ਪਹਿਲਾ ਤਾਂ ਪਹਿਲਾ ਹੀ ਹੁੰਦਾ

ਡਾ ਗੁਰਬਖ਼ਸ਼ ਸਿੰਘ ਭੰਡਾਲ
ਕਦੇ ਵੀ ਪਹਿਲਾ, ਦੂਸਰਾ ਨਹੀਂ ਹੁੰਦਾ ਸਗੋਂ ਪਹਿਲਾ ਤਾਂ ਪਹਿਲਾ ਹੀ ਹੁੰਦਾ। ਭਾਵੇਂ ਇਹ ਪਹਿਲਾ ਪੁੱਟਿਆ ਕਦਮ ਹੋਵੇ, ਪਹਿਲਾ ਸਫ਼ਰ ਹੋਵੇ, ਪਹਿਲਾ ਸੁਪਨਾ ਹੋਵੇ, ਪਹਿਲੀ ਸਫ਼ਲਤਾ ਹੋਵੇ ਜਾਂ ਪਹਿਲੀ ਮਿਲਣੀ ਹੋਵੇ।
ਜ਼ਿੰਦਗੀ ਵਿਚ ਪਹਿਲੇ ਕਦਮ ਦਾ ਸਭ ਤੋਂ ਵੱਧ ਮਹੱਤਵ। ਪਹਿਲੇ ਉਦਮ ਨੇ ਹੀ ਇਹ ਨਿਰਧਾਰਤ ਕਰਨਾ ਹੁੰਦਾ ਕਿ ਤੁਹਾਡੀਆਂ ਪੈੜਾਂ ਕਿਹੜੀ ਮੰਜ਼ਲ਼ ਨੂੰ ਤਲਾਸ਼ਦੀਆਂ, ਤੁਹਾਡੇ ਸੁਪਨਿਆਂ ਦਾ ਸਫ਼ਰ ਕੀ ਹੋਵੇਗਾ, ਤੁਹਾਡੀਆਂ ਪ੍ਰਾਪਤੀਆਂ ਦਾ ਸਿਰਲੇਖ ਕਿਹੜਾ ਹੋਵੇਗਾ ਅਤੇ ਤੁਹਾਡੀਆਂ ਰਾਹਾਂ ਸੁਖਨਮਈ ਹੋਣਗੀਆਂ ਜਾਂ ਇਹ ਪੀੜਾਂ-ਪਰੁੱਚੇ ਮਾਰਗਾਂ ਦੀ ਨਿਸ਼ਾਨਦੇਹੀ ਹੋਵੇਗੀ?

ਮਨੁੱਖਾ ਜੀਵਨ ਹੀ ਪਹਿਲਾਂ ਨਾਲ ਭਰਿਆ ਹੋਇਆ। ਹਰ ਪੜਾਅ `ਤੇ ਹੀ ਅਸੀਂ ਕੁਝ ਨਾ ਕੁਝ ਪਹਿਲੀ ਵਾਰ ਹੀ ਕਰਦੇ। ਸਾਡਾ ਪਹਿਲਾ ਅਨੁਭਵ ਹੀ ਬਹੁਤ ਕੁਝ ਸਾਡੇ ਜ਼ਿਹਨ ਵਿਚ ਧਰਦਾ ਜਿਸ ਨੇ ਸਾਨੂੰ ਅਤੇ ਸਾਡੀ ਜੀਵਨ-ਸ਼ੈਲੀ ਨੂੰ ਪ੍ਰਭਾਵਿਤ ਕਰਨਾ ਹੁੰਦਾ।
ਮਨੁੱਖ ਹਮੇਸ਼ਾ ਉਨ੍ਹਾਂ ਪਹਿਲਕਦਮੀਆਂ ਦੀ ਤਲਾਸ਼ ਵਿਚ ਜਿਨ੍ਹਾਂ ਨੇ ਉਸ ਦੇ ਜੀਵਨ ਨੂੰ ਨਿਆਮਤਾਂ ਨਾਲ ਵਰੋਸਾਉਣਾ ਹੁੰਦਾ ਅਤੇ ਜਿਸ ਕਾਰਨ ਮਨੁੱਖ ਨੂੰ ਸੁੱਖ-ਸਹੂਲਤਾਂ ਦਾ ਅਹਿਸਾਸ ਅਤੇ ਪਰਿਵਾਰਕ ਖੁਸ਼ਹਾਲੀ ਦਾ ਰਾਜ਼ ਪਤਾ ਲੱਗਦਾ।
ਇਹ ਪਹਿਲਾਂ ਹੀ ਹੁੰਦੀਆਂ ਜਿਨ੍ਹਾਂ ਦੇ ਮੱਥੇ `ਤੇ ਅਣਜਾਣੇ ਰਾਹਾਂ, ਮਨਚਾਹੀਆਂ ਪ੍ਰਾਪਤੀਆਂ ਅਤੇ ਅਸੀਮ ਦਾਤਾਂ ਦੀ ਰਹਿਨੁਮਾਈ ਪ੍ਰਾਪਤ ਹੁੰਦੀ। ਅਸੀਂ ਆਪਣੇ ਜੀਵਨ ਨੂੰ ਸਫਲ਼ਾ ਮੰਨਦੇ। ਜਦ ਕਿਸੇ ਔਰਤ ਨੂੰ ਪਹਿਲੀ ਵਾਰ ਪਤਾ ਲੱਗਦਾ ਹੈ ਕਿ ਉਹ ਮਾਂ ਬਣਨ ਵਾਲੀ ਹੈ ਤਾਂ ਉਸਦੇ ਮੁੱਖੜੇ ਦਾ ਨੂਰ, ਅੰਗ-ਅੰਗ ਵਿਚੋਂ ਝਰਦੀ ਖੁਸ਼ੀ ਅਤੇ ਮਨ ਵਿਚ ਪੂਰਨਤਾ ਦਾ ਅਹਿਸਾਸ, ਉਸ ਲਈ ਸਭ ਤੋਂ ਵੱਡਾ ਵਰਦਾਨ। ਉਹ ਆਪਣੇ ਆਉਣ ਵਾਲੇ ਬੱਚੇ ਲਈ ਸੁੱਤੀ/ਜਾਗਦੀ ਦੁਆਵਾਂ ਮੰਗਦੀ, ਕੁੱਖ ਵਿਚ ਉਸ ਨਾਲ ਗੱਲਾਂ ਕਰਦੀ। ਉਸਨੂੰ ਇਕ ਸੁਖਨ ਮਿਲਦਾ। ਉਸਦੇ ਮਨ ਵਿਚ ਸੰਪੂਰਨ ਪਰਿਵਾਰ ਦਾ ਸੁਪਨਾ ਪੂਰਾ ਹੋਣਾ ਲੋਚਦਾ।
ਕਿਸੇ ਔਰਤ ਲਈ ਸਭ ਤੋਂ ਅਹਿਮ ਹੁੰਦਾ ਹੈ ਪਹਿਲੀ ਵਾਰ ਮਾਂ ਬਣਨਾ।
ਮਾਂ ਦੇ ਅਹਿਸਾਸ ਨੂੰ ਜੀਵੰਤ ਰੂਪ ਵਿਚ ਜਿਊਣਾ ਤੇ ਮਾਨਣਾ। ਜਨਮ ਵੇਲੇ
ਬੱਚੇ ਦੀ ਪਹਿਲੀ ਚੀਕ, ਉਸ ਦਾ ਤੰਦਰੁਸਤ ਰੂਪ ਵਿਚ ਸੰਸਾਰ ਵਿਚ ਆਮਦ ਦਾ
ਪੈਗ਼ਾਮ ਅਤੇ ਮਾਂ ਨੂੰ ਜੀਵਨ-ਦਾਨ। ਬੱਚੇ ਦਾ ਪਹਿਲੀ ਵਾਰ ਬੈਠਣਾ, ਪਹਿਲੀ
ਵਾਰ ਖੜੇ ਹੋਣਾ ਅਤੇ ਪਹਿਲੀ ਵਾਰ ਕੁਝ ਕਦਮ ਤੁਰਨਾ, ਪਰਿਵਾਰ ਲਈ ਖੇੜੇ
ਅਤੇ ਖੁਸ਼ੀਆਂ ਦਾ ਆਧਾਰ। ਉਸਦਾ ਪਹਿਲਾ ਤੋਤਲਾ ਬੋਲ, ਆਪਣੇ ਹਾਵ-ਭਾਵ ਪ੍ਰਗਟਾਉਣ ਦੀ ਕੋਸ਼ਿਸ਼। ਨਾਨਾ/ਨਾਨੀ ਜਾਂ ਦਾਦਾ/ਦਾਦੀ ਦੀ ਉਂਗਲ ਫੜ ਕੇ ਪੁੱਟੇ ਹੋਏ ਕੁਝ ਕਦਮਾਂ ਦਾ ਚਾਅ ਬੱਚੇ ਨੂੰ ਇੰਨਾ ਹੁੰਦਾ ਕਿ ਉਹ ਵਾਰ ਵਾਰ ਤੁਰਨ ਲਈ ਅਹੁਲਦਾ। ਉਸਨੂੰ ਕੀ ਪਤਾ ਕਿ ਵਕਤ ਆਉਣ `ਤੇ ਉਸ ਨੇ ਇਨ੍ਹਾਂ ਬਜ਼ੁਰਗਾਂ ਲਈ ਹੀ ਤੁਰਨ ਲਈ ਡੰਗੋਰੀ ਬਣਨਾ।
ਬੱਚਾ ਜਦ ਪਹਿਲੇ ਦਿਨ ਸਕੂਲੇ ਜਾਂਦਾ ਤਾਂ ਮਾਂ ਸੁੱਖਣਾ ਸੁੱਖਦੀ ਅਤੇ ਅਰਦਾਸਾਂ ਵੀ ਕਰਦੀ ਕਿ ਉਹ ਪੜ੍ਹ ਕੇ ਵੱਡਾ ਅਫਸਰ ਬਣੇ। ਪਰ ਮਾਂ ਦੇ ਅੰਦਰੋਂ ਖੋਹ ਵੀ ਪੈਂਦੀ ਕਿ ਅੱਜ ਤੋਂ ਬਾਅਦ ਬੱਚੇ ਨੇ ਨਵੇਂ ਚੌਗਿਰਦੇ ਵਿਚ ਨਵੇਂ ਸਾਥੀਆਂ ਸੰਗ ਨਵੀਂ ਦੁਨੀਆਂ ਵਿਚ ਵਿਚਰਨਾ ਹੈ ਜਿਸ ਵਿਚੋਂ ਬਹੁਤ ਕੁਝ ਉਸਨੇ ਸਿੱਖਣਾ ਵੀ ਅਤੇ ਮਾਪਿਆਂ ਦੀਆਂ ਕੁਝ ਕੁ ਸਿੱਖਿਆਵਾਂ ਨੂੰ ਵਿਸਾਰਨਾ ਵੀ। ਪਹਿਲੇ ਦਿਨ ਸਕੂਲ ਜਾਣ ਵੇਲੇ ਕੁਝ ਬੱਚਿਆਂ ਨੂੰ ਤਾਂ ਬਹੁਤ ਚਾਅ ਹੁੰਦਾ ਜਦ ਕਿ ਕੁਝ ਬੱਚਿਆਂ ਨੂੰ ਰੋਂਦੇ ਹੀ ਸਕੂਲੇ ਛੱਡ ਕੇ ਆਉਣਾ ਪੈਂਦਾ ਅਤੇ ਫਿਰ ਹੌਲੀ-ਹੌਲੀ ਦਿਲ ਲੱਗ ਜਾਂਦਾ।
ਯਾਦ ਹੈ ਕਿ ਪਹਿਲੇ ਦਿਨ ਮੇਰੀ ਵੱਡੀ ਬੇਟੀ ਸਕੂਲ ਗਈ ਤਾਂ ਉਹ ਰਿਕਸ਼ੇ ਤੋਂ ਨਾ ਉਤਰੀ ਅਤੇ ਵਾਪਸ ਘਰ ਨੂੰ ਮੁੜ ਆਈ ਭਾਵੇਂ ਕਿ ਉਸੇ ਵੇਲੇ ਮੈਨੂੰ ਸਕੂਲ ਛੱਡਣ ਜਾਣਾ ਪਿਆ। ਬਹੁਤ ਵਚਿੱਤਰ ਹੁੰਦਾ ਏ ਬੱਚਿਆਂ ਦਾ ਪਹਿਲੇ ਦਿਨ ਸਕੂਲ ਜਾਣਾ ਅਤੇ ਇਨ੍ਹਾਂ ਦਾ ਵਰਤਾਰਾ।
