ਆਂਡਾ ਸੈੱਲ ਵਿਚ ਇਕਾਂਤ, ਕੈਦ ਦਾ ਸਭ ਤੋਂ ਅਮਾਨਵੀ ਰੂਪ ਸੀ: ਪ੍ਰਸ਼ਾਂਤ ਰਾਹੀ

ਜੋਤੀ ਪੁਨਵਨੀ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਪ੍ਰੋਫੈਸਰ ਜੀ.ਐੱਨ. ਸਾਈਬਾਬਾ ਨਾਲ 6 ਮਾਰਚ ਨੂੰ ਬਰੀ ਕੀਤੇ ਗਏ ਪੱਤਰਕਾਰ ਪ੍ਰਸ਼ਾਂਤ ਰਾਹੀ ਨੇ ਬੇਕਸੂਰ ਹੋਣ ਦੇ ਬਾਵਜੂਦ 2007 ਤੋਂ ਲੈ ਕੇ ਕੁਲ 12 ਸਾਲ ਸੀਖਾਂ ਪਿੱਛੇ ਗੁਜ਼ਾਰੇ ਹਨ। ਉਸ ਨੂੰ ਯੂ.ਏ.ਪੀ.ਏ. ਦੇ ਦੋਹਾਂ ਕੇਸਾਂ ਵਿਚ ਬਰੀ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਉਸ ਉੱਪਰ ਮਾਓਵਾਦੀ ਹੋਣ ਦਾ ਦੋਸ਼ ਲਾਇਆ ਗਿਆ ਸੀ।

ਪਹਿਲਾ ਨਵੇਂ ਬਣੇ ਰਾਜ ਉੱਤਰਾਖੰਡ ਵਿਚ ਵਿਸ਼ਾਲ ਟੇਹਰੀ ਡੈਮ ਨਾਲ ਉਜਾੜੇ ਗਏ ਲੋਕਾਂ ਦੇ ਡੈਮ ਵਿਰੁੱਧ ਅੰਦੋਲਨ ਵਿਚ ਉਸ ਦੀ ਸ਼ਮੂਲੀਅਤ ਕਰ ਕੇ ਦਰਜ ਹੋਇਆ ਕੇਸ ਅਤੇ ਦੂਜਾ 2013 ‘ਚ ਗੜ੍ਹਚਿਰੌਲੀ (ਮਹਾਰਾਸ਼ਟਰ) ਵਾਲਾ ਕੇਸ। ਫਿਰ ਵੀ 65 ਸਾਲ ਦਾ ਇਹ ਬੰਦਾ ਹੈਰਾਨੀਜਨਕ ਰੂਪ ‘ਚ ਕੁੜੱਤਣ ਤੋਂ ਮੁਕਤ ਹੈ। ਪਿਛਲੇ ਸੱਤ ਸਾਲਾਂ ਤੋਂ ਅਮਰਾਵਤੀ ਕੇਂਦਰੀ ਜੇਲ੍ਹ ਵਿਚ ਪੈਦਾ ਹੋਈਆਂ ਤਰ੍ਹਾਂ-ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੀ ਡਾਕਟਰੀ ਜਾਂਚ ਕਰਾਉਣ ਦੌਰਾਨ ਹੀ ਸਾਬਕਾ ਇੰਜਨੀਅਰ ਤੋਂ ਪੱਤਰਕਾਰ ਬਣੇ ਪ੍ਰਸ਼ਾਂਤ ਰਾਹੀ ਨੇ ਮਸ਼ਹੂਰ ਪੱਤਰਕਾਰ ਜੋਤੀ ਪੁਨਵਨੀ ਨਾਲ ਗੱਲਬਾਤ ਕੀਤੀ। ਜੇਲ੍ਹ ਜ਼ਿੰਦਗੀ ਉੱਪਰ ਬਖ਼ੂਬੀ ਚਾਨਣਾ ਪਾਉਂਦੀ ਇਸ ਗੱਲਬਾਤ ਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸਵਾਲ: ਤੁਹਾਨੂੰ ਜੇਲ੍ਹ ਤੋਂ ਬਾਹਰ ਆਇਆਂ 48 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ। ਕੀ ਤੁਹਾਨੂੰ ਆਜ਼ਾਦੀ ਦੀ ਆਦਤ ਪੈ ਗਈ ਹੈ?
ਜਵਾਬ: ਇਹ ਤੀਜੀ ਵਾਰ ਹੈ ਜਦੋਂ ਮੈਂ ਜੇਲ੍ਹ ਤੋਂ ਬਾਹਰ ਆ ਰਿਹਾ ਹਾਂ। ਮੇਰੇ ਲਈ ਆਜ਼ਾਦ ਰਹਿਣਾ ਕੋਈ ਸਮੱਸਿਆ ਨਹੀਂ ਹੈ, ਸਿਰਫ਼ ਮੇਰੇ ਆਲੇ-ਦੁਆਲੇ ਦੇ ਲੋਕਾਂ ਨੂੰ ਹੀ ਅਸੁਵਿਧਾ ਹੋ ਸਕਦੀ ਹੈ। ਪਿਛਲੇ ਸੱਤ ਸਾਲਾਂ ਵਿਚ ਜੋ ਕੁਝ ਵਾਪਰਿਆ, ਉਸ ਦੀਆਂ ਬਹੁਤ ਸਾਰੀਆਂ ਯਾਦਾਂ ਹਨ, ਉਨ੍ਹਾਂ ਵਿਚ ਵਾਪਸ ਜਾਣ ਦੀ ਸੁਭਾਵਿਕ ਪ੍ਰਵਿਰਤੀ ਹੈ। ਮੈਂ ਉਨ੍ਹਾਂ ਬਾਰੇ ਗੱਲ ਕਰਦਾ ਰਹਿੰਦਾ ਹਾਂ।
ਮੈਂ ਦੇਖਿਆ ਹੈ ਕਿ ਏਨੇ ਲੰਮੇ ਸਮੇਂ ਤੱਕ ਜੇਲ੍ਹ ਵਿਚ ਰਹਿਣ ਕਾਰਨ ਮੇਰੇ `ਚ ਵਿਹਾਰ ਸਬੰਧੀ ਸਮੱਸਿਆਵਾਂ ਵਿਕਸਤ ਹੋ ਗਈਆਂ ਹਨ। ਕਦੇ-ਕਦੇ ਮੈਨੂੰ ਇਹ ਸੁਣਨ `ਚ ਮੁਸ਼ਕਲ ਆਉਂਦੀ ਹੈ ਕਿ ਲੋਕ ਕੀ ਕਹਿ ਰਹੇ ਹਨ। ਪਿਛਲੇ ਸੱਤ ਸਾਲਾਂ `ਚ ਜ਼ਿਆਦਾਤਰ ਸਮਾਂ ਮੈਂ ਜ਼ਿੰਦਗੀ ਦਾ ਹਿੱਸਾ ਨਹੀਂ ਸੀ ਜਿਵੇਂ ਤੁਸੀਂ ਜਾਣਦੇ ਹੀ ਹੋ। ਮੈਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ; ਜਾਣ-ਬੁੱਝ ਕੇ ਗੱਲਾਂ ਨਾ ਸੁਣਨ ਦੀ ਕੋਸ਼ਿਸ਼ ਕੀਤੀ।
ਸਵਾਲ: ‘ਜਾਣ ਬੁੱਝ ਕੇ ਗੱਲਾਂ ਨਾ ਸੁਣਨ ਦੀ ਕੋਸ਼ਿਸ਼ ਕੀਤੀ`। ਅਜਿਹਾ ਕਿਉਂ?
