ਮੋਹ ਅਤੇ ਮਨੁੱਖਤਾ ਦੀ ਕਹਾਣੀ ‘ਸਰਸਵਤੀ ਚੰਦਰ’

ਤਰਸੇਮ ਬਸ਼ਰ
ਸਾਲ 1968 ਵਿਚ ਰਿਲੀਜ਼ ਹੋਈ ਫਿਲਮ ‘ਸਰਸਵਤੀ ਚੰਦਰ’ ਗੁਜਰਾਤੀ ਲੇਖਕ ਗਵਰਧਨ ਰਾਮ ਮਾਧਵ ਰਾਮ ਤਿਰਪਾਠੀ ਦੇ ਲਗਭਗ 2000 ਪੰਨਿਆਂ ਦੇ ਇਸੇ ਨਾਂ ਵਾਲੇ ਨਾਵਲ ‘ਤੇ ਆਧਾਰਿਤ ਹੈ। ਇਹ ਨਾਵਲ 1887 ਵਿਚ ਪ੍ਰਕਾਸ਼ਿਤ ਹੋਇਆ ਸੀ। ਕਹਾਣੀ 1850 ਦੇ ਨੇੜੇ-ਤੇੜੇ ਦੀ ਹੈ।

ਗਵਰਧਨ ਰਾਮ ਮਾਧਵ ਰਾਮ ਤਿਰਪਾਠੀ ਦੇ ਨਾਵਲ ‘ਸਰਸਵਤੀ ਚੰਦਰ’ ‘ਤੇ ਫਿਲਮ ਬਣਾਉਣ ਲਈ ਮਹਿਬੂਬ ਖਾਨ ਨੇ ਵੀ ਸੋਚਿਆ ਸੀ, ਵੀ. ਸ਼ਾਂਤਾ ਰਾਮ ਨੇ ਵੀ ਪਰ ਉਹ ਅਖੀਰ ਇਸ ਨਤੀਜੇ ‘ਤੇ ਪਹੁੰਚੇ ਕਿ ਇਸ ਕਹਾਣੀ ‘ਤੇ ਵਧੀਆ ਫਿਲਮ ਤਾਂ ਬਣਾਈ ਜਾ ਸਕਦੀ ਹੈ ਪਰ ਸਫਲ ਫਿਲਮ ਸ਼ਾਇਦ ਹੀ ਬਣਾਈ ਜਾ ਸਕੇ। ਪੜ੍ਹਾਈ ਲਿਖਾਈ ਦਾ ਕੁਝ ਕੰਮ ਮਗਰੋਂ ਦੋਹਾਂ ਨੇ ਇਰਾਦਾ ਤਿਆਗ ਦਿੱਤਾ। ਗੁਜਰਾਤੀ ਦੇ ਪ੍ਰਸਿੱਧ ਸਾਹਿਤਕਾਰ ਤਿਰਪਾਠੀ ਦੀ ਇਸ ਰਚਨਾ ਦੀ ਚਰਚਾ ਮਦਰਾਸ ਤੱਕ ਵੀ ਪਹੁੰਚੀ ਸੀ। ਜੈਮਿਨੀ ਫਿਲਮ ਦੇ ਮਾਲਕ ਐਮ.ਐਸ. ਵਾਸਨ ਨੇ ਵੀ ਇਸ ਕਹਾਣੀ ‘ਤੇ ਫਿਲਮ ਬਣਾਉਣ ਦਾ ਸੋਚਿਆ ਪਰ ਵਿਚਾਰ ਇਸ ਕਰ ਕੇ ਰੱਦ ਕਰ ਦਿੱਤਾ ਕਿ ਇਹ ਕਹਾਣੀ ਉਨ੍ਹਾਂ ਰਵਾਇਤੀ ਫਿਲਮੀ ਕਹਾਣੀਆਂ ਤੋਂ ਵੱਖਰੀ ਹੈ ਜਿਸ ਕਾਰਨ ਦਰਸ਼ਕ ਸਿਨੇਮਿਆਂ ਵੱਲ ਆਮ ਖਿੱਚੇ ਚਲੇ ਆਉਂਦੇ ਹਨ।