ਪਹਿਲੇ ਦਿਨ ਜਦ ਕੋਈ ਕਾਲਜ ਦੇ ਵਿਹੜੇ ਵੜਦਾ ਤਾਂ ਇਹ ਵਾਤਾਵਰਣ ਸਕੂਲ ਨਾਲੋਂ ਬਿਲਕੁਲ ਵੱਖਰਾ, ਨਵੀਂ ਨਵੀਂ ਮਿਲੀ ਆਜ਼ਾਦੀ। ਇਸੀ ਆਜ਼ਾਦੀ ਵਿਚ ਕਈ ਤਾਂ ਆਪਣੇ ਅੰਬਰ ਨੂੰ ਛੋਹ ਲੈਂਦੇ ਪਰ ਕਈਆਂ ਲਈ ਇਹੀ ਆਜ਼ਾਦੀ ਗਰਕਣੀ ਬਣ ਜਾਂਦੀ। ਇਹ ਕਾਲਜ ਵਿਚ ਮਿਲੀ ਨਵੀਂ ਮਿੱਤਰ-ਮੰਡਲੀ ਅਤੇ ਲੜਕਪੁਣੇ ਦੇ ਅਹਿਸਾਸਾਂ ਨੂੰ ਕੰਟਰੋਲ ਵਿਚ ਰੱਖਣ ਜਾਂ ਇਨ੍ਹਾਂ ਵਿਚ ਵਹਿ ਜਾਣ `ਤੇ ਨਿਰਭਰ। ਕਲਾਸ ਵਿਚ ਪਹਿਲੇ ਸਥਾਨ `ਤੇ ਆਉਣ ਦਾ ਜਿੱਥੇ ਵੱਖਰਾ ਹੀ ਹੁਲਾਸ ਹੁੰਦਾ ਉਥੇ ਕਿਸੇ ਕਲਾਸ ਵਿਚੋਂ ਫੇਲ੍ਹ ਹੋਣਾ ਤੁਹਾਡੀਆਂ ਸੋਚਾਂ ਨੂੰ ਸੁੰਨ ਕਰ ਜਾਂਦਾ। ਇਸ ਸੁੰਨਤਾ ਵਿਚੋਂ ਕਿਵੇਂ ਬਾਹਰ ਆਉਣਾ ਅਤੇ ਆਪਣੀਆਂ ਨਾਕਾਮੀਆਂ ਨੂੰ ਕਿਵੇਂ ਕਾਮਯਾਬੀਆਂ ਬਣਾਉਣਾ, ਇਹ ਨਵੇਂ ਮਾਨਸਿਕ ਫ਼ਿਤਰਤ ਅਤੇ ਸੋਚ-ਦਾਇਰੇ ਨੂੰ ਨਵੀਂ ਦਿਸ਼ਾ ਦੇਣ ਅਤੇ ਵਿਕਸਤ ਕਰਨ ਵਿਚੋਂ ਹੀ ਲੱਭਿਆ ਜਾ ਸਕਦਾ। ਪਰ ਬੜਾ ਕਠਿਨ ਹੁੰਦਾ ਹੈ ਪਹਿਲੇ ਦਰਜੇ ਵਿਚ ਪਾਸ ਹੁੰਦਿਆਂ, ਧੜੱਮ ਕਰ ਕੇ ਡਿੱਗਣਾ ਅਤੇ ਫਿਰ ਉਠਣਾ ਹੀ ਮਨੁੱਖੀ ਸਮਝਤਾਈ ਅਤੇ ਸਿਦਕਦਿਲੀ ਦਾ ਇਮਤਿਹਾਨ ਹੁੰਦਾ।
ਇਕ ਵਿਕਲੋਤਰਾ ਜਿਹਾ ਹੀ ਪ੍ਰਭਾਵ ਮਿਲਦਾ ਜਦ ਕੋਈ ਪੇਂਡੂ ਜਵਾਕ ਪਹਿਲੀ ਵਾਰ ਯੂਨੀਵਰਸਿਟੀ ਦੇ ਵਿਸ਼ਾਲ ਕੈਂਪਸ ਵਿਚ ਜਾ ਕੇ ਆਪਣੀ ਉਡਾਣ ਅਤੇ ਸੁਪਨਿਆਂ ਨੂੰ ਸੰਜ਼ੀਦਗੀ ਅਤੇ ਸਮਰਪਿਤਾ ਨਾਲ ਪੂਰਨ ਕਰਨ ਦਾ ਤਹੱਈਆ ਕਰਦਾ।
ਅਜੇਹੇ ਮਾਹੌਲ ਵਿਚ ਬਹੁਤ ਕੁਝ ਮਨ ਵਿਚ ਪੈਦਾ ਹੁੰਦਾ। ਇਹ ਤੁਹਾਡੀਆਂ
ਮਨੋਕਾਮਨਾਵਾਂ, ਲਾਲਸਾਵਾਂ ਅਤੇ ਸਵੈ-ਡਿਸਪਲਿਨ `ਤੇ ਨਿਰਭਰ ਕਿ ਤੁਸੀਂ
ਯੂਨੀਵਰਸਿਟੀ ਵਿਚੋਂ ਇਕ ਵੱਖਰਾ ਇਨਸਾਨ ਬਣ ਕੇ ਦੁਨੀਆਂ ਨੂੰ ਕੁਝ ਚੰਗੇਰਾ ਅਰਪਿਤ ਕਰਨ ਦਾ ਪ੍ਰਣ ਨਿਭਾਉਣਾ ਜਾਂ ਬੇਰੁਜ਼ਗਾਰਾਂ ਦੀ ਢਾਣੀ ਦਾ ਹਿੱਸਾ ਬਣਨਾ।
ਨੌਕਰੀ ਲਈ ਪਹਿਲੀ ਇੰਟਰਵਿਊ ਦਾ ਤਜਰਬਾ ਵੀ ਕਮਾਲ ਦਾ ਹੁੰਦਾ ਕਿਉਂਕਿ ਤੁਹਾਨੂੰ ਦੁਨੀਆਂ ਦੇ ਕਰੂਰ ਸੱਚ ਦਾ ਸਾਹਮਣਾ ਕਰਨਾ ਪੈਂਦਾ ਕਿ ਦੁਨੀਆਂ ਕਿਹੜੇ ਰੂਪ `ਚ ਤੁਹਾਡੇ ਨਾਲ ਵਿਵਹਾਰ ਕਰਦੀ ਅਤੇ ਤੁਸੀਂ ਆਪਣੇ ਸਥਾਨ ਨੂੰ ਕਿਵੇਂ ਨਿਸ਼ਚਿਤ ਕਰਨਾ। ਯਾਦ ਹੈ ਕਿ ਐਮ.ਐਸਸੀ. ਕਰਨ ਤੋਂ ਬਾਅਦ ਕੁਝ ਦਿਨ ਖਾਲਸਾ ਕਾਲਜ ਜਲੰਧਰ ਪੜ੍ਹਾਇਆ। ਆਸ ਸੀ ਕਿ ਰੈਗੂਲਰ ਨਿਯੁਕਤੀ ਵੀ ਹੋ ਜਾਵੇਗੀ ਪਰ ਸੋਚਣ ਅਤੇ ਹੋਣ ਵਿਚ ਬੜਾ ਫਰਕ ਹੁੰਦਾ ਕਿਉਂਕਿ ਜਦ ਤੁਹਾਡਾ ਕੋਈ ਗਾਡਫਾਦਰ ਨਾ ਹੋਵੇ ਅਤੇ ਤੁਸੀਂ ਕਿਸੇ ਸਾਧਾਰਨ ਪਰਿਵਾਰ ਵਿਚੋਂ ਹੋਵੋ ਤਾਂ ਮੈਰਿਟ ਤੋਂ ਇਲਾਵਾ ਸੱਭ ਕੁਝ ਹੀ ਜਾਇਜ਼ ਸਮਝਿਆ ਜਾਂਦਾ। ਫਿਰ ਤੁਹਾਨੂੰ ਭਰੇ ਮਨ ਨਾਲ ਨਵੇਂ ਮੌਕੇ ਦੀ ਤਲਾਸ਼ ਵਿਚ ਅਖਬਾਰਾਂ ਵਿਚ ਖਾਲੀ ਪੋਸਟਾਂ ਦੇ ਇਸ਼ਤਿਹਾਰ ਪੜ੍ਹਨੇ ਪੈਂਦੇ।
ਸਭ ਤੋਂ ਖੂਬਸੂਰਤ ਪਲ ਉਹ ਹੁੰਦੇ ਜਦ ਤੁਹਾਨੂੰ ਪਹਿਲੀ ਤਨਖ਼ਾਹ ਮਿਲਦੀ ਜੋ ਤੁਹਾਡੀ ਪਹਿਲੀ ਕਮਾਈ ਹੁੰਦੀ। ਤੁਹਾਡੀ ਲਿਆਕਤ ਦਾ ਸ਼ਰਫ਼ ਅਤੇ ਤੁਹਾਡੀ ਯੋਗਤਾ ਦਾ ਪ੍ਰਮਾਣ। ਪਹਿਲੀ ਤਨਖਾਹ ਮਾਪਿਆਂ ਦੇ ਨੈਣਾਂ ਵਿਚ ਅਸੀਮ ਖੁਸ਼ੀ ਧਰ ਜਾਂਦੀ ਕਿ ਉਨ੍ਹਾਂ ਦੀ ਘਾਲਣਾ ਸਫ਼ਲ ਹੋਈ ਹੈ। ਇਹ ਤਨਖਾਹ ਫਿਰ ਹੌਲੀ- ਹੌਲੀ ਤੁਹਾਡੇ ਸਾਈਕਲ ਨੂੰ ਸਕੂਟਰ ਵਿਚ ਬਦਲਦੀ ਅਤੇ ਫਿਰ ਤੁਸੀਂ ਕਾਰ ਦੀ ਸਵਾਰੀ ਕਰਨ ਦੇ ਯੋਗ ਵੀ ਹੋ ਜਾਂਦੇ।
ਸਭ ਤੋਂ ਪਹਿਲੀ ਵਾਰ ਮਿਲਿਆ ਟਰਮੀਨੇਸ਼ਨ ਦਾ ਆਰਡਰ ਬਹੁਤ ਪੀੜਾ ਦਿੰਦਾ ਜਿਸਦਾ ਤੁਸੀਂ ਕਿਆਸ ਨਾ ਕੀਤਾ ਹੋਵੇ ਪਰ ਅਜੇਹਾ ਭਾਣਾ ਵਰਤ ਜਾਵੇ। ਮਨ ਨੂੰ ਸਮਝਾਉਣਾ ਅਤੇ ਬਦਲਦੀਆਂ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲਣ ਲਈ ਬੜਾ ਸਮਾਂ ਲੱਗਦਾ।
ਬਹੁਤ ਹੀ ਰਾਂਗਲਾ ਪਲ ਹੁੰਦਾ ਜਦ ਤੁਸੀਂ ਆਪਣੇ ਪਿਆਰੇ ਨੂੰ ਪਹਿਲੀ ਵਾਰ ਮਿਲਦੇ ਹੋ। ਅੱਖਾਂ ਥੀਂ ਉਤਰਦੇ ਹੋ ਅਤੇ ਪਿਆਰ-ਮੁਸਕਣੀ ਵਿਚੋਂ ਜੀਵਨ ਦੀਆਂ ਸੰਦਲੀ ਤਰਜੀਹਾਂ ਅਤੇ ਤਰਤੀਬਾਂ ਨੂੰ ਨਵੀਂ ਦਿਸ਼ਾ ਦਿੰਦੇ ਹੋ। ਇਹ ਪਲ ਹੀ ਹੁੰਦੇ ਜੋ ਸਾਰੀ ਉਮਰ ਤੁਹਾਨੂੰ ਮਗ਼ਰੂਰੀ ਅਤੇ ਸਰੂਰੀ ਨਾਲ ਭਰੀ ਰੱਖਦੇ ਕਿਉਂਕਿ ਇਹ ਪਲ ਉਮਰਾਂ ਤੀਕ ਫੈਲ ਜਾਂਦੇ।
ਪਹਿਲੜੀ ਲਾਂਵ ਵਿਆਹੁਤਾ ਜ਼ਿੰਦਗੀ ਦੀ ਨਵੀਂ ਸ਼ੂਰੁਆਤ। ਜੀਵਨ ਸਾਥੀ ਨੂੰ ਸਦੀਵੀ ਰੂਪ ਵਿਚ ਅਰਪਿਤ ਕਰਨ ਦਾ ਤਹੱਈਆ। ਜੀਵਨ ਦੇ ਦੁੱਖਾਂ-ਸੁੱਖਾਂ ਵਿਚ