ਜਵਾਬ: ਮੇਰੇ ਨਾਲ ਜੇਲ੍ਹ ਵਿਚ ਬੰਦ ਕੁਝ ਅਤਿ-ਕੱਟੜਪੰਥੀਆਂ ਦੀ ਕੱਟੜਤਾ ਕਾਰਨ ਜੋ 2006 `ਚ ਮੁੰਬਈ ਦੇ ਰੇਲ ਬੰਬ-ਧਮਾਕਿਆਂ ਅਤੇ ਔਰੰਗਾਬਾਦ ਹਥਿਆਰ ਬਰਾਮਦਗੀ ਕੇਸ ਦੇ ਦੋਸ਼ੀ ਸਨ। ਉਨ੍ਹਾਂ ਵਿਚੋਂ ਕੁਝ ਇਸਲਾਮਵਾਦੀ ਹਿੰਦੂ ਪਿਛਾਖੜ ਦਾ ਪ੍ਰਤੀਬਿੰਬ ਸਨ। ਮਗਰਲਿਆਂ ਵਾਂਗ ਉਨ੍ਹਾਂ ਨੇ ਵੀ ਆਪਣੇ ਧਰਮ ਦਾ ਰਾਜਨੀਤੀਕਰਨ ਕੀਤਾ ਹੋਇਆ ਸੀ ਪਰ ਉਨ੍ਹਾਂ ਨੂੰ ਡੌਨਾਂ ਨਾਲ ਨਾਪਾਕ ਗੱਠਜੋੜ ਬਾਰੇ ਕੋਈ ਸ਼ਿਕਾਇਤ ਨਹੀਂ ਸੀ ਜੋ ਸਪਸ਼ਟ ਤੌਰ `ਤੇ ਹਿੰਦੂਤਵ ਪੱਖੀ ਸਨ।
ਸਵਾਲ: ਇਸ ਵਾਰ ਤੁਸੀਂ ਆਂਡਾ ਸੈੱਲ ਵਿਚ ਕੈਦ ਸੀ। ਇਹ ਕਿਹੋ ਜਿਹਾ ਸੀ?
ਜਵਾਬ: ਇਹ ਆਂਡੇ ਦੇ ਆਕਾਰ ਦਾ ਕੰਕਰੀਟ ਦਾ ਪਿੰਜਰਾ ਜਿਹਾ ਹੈ ਜਿਸ ਦੇ ਅੰਦਰਲੇ ਹਿੱਸੇ ਨਾਲ ਕੋਠੜੀਆਂ ਬਣੀਆਂ ਹੋਈਆਂ ਹਨ। ਅਮਰਾਵਤੀ ਜੇਲ੍ਹ ਦਾ 15 ਕੋਠੜੀਆਂ ਵਾਲਾ ਆਂਡਾ ਸੈੱਲ ਰਾਜ ਦਾ ਸਭ ਤੋਂ ਛੋਟਾ ਆਂਡਾ ਸੈੱਲ ਹੈ। ਹਰ ਸੈੱਲ ਦੀ ਅੰਦਰਲੀ ਕੰਧ ਲੋਹੇ ਦੀਆਂ ਖੜਵੀਂਆਂ ਸੀਖ਼ਾਂ ਦੀ ਬਣੀ ਹੋਈ ਹੈ। ਇਸ ਦਾ ਇਕ ਗੇਟ ਹੈ ਜੋ ਕੈਦੀ ਨੂੰ ਸ਼ਾਮ 6 ਵਜੇ ਤੋਂ ਸਵੇਰੇ 7 ਵਜੇ ਤੱਕ ਅਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੰਦ ਰੱਖਦਾ ਹੈ। ਆਂਡਾ ਵਾੜੇ ਵਿਚ ਆਇਤਾਕਾਰ ਕੰਪਲੈਕਸ ਦੇ ਉੱਪਰ ਲੱਗੀ ਲੋਹੇ ਦੀਆਂ ਸੀਖ਼ਾਂ ਦੀ ਇਕ ਹੋਰ ਜਾਲੀ ਰਾਹੀਂ ਸੂਰਜ ਦੀ ਲੋਅ ਪਿੰਜਰੇ ਵਿਚ ਆਉਂਦੀ ਹੈ। ਉਸ ਜਾਲੀ ਵਿਚੋਂ ਸਿਰਫ਼ ਅਸਮਾਨ ਹੀ ਦੇਖਿਆ ਜਾ ਸਕਦਾ ਹੈ। ਬਨਸਪਤੀ, ਇੱਥੋਂ ਤੱਕ ਕਿ ਮਿੱਟੀ ਵੀ ਕੈਦੀਆਂ ਦੀ ਪਹੁੰਚ ਤੋਂ ਬਾਹਰ ਹੈ। ਇਸ ਤਰ੍ਹਾਂ ਹਰ ਪਹਿਲੂ ਦਿਨੋ-ਦਿਨ ਇਕ ਤਰ੍ਹਾਂ ਦੀ ਬੇਜਾਨ ਨਕਾਰਾਤਮਕਤਾ ਨੂੰ ਜਨਮ ਦਿੰਦਾ ਹੈ। ਇਹ ਪੈਨੋਪਟੀਕੌਨ (ਗੋਲ ਦਾਇਰੇ `ਚ ਬਣਿਆ ਢਾਂਚਾ) ਹੈ ਜਿੱਥੇ ਹਰ ਕੈਦੀ ਨੂੰ ਇਕ ਦੂਜੇ ਦੀਆਂ ਅਨੰਤ ਨਜ਼ਰਾਂ ਹੇਠ ਰੱਖਿਆ ਜਾਂਦਾ ਹੈ। ਨਿੱਜਤਾ ਦੀ ਕੋਈ ਗੁੰਜਾਇਸ਼ ਨਹੀਂ ਹੈ। ਹੁਣ ਉਨ੍ਹਾਂ ਨੇ ਅੰਦਰੂਨੀ ਕੰਪਲੈਕਸ ਦੇ ਉੱਪਰ ਚਾਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾ ਦਿੱਤੇ ਹਨ ਤਾਂ ਜੋ ਅਧਿਕਾਰੀ ਆਪਣੇ ਦਫ਼ਤਰ ਤੋਂ ਹੀ ਆਪੋ-ਆਪਣੀ ਕੋਠੜੀ `ਚ ਬੰਦ ਹਰ ਕੈਦੀ ਉੱਪਰ ਸਿੱਧੀ ਨਜ਼ਰ ਰੱਖ ਸਕਣ।
ਸਵਾਲ: ਤਾਂ ਕੀ ਇਹ ਇਕਾਂਤ ਕੈਦ ਨਹੀਂ ਹੈ?
ਜਵਾਬ: ਸ਼ਾਇਦ ਉਸ ਤਰ੍ਹਾਂ ਨਹੀਂ ਹੈ ਜਿਵੇਂ ਤੁਸੀਂ ਕਲਪਨਾ ਕਰ ਸਕਦੇ ਹੋ। ਆਮ ਬੈਰਕਾਂ ਦੇ ਮੁਕਾਬਲੇ ਸੈੱਲ ਦੇ ਅੰਦਰਲੀ ਜ਼ਿੰਦਗੀ ਹਕੀਕਤ ਵਿਚ ਇਕਾਂਤ ਹੈ। ਮਨੁੱਖੀ ਸੰਪਰਕ ਆਂਡਾ ਦੀ ਹੱਦ ਤੱਕ ਹੀ ਸੀਮਤ ਹੈ। ਸਾਲਾਂ ਤੱਕ ਇੱਕੋ ਵਿਅਕਤੀ ਨਾਲ ਗੱਲਬਾਤ ਕਰਨਾ ਘੁਟਣ ਭਰਿਆ ਹੁੰਦਾ ਹੈ। ਸਾਰੇ ਆਂਡਾ ਅੱਗੇ ਕੋਠੜੀਆਂ ਵਿਚ ਵੰਡੇ ਹੋਏ ਹਨ ਕਿਉਂਕਿ ਕੈਦੀਆਂ ਵਿਚ ਝਗੜੇ ਹੁੰਦੇ ਰਹਿੰਦੇ ਹਨ ਪਰ ਅਮਰਾਵਤੀ ਵਿਚ ਆਂਡਾ ਕੋਠੜੀਆਂ ਵਿਚ ਵੰਡਣ ਲਈ ਬਹੁਤ ਛੋਟਾ ਸੀ ਜਿਸ ਕਾਰਨ ਸਾਡੇ ਤੁਰਨ ਲਈ ਕੋਈ ਜਗ੍ਹਾ ਨਹੀਂ ਬਚਦੀ।
ਸਵਾਲ: ਕੀ ਤੁਸੀਂ ਕਿਸੇ ਕੈਦੀ ਨਾਲ ਰਿਸ਼ਤਾ ਬਣਾ ਸਕਦੇ ਸੀ?
