ਪੰਜਾਬ: ਚਾਰ ਧਿਰੀ ਮੁਕਾਬਲੇ ਲਈ ਪਿੜ ਬੱਝਿਆ

ਚੰਡੀਗੜ੍ਹ: ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਮੈਦਾਨ ਭਖਿਆ ਹੋਇਆ ਹੈ। ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ ਸੱਤ ਗੇੜਾਂ ਦੀਆਂ ਚੋਣਾਂ ਦੇ ਆਖਰੀ ਪੜਾਅ ਵਿਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ।

ਲੋਕ ਸਭਾ ਚੋਣਾਂ ਦੇ ਪਿਛਲੇ ਕਈ ਦਹਾਕਿਆਂ ਦੇ ਇਤਿਹਾਸ ਵਿਚ ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਪ੍ਰਮੁੱਖ ਚਾਰ ਸਿਆਸੀ ਧਿਰਾਂ-ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਆਹਮੋ-ਸਾਹਮਣੇ ਹਨ। ‘ਇੰਡੀਆ ਗੱਠਜੋੜ` ਦਾ ਹਿੱਸਾ ‘ਆਪ’ ਅਤੇ ਕਾਂਗਰਸ ਪਹਿਲਾਂ ਹੀ ਪੰਜਾਬ ਵਿਚ ਭਾਈਵਾਲੀ ਦੀ ਥਾਂ ਵੱਖ-ਵੱਖ ਚੋਣਾਂ ਲੜ ਰਹੇ ਹਨ, ਹੁਣ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗੱਠਜੋੜ ਬਾਰੇ ਲਾਈਆਂ ਜਾ ਰਹੀਆਂ ਕਿਆਸਰਾਈਆਂ ਦਾ ਵੀ ਅੰਤ ਹੋ ਗਿਆ ਹੈ। ਦੋਵਾਂ ਧਿਰਾਂ ਨੇ ਗੱਠਜੋੜ ਦੀ ਥਾਂ ਆਪਣੇ ਪੱਧਰ ਉਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਅਕਾਲੀ ਦਲ ਇਸ ਨੂੰ ਪੰਜਾਬ ਦੇ ਹਿੱਤਾਂ ਲਈ ਲਿਆ ਫੈਸਲਾ ਦੱਸ ਰਿਹਾ ਹੈ ਪਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ‘ਪੰਥਕ ਧਿਰ` ਨੂੰ ਭਗਵਾ ਪਾਰਟੀ ਨਾਲ ਭਾਈਵਾਲੀ ਘਾਟੇ ਦਾ ਸੌਦਾ ਲੱਗ ਰਹੀ ਸੀ। ਇਸ ਦਾ ਦੂਜਾ ਕਾਰਨ ਟਿਕਟਾਂ ਦੀ ਵੰਡ ਵੀ ਦੱਸਿਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਬਾਰੇ ਦਿੱਤੇ ਤਾਜ਼ਾ ਬਿਆਨ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਭਗਵਾ ਧਿਰ ਅਕਾਲੀ ਦਲ ਨਾਲ ਭਾਈਵਾਲੀ ਲਈ ਤਿਆਰ ਸੀ ਪਰ ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਵਿਚ ਭਾਜਪਾ ਅਤੇ ਇਸ ਦੀਆਂ ਭਾਈਵਾਲਾਂ ਦਾ ਵਿਰੋਧ ਕਰਨ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਸੋਚਾਂ ਵਿਚ ਪਿਆ ਹੋਇਆ ਸੀ।