ਭਾਈਵਾਲੀ। ਜ਼ਿੰਦਗੀ ਦੀਆਂ ਰਾਹਾਂ ਵਿਚ ਇਕ ਦੂਜੇ ਲਈ ਆਸਰਾ ਅਤੇ ਹੰਭਲਾ
ਬਣਨ ਦਾ ਗੁਰ-ਮੰਤਰ। ਪਹਿਲੜੀ ਤੋਂ ਚੌਥੀ ਲਾਂਵ ਵਿਚਲਾ ਸਮਾਂ ਤਾਂ ਕੁਝ ਕੁ ਮਿੰਟਾਂ ਦਾ ਹੁੰਦਾ ਪਰ ਇਹ ਬਾਅਦ ਵਿਚ ਸਾਰੀ ਉਮਰ ਲਈ ਵਰਦਾਨ ਬਣ ਜਾਂਦਾ।
ਪਹਿਲੀ ਰਾਤ ਵਿਆਹੁਤਾ ਜ਼ਿੰਦਗੀ ਲਈ ਸੱLੁਭ-ਸ਼ਗਨ। ਨਵੀਂ ਆਰੰਭਤਾ। ਨਵੀਆਂ ਰਾਹਾਂ ਵਿਚ ਸਿਦਕਦਿਲੀ ਅਤੇ ਸਾਬਤ ਕਦਮਾਂ ਨਾਲ ਤੁਰੇ ਜਾਣ ਦਾ ਅਹਿਦ। ਇਕ ਦੂਜੇ ਦੇ ਮਨਾਂ ਵਿਚ ਉਤਰਨਾ। ਰੂਹਾਂ ਵਿਚ ਪਿਘਲ ਜਾਣਾ ਅਤੇ ਇਸ ਪਿਘਲਣ ਨਾਲ ਇਕ ਦੂਜੇ ਦੇ ਸਾਹੀਂ ਜਿਊਣ ਦਾ ਵਾਅਦਾ। ਇਸ ਨਾਲ ਜ਼ਿੰਦਗੀ ਨੂੰ ਨਵੇਂ ਸਬੰਧ, ਨਵੀਆਂ ਰਿਸ਼ਤੇਦਾਰੀਆਂ, ਨਵੀਂ ਦੁਨੀਆਂ ਅਤੇ ਨਵੇਂ

ਦਾਇਰੇ ਵਿਚ ਵਿਚਰਨ ਦਾ ਸੁਭਾਗ। ਇਸ ਨਾਲ ਮਨੁੱਖ ਸਮੁੱਚੇ ਰੂਪ ਵਿਚ ਵਿਕਸਤ ਹੁੰਦਾ। ਇਹ ਵਿਗਸਣਾ ਹੀ ਹੌਲੀ ਹੌਲੀ ਇਕ ਪਰਿਵਾਰ ਦਾ ਰੂਪ ਧਾਰ ਕੇ ਸਮਾਜ ਦਾ ਮਾਣਮੱਤਾ ਹਿੱਸਾ ਬਣ ਜਾਂਦਾ।
ਤੁਹਾਨੂੰ ਆਪਣੇ ਪਿੱਤਰੀ ਘਰ ਵਿਚੋਂ ਉਠਾਇਆ ਪਹਿਲਾ ਕਦਮ ਹਮੇਸ਼ਾ ਯਾਦ ਰਹਿੰਦਾ ਜਦ ਤੁਸੀਂ ਬਹੁਤ ਹੀ ਸੀਮਤ ਜਿਹੀਆਂ ਵਸਤਾਂ ਨਾਲ ਨੌਕਰੀ ਦੀ ਮਜਬੂਰੀ ਖਾਤਰ ਘਰ ਤੋਂ ਬਾਹਰ ਪੈਦਾ ਰੱਖਦੇ। ਘਰ ਤੁਹਾਨੂੰ ਨਿਹਾਰਦਾ ਅਤੇ ਤੁਹਾਡੇ ਰਾਹਾਂ ਨੂੰ ਚਾਨਣ ਨਾਲ ਭਰਦਾ ਹੈ ਕਿਉਂਕਿ ਉਹ ਚਾਹੁੰਦਾ ਕਿ ਮੇਰੇ ਜਿਊਣ-ਜੋਗੇ ਦੇ ਰਾਹਾਂ ਵਿਚ ਫੁੱਲ ਉਗਣ। ਉਸਨੂੰ ਆਸ ਹੁੰਦੀ ਕਿ ਮੇਰੇ ਤੋਂ ਦੂਰ ਜਾਣ ਵਾਲੇ ਘਰਾਂ ਨੂੰ ਪਰਤਦੇ ਰਹਿਣਗੇ ਅਤੇ ਮੈਨੂੰ ਮਿਲ ਕੇ ਆਪਣੇ ਬਚਪਨੇ ਨੂੰ ਮੇਰੇ ਰਾਹੀਂ ਆਪਣੇ ਦੀਦਿਆਂ ਵਿਚ ਦ੍ਰਿਸ਼ਟਮਾਨ ਕਰਦੇ ਰਹਿਣਗੇ। ਘਰ ਵੀ ਚਾਹੁੰਦਾ ਕਿ ਮੇਰੇ ਤੋਂ ਦੂਰ ਜਾਣ ਵਾਲਾ ਮੇਰਾ ਲਾਡਲਾ, ਮੇਰੀ ਸੁੱਚੀ ਪਛਾਣ ਬਣੇ ਜਿਸ `ਤੇ ਮੈਨੂੰ ਅਤੇ ਮੇਰੇ ਕੋੜਮੇ ਨੂੰ ਨਾਜ਼ ਹੋਵੇ।