ਜਵਾਬ: ਮੈਂ ਉੱਥੇ ਕਿਸੇ ਕਸ਼ਮੀਰੀ ਅਪਰਾਧੀ ਨਾਲ ਦੋਸਤੀ ਕਰ ਸਕਦਾ ਸੀ; ਉਸ ਨੇ ਮੈਨੂੰ ਉਰਦੂ ਸਿਖਾਇਆ, ਮੈਂ ਉਸ ਨੂੰ ਅੰਗਰੇਜ਼ੀ ਸਿਖਾਈ।
ਸਵਾਲ: ਕੀ ਤੁਹਾਨੂੰ ਉੱਤਰਾਖੰਡ ਵਿਚ ਪਹਿਲੀ ਵਾਰ ਜੇਲ੍ਹ ਵਿਚ ਰਹਿਣ ਦੌਰਾਨ ਇਕਾਂਤ ਕੈਦ ਦਾ ਅਨੁਭਵ ਹੋਇਆ ਸੀ?
ਜਵਾਬ: ਹਾਂ, ਉੱਤਰਾਖੰਡ ਦੀਆਂ ਚਾਰ ਵੱਖ-ਵੱਖ ਜੇਲ੍ਹਾਂ ਵਿਚ ਮੇਰੇ ਪਹਿਲੇ ਚਾਰ ਸਾਲਾਂ ਦੇ ਕਾਰਜਕਾਲ ਦਾ ਵੱਡਾ ਹਿੱਸਾ ਇੰਝ ਹੀ ਸੀ। ਹਲਦਵਾਨੀ ਵਿਚ ਮੇਰੇ ਪਹਿਲੇ ਹੀ ਮਹੀਨੇ `ਚ ਉਨ੍ਹਾਂ ਨੇ ਮੇਰੇ ਲਈ ਪੂਰਾ ਇਕਾਂਤ ਕੰਪਲੈਕਸ ਸਾਫ਼ ਕਰ ਦਿੱਤਾ ਸੀ! ਇਸ ਤੋਂ ਬਾਅਦ, ਜਦੋਂ ਮੈਂ ਦੇਹਰਾਦੂਨ ਜੇਲ੍ਹ ਵਿਚ ਸੀ, ਉਸੇ ਸ਼ਹਿਰ `ਚ ਜਿੱਥੇ ਮੈਂ ਰਾਸ਼ਟਰੀ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਦਾ ਮਾਨਤਾ ਪ੍ਰਾਪਤ ਪੱਤਰਕਾਰ ਸੀ, ਕੁਝ ਸਥਾਨਕ ਹਿੰਦੀ ਅਖ਼ਬਾਰਾਂ ਨੇ ਮੇਰੀ ਗ੍ਰਿਫ਼ਤਾਰੀ ਨੂੰ ਸਨਸਨੀਖੇਜ਼ ਬਣਾ ਦਿੱਤਾ ਅਤੇ ਦੋਸ਼ ਲਾਇਆ ਕਿ ਮਾਓਵਾਦੀ ਮੈਨੂੰ ਛੁਡਾ ਕੇ ਲਿਜਾ ਸਕਦੇ ਹਨ, ਇਸ ਨਾਲ ਮੈਨੂੰ ਇਕ ਵਾਰ ਫਿਰ ਇਕਾਂਤ ਕੈਦ ਵਿਚ ਬੰਦ ਕਰ ਦਿੱਤਾ ਗਿਆ। ਲੰਮੇ ਅਰਸੇ ਲਈ ਪਰ ਆਂਡਾ ਵਿਚ ਬਿਤਾਏ ਸੱਤ ਸਾਲ ਇਕਾਂਤ ਕੈਦ ਦਾ ਸਭ ਤੋਂ ਅਮਾਨਵੀ ਰੂਪ ਸਨ ਜਿਨ੍ਹਾਂ ਦਾ ਮੈਂ ਸਾਹਮਣਾ ਕੀਤਾ ਹੈ। ਬੰਦ ਬਣਤਰ ਮਨੁੱਖ ਦੀਆਂ ਇੰਦਰੀਆਂ ਲਈ ਸਹਿਜ ਰੂਪ `ਚ ਕੰਮ ਕਰਨਾ ਮੁਸ਼ਕਲ ਬਣਾ ਦਿੰਦੀ ਹੈ। ਸਿਹਤਮੰਦ ਰਹਿਣਾ ਚੁਣੌਤੀ ਬਣ ਗਿਆ। ਚਿੰਤਾ ਨਿਰੰਤਰ ਭਾਵਨਾ ਦੇ ਰੂਪ `ਚ ਹਾਵੀ ਰਹੀ।
ਸਵਾਲ: ਤੁਹਾਨੂੰ ਦੋ ਵਾਰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਕੀ ਇਹ ਮਾੜੀਆਂ ਸਹੂਲਤਾਂ ਕਾਰਨ ਸੀ?
ਜਵਾਬ: ਦਰਅਸਲ, ਸਮੱਸਿਆ ਮੈਨੂੰ ਮੇਰੇ ਨਾਲ ਦੇ ਕੈਦੀਆਂ ਵੱਲੋਂ ਇਕ ਖ਼ਾਸ ਤਰ੍ਹਾਂ ਦੀ ਦੁਸ਼ਮਣੀ ਦਾ ਸਾਹਮਣਾ ਕਰਨ ਕਰ ਕੇ ਆਈ ਸੀ। ਮੈਂ ਉਨ੍ਹਾਂ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਵਿਚ ਸ਼ਾਮਲ ਨਹੀਂ ਸੀ ਹੋਇਆ, ਇਸ ਲਈ ਮੇਰੇ `ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਵਿਚੋਂ ਕੁਝ ਨੇ ਮੇਰੇ ਭੋਜਨ `ਚ ਵੀ ਜ਼ਹਿਰ ਮਿਲਾ ਦਿੱਤਾ।
ਪਹਿਲੀ ਵਾਰ, ਹਮਲੇ ਦੀ ਕੋਸ਼ਿਸ਼ `ਚ ਆਪਣਾ ਬਚਾਅ ਕਰਨ ਤੋਂ ਬਾਅਦ ਮੈਂ ਲਿਖਤੀ ਸ਼ਿਕਾਇਤ ਕੀਤੀ। ਇਸ ਦੇ ਜਵਾਬ `ਚ ਸਾਡਾ ਦੋਹਾਂ ਦਾ ਅੰਦਰ ਬੰਦ ਰੱਖੇ ਜਾਣ ਦਾ ਸਮਾਂ ਲੱਗਭੱਗ ਅੱਠ ਮਹੀਨੇ ਵਧਾ ਦਿੱਤਾ ਗਿਆ। ਇਸ ਨਾਲ ਮੇਰਾ ਤੁਰਨ-ਫਿਰਨ ਦਾ ਸਮਾਂ ਬਹੁਤ ਘਟ ਗਿਆ ਜਿਸ ਨਾਲ ਜਨਵਰੀ 2021 ਦੀ ਕਹਿਰ ਦੀ ਠੰਢ ਵਿਚ ਮੈਨੂੰ ਲੱਤ `ਚ ਦਰਦ ਦੀ ਤਕਲੀਫ਼ ਹੋ ਗਈ।
ਭੋਜਨ ਨੂੰ ਜ਼ਹਿਰੀਲਾ ਬਣਾਉਣਾ 22 ਜੁਲਾਈ `ਚ ਸ਼ੁਰੂ ਹੋਇਆ। ਇਸ ਨਾਲ ਖਾਣਾ ਖਾਣ ਤੋਂ ਬਾਅਦ 10-12 ਜਾਂ 15 ਘੰਟੇ ਲਈ ਪੇਟ ਵਿਚ ਗੰਭੀਰ ਦਰਦ ਹੋਇਆ ਅਤੇ ਮੈਨੂੰ ਜ਼ੋਰਦਾਰ ਦਸਤ ਲੱਗ ਗਏ। ਮੈਂ ਸਰੀਰਕ ਤੌਰ `ਤੇ ਨਕਾਰਾ ਹੋ ਗਿਆ ਸੀ। ਇਕ ਹੋਰ ਸਰੀਰਕ ਹਮਲੇ ਤੋਂ ਬਾਅਦ ਆਖ਼ਿਰਕਾਰ ਪਤਾ ਲੱਗਾ ਕਿ ਮੇਰੇ ਭੋਜਨ ਵਿਚ ਸੁੱਕੇ ਬੀਜ ਮਿਲਾਏ ਜਾ ਰਹੇ ਸਨ।
ਸਵਾਲ: ਉਹ ਤੁਹਾਡੇ ਭੋਜਨ ਤੱਕ ਕਿਵੇਂ ਪਹੁੰਚ ਸਕਦੇ ਸਨ?
