ਹਰਿਆਣਾ ਵਿਚ ਭਾਜਪਾ ਦਾ ਨਵਾਂ ਦਾਅ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਹਰਿਆਣਾ ਵਿਚ ਵੱਡਾ ਦਾਅ ਖੇਡਿਆ ਹੈ। ਭਾਜਪਾ ਨੇ ਮਨੋਹਰ ਲਾਲ ਖੱਟਰ ਨੂੰ ਕੁਰਸੀ ਤੋਂ ਲਾਹ ਕੇ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਹੈ।
ਖੱਟਰ ਨੇ ਸੂਬੇ ਵਿਚ ਭਾਜਪਾ ਦੀ ਭਾਈਵਾਲ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਵਿਚ ਫੁੱਟ ਪੈਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਦੂਜੇ ਪਾਸੇ ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜੇ.ਜੇ.ਪੀ. ਨੇਤਾ ਦੁਸ਼ਯੰਤ ਚੌਟਾਲਾ ਨੂੰ ਵੱਡਾ ਝਟਕਾ ਲੱਗਾ ਜਿਸ ਦੇ ਪੰਜ ਵਿਧਾਇਕਾਂ ਨੇ ਦਿੱਲੀ ਵਿਚ ਬੁਲਾਈ ਗਈ ਮੀਟਿੰਗ ਵਿਚ ਸ਼ਮੂਲੀਅਤ ਨਹੀਂ ਕੀਤੀ ਅਤੇ ਭਾਜਪਾ ਦੇ ਹੱਕ ਵਿਚ ਖੜ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦਾਂ ਤੋਂ ਬਾਅਦ ਭਾਜਪਾ-ਜੇ.ਜੇ.ਪੀ. ਗਠਜੋੜ ਟੁੱਟਿਆ। ਜੇ.ਜੇ.ਪੀ. ਹਰਿਆਣਾ ਵਿਚ 1-2 ਸੀਟਾਂ ਦੀ ਮੰਗ ਕਰ ਰਹੀ ਸੀ ਜਦਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੇ ਸੂਬਾਈ ਸੰਗਠਨ ਸਾਰੀਆਂ 10 ਸੰਸਦੀ ਸੀਟਾਂ ‘ਤੇ ਚੋਣ ਲੜਨ ਦੇ ਹੱਕ ਵਿਚ ਹਨ। ਦੁਸ਼ਯੰਤ ਚੌਟਾਲਾ ਨੇ ਦਿੱਲੀ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨਾਲ ਮੁਲਾਕਾਤ ਕੀਤੀ ਅਤੇ ਅਗਲੇ ਹੀ ਦਿਨ ਜੇ.ਜੇ.ਪੀ. ਨੇ ਗੱਠਜੋੜ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ।
ਉਧਰ, ਵਿਰੋਧੀ ਧਿਰਾਂ ਦਾਅਵਾ ਕਰ ਰਹੀਆਂ ਹਨ ਕਿ ਭਾਜਪਾ ਅਤੇ ਜੇ.ਜੇ.ਪੀ. ਨੇ ਰਣਨੀਤੀ ਤਹਿਤ ਗੱਠਜੋੜ ਤੋੜਨ ਦਾ ਡਰਾਮਾ ਕੀਤਾ ਹੈ ਕਿਉਂਕਿ ਭਗਵਾ ਧਿਰ ਦੀ ਟੇਕ ਓ.ਬੀ.ਸੀ. ਵੋਟ ਬੈਂਕ ਉਤੇ ਰਹੀ ਹੈ, ਜਦ ਕਿ ਜੇ.ਜੇ.ਪੀ. ਜਾਟ ਵੋਟ ਆਸਰੇ ਖੜ੍ਹੀ ਹੋਈ ਹੈ। ਸੈਣੀ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਜਿਥੇ ਲੋਕ ਸਭਾ ਚੋਣਾਂ ਵਿਚ ਓ.ਬੀ.ਸੀ. ਵੋਟ ਬੈਂਕ ਮਜ਼ਬੂਤ ਕਰੇਗੀ, ਉਥੇ ਜੇ.ਜੇ.ਪੀ. ਕਾਂਗਰਸ ਅਤੇ ਆਮ ਆਦਮੀ ਪਾਰਟੀ ਗੱਠਜੋੜ ਦੇ ਜਾਟ ਵੋਟ ਬੈਂਕ ਨੂੰ ਖੋਰਾ ਲਾਉਣ ਦਾ ਕੰਮ ਕਰੇਗੀ।
