ ਮੋਰੀਆਂ ਰਾਹੀਂ ਬੇਈਮਾਨ ਲੋਕਾਂ ਵੱਲੋਂ ਕੀਤੇ ਜਾਂਦੇ ਕਾਲੇ ਧੰਦੇ ਬੰਦ ਕਰਨਾ ਚਾਹੁੰਦੀ ਹੈ, ਜਿਸ ਲਈ ਸਖਤ ਫੈਸਲੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੰਤਰੀ ਨੇ ਕਿਹਾ ਦੇਸ਼ ‘ਚ ਕੁੱਲ ਆਬਾਦੀ ਦਾ ਸਵਾ 6 ਫੀਸਦ ਕੱਚੇ ਕਾਮੇ ਹਨ, ਜਿਸ ਨੂੰ ਘਟਾ ਕੇ ਸਤੰਬਰ ਤੱਕ 5 ਫੀਸਦ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਵਪਾਰਕ ਅਦਾਰਿਆਂ ਨੂੰ 30 ਫੀਸਦ ਕੱਚੇ ਵਿਦੇਸ਼ੀ ਕਾਮੇ ਸੱਦਣ ਦੀ ਛੋਟ ਹੁਣ 20 ਫੀਸਦ ਹੋਵੇਗੀ। ਆਵਾਸ ਮੰਤਰੀ ਦੇ ਨਾਲ ਬੈਠੀ ਰੁਜ਼ਗਾਰ ਮੰਤਰੀ ਰੈਂਡੀ ਬੋਇਸਨੌਲਟ ਨੇ ਇਸ 10 ਫੀਸਦ ਦੇ ਤੋੜ ਦਾ ਬਦਲ ਸੁਝਾਉਂਦਿਆਂ ਦੱਸਿਆ ਕਿ ਵਪਾਰਕ ਅਦਾਰੇ ਹੁਣ ਦੇਸ਼ ‘ਚ ਪਨਾਹ ਮੰਗਣ ਵਾਲਿਆਂ ਨੂੰ ਕੰਮ ‘ਤੇ ਰੱਖ ਸਕਣਗੇ ਤੇ ਉਨ੍ਹਾਂ ਪਨਾਹੀਆਂ ਲਈ ਕੰਮ ਦਾ ਉਹ ਤਜਰਬਾ ਉਨ੍ਹਾਂ ਦੇ ਪੱਕੇ ਹੋਣ ਵਿਚ ਸਹਾਈ ਹੋਵੇਗਾ। ਮਿਲਰ ਨੇ ਸਪਸ਼ਟ ਕੀਤਾ ਕਿ ਸਿਸਟਮ ਨੂੰ ਵਿਦੇਸ਼ੀ ਕੱਚੇ ਕਾਮਿਆਂ ਦੀ ਨਿਰਭਰਤਾ ‘ਚੋਂ ਉਭਾਰਨ ਲਈ ਕਾਰਜਕੁਸ਼ਲ ਤੇ ਸਵੈ-ਨਿਰਭਰ ਬਣਾਉਣਾ ਸਮੇਂ ਦੀ ਲੋੜ ਹੈ, ਜਿਸ ਕਾਰਨ ਸਖਤ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ‘ਚ ਉਹ ਸੂਬਾਈ ਸਰਕਾਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਲੋੜਾਂ ਸਮਝਣਗੇ ਤੇ ਆਵਾਸ ਨੀਤੀਆਂ ਨੂੰ ਹੋਰ ਕਾਰਜ ਕੁਸ਼ਲ ਬਣਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਦੇਸ਼ੀਆਂ ਦੀ ਆਮਦ ਉਤੇ ਇਹ ਪਾਬੰਦੀਆਂ ਪਹਿਲੀ ਮਈ ਤੋਂ ਲਾਗੂ ਹੋਣਗੀਆਂ ਤੇ ਸਤੰਬਰ ਤੱਕ ਗਿਣਤੀ ਘਟਾ ਲਈ ਜਾਏਗੀ। ਇਹ ਫੈਸਲਾ ਤਿੰਨ ਸਾਲ ਤੱਕ ਲਾਗੂ ਰਹੇਗਾ।