ਜਵਾਬ: ਅਸੀਂ ਦਿਨ ਵਿਚ ਦੋ ਵਾਰ ਮਿਲਦੇ ਭੋਜਨ ਨੂੰ ਬਾਅਦ ਵਿਚ ਖਾਣ ਲਈ ਆਪਣੇ ਸੈੱਲ ਦੇ ਅੰਦਰ ਆਪਣੀਆਂ ਥਾਲੀਆਂ ਅਤੇ ਕੌਲੀਆਂ ਵਿਚ ਸਾਂਭ ਕੇ ਰੱਖ ਲੈਂਦੇ ਸੀ, ਤੇ ਫਿਰ ਆਪਣੀ ਬਾਕਾਇਦਾ ਗਤੀਵਿਧੀ `ਚ ਲੱਗ ਜਾਂਦੇ ਸੀ: ਉਸੇ ਜਗ੍ਹਾ ਦੇ ਆਲੇ-ਦੁਆਲੇ ਘੁੰਮਣਾ, ਦੂਜਿਆਂ ਨਾਲ ਘੁਲਣਾ-ਮਿਲਣਾ। ਇਨ੍ਹਾਂ ਲੋਕਾਂ ਨੇ ਉਸ ਮੌਕੇ ਨੂੰ ਮੇਰੇ ਖਾਣੇ ਵਿਚ ਸੁੱਕਾ ਬੀਜ ਮਿਲਾਉਣ ਲਈ ਵਰਤਿਆ।
ਜਦੋਂ ਇਹ ਸਾਰੀ ਸਾਜ਼ਿਸ਼ ਸਾਹਮਣੇ ਆਈ ਤਾਂ ਇਨ੍ਹਾਂ ਕੈਦੀਆਂ ਨਾਲ ਮਿਲੀਭੁਗਤ ਕਾਰਨ ਇਕ ਸਿਪਾਹੀ ਨੂੰ ਕੁਝ ਚਿਰ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਬਿਮਾਰੀ ਦਾ ਸਭ ਤੋਂ ਮਾੜਾ ਦੌਰ ਭਾਰਤੀ ਸ਼ੈਲੀ ਦੀ ਟਾਇਲਟ ਦੀ ਵਰਤੋਂ ਕਰਨਾ ਸੀ। ਸ਼ਿਆਟਿਕਾ ਦਰਦ ਕਾਰਨ ਪੰਜ ਦਿਨ ਅਤੇ ਪੰਜ ਰਾਤਾਂ ਪਿੱਠ ਭਾਰ ਪਏ ਰਹਿਣ ਦੇ ਨਤੀਜੇ ਵਜੋਂ ਮੇਰੇ ਗੋਡਿਆਂ ਵਿਚ ਬਹੁਤ ਦਰਦ ਹੋਣਾ ਸ਼ੁਰੂ ਹੋ ਗਿਆ। ਗੋਡਿਆਂ ਦੇ ਦਰਦ ਕਾਰਨ ਪੈਰਾਂ ਭਾਰ ਟਾਇਲਟ `ਤੇ ਬੈਠਣਾ ਦਰਦ ਨਾਲ ਤੜਫਾ ਦੇਣ ਵਾਲਾ ਸੀ।
ਆਖ਼ਿਰਕਾਰ, ਇਕ ਫੋਲਡਿੰਗ ਕਮੋਡ ਕੁਰਸੀ ਮੁਹੱਈਆ ਕੀਤੀ ਗਈ ਪਰ ਇਹ ਵੀ ਮੇਰੀ ਧੀ ਦੁਆਰਾ ਇਕ ਹੋਰ ਦਰਖ਼ਾਸਤ ਦੇਣ ਤੋਂ ਬਾਅਦ ਹੀ ਦਿੱਤੀ ਗਈ। ਇਹ ਮੇਰੇ ਲਈ ਇਕ ਮਹੀਨਾ ਪਹਿਲਾਂ ਖ਼ਰੀਦੀ ਗਈ ਸੀ ਪਰ ਮੈਨੂੰ ਦਿੱਤੀ ਨਹੀਂ ਗਈ ਕਿਉਂਕਿ ਇਸ ਦੀਆਂ ਲੋਹੇ ਦੀਆਂ ਲੱਤਾਂ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੀਆਂ ਸਨ!
ਸਵਾਲ: ਕੀ ਗੜ੍ਹਚਿਰੌਲੀ ਕੇਸ ਵਿਚ ਤੁਹਾਡੇ ਉੱਪਰ ਹਿਰਾਸਤ ਵਿਚ ਤਸ਼ੱਦਦ ਕੀਤਾ ਗਿਆ ਸੀ, ਜਿਵੇਂ ਉੱਤਰਾਖੰਡ ਪੁਲਿਸ ਨੇ ਪਹਿਲੀ ਵਾਰ ਕੀਤਾ ਸੀ?
ਜਵਾਬ: ਮੇਰੇ `ਤੇ ਤਾਂ ਨਹੀਂ ਪਰ ਮੇਰੇ ਸਹਿ-ਮੁਲਜ਼ਮ ਹੇਮ ਮਿਸ਼ਰਾ, ਪਾਂਡੂ ਨਰੋਟੇ, ਮਹੇਸ ਟਿਰਕੀ `ਤੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਸੀ। ਪੁਲਿਸ ਨੇ ਮੈਨੂੰ ਦੋ ਵਾਰ ਤਸ਼ੱਦਦ ਕਰਨ ਦੀ ਧਮਕੀ ਦਿੱਤੀ ਸੀ ਪਰ ਉਨ੍ਹਾਂ ਨੇ ਅਜਿਹਾ ਕੀਤਾ ਨਹੀਂ। ਮੈਨੂੰ ਲਗਦਾ ਹੈ ਕਿ ਇਹ ਇਸ ਲਈ ਹੋਇਆ ਕਿਉਂਕਿ ਮੇਰੀ ਗ਼ੈਰ-ਕਾਨੂੰਨੀ ਨਜ਼ਰਬੰਦੀ ਬਾਰੇ ਉਨ੍ਹਾਂ ਨੂੰ ਹਜ਼ਾਰਾਂ ਰੋਸ ਚਿੱਠੀਆਂ ਆ ਗਈਆਂ ਸਨ। ਆਈ.ਆਈ.ਟੀ. ਬਨਾਰਸ ਹਿੰਦੂ ਯੂਨੀਵਰਸਿਟੀ ਜਿੱਥੇ ਮੈਂ ਜ਼ਮਾਨਤ `ਤੇ ਹੋਣ ਸਮੇਂ ਕੁਝ ਲੈਕਚਰ ਦਿੱਤੇ ਸਨ, ਦੇ ਵਿਦਿਆਰਥੀਆਂ ਨੇ ਮੇਰੀ ਗ੍ਰਿਫ਼ਤਾਰੀ ਦਾ ਪਤਾ ਲੱਗਣ `ਤੇ ਐਮਨੈਸਟੀ ਇੰਟਰਨੈਸ਼ਨਲ ਸਮੇਤ ਸੰਸਥਾਵਾਂ ਨੂੰ ਚਿੱਠੀਆਂ ਲਿਖ ਕੇ ਸੂਚਨਾ ਦੇ ਦਿੱਤੀ ਸੀ ਜਿਸ ਤੋਂ ਬਾਅਦ ਕੌਮਾਂਤਰੀ ਸੱਦਾ ਦਿੱਤਾ ਗਿਆ ਅਤੇ ਪੂਰੀ ਦੁਨੀਆ `ਚੋਂ ਹਜ਼ਾਰਾਂ ਰੋਸ ਚਿੱਠੀਆਂ ਮੁੱਖ ਸਕੱਤਰ, ਮਹਾਰਾਸ਼ਟਰ ਸਰਕਾਰ ਅਤੇ ਪੁਲਿਸ ਵਿਭਾਗ ਨੂੰ ਭੇਜੀਆਂ ਗਈਆਂ।