ਹਰਿਆਣਾ ਵਿਚ ਓ.ਬੀ.ਸੀ. ਵੋਟ ਬੈਂਕ 22.2 ਫੀਸਦੀ ਜਾਟ ਵੋਟਰਾਂ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਓ.ਬੀ.ਸੀ. ਵੋਟਰ ਕੁੱਲ ਆਬਾਦੀ ਦਾ 21 ਫੀਸਦੀ ਹਨ। ਭਾਜਪਾ ਹਰਿਆਣਾ ਵਿਚ ਹਮੇਸ਼ਾ ਗੈਰ-ਜਾਟ ਰਾਜਨੀਤੀ ਕਰਦੀ ਰਹੀ ਹੈ ਅਤੇ ਸੈਣੀ ਨੂੰ ਮੁੱਖ ਮੰਤਰੀ ਚੁਣ ਕੇ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਵਿੱਖ ਵਿਚ ਵੀ ਇਸੇ ਰਸਤੇ ‘ਤੇ ਚੱਲੇਗੀ। ਨਾਇਬ ਸਿੰਘ ਸੈਣੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨਾਲ ਜੁੜੇ ਹਨ। ਉਹ 6 ਮਹੀਨੇ ਤੱਕ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਇਸ ਦੌਰਾਨ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋ ਜਾਵੇਗਾ; ਭਾਵ ਨਾਇਬ ਸੈਣੀ ਬਿਨਾਂ ਵਿਧਾਇਕ ਬਣੇ ਆਪਣੀ ਸਰਕਾਰ ਦਾ ਕਾਰਜਕਾਲ ਪੂਰਾ ਕਰਨਗੇ। ਪਾਰਟੀ ਨੇ 27 ਅਕਤੂਬਰ 2023 ਨੂੰ ਜਾਟ ਭਾਈਚਾਰੇ ਤੋਂ ਆਉਣ ਵਾਲੇ ਓਮਪ੍ਰਕਾਸ਼ ਧਨਖੜ ਨੂੰ ਹਟਾ ਕੇ ਨਾਇਬ ਸੈਣੀ ਨੂੰ ਹਰਿਆਣਾ ਭਾਜਪਾ ਦਾ ਪ੍ਰਧਾਨ ਬਣਾਇਆ ਸੀ।
ਹਰਿਆਣਾ ਵਿਚ 90 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿਚ 41 ਭਾਜਪਾ, 30 ਕਾਂਗਰਸ, 10 ਜੇ.ਜੇ.ਪੀ, ਇਕ ਇਨੈਲੋ, ਇਕ ਐਚ.ਐਲ.ਪੀ. ਤੇ 7 ਆਜ਼ਾਦ ਸ਼ਾਮਲ ਹਨ। ਬਹੁਮਤ ਲਈ 46 ਸੀਟਾਂ ਦੀ ਲੋੜ ਹੈ। ਜੇ.ਜੇ.ਪੀ. ਤੋਂ ਵੱਖ ਹੋਣ ਪਿੱਛੋਂ ਭਾਜਪਾ ਕੋਲ 41, 7 ਆਜ਼ਾਦ ਤੇ ਇਕ ਐਚ.ਐਲ.ਪੀ. ਵਿਧਾਇਕ ਦਾ ਸਮਰਥਨ ਹੈ। ਇਸ ਤੋਂ ਇਲਾਵਾ ਭਾਜਪਾ ਨੇ ਆਪਣੀ ਭਾਈਵਾਲ ਰਹੀ ਜੇ.ਜੇ.ਪੀ. ਦੇ 5 ਵਿਧਾਇਕ ਵੀ ਆਪਣੇ ਵੱਲ ਖਿੱਚ ਲਏ ਹਨ।
ਚੇਤੇ ਰਹੇ ਕਿ ਇਸ ਸਮੇਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿਚ ਅੰਦੋਲਨ ਖੜ੍ਹਾ ਹੋ ਰਿਹਾ ਹੈ ਅਤੇ ਜਾਟ ਵੋਟ ਭਾਜਪਾ ਤੋਂ ਖਾਸਾ ਨਾਰਾਜ਼ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਵਾਰ ਹਰਿਆਣਾ ਦੀਆਂ ਸਾਰੀਆਂ 10 ਸੰਸਦੀ ਸੀਟਾਂ ਉਤੇ ਚੋਣ ਜਿੱਤਣ ਵਾਲੀ ਭਾਜਪਾ ਲਈ ਇਸ ਵਾਰ ਲੋਕ ਸਭਾ ਚੋਣਾਂ ਵੱਡੀ ਚੁਣੌਤੀ ਹੋਣਗੀਆਂ। ਇਹੀ ਕਾਰਨ ਹੈ ਕਿ ਕਾਂਗਰਸ ਅਤੇ ਆਪ ਨਾਲ ਸਿੱਧੀ ਟੱਕਰ ਲੈਣ ਦੀ ਥਾਂ ਭਾਜਪਾ ਇਸ ਵਾਰ ਵੋਟਾਂ ਦੇ ਜੋੜ-ਤੋੜ ਵਿਚ ਜੁਟੀ ਹੋਈ ਹੈ। ਭਾਜਪਾ ਦੀ ਇਹ ਰਣਨੀਤੀ ਓ.ਬੀ.ਸੀ. ਵੋਟ ਬੈਂਕ ਨੂੰ ਇਸ ਪਾਸੇ ਭੁਗਤਾਉਣ ਦੀ ਜਾਪ ਰਹੀ ਹੈ।
ਭਗਵਾ ਧਿਰ ਨੂੰ ਜਾਟ ਵੋਟ ਤੋਂ ਪਹਿਲਾਂ ਹੀ ਕੋਈ ਉਮੀਦ ਨਹੀਂ ਹੈ, ਇਸ ਲਈ ਜੇਕਰ ਜੇ.ਜੇ.ਪੀ. ਵੱਖ ਹੋ ਕੇ ਸਾਰੀਆਂ 10 ਸੀਟਾਂ ਉਤੇ ਚੋਣ ਲੜਦੀ ਹੈ ਕਿ ਤਾਂ ਉਹ ਕਾਂਗਰਸ-ਆਪ ਗੱਠਜੋੜ ਦੇ ਵੋਟ ਬੈਂਕ (ਜਾਟ) ਨੂੰ ਖੋਰਾ ਲਾਉਣ ਵਿਚ ਸਫਲ ਹੋ ਸਕਦੀ ਹੈ।