ਬੰਦੇ ਨੂੰ ਆਪਣੇ ਹੱਥੀਂ ਬਣਾਇਆ ਪਹਿਲਾ ਘਰ ਕਦੇ ਨਹੀਂ ਭੁੱਲਦਾ ਜਿਸ ਦੀ ਹਰ ਕੰਧ, ਬੂਹੇ ਅਤੇ ਬਾਰੀ ਨੂੰ ਕਮਰੇ ਦਾ ਰੂਪ ਧਾਰਦਿਆਂ ਤੇ ਘਰ ਬਣਦਿਆਂ ਦੇਖਿਆ ਹੋਵੇ। ਘਰ ਵਿਚ ਪਰਿਵਾਰ ਨੂੰ ਪਾਲਦਿਆਂ ਅਤੇ ਘਰਾਂ ਵਿਚ ਪਲੇ ਬੱਚਿਆਂ ਨੂੰ ਉਡਾਰੂ ਬਣਾ ਕੇ, ਨਵੇਂ ਅੰਬਰਾਂ ਦੀ ਤਲਾਸ਼ ਵਿਚ ਉਚੇਰੀ ਉਡਾਣ ਭਰਨ ਲਈ ਪ੍ਰੇਰਨਾ ਅਤੇ ਉਤਸ਼ਾਹ ਮਿਲਣਾ। ਇਹ ਘਰ ਤੁਹਾਡੇ ਚੇਤਿਆਂ ਵਿਚ ਹਮੇਸ਼ਾ ਰਹਿੰਦਾ ਭਾਵੇਂ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹਰੇਕ ਕਿਸਮ ਦੀਆਂ ਸੁੱਖ ਸਹੂਲਤਾਂ ਮਾਣਦੇ ਹੋਵੋ।
ਤੁਹਾਡੇ ਸੁਪਨਿਆਂ ਵਿਚ ਜ਼ਰੂਰ ਹੀ ਤੁਹਾਡਾ ਪਹਿਲਾ ਘਰ ਜਾਂ ਤੁਹਾਡਾ ਪਿੰਡ, ਖੇਤ, ਹਵੇਲੀ ਜਾਂ ਕੱਚੀਆਂ ਕੰਧਾਂ ਜ਼ਰੂਰ ਆਉਣਗੀਆਂ ਜਿਨ੍ਹਾਂ ਨੂੰ ਟੱਪ ਕੇ ਗਵਾਂਢੀਆਂ ਦੇ ਚੌਕੇ ਵਿਚ ਰੋਟੀ ਖਾ ਕੇ ਘਰ ਨੂੰ ਆ ਜਾਈਦਾ ਸੀ।
ਰਿਟਾਇਰਮੈਂਟ ਦਾ ਪਹਿਲਾ ਦਿਨ ਵੀ ਖਾਸ ਹੁੰਦਾ ਅਤੇ ਹਮੇਸ਼ਾਂ ਤਰੋਤਾਜ਼ਾ ਰਹਿੰਦਾ। ਰੁਤਬਿਆਂ ਅਤੇ ਸਲਾਮਾਂ ਨੂੰ ਅਲਵਿਦਾ ਕਹਿਣਾ। ਇਕ ਆਮ ਵਿਅਕਤੀ ਵਜੋਂ ਰਿਟਾਇਰਮੈਂਟ ਦੀ ਜ਼ਿੰਦਗੀ ਜਿਊਣ ਲਈ ਜ਼ਰੂਰੀ ਹੁੰਦਾ ਕਿ ਬਦਲਦੇ ਹਾਲਤਾਂ ਅਨੁਸਾਰ ਖੁਦ ਨੂੰ ਢਾਲਿਆ ਜਾਏ ਵਰਨਾ ਕੁਝ ਤਾਂ ਰਿਟਾਇਰਮੈਂਟ ਦੇ ਕੁਝ ਹੀ ਮਹੀਨਿਆਂ ਬਾਅਦ, ਸੋਗ ਵਿਚ ਸਾਹਾਂ ਨੂੰ ਆਖਰੀ ਅਲਵਿਦਾ ਕਹਿ ਜਾਂਦੇ। ਰਿਟਾਇਰਮੈਂਟ ਦਾ ਪਹਿਲਾ ਦਿਨ ਦਰਅਸਲ ਜਿੰLਦਗੀ ਦੇ ਨਵੇਂ ਪੜਾਅ ਦਾ ਪਹਿਲਾ ਦਿਨ ਹੁੰਦਾ ਜਦੋਂ ਤੁਸੀਂ ਖੁਦ ਸੰਗ ਸੰਵਾਦ ਰਚਾਉਣਾ ਅਤੇ ਖੁਦ ਨੂੰ ਮਿਲਣਾ ਜਿਸਨੂੰ ਮਿਲਣ ਤੋਂ ਤੁਸੀਂ ਸਾਰੀ ਉਮਰ ਹੀ ਟਾਲਾ ਵੱਟਦੇ ਰਹੇ। ਜਾਂ ਆਪਣੇ ਕੁਝ ਕੁ ਅਜੇਹੇ ਸ਼ੌਕਾਂ ਨੂੰ ਵੀ ਪੁਰਾ ਕਰਨਾ ਹੁੰਦਾ ਜਿਹੜੇ ਸ਼ੌਕ ਤੁਸੀਂ ਨੌਕਰੀ ਦੇ ਰੁਝੇਵਿਆਂ ਤੇ ਪਰਿਵਾਰਕ ਖਲਜਗਣ ਕਾਰਨ ਪੂਰੇ ਨਹੀਂ ਕਰ ਸਕੇ। ਨਵੇਂ ਸ਼ੌਕ, ਨਵੀਆਂ ਤਰਜੀਹਾਂ, ਨਵੀਆਂ ਦੋਸਤੀਆਂ ਅਤੇ ਨਵੇਂ ਸੁਪਨੇ ਲੈਣ ਦੀ ਆਦਤ ਪਾ ਲਵੇ ਤਾਂ ਬੰਦਾ ਰਿਟਾਇਰਮੈਂਟ ਨੂੰ ਵੀ ਜਸ਼ਨ ਵਾਂਗ ਮਨਾਉਂਦਾ।
ਉਹ ਪਲ ਬੰਦੇ ਨੂੰ ਹਮੇਸ਼ਾ ਯਾਦ ਰਹਿੰਦੇ ਜਦੋਂ ਉਹ ਮੌਤ ਨੂੰ ਬਹੁਤ ਹੀ ਨੇੜਿਉਂ ਅੱਖੀਂ ਦੇਖਦਾ। ਉਸਨੂੰ ਅਹਿਸਾਸ ਹੁੰਦਾ ਕਿ ਇਹ ਸਾਹਾਂ ਦਾ ਸਾਜ਼ ਪਤਾ ਨਹੀਂ ਕਦੋਂ ਵੱਜਣਾ ਬੰਦ ਹੋ ਜਾਵੇ।
