ਐ ਵਤਨ ਮੇਰੇ ਵਤਨ: ਅਸਲ ਦੇਸ਼ਭਗਤੀ

ਕੁਦਰਤ ਕੌਰ
‘ਐ ਵਤਨ ਮੇਰੇ ਵਤਨ’ ਦੇਸ਼ਭਗਤੀ ਨਾਲ ਲਬਾਲਬ ਫਿਲਮ ਹੈ ਜਿਸ ਦੀ ਕਹਾਣੀ 1942 ਦੀ ਸੱਚੀ ਘਟਨਾ ‘ਤੇ ਆਧਾਰਿਤ ਹੈ। ਫਿਲਮ ਵਿਚ ਇਕ ਮੁਟਿਆਰ ਕੁੜੀ ਆਪਣੀ ਆਜ਼ਾਦੀ ਦੇ ਸੰਘਰਸ਼ ਦੇ ਪ੍ਰਚਾਰ ਲਈ ਰੇਡੀਓ ਸਟੇਸ਼ਨ ਚਾਲੂ ਕਰਦੀ ਹੈ ਅਤੇ ਬਹੁਤ ਔਖਿਆਈਆਂ ਝਾਗ ਕੇ ਆਪਣੇ ਜ਼ਿੰਮੇ ਲਿਆ ਕਾਰਜ ਪੂਰਾ ਕਰਨ ਦਾ ਯਤਨ ਕਰਦੀ ਹੈ।

ਫਿਲਮ ‘ਐ ਵਤਨ ਮੇਰੇ ਵਤਨ’ ਦੇ ਨਿਰਦੇਸ਼ਕ ਕਨਨ ਅਈਅਰ ਹਨ ਅਤੇ ਇਸ ਫਿਲਮ ਦੀ ਕਹਾਣੀ ਕਨਨ ਅਈਅਰ ਅਤੇ ਦਰਬ ਫਾਰੂਕੀ ਨੇ ਰਲ ਕੇ ਲਿਖੀ ਹੈ। ਇਹ ਫਿਲਮ 21 ਮਾਰਚ ਨੂੰ ਐਮਾਜ਼ੋਨ ਪ੍ਰਾਈਮ ‘ਤੇ ਰਿਲੀਜ਼ ਕਰ ਦਿੱਤੀ ਗਈ। ਫਿਲਮ ਵਿਚ ਮੁੱਖ ਭੂਮਿਕਾ ਅਦਾਕਾਰਾ ਸਾਰਾ ਅਲੀ ਖਾਨ ਨੇ ਨਿਭਾਈ ਹੈ। ਉਸ ਨੇ ਉਸ ਮੁਟਿਆਰ ਊਸ਼ਾ ਮਹਿਤਾ ਦਾ ਕਿਰਦਾਰ ਨਿਭਾਇਆ ਹੈ ਜਿਸ ਨੇ ਗੁਪਤ ਰੇਡੀਓ ਸਟੇਸ਼ਨ ਚਲਾਇਆ ਸੀ। ਸਾਰਾ ਅਲੀ ਖਾਨ ਤੋਂ ਇਲਾਵਾ ਇਸ ਫਿਲਮ ਵਿਚ ਆਨੰਦ ਤਿਵਾੜੀ, ਸਚਿਨ ਖੇੜਕਰ, ਅਭੈ ਵਰਮਾ, ਸਪਰਸ਼ ਸ੍ਰੀਵਾਸਤਵ ਦੀਆਂ ਅਹਿਮ ਭੂਮਿਕਾਵਾਂ ਹਨ। ਉਘੇ ਅਦਾਕਾਰ ਇਮਰਾਨ ਹਾਸ਼ਮੀ ਨੇ ਇਸ ਫਿਲਮ ਵਿਚ ਉਘੇ ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਦਾ ਕਿਰਦਾਰ ਨਿਭਾਇਆ ਹੈ।