ਇਹ ਵੀ ਚਰਚਾ ਸੀ ਕਿ ਅਕਾਲੀ-ਭਾਜਪਾ ਗੱਠਜੋੜ ਹੋਣ ਦੀ ਸੂਰਤ ਵਿਚ ਭਾਜਪਾ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂਂ ਇਲਾਵਾ ਲੁਧਿਆਣਾ ਤੇ ਪਟਿਆਲਾ ਦੀ ਸੀਟ ‘ਤੇ ਵੀ ਆਪਣਾ ਦਾਅਵਾ ਜਤਾਇਆ ਜਾ ਰਿਹਾ ਸੀ। ਇਸ ਤੋਂ ਸਥਾਨਕ ਅਕਾਲੀ ਦਲ ਦੇ ਕਾਰਕੁਨ ਦੁਚਿੱਤੀ ਵਿਚ ਸਨ। ਪੰਜਾਬ ਵਿਚ ਇਕੱਲੇ ਚੋਣ ਲੜਨ ਦਾ ਐਲਾਨ ਭਾਜਪਾ ਨੇ ਕੀਤਾ ਹਾਲਾਂਕਿ ਜਾਣਕਾਰੀ ਹੈ ਕਿ ਅਕਾਲੀ ਦਲ ਨੇ ਪਿਛਲੇ ਦਿਨੀਂ ਕੋਰ ਕਮੇਟੀ ਦੀ ਮੀਟਿੰਗ ਵਿਚ ਪਹਿਲਾਂ ਹੀ ਇਹ ਤੈਅ ਕਰ ਲਿਆ ਸੀ, ਇਸ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਝਿਜਕ ਰਹੀ ਸੀ। ਕੋਰ ਮੀਟਿੰਗ ਵਿਚ ਅਕਾਲੀ ਆਗੂਆਂ ਨੇ ਕਿਸਾਨੀ ਮੰਗਾਂ ਦਾ ਹੱਲ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜ਼ੋਰ ਨਾਲ ਉਭਾਰਿਆ ਸੀ। ਇਨ੍ਹਾਂ ਮੁੱਦਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚੋਂ ਗੁਆਚੀ ਆਪਣੀ ਸਿਆਸੀ ਜ਼ਮੀਨ ਨੂੰ ਮੁੜ ਤਲਾਸ਼ ਕਰਨ ਦੀ ਕੋਸ਼ਿਸ਼ ਵਿਚ ਹੈ।
ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਚ ਚੱਲੇ ਕਿਸਾਨੀ ਅੰਦੋਲਨ ਕਾਰਨ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਤੋੜ ਵਿਛੋੜਾ ਕਰ ਲਿਆ ਸੀ। ਅਕਾਲੀ ਦਲ ਨੇ ਕੇਂਦਰ ਦੀ ਵਜ਼ਾਰਤ ਨੂੰ ਠੋਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਅਕਾਲੀ ਦਲ ਨੇ ਦਲਿਤ ਵੋਟ ਉਤੇ ਨਜ਼ਰ ਰੱਖਦਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕੀਤਾ ਪਰ ਅਕਾਲੀ ਦਲ ਨੂੰ ਕੋਈ ਸਫਲਤਾ ਨਹੀਂ ਮਿਲੀ ਹਾਲਾਂਕਿ ਬਸਪਾ ਦੇ ਹੱਥ ਇਕ ਵਿਧਾਇਕੀ ਲੱਗੀ ਸੀ।
ਇਹ ਆਮ ਚਰਚਾ ਚੱਲ ਰਹੀ ਸੀ ਕਿ ਗੱਠਜੋੜ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਨਾਲ ਕੋਈ ਵੀ ਰਾਬਤਾ ਨਹੀਂ ਰੱਖਿਆ। ਇਸ ਦੌਰਾਨ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਤੋਂ ਗੱਠਜੋੜ ਹੋਣ ਦੀਆਂ ਚਰਚਾਵਾਂ ਨੇ ਵੀ ਜ਼ੋਰ ਫੜ ਲਿਆ ਸੀ। ਇਸ ਨੂੰ ਲੈ ਕੇ ਜਦੋਂ ਅਕਾਲੀ ਦਲ ਜਾਂ ਭਾਜਪਾ ਨਾਲ ਰਾਬਤਾ ਕੀਤਾ ਜਾਂਦਾ ਤਾਂ ਉਹ ਇਸ ਗੱਲ ਦੀ ਖੁੱਲ੍ਹ ਕੇ ਹਾਮੀ ਵੀ ਨਹੀਂ ਭਰਦੇ ਸੀ ਤੇ ਨਾ ਹੀ ਇਸ ਤੋਂ ਮੁਨਕਰ ਹੁੰਦੇ ਸਨ। ਸੂਬੇ ਵਿਚ ਬਣੇ ਰਹੇ ਇਸ ਗੱਠਜੋੜ ਤੋਂ ਬਸਪਾ ਖਫ਼ਾ ਹੁੰਦੀ ਨਜ਼ਰ ਆ ਰਹੀ ਸੀ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਜੇ ਇਹ ਸਮਝੌਤਾ ਹੁੰਦਾ ਤਾਂ ਅਕਾਲੀ ਦਲ ਉਨ੍ਹਾਂ ਨੂੰ ਮੁੜ ਤੋਂ ਪਹਿਲਾਂ ਵਾਂਗ ਛੱਡ ਦੇਵੇਗਾ। ਇਹ ਸਭ ਹੋਣ ਤੋਂ ਪਹਿਲਾਂ ਹੀ ਪੰਜਾਬ ਦੀ ਬਸਪਾ ਇਕਾਈ ਨੇ ਆਪਣੀ ਹਾਈਕਮਾਂਡ ਨਾਲ ਗੱਲ ਕਰਕੇ ਸਮਝੌਤਾ ਤੋੜ ਲਿਆ ਸੀ।