ਮੈਂ ਆਪਣੇ ਬਾਪ ਦੇ ਕੋਲ ਬੈਠਿਆਂ ਜਦ ਉਸਦੇ ਆਖਰੀ ਪਲ ਦੌਰਾਨ ਉਸ ਦੀਆਂ ਅੱਖਾਂ ਸਦਾ ਲਈ ਬੰਦ ਹੁੰਦੀਆਂ ਅਤੇ ਆਖਰੀ ਹਟਕੋਰਾ ਭਰਦਿਆਂ ਅੱਖੀਂ ਦੇਖਿਆ ਤਾਂ ਮਨ ਵਿਚ ਬਹੁਤ ਕੁਝ ਟੁੱਟਿਆ। ਸੋਝੀ ਹੁੰਦੀ ਕਿ ਤੁਹਾਡਾ ਪਿਆਰਾ ਇੰਝ ਵੀ ਤੁਹਾਡੇ ਕੋਲੋਂ ਸਦਾ ਲਈ ਦੂਰ ਚਲੇ ਜਾਂਦਾ ਅਤੇ ਤੁਹਾਡੇ ਹੱਥ ਵਿਚ ਸਿਰਫ਼ ਇਕ ਬੇਜਾਨ ਹੱਥ ਹੀ ਰਹਿ ਜਾਂਦਾ। ਮਿੱਟੀ ਬਣੇ ਆਪਣੇ ਅਤਿ ਪਿਆਰੇ ਨੂੰ ਸੰਭਾਲਣ ਅਤੇ ਸਮਾਜਿਕ ਰਹੁ-ਰੀਤਾਂ ਨੂੰ ਨਿਭਾਉਣ ਦਾ ਕਾਰਜ ਵੀ ਤੁਹਾਨੂੰ ਭਰੇ ਮਨ ਨਾਲ ਨਿਭਾਉਣਾ ਪੈਂਦਾ।
ਬਹੁਤ ਪੀੜਤ ਕਰਦਾ ਜਦ ਤੁਸੀਂ ਪਹਿਲੀ ਵਾਰ ਆਪਣੇ ਅਜ਼ੀਜ਼ ਦੀ ਅਰਥੀ ਨੂੰ ਮੋਢਾ ਦਿੰਦੇ ਹੋ। ਪਿਆਰਾ ਵੀ ਉਹ ਜਿਸਨੇ ਤੁਹਾਨੂੰ ਮੋਢੇ `ਤੇ ਚੁੱਕ ਕੇ ਖਿਡਾਇਆ ਹੋਵੇ, ਤੁਹਾਨੂੰ ਸੁਪਨੇ ਦਿੱਤੇ ਹੋਣ ਅਤੇ ਤੁਹਾਡੀਆਂ ਖੁਸ਼ੀਆਂ ਦਾ ਸਬੱਬ ਬਣਿਆ ਹੋਵੇ। ਪਰ ਇਹ ਸੱਚ ਜਦ ਤੁਸੀਂ ਪਹਿਲੀ ਵਾਰ ਜਿਉਂਦੇ ਹੋ ਤਾਂ ਬਹੁਤ ਕੁਝ ਟੁੱਟਦਾ ਹੈ ਮਨ ਵਿਚ, ਸੋਚਾਂ ਵਿਚ, ਭਾਵਾਂ ਵਿਚ ਅਤੇ ਤੁਹਾਡੀਆਂ ਅੱਖਾਂ ਦਾ ਖਾਰਾ ਪਾਣੀ ਵੀ ਤੁਹਾਨੂੰ ਪਨਾਹ ਦੇਣ ਤੋਂ ਨਾਬਰ ਹੋ ਜਾਂਦਾ।
ਪਰ ਇਸ ਤੋਂ ਜ਼ਿਆਦਾ ਦੁਖਦਾਈ ਹੁੰਦਾ ਜਦ ਤੁਸੀਂ ਆਪਣੇ ਹੱਥੀਂ ਸੱਜਣ-ਮੀਤ ਦੀ ਚਿਖ਼ਾ ਚਿਣਦੇ ਹੋ। ਸੋਹਲ ਜਹੇ ਸਰੀਰ `ਤੇ ਲੱਕੜਾਂ ਦਾ ਭਾਰ, ਤੁਹਾਡੀ ਮਾਨਸਿਕਤਾ ਨੂੰ ਤਾਰ-ਤਾਰ ਕਰ ਜਾਂਦਾ। ਫਿਰ ਜਦ ਤੁਸੀਂ ਪਹਿਲੀ ਵਾਰ ਕਿਸੇ ਆਪਣੇ ਦੀ ਚਿਖ਼ਾ ਨੂੰ ਲਾਬੂੰ ਲਾਉਂਦੇ ਹੋ ਤਾਂ ਤੁਹਾਡੇ ਪਿਆਰੇ ਦੇ ਸੜ ਕੇ ਸਵਾਹ ਹੋਣ ਦੇ ਨਾਲ-ਨਾਲ, ਤੁਹਾਡੇ ਅੰਦਰੋਂ ਵੀ ਬਹੁਤ ਕੁਝ ਭਸਮ ਹੋ ਜਾਂਦਾ। ਕਈ ਵਾਰ ਇਕ ਹੀ ਅਜ਼ੀਜ਼ ਦੇ ਜਾਣ ਨਾਲ ਅਜੇਹਾ ਖਲਾਅ ਪੈਦਾ ਹੁੰਦਾ ਜਿਸਨੂੰ ਕੋਈ ਦੂਸਰਾ ਨਹੀਂ ਭਰ ਸਕਦਾ। ਸਿਰਫ਼ ਤੁਸੀਂ ਇਨ੍ਹਾਂ ਵਿੱਥਾਂ ਅਤੇ ਵਿਰਲਾਂ ਨਾਲ ਹੀ ਜਿਊਣ ਗੋਚਰੇ ਰਹਿ ਜਾਂਦੇ।