ਲਗਭਗ 2000 ਪੰਨਿਆਂ ਦਾ ਇਹ ਨਾਵਲ 1887 ਵਿਚ ਪ੍ਰਕਾਸ਼ਿਤ ਹੋਇਆ ਸੀ ਜਿਸ ਦੀ ਕਹਾਣੀ 1850 ਦੇ ਨੇੜੇ-ਤੇੜੇ ਦੀ ਹੈ। ‘ਸਰਸਵਤੀ ਚੰਦਰ’ ਗੋਵਿੰਦ ਸਰਈਆ ਦਾ ਪਸੰਦੀਦਾ ਨਾਵਲ ਸੀ ਜੋ ਖੁਦ ਗੁਜਰਾਤ ਪਿੱਠਭੂਮੀ ਤੋਂ ਸਨ। ਉਨ੍ਹਾਂ ਦਿਨਾਂ ਵਿਚ ਉਹ ਫਿਲਮ ਡਿਵੀਜ਼ਨ ਵਿਚ ਆਪਣੀ ਯੋਗਤਾ ਦੇ ਸਿਰ ‘ਤੇ ਬਤੌਰ ਅਧਿਕਾਰੀ ਕੰਮ ਦੇਖ ਰਹੇ ਸਨ। ਉਹ ਪੜ੍ਹੇ ਲਿਖੇ ਗੁਜਰਾਤੀ ਪਰਿਵਾਰ ਤੋਂ ਸਨ ਜਿਨ੍ਹਾਂ ਦਾ ਮੁੰਬਈ ਵਿਚ ਕਾਰੋਬਾਰ ਸੀ। ਉਨ੍ਹਾਂ ਦੇ ਚਾਚਾ ਜੀ ਦੀ ਦਿਲਚਸਪੀ ਫਿਲਮਾਂ ਅਤੇ ਸਾਹਿਤ ਵਿਚ ਸੀ ਤੇ ਉਨ੍ਹਾਂ ਦਾ ਸਹਿਚਾਰ ਸਰਸਵਤੀ ਚੰਦਰ ਦੇ ਲੇਖਕ ਤਿਰਪਾਠੀ ਨਾਲ ਵੀ ਸੀ। ਗੋਵਿੰਦ ਨੇ ਇਸ ਸਬੰਧੀ ਵਿਦੇਸ਼ਾਂ ਵਿਚ ਪੜ੍ਹਾਈ ਅਤੇ ਖੋਜ ਵਿਚ ਕਈ ਸਾਲ ਲਾਏ ਸਨ, ਉਨ੍ਹਾਂ ਨੂੰ ਵਾਲਟ ਡਿਜਨੀ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ। ਮੁੰਬਈ ਵਿਚ ਉਨ੍ਹਾਂ ਦੇਖਿਆ ਸੀ ਕਿ ਬੰਗਲਾ ਸਾਹਿਤ ‘ਤੇ ਬਹੁਤ ਸੋਹਣੀਆਂ ਫਿਲਮਾਂ ਬਣ ਰਹੀਆਂ ਸਨ, ਸਫਲ ਵੀ ਹੋ ਰਹੀਆਂ ਸਨ; ਇਉਂ ਬੰਗਲਾ ਭਾਸ਼ਾ ਦਾ ਦਾਇਰਾ ਵਧ ਰਿਹਾ ਸੀ ਤੇ ਸਾਹਿਤ ਆਮ ਲੋਕਾਂ ਕੋਲ ਪੁੱਜ ਰਿਹਾ ਸੀ। ਉਨ੍ਹਾਂ ਦਾ ਇਰਾਦਾ ਸੀ ਕਿ ਕਿਸੇ ਗੁਜਰਾਤੀ ਕਹਾਣੀ ‘ਤੇ ਵੀ ਕੋਈ ਵਧੀਆ ਫਿਲਮ ਬਣਾਈ ਜਾਵੇ। ਇਉਂ ਗੁਜਰਾਤੀ ਸਾਹਿਤ ਦਾ ਪਸਾਰਾ ਵੀ ਵਧੇ, ਗੁਜਰਾਤੀਆਂ ਦੇ ਕਲਾ ਨਾਲ ਲਗਾਓ ਦੀ ਗੱਲ ਸਮਾਜ ਤੱਕ ਪਹੁੰਚੇ। ਉਹ ਚਾਹੁੰਦੇ ਸਨ ਕਿ ਗੁਜਰਾਤੀ ਦੀ ਮਹਾਨ ਰਚਨਾ ‘ਸਰਸਵਤੀ ਚੰਦਰ’ ‘ਤੇ ਫਿਲਮ ਦਾ ਨਿਰਮਾਣ ਕੀਤਾ ਜਾਵੇ ਜੋ ਹਿੰਦੋਸਤਾਨ ਭਰ ਵਿਚ ਪ੍ਰਦਰਸ਼ਤ ਹੋਵੇ।
ਫਿਲਮ ਦੇ ਨਿਰਮਾਣ ਦਰਮਿਆਨ ਇੱਕ ਹੋਰ ਕਿਰਦਾਰ ਦਾ ਜ਼ਿਕਰ ਜ਼ਰੂਰੀ ਹੈ; ਉਹ ਸੀ ਗੁਜਰਾਤੀ ਕਾਰੋਬਾਰੀ ਵਿਵੇਕ, ਆਪਣੀ ਜ਼ਬਾਨ ਨੂੰ ਪਿਆਰ ਕਰਨ ਵਾਲਾ ਕਾਰੋਬਾਰੀ। ਉਨਾਂ ਦਾ ਇਰਾਦਾ ਵੀ ਇਹੀ ਸੀ ਕਿ ਮਾਂ ਬੋਲੀ ਦੀ ਕਿਸੇ ਸਾਹਤਿਕ ਰਚਨਾ ‘ਤੇ ਫਿਲਮ ਬਣੇ। ਕਿਸੇ ਪਾਰਟੀ ਵਿਚ ਗੋਵਿੰਦ ਸਰਈਆ ਅਤੇ ਵਿਵੇਕ ਦੀ ਮੁਲਾਕਾਤ ਹੋਈ ਅਤੇ ਗੁਜਰਾਤੀ ਸਾਹਿਤ ਦੀ ਕਿਸੇ ਕਹਾਣੀ ‘ਤੇ ਫਿਲਮ ਬਣਾਉਣ ਦੀ ਚਰਚਾ ਵੀ ਚੱਲੀ। ਹੋਰ ਨੇੜਤਾ ਹੋਈ ਤਾਂ ਵਿਵੇਕ ਨੇ ਗੋਵਿੰਦ ਨਾਲ ਖਾਸ ਮੁਲਾਕਾਤ ਦਾ ਸਮਾਂ ਮਿਥ ਲਿਆ। ਗੋਵਿੰਦ ਨੂੰ ਵਿਸ਼ਵਾਸ ਨਹੀਂ ਸੀ, ਕੋਈ ਕਾਰੋਬਾਰੀ ਅਜਿਹੀ ਫਿਲਮ ‘ਤੇ ਕਿਉਂ ਪੈਸਾ ਲਗਾਵੇਗਾ ਪਰ ਵਿਵੇਕ ਆਪਣੀ ਧੁਨ ਦੇ ਪੱਕੇ ਸਨ। ਫੈਸਲਾ ਹੋ ਗਿਆ ਕਿ ਇਨਸਾਨੀਅਤ ਨੂੰ ਸਮਰਪਿਤ ਅਤੇ ਦੂਜਿਆਂ ਲਈ ਤਿਆਗ ਕਰਨ ਨੂੰ ਖੁਸ਼ਕਿਸਮਤੀ ਸਮਝਣ ਵਾਲੇ ਸਰਸਵਤੀ ਚੰਦਰ ਦੇ ਪਾਤਰਾਂ ‘ਤੇ ਹਿੰਦੀ ਫਿਲਮ ਬਣਾਈ ਜਾਵੇਗੀ ਤੇ ਨਿਰਦੇਸ਼ਕ ਹੋਣਗੇ ਗੋਵਿੰਦ ਸਰਈਆ।