ਇਸ ਤੋਂ ਬਾਅਦ ਅਕਾਲੀ ਦਲ ਲਈ ਭਾਜਪਾ ਨਾਲ ਸਮਝੌਤਾ ਕਰਨ ਦਾ ਰਾਹ ਸਾਫ਼ ਸੀ ਪਰ ਇਸ ਵਾਰ ਭਾਜਪਾ ਛੋਟਾ ਭਰਾ ਬਣਨ ਲਈ ਤਿਆਰ ਨਹੀਂ ਸੀ। ਇਸ ਤੋਂ ਇਲਾਵਾ ਸੀਟਾਂ ਦੀ ਵੰਡ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਗੱਠਜੋੜ ਵਿਚ ਵਿਚਾਲੇ ਅਟਕ ਗਿਆ ਸੀ ਪਰ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਅਕਾਲੀ ਦਲ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਸੀ ਜਦਕਿ ਕਾਂਗਰਸ ਅਤੇ ‘ਆਪ` ਨੇ ਇਕੱਲਿਆਂ ਹੀ ਚੋਣ ਲੜੀ ਸੀ। ਉਸ ਸਮੇਂ ਸੂਬੇ `ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਕਾਂਗਰਸ ਅੱਠ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ। ਕਾਂਗਰਸ ਨੂੰ 40.18 ਫੀਸਦੀ ਵੋਟਾਂ ਮਿਲੀਆਂ। ਅਕਾਲੀ ਦਲ ਭਾਜਪਾ ਗੱਠਜੋੜ ਨੂੰ ਚਾਰ ਸੀਟਾਂ ਮਿਲੀਆਂ ਹਨ। ਪਾਰਟੀ ਨੂੰ ਕੁੱਲ 37.08 ਫੀਸਦੀ ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਇਕ ਸੀਟ ਮਿਲੀ ਸੀ।
ਇਸ ਵਾਰ ਸਿਆਸੀ ਸਮੀਕਰਨ ਵੱਖ ਹਨ ਕਿਉਂਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਉਹ ਵੀ 92 ਵਿਧਾਇਕਾਂ ਦੇ ਨਾਲ ਬਣੀ ਹੈ। ਕਾਂਗਰਸ ਦੇ ਵੱਡੇ ਲੀਡਰ ਭਾਰਤੀ ਜਨਤਾ ਪਾਰਟੀ ਵਿਚ ਜਾ ਚੁੱਕੇ ਹਨ। ਅਕਾਲੀ ਦਲ ਦੀ ਸਿਆਸੀ ਹਾਲਤ ਕੋਈ ਜ਼ਿਆਦਾ ਚੰਗੀ ਨਹੀਂ ਹੈ। ਇਸ ਲਈ ਅਕਾਲੀ ਦਲ ਮੁੜ ਕਿਸਾਨੀ ਅਤੇ ਪੰਥਕ ਮਸਲਿਆਂ ਉਤੇ ਜ਼ੋਰ ਦੇਣ ਦੀਆਂ ਕੋਸ਼ਿਸ਼ਾਂ ਵਿਚ ਹੈ।
ਅਕਾਲੀ-ਭਾਜਪਾ ਗੱਠਜੋੜ ਤੋੜਨਾ ਡਰਾਮਾ ਕਰਾਰ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਭਾਜਪਾ ਤੇ ਅਕਾਲੀ ਦਲ ਵੱਲੋਂ ਗੱਠਜੋੜ ਦੀ ਗੱਲਬਾਤ ਨੂੰ ਜਨਤਕ ਤੌਰ ‘ਤੇ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਮੈਨੂੰ ਭਰੋਸਾ ਹੈ ਕਿ ਦੋਵੇਂ ਸੰਸਥਾਵਾਂ ਇਕ ਦੂਜੇ ਦਾ ਸਹਿਯੋਗ ਕਰ ਰਹੀਆਂ ਹਨ। ਰਾਸ਼ਟਰਪਤੀ ਦੀ ਵੋਟ ਤੋਂ ਲੈ ਕੇ ਸੀ.ਏ.ਏ. ਬਿੱਲ ਦੇ ਪਾਸ ਹੋਣ ਤੱਕ, ਅਕਾਲੀ ਦਲ ਨੇ ਲਗਾਤਾਰ ਆਪਣੇ ਆਪ ਨੂੰ ਭਾਜਪਾ ਨਾਲ ਜੋੜਿਆ ਹੈ। ਅਕਾਲੀ-ਭਾਜਪਾ ਗਠਜੋੜ ਤੋੜਨਾ ਮਹਿਜ਼ ਡਰਾਮਾ ਹੈ।