ਲੋਕ ਸਭਾ ਚੋਣਾਂ: ਪੰਜਾਬ ਕਾਂਗਰਸ ਨੂੰ ਆਪਣਿਆਂ ਵੱਲੋਂ ਚੁਣੌਤੀ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ‘ਆਪਣਿਆਂ` ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਨੇ ਹੁਣ ਦੂਸਰੀਆਂ ਧਿਰਾਂ ਵਿਚ ਸ਼ਮੂਲੀਅਤ ਕਰ ਲਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਮਗਰੋਂ ਪ੍ਰਨੀਤ ਕੌਰ ਨੇ ਵੀ ਭਾਜਪਾ ਵਿਚ ਸ਼ਮੂਲੀਅਤ ਕਰ ਲਈ ਹੈ। ਉਹ ਪਟਿਆਲਾ ਤੋਂ ਭਾਜਪਾ ਉਮੀਦਵਾਰ ਵਜੋਂ ਮੈਦਾਨ ਵਿਚ ਉੱਤਰ ਸਕਦੇ ਹਨ। ਜਲੰਧਰ ਤੋਂ ਸੁਸ਼ੀਲ ਰਿੰਕੂ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖ ‘ਆਪ` ਤਰਫ਼ੋਂ ਸੰਸਦ ਮੈਂਬਰ ਬਣੇ ਅਤੇ ਹੁਣ ਮੁੜ ਉਮੀਦਵਾਰ ਐਲਾਨੇ ਗਏ ਹਨ। ਕਾਂਗਰਸ ਚੋਂ ਆਏ ਗੁਰਪ੍ਰੀਤ ਸਿੰਘ ਜੀ.ਪੀ. ਫ਼ਤਿਹਗੜ੍ਹ ਸਾਹਿਬ ਤੋਂ ਹੁਣ ‘ਆਪ` ਦੇ ਉਮੀਦਵਾਰ ਬਣੇ ਹਨ।

ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ (54) ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਕਾਂਗਰਸ ਲਈ ਇਹ ਵੱਡਾ ਝਟਕਾ ਹੈ। ਉਨ੍ਹਾਂ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ। ਰਾਜ ਕੁਮਾਰ ਚੱਬੇਵਾਲ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਕਾਂਗਰਸ ਦੇ ਉਪ ਨੇਤਾ ਸਨ। ਡਾ. ਚੱਬੇਵਾਲ ਨੇ ਸਾਲ 2009 ਵਿਚ ਕਾਂਗਰਸ ਦਾ ਹੱਥ ਫੜਿਆ ਸੀ ਅਤੇ ਉਹ ਪਹਿਲੀ ਦਫ਼ਾ ਹਲਕਾ ਚੱਬੇਵਾਲ ਤੋਂ ਸਾਲ 2017 ਵਿਚ ਚੋਣ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ। ਉਹ ਮੁੜ ਸਾਲ 2022 ਵਿਚ ਕਾਂਗਰਸ ਤਰਫ਼ੋਂ ਵਿਧਾਇਕ ਬਣੇ। ਕਾਂਗਰਸ ਵੱਲੋਂ ਉਨ੍ਹਾਂ ਨੇ ਹਲਕਾ ਹੁਸ਼ਿਆਰਪੁਰ ਤੋਂ 2019 ਵਿਚ ਚੋਣ ਵੀ ਲੜੀ ਸੀ ਪਰ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਤੋਂ ਹਾਰ ਗਏ ਸਨ।
ਡਾ. ਰਾਜ ਦੇ ਪਾਰਟੀ ਛੱਡ ਜਾਣ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ। ਕਾਂਗਰਸ ਇਕ ਮਜ਼ਬੂਤ ਸਥਾਨਕ ਉਮੀਦਵਾਰ ਦੀ ਭਾਲ ਵਿਚ ਸੀ। ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ ਅਤੇ ਸਾਬਕਾ ਆਈ.ਪੀ.ਐਸ. ਅਫਸਰ ਸੁਦੇਸ਼ ਕੁਮਾਰ ਸਮੇਤ ਹੋਰ ਵੀ ਕਈ ਚਾਹਵਾਨ ਹਨ ਪਰ ਡਾ. ਰਾਜ ਇਸ ਦੀ ਪਹਿਲੀ ਪਸੰਦ ਸੀ। ਇਨ੍ਹਾਂ ਵੱਲੋਂ ਹੁਣ ‘ਆਪ` ਵਿਚ ਜਾਣ ਕਾਰਨ ਉਮੀਦਵਾਰ ਦੀ ਚੋਣ ਉਸ ਲਈ ਮੁਸ਼ਕਿਲ ਹੋ ਜਾਵੇਗੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਵੀ ਹੁਣ ਇਕ ਮਜ਼ਬੂਤ ਉਮੀਦਵਾਰ ਮੈਦਾਨ `ਚ ਉਤਾਰਨਾ ਪਵੇਗਾ। ਭਾਜਪਾ ਕੋਲ ਮੌਜੂਦਾ ਸੰਸਦ ਮੈਂਬਰ ਸੋਮ ਪ੍ਰਕਾਸ਼ ਅਤੇ ਸਾਬਕਾ ਸੰਸਦ ਮੈਂਬਰ ਵਿਜੈ ਸਾਂਪਲਾ ਸਮੇਤ ਕਈ ਉਮੀਦਵਾਰਾਂ ਦੀ ਸੂਚੀ ਹੈ।
‘ਆਪ` ਵਰਕਰਾਂ `ਚੋਂ ਉਮੀਦਵਾਰ ਖੜ੍ਹੇ ਕਰੇ ਭਗਵੰਤ: ਰੰਧਾਵਾ
ਚੰਡੀਗੜ੍ਹ: ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਆਪ` ਵਰਕਰਾਂ `ਚੋਂ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੰਗ ਉਧਾਰ ਦੇ ਜਰਨੈਲਾਂ ਨਾਲ ਨਹੀਂ ਲੜੀ ਜਾਂਦੀ। ਰੰਧਾਵਾ ਨੇ ਡਾ. ਰਾਜ ਕੁਮਾਰ ਚੱਬੇਵਾਲ ਦੀ ‘ਆਪ` ਵਿਚ ਸ਼ਮੂਲੀਅਤ ਅਤੇ ਉਸ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ `ਤੇ ਟਿੱਪਣੀ ਕਰਦਿਆਂ ਇਹ ਵੀ ਕਿਹਾ ਕਿ ਜੇਕਰ ‘ਆਪ` ਸਰਕਾਰ ਨੇ ਦੋ ਸਾਲ ਵਿਚ ਕੰਮ ਕੀਤੇ ਹਨ ਤਾਂ ਉਹ ਪਾਰਟੀ ਦੇ ਵਲੰਟੀਅਰਾਂ `ਚੋਂ 13 ਉਮੀਦਵਾਰ ਬਣਾਉਣ। ਜੇਕਰ ਵਲੰਟੀਅਰਾਂ `ਤੇ ਵੀ ਭਰੋਸਾ ਨਹੀਂ ਤਾਂ 92 ਵਿਧਾਇਕਾਂ `ਚੋਂ 13 ਨੂੰ ਉਮੀਦਵਾਰ ਬਣਾ ਲੈਣ ‘ਆਪ` ਨੂੰ ਪੰਜਾਬ ਵਿਚ ਆਪਣੀ ਸਥਿਤੀ ਦਾ ਪਤਾ ਲੱਗਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਰਕਰ ਕਾਂਗਰਸ ਦੇ ਨਾਲ ਹਨ ਤਾਂ ਉਦੋਂ ਤੱਕ ਕਿਸੇ ਆਗੂ ਦੇ ਪਾਰਟੀ ਛੱਡਣ ਨਾਲ ਕੋਈ ਫਰਕ ਨਹੀਂ ਪੈਂਦਾ।