ਇਸ ਫਿਲਮ ਦੀ ਨਾਇਕਾ ਊਸ਼ਾ ਮਹਿਤਾ ਦਾ ਜਨਮ 25 ਮਾਰਚ 1920 ਨੂੰ ਹੋਇਆ ਸੀ ਅਤੇ 11 ਅਗਸਤ 2000 ਨੂੰ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਈ। ਉਹ ਗਾਂਧੀਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਸੀ ਅਤੇ ਉਸ ਨੇ ਗੁਪਤ ਕਾਂਗਰਸ ਰੇਡੀਓ ਚਲਾਇਆ ਸੀ। ਇਹ ਉਸ ਵਕਤ ਦੀਆਂ ਗੱਲਾਂ ਹਨ ਜਦੋਂ 1942 ਵਾਲਾ ‘ਭਾਰਤ ਛੱਡੋ ਅੰਦੋਲਨ’ ਚੱਲ ਰਿਹਾ ਸੀ। ਭਾਰਤ ਸਰਕਾਰ ਨੇ ਊਸ਼ਾ ਮਹਿਤਾ ਨੂੰ 1998 ਵਿਚ ਪਦਮ ਵਿਭੂਸ਼ਨ ਦਾ ਖਿਤਾਬ ਦਿੱਤਾ ਸੀ। ਊਸ਼ਾ ਮਹਿਤਾ ਦਾ ਜਨਮ ਸੂਰਤ (ਅੱਜ ਕੱਲ੍ਹ ਗੁਜਰਾਤ ਵਿਚ) ਨੇੜਲੇ ਪਿੰਡ ਸਰਸ ਵਿਚ ਹੋਇਆ ਸੀ। 1928 ਵਿਚ ਉਹ ਸਿਰਫ 8 ਸਾਲਾਂ ਦੀ ਸੀ ਜਦੋਂ ਉਸ ਨੇ ਸਾਈਮਨ ਕਮਿਸ਼ਨ ਖਿਲਾਫ ਹੋਏ ਰੋਸ ਵਿਖਾਵੇ ਵਿਚ ਹਿੱਸਾ ਲਿਆ ਸੀ।
ਊਸ਼ਾ ਮਹਿਤਾ ਦਾ ਕਿਰਦਾਰ ਨਿਭਾਉਣ ਵਾਲੀ ਮੁਟਿਆਰ ਅਦਾਕਾਰਾ ਸਾਰਾ ਅਲੀ ਖਾਨ ਲਈ ਫਿਲਮ ‘ਐ ਵਤਨ ਮੇਰੇ ਵਤਨ’ ਬਹੁਤ ਅਹਿਮੀਅਤ ਰੱਖਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿਚ ਉਸ ਦੀ ਅਦਾਕਾਰੀ ਨਿਖਰ ਕੇ ਸਾਹਮਣੇ ਆਈ ਹੈ ਅਤੇ ਇਹ ਫਿਲਮ ਉਸ ਦੇ ਕਰੀਅਰ ਦੀ ਸਭ ਤੋਂ ਚੰਗੀ ਫਿਲਮ ਹੈ। 12 ਅਗਸਤ 1995 ਨੂੰ ਜਨਮੀ ਸਾਰਾ ਅਲੀ ਖਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2018 ਵਿਚ ਕੀਤੀ ਸੀ। ਉਦੋਂ ਉਸ ਦੀਆਂ ਦੋ ਫਿਲਮਾਂ ਲਗਭਗ ਇਕੱਠੀਆਂ ਹੀ ਰਿਲੀਜ਼ ਹੋਈਆਂ ਸਨ। ਇਨ੍ਹਾਂ ਫਿਲਮਾਂ ਦੇ ਨਾਂ ਹਨ: ‘ਕੇਦਾਰਨਾਥ’ ਅਤੇ ‘ਸਿੰਬਾ’। ਦੋਹਾਂ ਫਿਲਮਾਂ ਵਿਚ ਸਾਰਾ ਅਲੀ ਖਾਨ ਦੀ ਅਦਾਕਾਰੀ ਦੀ ਤਾਰੀਫ ਹੋਈ ਸੀ ਅਤੇ ਕਮਾਈ ਪੱਖੋਂ ਵੀ ਇਹ ਫਿਲਮਾਂ ਸਫਲ ਰਹੀਆਂ ਸਨ। ਇਸ ਤੋਂ ਬਾਅਦ 2020 ਵਿਚ ਸਾਰਾ ਅਲੀ ਖਾਨ ਦੀਆਂ ਦੋ ਫਿਲਮਾਂ ਆਈਆਂ; ‘ਲਵ ਆਜਕਲ’ ਅਤੇ ‘ਕੁਲੀ ਨੰਬਰ 1’। ਇਨ੍ਹਾਂ ਫਿਲਮਾਂ ਤੋਂ ਬਾਅਦ 2021 ਵਿਚ ਉਸ ਦੀ ਫਿਲਮ ‘ਅਤਰੰਗੀ ਰੇ’ ਰਿਲੀਜ਼ ਹੋਈ। ਪਿਛਲੇ ਸਾਲ 2023 ਵਿਚ ਉਸ ਦੀਆਂ ਤਿੰਨ ਫਿਲਮਾਂ ‘ਗੈਸ ਲਾਈਟ’, ‘ਜ਼ਰਾ ਹਟਕੇ ਜ਼ਰਾ ਬਚਕੇ’ ਅਤੇ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਰਿਲੀਜ਼ ਹੋਈਆਂ। ਸਾਲ 2024 ਵਿਚ ਉਸ ਦੀਆਂ ਫਿਲਮ ‘ਮਰਡਰ ਮੁਬਾਰਕ’ ਅਤੇ ‘ਐ ਵਤਨ ਮੇਰੇ ਵਤਨ’ ਰਿਲੀਜ਼ ਹੋ ਚੁੱਕੀਆਂ ਹਨ। ਉਸ ਦੀ ਇਕ ਫਿਲਮਾਂ ‘ਮੈਟਰੋ… ਇਨ ਦਿਨੋ’ ਦਾ ਨਿਰਮਾਣ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਹ ਇਕ ਹੋਰ ਪ੍ਰੋਜੈਕਟ ਉਤੇ ਵੀ ਕੰਮ ਕਰ ਰਹੀ ਹੈ।
ਸਾਰਾ ਅਲੀ ਖਾਨ ਉਘੀ ਫਿਲਮੀ ਜੋੜੀ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਧੀ ਹੈ। ਉਸ ਦੀ ਦਾਦੀ ਸ਼ਰਮੀਲਾ ਟੈਗੋਰ ਬੀਤੇ ਵੇਲਿਆਂ ਦੀ ਉਘੀ ਫਿਲਮ ਅਦਾਕਾਰਾ ਹੈ ਅਤੇ ਉਸ ਦਾ ਦਾਦਾ ਉਘਾ ਕ੍ਰਿਕਟ ਖਿਡਾਈ ਮਨਸੂਰ ਅਲੀ ਖਾਨ ਪਟੌਦੀ ਹੈ।
ਸਾਰਾ ਅਲੀ ਖਾਨ ਦਾ ਕਹਿਣਾ ਹੈ ਕਿ ਫਿਲਮ ‘ਐ ਵਤਨ ਮੇਰੇ ਵਤਨ’ ਦੀ ਸ਼ੂਟਿੰਗ ਦੌਰਾਨ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸ ਮੁਤਾਬਿਕ ਉਹ ਅਜਿਹੀਆਂ ਫਿਲਮਾਂ ਬਣਾਉਣੀਆਂ ਹੀ ਵਧੇਰੇ ਪਸੰਦ ਕਰਦੀ ਹੈ। ਉਸ ਨੇ ਫਿਲਮ ਦੇ ਨਿਰਦੇਸ਼ਕ ਕਨਨ ਅਈਅਰ ਦੀ ੳੇਚੇਚੀ ਤਾਰੀਫ ਕੀਤੀ।