ਸਾਡੇ ਕੇਸ ਦੇ ਤਫ਼ਤੀਸ਼ੀ ਅਧਿਕਾਰੀ ਸੁਹਾਸ ਬਾਵਚੇ ਨੇ ਬਾਅਦ ਵਿਚ ਪ੍ਰੈੱਸ ਅੱਗੇ ਮੰਨਿਆ ਕਿ ਉਨ੍ਹਾਂ ਨੂੰ 20000 ਚਿੱਠੀਆਂ ਮਿਲੀਆਂ ਹਨ, ਤੇ ਅਜੇ ਵੀ ਉਹ ਗਿਣਤੀ ਕਰ ਰਹੇ ਹਨ। ਉਸ ਨੇ ਉਨ੍ਹਾਂ ਚਿੱਠੀਆਂ ਦੇ ਮਹੱਤਵ ਨੂੰ ਘਟਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ- “ਇਹ ਚੰਗੀ ਗੱਲ ਹੈ, ਮੇਰਾ ਪੁੱਤਰ ਵਿਦੇਸ਼ੀ ਟਿਕਟਾਂ ਲੈ ਕੇ ਖ਼ੁਸ਼ ਹੈ ਜੋ ਉਸ ਨੂੰ ਇਸ ਤਰੀਕੇ ਮਿਲ ਗਈਆਂ”।
ਸਿਰਫ਼ ਇਕ ਵਾਰ, ਜਦੋਂ ਮੈਂ ਬਾਵਚੇ ਨੂੰ ਆਪਣਾ ਈਮੇਲ ਪਾਸਵਰਡ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਮੇਰੇ ਜਬਾੜੇ `ਤੇ ਜ਼ੋਰਦਾਰ ਵਾਰ ਕੀਤਾ ਸੀ। ਜਦੋਂ ਮੈਂ ਉਸ ਨੂੰ ਕਿਹਾ: “ਮੈਂ ਤੁਹਾਨੂੰ ਆਪਣਾ ਈਮੇਲ ਅਕਾਊਂਟ ਕਿਉਂ ਦੇਖਣ ਦਿਆਂ? ਤੁਸੀਂ ਮੇਰੇ ਦੋਸਤ ਹੋ?” ਤਾਂ ਉਸ ਨੂੰ ਗੁੱਸਾ ਚੜ੍ਹ ਗਿਆ ਸੀ।
ਇੱਥੇ ਦੱਸਣਾ ਜ਼ਰੂਰੀ ਹੈ ਕਿ ਜਦੋਂ ਮੇਰੇ ਵਕੀਲ ਸੁਰਿੰਦਰ ਗਡਲਿੰਗ ਨੇ ਮੇਰੇ ਦੂਜੇ ਪੁਲਿਸ ਰਿਮਾਂਡ ਦੇ ਖ਼ਿਲਾਫ਼ ਅਦਾਲਤ ਵਿਚ ਬਹਿਸ ਕੀਤੀ ਤਾਂ ਬਾਵਚੇ ਨੇ ਮੈਨੂੰ ਕੀ ਕਿਹਾ, “ਤਾਂ ਗਾਡਲਿੰਗ ਇੱਥੇ ਤੇਰੀ ਪੈਰਵੀ ਕਰਨ ਲਈ ਆਇਆ ਹੈ? ਹੁਣ ਅਸੀਂ ਉਸ ਨੂੰ ਸਬਕ ਸਿਖਾਵਾਂਗੇ।” ਇਹ 2013 ਦੀ ਗੱਲ ਹੈ, ਇਸ ਲਈ ਉਨ੍ਹਾਂ ਨੇ ਉਸ ਨੂੰ ਉਦੋਂ ਤੋਂ ਆਪਣੀ ਸੂਚੀ ਵਿਚ ਪਾ ਲਿਆ ਸੀ (ਗਾਡਲਿੰਗ ਨੂੰ ਭੀਮਾ ਕੋਰੇਗਾਓਂ ਕੇਸ ਵਿਚ ਜੂਨ 2018 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ)।
ਸਵਾਲ: ਅਦਾਲਤੀ ਫ਼ੈਸਲਾ ਦੱਸਦਾ ਹੈ ਕਿ ਪੁਲਿਸ ਨੇ ਤੁਹਾਡੇ ਸਾਰਿਆਂ ਦੇ ਖ਼ਿਲਾਫ਼ ਕਥਿਤ ਸਬੂਤ ਜੁਟਾਉਣ ਸਮੇਂ ਕਿੰਨੀ ਬੇਸ਼ਰਮੀ ਨਾਲ ਸਾਰੇ ਕਾਇਦਾ-ਏ-ਕਾਨੂੰਨ ਛਿੱਕੇ ਟੰਗੇ। ਪੁਲਿਸ ਨੂੰ ਇਸ ਤੋਂ ਬਚਣ ਦਾ ਇੰਨਾ ਭਰੋਸਾ ਕਿਉਂ ਸੀ?
ਜਵਾਬ: ਹੋਰ ਉਹ ਕੀ ਕਰਦੇ? ਜਦੋਂ ਕੋਈ ਜੁਰਮ ਹੋਇਆ ਹੀ ਨਹੀਂ ਸੀ ਤਾਂ ਸਭ ਕੁਝ ਘੜਨਾ ਹੀ ਪੈਣਾ ਸੀ। ਉਨ੍ਹਾਂ ਨੇ ਜੋ ਕੀਤਾ, ਉਹ ਕਿਸੇ ਜੁਰਮ ਦੇ ਪ੍ਰਤੀਕਰਮ `ਚ ਨਹੀਂ ਸੀ। ਗ੍ਰਿਫ਼ਤਾਰੀਆਂ, ਪੂਰਾ ਕੇਸ, ਉਸ ਦਾ ਹਿੱਸਾ ਸੀ ਜਿਸ ਨੂੰ ਉਹ ‘ਬਗ਼ਾਵਤ-ਵਿਰੋਧੀ ਯੁੱਧਨੀਤੀ` ਕਹਿੰਦੇ ਹਨ। ਉਹ ਇਸ ਨੂੰ ਯੁੱਧ ਦੇ ਰੂਪ `ਚ ਦੇਖਦੇ ਹਨ ਅਤੇ ਪਿਆਰ ਤੇ ਯੁੱਧ ਵਿਚ ਤਾਂ ਸਭ ਕੁਝ ਜਾਇਜ਼ ਹੁੰਦਾ ਹੈ।
ਇਸ ਯੁੱਧਨੀਤੀ ਦੇ ਹਿੱਸੇ ਵਜੋਂ ਉਹ ਨਿਤਾਣੇ ਲੋਕਾਂ ਦੀ ਭਾਲ ਕਰਦੇ ਹਨ ਜਿਨ੍ਹਾਂ ਨੂੰ ਫਸਾਇਆ ਜਾ ਸਕਦਾ ਹੋਵੇ। ਮੇਰੇ ਵਿਰੁੱਧ ਪਹਿਲਾਂ ਹੀ ਇਕ ਕੇਸ ਚੱਲ ਰਿਹਾ ਸੀ ਜਿੱਥੇ ਮੇਰੇ `ਤੇ ਮਾਓਵਾਦੀ ਹੋਣ ਦਾ ਦੋਸ਼ ਲਗਾਇਆ ਗਿਆ ਸੀ; ਇਸੇ ਲਈ ਉਨ੍ਹਾਂ ਨੇ ਮੈਨੂੰ ਨਿਗਰਾਨੀ ਹੇਠ ਰੱਖਿਆ ਹੋਵੇਗਾ। ਮੈਂ ਰਾਏਪੁਰ ਵਿਚ ਸੀ ਜਦੋਂ ਉਨ੍ਹਾਂ ਨੇ ਮੈਨੂੰ ਅਗਵਾ ਕੀਤਾ; ਇਹ ਗੜ੍ਹਚਿਰੌਲੀ ਤੋਂ ਬਹੁਤੀ ਦੂਰ ਨਹੀਂ ਹੈ। ਰਾਜਾਂ ਤੋਂ ਬਾਹਰ ਹਮੇਸ਼ਾ ਹੀ ਅਤਿਵਾਦ ਵਿਰੋਧੀ ਮੁਹਿੰਮਾਂ ਚੱਲਦੀਆਂ ਰਹਿੰਦੀਆਂ ਹਨ।