ਭਗਤ ਪੂਰਨ ਸਿੰਘ ਹੁਰਾਂ ਦਾ ਸਭ ਤੋਂ ਪਹਿਲੀ ਵਾਰ ਪਿਆਰਾ ਸਿੰਘ ਦੀ ਦੇਖ-ਭਾਲ ਵਿਚੋਂ ਪੈਦਾ ਹੋਇਆ ਸਕੂਨ ਹੀ ਪਿੰਗਲਵਾੜਾ ਦਾ ਆਧਾਰ ਬਣਿਆ ਜਿਸ ਨੇ ਮਨੁੱਖਤਾ ਦੀ ਸੇਵਾ ਵਿਚ ਵਿਲੱਖਣਤਾ ਹਾਸਲ ਕੀਤੀ ਹੈ।
ਪਹਿਲਾਂ ਹਮੇਸ਼ਾਂ ਹੀ ਬਿਹਤਰੀਨ ਹੁੰਦੀਆਂ ਕਿਉਂਕਿ ਇਹ ਮਹਾਨਤਾ ਅਤੇ ਮਹਾਨ ਕਾਰਜਾਂ ਦਾ ਸ਼ੁਭ-ਆਰੰਭ ਹੁੰਦੀਆਂ। ਮਹਾਨ ਵਿਅਕਤੀ ਇਕ ਦਿਨ ਵਿਚ ਨਹੀਂ ਬਣਦੇ। ਨਿੱਕੀ ਜਹੀ ਪਹਿਲੀ ਸ਼ੁਰੂਆਤ ਹੀ ਨਵੀਂ ਪੇਸ਼ਬੰਦੀਆਂ ਦਾ ਪੜੁੱਲ ਬਣਦੀ।
ਪਹਿਲੀ ਨਜ਼ਰੇ ਪਿਆਰ, ਮਨ ਵਿਚ ਪੈਦਾ ਹੋਈ ਕਸ਼ਿਸ਼, ਕਿਸੇ ਚੀਜ਼ ਜਾਂ ਵਰਤਾਰੇ ਦਾ ਚੰਗਾ ਲੱਗਣਾ, ਕਿਸੇ ਸੁਪਨੇ ਨੂੰ ਪੂਰਨ ਕਰਨ ਦੀ ਚਾਹਨਾ ਜਾਂ ਜੀਵਨ ਭਰ ਦੀਆਂ ਦੋਸਤੀ ਦਾ ਆਗਾਜ਼ ਹੁੰਦਾ। ਪੌੜੀ `ਤੇ ਰੱਖਿਆ ਪਹਿਲਾ ਪੌਡਾ ਹੀ ਸਾਰੇ ਡਰ ਦੂਰ ਕਰ ਦਿੰਦਾ ਅਤੇ ਤੁਸੀਂ ਸਿਰੇ `ਤੇ ਪਹੁੰਚਣ ਤੋਂ ਝਿਜਕਦੇ ਨਹੀਂ।
ਪਹਿਲੀ ਵਾਰ ਪੈਰਾਂ `ਚ ਪੁੱੜਿਆ ਕੰਡਾ ਬਹੁਤ ਪੀੜ ਦਿੰਦਾ ਪਰ ਇਹ ਪੀੜ ਹੀ ਹੁੰਦੀ ਜਿਹੜੀ ਤੁਹਾਨੂੰ ਕੁਰਾਹਾਂ ਤੇ ਕੰਡਿਆਂ ਤੋਂ ਸੁਚੇਤ ਹੋਣ ਅਤੇ ਕੰਡਿਆਂ ਤੋਂ ਦੂਰ ਰਹਿ ਕੇ ਫੁੱਲਾਂ ਸੰਗ ਯਾਰੀ ਪਾਉਣ ਲਈ ਉਤਸ਼ਾਹਿਤ ਕਰਦੀ। ਪਹਿਲੇ ਧੋਖੇ ਤੋਂ ਬਾਅਦ ਤੁਸੀਂ ਕਦੇ ਧੋਖਾ ਨਹੀਂ ਖਾਂਦੇ। ਪਹਿਲੀ ਠੋਕਰ ਪੱਬ ਨੂੰ ਚੀਸ ਤਾਂ ਬਹੁਤ ਦਿੰਦੀ ਪਰ ਤੁਸੀਂ ਸਾਰੀ ਉਮਰ ਠੇਡਿਆਂ ਤੋਂ ਬਚ ਕੇ, ਆਪਣੇ ਰਾਹਾਂ ਨੂੰ ਤੈਅ ਕਰਨ ਦੀ ਬਿਰਤੀ ਜ਼ਰੂਰ ਧਾਰਨ ਕਰਦੇ।
ਕੁਝ ਪਹਿਲਾਂ ਖੁਸ਼ੀ ਦਿੰਦੀਆਂ ਅਤੇ ਕੁਝ ਗ਼ਮ। ਕੁਝ ਹਾਸੇ ਦਿੰਦੀਆਂ ਅਤੇ ਕੁਝ ਹਉਕੇ। ਕੁਝ ਦੁੱਖ ਦਿੰਦੀਆਂ ਅਤੇ ਕੁਝ ਸੁੱਖ। ਫਰ ਜ਼ਿੰਦਗੀ ਦਾ ਸਮੁੱਚਾ ਵਰਤਾਰਾ ਹੀ ਵੱਖੋ-ਵੱਖਰੀਆਂ ਪਹਿਲਾਂ ਦਾ ਹੀ ਸੰਗਮ। ਮਨੁੱਖ ਨੂੰ ਇਨ੍ਹਾਂ ਸੰਗ ਜਿਊਂਦਿਆਂ ਹੀ ਜੀਵਨ ਦੀ ਸਾਰਥਿਕਤਾ ਅਤੇ ਅਰਥਮਈ ਵਰਤਾਰiਆਂ ਨੂੰ ਨਵੇਂ ਅੰਜ਼ਾਮ ਦੇਣੇ।
ਇਨ੍ਹਾਂ ਵਿਚੋਂ ਜੀਵਨ ਦੀ ਅਸੀਮਤਾ, ਅਮੁੱਲਤਾ ਅਤੇ ਅਚੰਭਤਾ ਨੂੰ ਜੀਵਨ ਦੀ ਸੱਤਰੰਗੀ ਭਰਨਾ, ਮਨੁੱਖ ਦਾ ਧਰਮ ਅਤੇ ਇਹੀ ਮਨੁੱਖਤਾ ਦਾ ਪਹਿਲਾ ਪੈਗਾਮ ਅਤੇ ਪ੍ਰਮਾਣ।