ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਹ ਪੰਜਾਬ ਵਿਚ ’13-0‘ ਕਰਨਗੇ। ਹਾਲਾਂਕਿ ਪੁਰਾਣੇ ਰੁਝਾਨ ਨੂੰ ਮੋੜਾ ਦੇਣਾ ‘ਆਪ‘ ਲਈ ਔਖਾ ਜਾਪਦਾ ਹੈ। ਲੋਕ ਸਭਾ ਚੋਣਾਂ ਦੇ ਅਤੀਤ ਦੇ ਨਤੀਜੇ ਦੇਖਿਆਂ ਇਹ ਗੱਲ ਸਾਫ ਨਜ਼ਰ ਆਉਂਦੀ ਹੈ ਕਿ ਕੋਈ ਵੀ ਸਿਆਸੀ ਧਿਰ ਚੋਣ ਨਤੀਜਿਆਂ ਬਾਰੇ ਅਗਾਊਂ ਅੰਦਾਜ਼ੇ ਨਹੀਂ ਲਾ ਸਕਦੀ। ਤੱਥਾਂ ਅਨੁਸਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਸੂਬੇ ‘ਚ ਕਾਂਗਰਸ ਸਰਕਾਰ ਸੀ ਤੇ ਉਸ ਸਮੇਂ ਸੱਤਾਧਾਰੀ ਧਿਰ ਨੂੰ ਅੱਠ ਸੀਟਾਂ ਮਿਲੀਆਂ।
ਦੂਸਰਾ ਪਾਸਾ ਦੇਖੀਏ ਕਿ ਜਦੋਂ 2004 ਵਿਚ ਕਾਂਗਰਸੀ ਰਾਜ ਭਾਗ ਦੌਰਾਨ ਲੋਕ ਸਭਾ ਦੇ ਨਤੀਜੇ ਆਏ ਤਾਂ ਸੱਤਾਧਾਰੀ ਧਿਰ ਨੂੰ ਸਿਰਫ਼ ਦੋ ਸੀਟਾਂ ਹਾਸਲ ਹੋਈਆਂ। ਇਵੇਂ ਪੰਜਾਬ ‘ਚ ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਤਾਂ ਉਦੋਂ ਸੱਤਾਧਾਰੀ ਧਿਰ ਨੂੰ ਸਾਲ 2014 ਵਿਚ ਚਾਰ ਸੀਟਾਂ ਅਤੇ ਸਾਲ 2009 ਵਿਚ ਵੀ ਚਾਰ ਸੀਟਾਂ ਹੀ ਮਿਲੀਆਂ ਸਨ। 2019 ਵਿਚ ਕਾਂਗਰਸੀ ਹਕੂਮਤ ਸਮੇਂ ਅਕਾਲੀ ਦਲ ਦੋ ਸੀਟਾਂ ਤੱਕ ਹੀ ਸੀਮਤ ਰਹਿ ਗਿਆ। ਪੰਜਾਬ ਦੇ ਵੋਟਰ ਨੇ ਕਦੇ ਵੀ ਸੱਤਾਧਾਰੀ ਧਿਰ ਨੂੰ ਵੋਟਾਂ ਦੀ ਪੱਕੀ ਗਾਰੰਟੀ ਨਹੀਂ ਦਿੱਤੀ। ਰਾਜਸੀ ਰੁਝਾਨ ਦੇਖੀਏ ਤਾਂ ਸਾਲ 1996 ਤੋਂ ਬਾਅਦ ਕਾਂਗਰਸ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਦੋ ਦਫਾ ਸਾਲ 1999 ਅਤੇ ਸਾਲ 2009 ਵਿਚ ਅੱਠ ਅੱਠ ਸੀਟਾਂ ਜਿੱਤੀਆਂ ਹਨ। ਅਕਾਲੀ ਦਲ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ ਸਾਲ 1996 ਅਤੇ ਸਾਲ 1998 ਵਿਚ ਅੱਠ-ਅੱਠ ਸੀਟਾਂ ਅਤੇ ਮੁੜ ਸਾਲ 2004 ਵਿਚ ਵੀ ਅੱਠ ਸੀਟਾਂ ਜਿੱਤਿਆਂ ਹਨ।
ਅਗਾਂਹ ਦੇਖੀਏ ਤਾਂ ਸਾਲ 1996 ਤੋਂ ਵਰ੍ਹਾ 2019 ਤੱਕ ਲੋਕ ਸਭਾ ਦੀਆਂ ਸੱਤ ਚੋਣਾਂ ਹੋਈਆਂ ਹਨ। ਇਨ੍ਹਾਂ ਸੱਤ ਚੋਣਾਂ ਚੋਂ ਅਕਾਲੀ ਦਲ ਨੇ ਚਾਰ ਵਾਰ ਵੱਧ ਸੀਟਾਂ ਹਾਸਲ ਕੀਤੀਆਂ ਹਨ ਜਦਕਿ ਕਾਂਗਰਸ ਨੇ ਤਿੰਨ ਵਾਰ ਵੱਧ ਸੀਟਾਂ ਪ੍ਰਾਪਤ ਕੀਤੀਆਂ ਹਨ। ਕਿਸੇ ਸਿਆਸੀ ਧਿਰ ਨੂੰ ਇਨ੍ਹਾਂ ਸੱਤ ਚੋਣਾਂ ਦੌਰਾਨ ਵੱਧ ਤੋਂ ਵੱਧ ਅੱਠ ਸੀਟਾਂ ਮਿਲੀਆਂ ਹਨ। ‘ਆਪ` ਨੂੰ 2014 ਵਿਚ ਪਹਿਲੀ ਵਾਰ ਚਾਰ ਸੀਟਾਂ ਪ੍ਰਾਪਤ ਹੋਈਆਂ ਸਨ ਜਦਕਿ ਸਾਲ 2019 ਵਿਚ ਇਕੱਲੀ ਸੰਗਰੂਰ ਲੋਕ ਸਭਾ ਸੀਟ ਤੋਂ ਭਗਵੰਤ ਮਾਨ ਨੇ ਜਿੱਤ ਪ੍ਰਾਪਤ ਕੀਤੀ ਸੀ।