ਮੇਰੇ ਖ਼ਿਆਲ `ਚ ਇਹ ਖ਼ਾਸ ਕੇਸ ਕਈ ਰਾਜਾਂ ਦੀਆਂ ਜਥੇਬੰਦੀਆਂ ਵੱਲੋਂ ਮਿਲ ਕੇ ਉਨ੍ਹਾਂ ਜ਼ੁਲਮਾਂ ਦੀ ਸੁਤੰਤਰ ਤੱਥ-ਖੋਜ ਦੀ ਮੁਹਿੰਮ ਤੋਂ ਧਿਆਨ ਹਟਾਉਣ ਲਈ ਬਣਾਇਆ ਗਿਆ ਸੀ ਜੋ ਪੁਲਿਸ ਦੁਆਰਾ 2012-13 ਵਿਚ ‘ਬਗ਼ਾਵਤ ਵਿਰੋਧੀ ਕਾਰਵਾਈਆਂ` ਦੇ ਹਿੱਸੇ ਵਜੋਂ ਗੜ੍ਹਚਿਰੌਲੀ ਵਿਚ ਕੀਤੇ ਗਏ ਸਨ। ਉਦੋਂ ਗੜ੍ਹਚਿਰੌਲੀ ਆਪ੍ਰੇਸ਼ਨ ਨੂੰ ਗ੍ਰਹਿ ਮੰਤਰਾਲੇ ਵਿਚ ਨਮੂਨੇ ਦੀ ਮੁਹਿੰਮ ਵਜੋਂ ਵਡਿਆਇਆ ਜਾ ਰਿਹਾ ਸੀ। ਸਾਡੀਆਂ ਗ੍ਰਿਫ਼ਤਾਰੀਆਂ ਅਤੇ ਬਣਾਏ ਕੇਸ ਨੇ ਇਸ ਦੇ ਬੇਨਕਾਬ ਹੋਣ ਨੂੰ ਰੋਕਣ ਵਿਚ ਮਦਦ ਕੀਤੀ।
ਇਸ ਤੋਂ ਪਹਿਲਾਂ ਬਨਾਰਸ ਵਿਚ ਮੈਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਰਹਿ ਕੇ ਆਈ.ਆਈ.ਟੀ. ਬੀ.ਐੱਚ.ਯੂ. ਵਿਚ ਪੜ੍ਹਾਈ ਕੀਤੀ ਹੋਣ ਕਾਰਨ ਮੈਂ ਸ਼ਹਿਰ ਦਾ ਐਨੀ ਭੇਤੀ ਸੀ ਕਿ ਮੈਨੂੰ ਅਣਭੋਲ ਹੀ ਦਬੋਚਿਆ ਨਹੀਂ ਸੀ ਜਾ ਸਕਦਾ।
ਸਵਾਲ: ਕੀ ਤੁਹਾਨੂੰ ਸਜ਼ਾ ਸੁਣ ਕੇ ਹੈਰਾਨੀ ਹੋਈ ਸੀ?
ਜਵਾਬ: ਹਾਂ, ਸਬੂਤਾਂ ਦੇ ਸੁਭਾਅ ਅਤੇ ਪੰਚ (ਮੌਕੇ ਦੇ ਗਵਾਹ) ਦੀ ਗਵਾਹੀ ਨੂੰ ਦੇਖਦੇ ਹੋਏ ਜਿਸ ਨੇ ਸਪੱਸ਼ਟ ਤੌਰ `ਤੇ ਇਸ ਗੱਲੋਂ ਇਨਕਾਰ ਕੀਤਾ ਸੀ ਕਿ ਮੇਰੇ ਕੋਲੋਂ ਕੋਈ ਜੁਰਮ ਦਾ ਸਬੂਤ ਬਰਾਮਦ ਹੋਇਆ ਸੀ। ਸੱਚ ਤਾਂ ਇਹ ਹੈ ਕਿ ਇਸ ਕੇਸ ਨੂੰ ਲੈ ਕੇ ਮੈਂ ਕਦੇ ਵੀ ਫ਼ਿਕਰਮੰਦ ਨਹੀਂ ਸੀ, ਜ਼ਿਆਦਾ ਫ਼ਿਕਰਮੰਦ ਮੈਂ ਆਪਣੇ ਉੱਤਰਾਖੰਡ ਵਾਲੇ ਕੇਸ ਨੂੰ ਲੈ ਕੇ ਸੀ।
ਦਿਲਚਸਪ ਗੱਲ ਇਹ ਹੈ ਕਿ ਮੇਰਾ ਉਤਰਾਖੰਡ ਵਾਲਾ ਕੇਸ ਜਨਵਰੀ 2022 `ਚ ਸੈਸ਼ਨ ਕੋਰਟ ਵਿਚ ਮੁਕੱਦਮੇ ਦੇ ਪੜਾਅ `ਤੇ ਹੀ ਅਕੱਟ ਰੂਪ `ਚ ਬਰੀ ਹੋਣ ਨਾਲ ਖ਼ਤਮ ਹੋ ਗਿਆ; ਗੜ੍ਹਚਿਰੌਲੀ ਕੇਸ ਵਿਚ ਬਰੀ ਹੋਣ ਦਾ ਫ਼ੈਸਲਾ ਸਿਰਫ਼ ਹਾਈ ਕੋਰਟ ਤੋਂ ਹੀ ਆਇਆ, ਉਹ ਵੀ ਮਹਾਰਾਸਟਰ ਸਰਕਾਰ ਦੀਆਂ ਇਸ ਨੂੰ ਰੋਕਣ ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ।
ਜਦੋਂ 2017 ਵਿਚ ਸਾਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤਾਂ ਮੈਂ ਸੋਚਦਾ ਸੀ ਕਿ ਮੈਂ ਛੇ ਮਹੀਨਿਆਂ `ਚ ਜ਼ਮਾਨਤ `ਤੇ ਬਾਹਰ ਆ ਜਾਵਾਂਗਾ ਕਿਉਂਕਿ ਯੂ.ਏ.ਪੀ.ਏ. ਲਗਾਇਆ ਹੋਣ ਦੇ ਬਾਵਜੂਦ ਮੁਕੱਦਮੇ ਤੋਂ ਪਹਿਲੇ ਪੜਾਅ `ਤੇ ਹੀ ਮੈਨੂੰ ਇਸ ਆਧਾਰ `ਤੇ ਜ਼ਮਾਨਤ ਮਿਲ ਗਈ ਸੀ ਕਿ ਗ੍ਰਿਫ਼ਤਾਰੀ ਦੇ ਸਮੇਂ ਮੇਰੇ ਕੋਲੋਂ ਜੋ ਜੁਰਮ ਦਾ ਸਬੂਤ ਦਸਤਾਵੇਜ਼ ਬਰਾਮਦ ਹੋਏ ਦਿਖਾਏ ਗਏ ਸਨ, ਉਹ ਪਹਿਲੀ ਨਜ਼ਰੇ ਹੀ ਝੂਠੇ ਜਾਪਦੇ ਹਨ।
ਮੈਂ ਵਿਜੇ ਟਿਰਕੀ (ਜਿਸ ਨੂੰ 10 ਸਾਲ ਦੀ ਸਜ਼ਾ ਦਿੱਤੀ ਗਈ ਸੀ) ਨੂੰ ਕਿਹਾ ਸੀ ਕਿ ਉਹ ਦੋ ਮਹੀਨਿਆਂ ਦੇ ਅੰਦਰ-ਅੰਦਰ ਬਾਹਰ ਆ ਜਾਵੇਗਾ ਪਰ ਟਿਰਕੀ ਦੀ ਜ਼ਮਾਨਤ ਦੀ ਸੁਣਵਾਈ ਮੁਲਤਵੀ ਹੁੰਦੀ ਗਈ। ਇਹ ਸੰਜੋਗ ਹੀ ਸੀ ਕਿ ਸਾਡੀ ਜ਼ਮਾਨਤ ਰੱਦ ਕਰ ਦਿੱਤੀ ਗਈ ਭਾਵੇਂ ਅਦਾਲਤ ਨੇ ਕਿਹਾ ਕਿ ਸਾਡੇ ਵਿਚੋਂ ਕਿਸੇ `ਤੇ ਵੀ ਕਿਸੇ ਦਹਿਸ਼ਤਵਾਦੀ ਕਾਰਵਾਈ ਦਾ ਦੋਸ਼ ਨਹੀਂ ਲਗਾਇਆ ਜਾ ਸਕਿਆ।
ਵਿਜੇ ਟਿਰਕੀ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਲੈਣ ਲਈ ਸਤੰਬਰ 2019 ਤੱਕ ਇੰਤਜ਼ਾਰ ਕਰਨਾ ਪਿਆ, ਫਿਰ ਕੋਵਿਡ ਲਾਕਡਾਊਨ ਲੱਗ ਗਿਆ ਅਤੇ ਅਦਾਲਤਾਂ ਨੇ ਸਿਰਫ਼ ਆਨਲਾਈਨ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜ਼ਮਾਨਤ ਮੇਰੇ ਲਈ ਮੁੱਕ ਚੁੱਕਾ ਅਧਿਆਇ ਬਣ ਗਿਆ।
ਸੈਸ਼ਨ ਅਦਾਲਤ `ਚ ਮੁਕੱਦਮੇ ਦੇ ਅੰਤ `ਚ ਮੈਨੂੰ ਬਾਹਰ ਨਿਕਲਣ ਦਾ ਐਨਾ ਭਰੋਸਾ ਸੀ ਕਿ ਮੇਰੇ ਕੋਲ ਜੇਲ੍ਹ ਵਿਚ ਛੇ ਮਹੀਨੇ ਰਹਿਣ ਜੋਗਾ ਪੈਸਾ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਸੱਤ ਸਾਲਾਂ ਤੱਕ ਆਪਣੀ ਧੀ ਤੋਂ ਪੈਸੇ ਉਧਾਰ ਲੈਂਦੇ ਰਹਿਣਾ ਪਵੇਗਾ। ਮੈਨੂੰ ਏਨੀ ਸ਼ਰਮਿੰਦਗੀ ਹੁੰਦੀ ਸੀ ਕਿ ਮੈਂ ਛੋਟੀਆਂ-ਛੋਟੀਆਂ ਚੀਜ਼ਾਂ ਬਾਰੇ ਦੁਚਿੱਤੀ ਵਿਚ ਰਹਿੰਦਾ ਸੀ, ਜਿਵੇਂ ਕੀ ਮੈਂ ਨਵਾਂ ਟੂਥਪੇਸਟ ਜਾਂ ਭਾਂਡੇ ਧੋਣ ਲਈ ਸਾਬਣ ਖ਼ਰੀਦਾਂ ਜਾਂ ਨਾ।
ਸਵਾਲ: ਮੈਂ ਪੜ੍ਹਿਆ ਹੈ ਕਿ ਜੇਲ੍ਹ ਅਧਿਕਾਰੀ ਤੁਹਾਡੇ ਸਵੈਮਾਣ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਸਨ। ਕੀ ਤੁਸੀਂ ਆਪਣਾ ਸਵੈਮਾਣ ਬਰਕਰਾਰ ਰੱਖ ਸਕੇ?
ਜਵਾਬ: ਜੇਲ੍ਹ ਵਿਚ ਪਹਿਲਾ ਨੁਕਸਾਨ ਸਵੈਮਾਣ ਦਾ ਹੁੰਦਾ ਹੈ। ਹਰ ਨਕਲੋ-ਹਰਕਤ ਦੀ ਨਿਗਰਾਨੀ ਕੀਤੀ ਜਾਂਦੀ ਹੈ; ਤੁਹਾਡੇ ਕਵਚ ਦੀ ਹਰ ਕਮੀ ਦਾ ਲਾਹਾ ਪ੍ਰਸ਼ਾਸਨ ਵੀ ਲੈਂਦਾ ਹੈ, ਤੇ ਤੁਹਾਡੇ ਸਾਥੀ ਕੈਦੀ ਵੀ ਕਿਉਂਕਿ ਜਿਹੜੇ ਲੋਕ ਸਿੱਧੇ ਰੂਪ `ਚ ਮੁਜਰਿਮ ਹੁੰਦੇ ਹਨ, ਉਹ ਆਮ ਤੌਰ `ਤੇ ਦੂਜਿਆਂ `ਤੇ ਹਾਵੀ ਹੋ ਕੇ ਆਪਣਾ ਮਾਣ-ਇੱਜ਼ਤ ਹਾਸਲ ਕਰਦੇ ਹਨ। ਸਵੈਮਾਣ ਨੂੰ ਬਣਾਈ ਰੱਖਣਾ ਮੇਰੇ ਲਈ ਨਿਰੰਤਰ ਲੜਾਈ ਸੀ। ਅਜਿਹਾ ਕਰਨ ਲਈ ਤੁਹਾਨੂੰ ਲੰਮਾ ਅਤੇ ਧੀਰਜ ਨਾਲ ਸੰਘਰਸ਼ ਕਰਨਾ ਪੈਂਦਾ ਹੈ।
ਇੱਕੋ-ਇਕ ਪੜਾਅ `ਤੇ ਇਹ ਹੋਇਆ ਜਦੋਂ ਮੈਂ ਮਹਿਸੂਸ ਕੀਤਾ ਕਿ ਮੇਰੇ ਸਵੈਮਾਣ ਨੂੰ ਠੇਸ ਪਹੁੰਚੀ ਹੈ, ਜਦੋਂ ਪਿਛਲੇ ਦਸੰਬਰ `ਚ ਨਵੀਂ ਨਿਯੁਕਤ ਹੋਈ ਸੁਪਰਡੈਂਟ ਨੇ ਦੌਰੇ ਸਮੇਂ ਮੈਨੂੰ ਮੇਰੀ ਪੁਰਾਣੀ ਅਤੇ ਫਟੀ ਹੋਈ ਜੁੱਤੀ ਲਾਹੁਣ ਲਈ ਕਿਹਾ। ਇਹ ਉਦੋਂ ਹੋਇਆ ਜਦੋਂ ਮੈਂ ਆਪਣੀ ਜੇਲ੍ਹ ਕੋਠੜੀ ਦੇ ਅੰਦਰ ਸੀ!
ਮੈਂ ਉਸ ਨੂੰ ਨਿਮਰਤਾ ਨਾਲ ਕਿਹਾ ਕਿ ਬਿਨਾਂ ਪਾਲਿਸ਼ ਫਰਸ਼ ਬਹੁਤ ਖੁਰਦਰਾ ਹੈ ਅਤੇ ਧੂੜ ਸਹਿਜੇ ਹੀ ਜਮ੍ਹਾਂ ਹੋ ਜਾਂਦੀ ਹੈ ਜਿਸ ਨਾਲ ਮੇਰੇ ਪੈਰਾਂ ਦੀਆਂ ਉਂਗਲਾਂ ਵਿਚ ਜ਼ਖ਼ਮ ਹੋ ਜਾਂਦੇ ਹਨ।
ਉਸ ਔਰਤ ਅਧਿਕਾਰੀ ਨੇ ਪੁੱਛਿਆ, “ਤੁਸੀਂ ਜਦੋਂ ਮੰਦਰ ਜਾਂ ਕਿਸੇ ਦੇ ਘਰ ਜਾਂਦੇ ਹੋ ਤਾਂ ਜੁੱਤੀ ਨਹੀਂ ਲਾਹੁੰਦੇ?”