ਭਾਜਪਾ ਨੂੰ ਅਕਾਲੀ ਦਲ ਨਾਲ ਗੱਠਜੋੜ ਦੇ ਹੁੰਦੇ ਹੋਏ ਸਾਲ 1998 ਅਤੇ ਸਾਲ 2004 ਵਿਚ ਤਿੰਨ-ਤਿੰਨ ਸੀਟਾਂ ‘ਤੇ ਜਿੱਤ ਹਾਸਲ ਹੋਈ ਜਦਕਿ ਸਾਲ 1999 ਅਤੇ ਸਾਲ 2009 ਵਿਚ ਸਿਰਫ ਇੱਕ-ਇੱਕ ਸੀਟ ‘ਤੇ ਹੀ ਸਬਰ ਕਰਨਾ ਪਿਆ। ਪਿਛਲੀ 2019 ਅਤੇ ਸਾਲ 2014 ਵਾਲੀ ਚੋਣ ਵਿਚ ਭਾਜਪਾ ਨੂੰ ਕੇਵਲ ਦੋ ਦੋ ਸੀਟਾਂ ਪ੍ਰਾਪਤ ਹੋਈਆਂ। ਪੰਜਾਬੀ ਸੂਬਾ ਬਣਨ ਮਗਰੋਂ ਸਾਲ 1991 ਵਿਚ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇ ਸਭ ਤੋਂ ਵੱਧ 12 ਸੀਟਾਂ ਜਿੱਤੀਆਂ ਸਨ ਤੇ ਇਸੇ ਤਰ੍ਹਾਂ 1980 ਵਿਚ ਮੁੜ ਇੰਦਰਾ ਗਾਂਧੀ ਦਾ ਉਭਾਰ ਹੋਇਆ ਤਾਂ ਉਸ ਵਕਤ ਵੀ 12 ਸੀਟਾਂ ਪ੍ਰਾਪਤ ਹੋਈਆਂ ਸਨ। ਸਾਲ 1957 ਵਿਚ ਕਾਂਗਰਸ ਨੇ ਸਾਂਝੇ ਪੰਜਾਬ ਵੇਲੇ ਕੁੱਲ 22 ਸੀਟਾਂ ‘ਚੋਂ 21 ਸੀਟਾਂ ਜਿੱਤੀਆਂ ਸਨ ਅਤੇ ਇੱਕ ਸੀਟ ਸੀ.ਪੀ.ਆਈ. ਦੇ ਹਿੱਸੇ ਆਈ ਸੀ। ਪਹਿਲੀਆਂ ਆਮ ਚੋਣਾਂ ਵਿਚ ਸਾਲ 1952 ਵਿਚ ਕੁੱਲ 16 ਸੀਟਾਂ ਜਿੱਤੀਆਂ ਸਨ।
ਬਹੁਜਨ ਸਮਾਜ ਪਾਰਟੀ ਦੀ ਤਿੰਨ ਲੋਕ ਸਭਾ ਚੋਣਾਂ ਹੀ ਕਾਰਗੁਜ਼ਾਰੀ ਠੀਕ ਰਹੀ ਹੈ ਜਿਨ੍ਹਾਂ ‘ਚੋਂ ਸਾਲ 1989 ਅਤੇ ਸਾਲ 1991 ਦੀਆਂ ਚੋਣਾਂ ਵਿਚ ਬਸਪਾ ਨੇ ਇੱਕ ਇੱਕ ਸੀਟ ਜਿੱਤੀ ਜਦਕਿ ਸਾਲ 1996 ਵਿਚ ਬਸਪਾ ਨੇ ਤਿੰਨ ਸੀਟਾਂ ਜਿੱਤੀਆਂ ਸਨ। ਅਕਾਲੀ ਦਲ (ਮਾਨ) ਨੇ ਸਾਲ 1989 ਵਿਚ ਸਭ ਤੋਂ ਵੱਧ ਛੇ ਸੀਟਾਂ ਜਿੱਤੀਆਂ ਸਨ ਤੇ ਸਾਲ 1999 ਵਿਚ ਇਕ ਸੀਟ ਜਿੱਤੀ ਸੀ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਦੀ ਜ਼ਿਮਨੀ ਚੋਣ ਵੀ ਜਿੱਤੀ ਹੈ। ਆਜ਼ਾਦ ਉਮੀਦਵਾਰ ਸਾਲ 1952 ਤੋਂ ਹੁਣ ਤੱਕ ਸਿਰਫ ਦੋ ਵਾਰ ਹੀ ਕਾਮਯਾਬ ਹੋਏ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਤਿੰਨ ਵਾਰ ਉਮੀਦਵਾਰ ਜਿੱਤੇ ਹਨ। ਮਾਰਕਸਵਾਦੀ ਪਾਰਟੀ ਦਾ ਸਿਰਫ ਇਕ ਉਮੀਦਵਾਰ 1977 ਵਿਚ ਜੇਤੂ ਰਿਹਾ ਸੀ।