ਮੈਂ ਉਸ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਆਪਣੇ ‘ਘਰ` ਵਿਚ ਹਾਂ ਪਰ ਕੁਝ ਨਹੀਂ ਕਿਹਾ ਪਰ ਮੈਂ ਜੁੱਤੀ ਨਹੀਂ ਲਾਹੀ।
ਉਸ ਦੇ ਅੱਗੇ ਜਾਣ ਤੋਂ ਬਾਅਦ ਮੈਂ ਉਸ ਦੇ ਨਾਲ ਆਏ ਅਧਿਕਾਰੀ ਨੂੰ ਕੋਲ ਸੱਦ ਕੇ ਪੁੱਛਿਆ ਕਿ ਕੀ ਇਹ ਜੇਲ੍ਹ ਮੈਨੂਅਲ ਦੇ ਵਿਰੁੱਧ ਹੈ? ਜਦੋਂ ਉਸ ਨੇ ‘ਨਹੀਂ` ਕਿਹਾ ਤਾਂ ਮੈਂ ਉਸ ਨੂੰ ਕਿਹਾ ਕਿ ਉਸ ਨੂੰ ਦੱਸ ਦਿਓ, ਮੈਂ ਉਸ ਦੀ ਗੱਲ ਨਹੀਂ ਮੰਨਾਂਗਾ ਕਿਉਂਕਿ ਉਸ ਦੇ ਹੁਕਮਾਂ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।
ਬਾਹਰ ਜਾਂਦੇ ਸਮੇਂ ਉਸ ਨੇ ਫਿਰ ਮੇਰੀ ਜੁੱਤੀ `ਤੇ ਤਿੱਖੀ ਟਿੱਪਣੀ ਕੀਤੀ ਅਤੇ ਫਿਰ ਦੋ ਘੰਟੇ ਅੰਦਰ ਹੀ ਮੈਨੂੰ ਸੁਪਰਡੈਂਟ ਦਾ ਨਿਰਾਦਰ ਕਰਨ ਅਤੇ ਆਗਿਆ ਨਾ ਮੰਨਣ ਦਾ ਨੋਟਿਸ ਮਿਲ ਗਿਆ ਜਿਸ ਵਿਚ ਧਮਕੀ ਦਿੱਤੀ ਗਈ ਸੀ ਕਿ ਜੇ ਮੈਂ ਸੱਤ ਦਿਨਾਂ ਦੇ ਅੰਦਰ ਉਸ ਦਾ ਸਪਸ਼ਟੀਕਰਨ ਨਹੀਂ ਦਿੰਦਾ ਤਾਂ ਮੇਰੀਆਂ ਮੁਲਾਕਾਤਾਂ ਅਤੇ ਹੋਰ ਸਹੂਲਤਾਂ ਵਾਪਸ ਲੈ ਲਈਆਂ ਜਾਣਗੀਆਂ।
ਮੈਂ ਪਤਾ ਲਾ ਲਿਆ ਕਿ ਅਜਿਹੀ ਸਜ਼ਾ ਸਿਰਫ਼ ਭੁੱਖ ਹੜਤਾਲ ਕਰਨ ਵਾਲੇ ਕੈਦੀਆਂ ਨੂੰ ਦਿੱਤੀ ਜਾਂਦੀ ਸੀ। ਮੈਂ ਆਪਣੇ ਵਕੀਲ ਨੂੰ ਚਿੱਠੀ ਲਿਖ ਕੇ ਇਹ ਮਾਮਲਾ ਉਠਾਉਣ ਲਈ ਕਿਹਾ ਪਰ ਚਿੱਠੀ ਰੋਕ ਲਈ ਗਈ।
ਅੰਤ ਵਿਚ ਮੈਨੂੰ ‘ਸਪੱਸ਼ਟੀਕਰਨ` ਦੇਣਾ ਪਿਆ ਕਿ ਮੇਰਾ ਸੁਪਰਡੈਂਟ ਦਾ ਨਿਰਾਦਰ ਕਰਨ ਦਾ ਕੋਈ ਇਰਾਦਾ ਨਹੀਂ ਸੀ, ਤੇ ਇਸ ਤੋਂ ਬਾਅਦ ਮੈਂ ਅਧਿਕਾਰੀਆਂ ਦੁਆਰਾ ਨਿਰੀਖਣ ਦੇ ਦੌਰਿਆਂ ਸਮੇਂ ਕੋਈ ਵੀ ਜੁੱਤੀ ਨਹੀਂ ਪਾਵਾਂਗਾ ਪਰ ਉਸ ਤੋਂ ਬਾਅਦ ਮੈਂ ਜੁਰਾਬਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜੇਲ੍ਹਰ ਹਰ ਵਾਰ ਉਨ੍ਹਾਂ ਵੱਲ ਦੇਖਦੇ ਪਰ ਕਹਿੰਦੇ ਕੁਝ ਨਾ।
ਸਵਾਲ: ਤੁਹਾਡੀ ਧੀ ਨੇ ਤੁਹਾਡੇ ਲਈ ਬਹੁਤ ਸੰਘਰਸ਼ ਕੀਤਾ।
ਜਵਾਬ: ਮੇਰੇ ਜੇਲ੍ਹ ਜਾਣ ਦਾ ਖਮਿਆਜ਼ਾ ਮੇਰੀ ਧੀ ਸ਼ਿਖਾ ਨੂੰ ਭੁਗਤਣਾ ਪਿਆ। ਮਈ 2018 `ਚ ਮੇਰੇ ਮੁੱਢਲੇ ਵਕੀਲ ਸੁਰਿੰਦਰ ਗਾਡਲਿੰਗ ਦੀ ਮੰਦਭਾਗੀ ਗ੍ਰਿਫ਼ਤਾਰੀ ਤੋਂ ਲੈ ਕੇ ਉਹ ਮੇਰੀਆਂ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਵਕੀਲਾਂ `ਤੇ ਜ਼ੋਰ ਪਾਉਂਦੀ ਰਹਿੰਦੀ ਸੀ ਅਤੇ ਹਰ ਤਿਆਰੀ ਕਰਨ `ਚ ਉਨ੍ਹਾਂ ਦੀ ਮਦਦ ਕਰਦੀ ਸੀ।
ਹਾਈ ਕੋਰਟ ਵਿਚ ਅਪੀਲ ਦੀ ਸੁਣਵਾਈ ਦੌਰਾਨ ਮੈਂ (ਵੀਡੀਓ ਕਾਨਫਰੰਸਿੰਗ ਦੁਆਰਾ) ਦੇਖਿਆ ਕਿ ਜਦੋਂ ਵਕੀਲ ਦਲੀਲਾਂ ਦੇ ਰਹੇ ਸਨ ਤਾਂ ਉਹ ਨਾਲ ਦੀ ਨਾਲ ਟਾਈਪ ਕਰਦੀ ਜਾਂਦੀ ਸੀ ਤਾਂ ਜੋ ਰਿਕਾਰਡ ਸਾਂਭਿਆ ਜਾ ਸਕੇ। ਉਸੇ ਨੇ ਵਕੀਲਾਂ ਨੂੰ ਸੁਝਾਅ ਦਿੱਤਾ ਸੀ ਕਿ ਵੀਡੀਓ ਕਾਨਫਰੰਸਿੰਗ ਦੇਖਣ ਲਈ ਅਦਾਲਤ ਤੋਂ ਇਜਾਜ਼ਤ ਦੀ ਮੰਗ ਕੀਤੀ ਜਾਵੇ।
ਉਸ ਨੇ ਮੇਰੇ ਲਈ ਦਰਜਨਾਂ ਕਿਤਾਬਾਂ ਖ਼ਰੀਦੀਆਂ ਅਤੇ ਮੈਨੂੰ ਭੇਜਦੀ ਰਹੀ; ਸਿਰਫ਼ ਇਹੀ ਨਹੀਂ, ਉਹ ਬਾਕਾਇਦਗੀ ਨਾਲ ਫੋਨ ਅਤੇ ਮੁਲਾਕਾਤਾਂ ਕਰ ਕੇ ਮੇਰਾ ਉਤਸ਼ਾਹ ਵੀ ਵਧਾਉਂਦੀ ਰਹੀ। ਮੇਰੀ ਜਿੱਤ ਵਿਚ ਉਸ ਦੀ ਸ਼ਾਨਦਾਰ, ਪ੍ਰਮੁੱਖ ਭੂਮਿਕਾ ਰਹੀ ਹੈ।