1968 ਵਿਚ ਰਿਲੀਜ਼ ਹੋਈ ‘ਸਰਸਵਤੀ ਚੰਦਰ’ ਫਿਲਮ ਦੇ ਨਾਇਕ ਵਾਸਤੇ ਨਿਰਦੇਸ਼ਕ ਨੇ ਦਲੀਪ ਕੁਮਾਰ, ਗੁਰੂ ਦੱਤ ਸਮੇਤ ਕਈ ਪ੍ਰਸਿੱਧ ਅਦਾਕਾਰਾਂ ਕੋਲ ਪਹੁੰਚ ਕੀਤੀ ਪਰ ਜਦੋਂ ਕੋਈ ਵੀ ਦੇਵਦਾਸ ਨਾਲ ਮਿਲਦੀ ਜੁਲਦੀ ਇਸ ਕਹਾਣੀ ਦੇ ਇਸ ਕਿਰਦਾਰ ਨੂੰ ਪਰਦੇ ‘ਤੇ ਜਿਊਣ ਲਈ ਤਿਆਰ ਨਹੀਂ ਹੋਇਆ ਤਾਂ ਉਨ੍ਹਾਂ ਬੰਗਲਾ ਅਦਾਕਾਰ ਮਨੀਸ਼ ਨੂੰ ਇਹ ਭੂਮਿਕਾ ਦੇ ਦਿੱਤੀ। ਫਿਲਮ ਦੀ ਨਾਇਕਾ ਵਜੋਂ ਕੁਮੁਦ ਦਾ ਕਿਰਦਾਰ ਹੈ; ਇਹ ਕਿਰਦਾਰ ਉਸ ਸਮੇਂ ਦੀ ਪ੍ਰਸਿੱਧ ਅਭਿਨੇਤਰੀ ਨੂਤਨ ਨੇ ਨਿਭਾਇਆ। ਇਹ ਤਿੰਨ ਗੁਜਰਾਤੀ ਪਰਿਵਾਰਾਂ ਦੀ ਹੈ। ਇਸ ਅੰਦਰ ਕਈ ਪੜਾਅ ਆਉਂਦੇ ਹਨ ਤੇ ਹਰ ਪੜਾਅ ‘ਤੇ ਅਜਿਹਾ ਮੋੜ ਹੈ ਜਿਸ ਬਾਰੇ ਕਿਆਸ ਨਹੀਂ ਕੀਤਾ ਗਿਆ ਹੁੰਦਾ। ਸਭ ਤੋਂ ਹੈਰਾਨੀਜਨਕ- ਫਿਲਮ ਦਾ ਅੰਤ ਅਜਿਹਾ ਸੀ ਕਿ ਪਹਿਲਾਂ ਕਦੇ ਨਹੀਂ ਸੀ ਫਿਲਮਾਇਆ ਗਿਆ। ਇਸ ਫਿਲਮ ਤੋਂ ਬਾਅਦ ਵੀ ਕਿਸੇ ਨੇ ਇਸ ਤਰ੍ਹਾਂ ਦੇ ਅੰਤ ‘ਤੇ ਫਿਲਮ ਬਣਾਉਣ ਦਾ ਤਜਰਬਾ ਕਰਨ ਦੀ ਹਿੰਮਤ ਨਹੀਂ ਕੀਤੀ।
ਸਰਸਵਤੀ ਚੰਦਰ ਵੱਡੇ ਪਰਿਵਾਰ ਦਾ ਉਤਸ਼ਾਹੀ ਨੌਜਵਾਨ ਹੈ ਜਿਸ ਵਿਚ ਮਨੁੱਖਤਾ ਲਈ ਕੁਝ ਕਰਨ ਦਾ ਜਜ਼ਬਾ ਹੈ। ਉਹ ਇਨਸਾਨੀਅਤ ਨੂੰ ਸੌਖਾ ਰੱਖਣ ਲਈ ਕੁਰਬਾਨੀ ਕਰਨ ਵਾਲਾ ਨੌਜਵਾਨ ਹੈ। ਉਹ ਕਵੀ ਹੈ,ੇ ਉਸ ਦੀਆਂ ਕਵਿਤਾਵਾਂ ਸੰਵੇਦਨਾ ਦੀ ਤਰਜਮਾਨੀ ਕਰਦੀਆਂ ਹਨ। ਉਸ ਦੇ ਪਿਤਾ ਉਸ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਦੇਖਦਿਆਂ ਚਾਹੁੰਦੇ ਹਨ ਕਿ ਜਲਦੀ ਹੀ ਉਸ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹ ਦੇਣ ਪਰ ਸਰਸਵਤੀ ਚੰਦਰ ਇਕ ਚਿੱਠੀ ਆਪਣੇ ਸਹੁਰਿਆਂ ਦੇ ਨਾਮ ਲਿਖ ਦਿੰਦਾ ਹੈ ਕਿ ਉਸ ਦਾ ਇਰਾਦਾ ਵਿਆਹ ਕਰਾਉਣ ਦਾ ਨਹੀਂ, ਉਹ ਆਪਣੀ ਜ਼ਿੰਦਗੀ ਇਨਸਾਨੀਅਤ ਨੂੰ ਸਮਰਪਿਤ ਕਰਨਾ ਲੋਚਦਾ ਹੈ, ਉਸ ਦਾ ਇਰਾਦਾ ਸਨਿਆਸ ਮਾਰਗ ‘ਤੇ ਚੱਲਣ ਦਾ ਹੈ। ਚਿੱਠੀ ਉਸ ਦੀ ਮੰਗੇਤਰ ਕੁਮੁਦ ਵੀ ਪੜ੍ਹਦੀ ਹੈ, ਉਹ ਸਰਸਵਤੀ ਚੰਦਰ ਦੀ ਲਿਖਤ, ਕਵਿਤਾਵਾਂ ਅਤੇ ਲਿਖੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਜਾਂਦੀ ਹੈ, ਉਸ ਦੀ ਦਿਲਚਸਪੀ ਆਪਣੇ ਮੰਗੇਤਰ ਦੀ ਸ਼ਖਸੀਅਤ ਵਿਚ ਪੈਦਾ ਹੋ ਜਾਂਦੀ ਹੈ। ਉਹ ਚਿੱਠੀ ਦੇ ਜਵਾਬ ਵਿਚ ਚਿੱਠੀ ਲਿਖਦੀ ਹੈ। ਇਉਂ ਚਿੱਠੀਆਂ ਦਾ ਸਿਲਸਿਲਾ ਚੱਲ ਪੈਂਦਾ ਹੈ। ਆਖਰ ਨੌਜਵਾਨ ਕਵੀ ਦਿਲ ਹੈ, ਸਰਸਵਤੀ ਚੰਦਰ ਉਸ ਨੂੰ ਮਿਲਣ ਦਾ ਇਰਾਦਾ ਕਰਦਾ ਹੈ।
ਕੁਮੁਦ ਦੇ ਪਿਤਾ ਦੀ ਹਵੇਲੀ ‘ਚ ਮੁਲਾਕਾਤਾਂ ਦੌਰਾਨ ਕੁਮੁਦ ਨੂੰ ਪਤਾ ਲੱਗਦਾ ਹੈ ਕਿ ਸਰਸਵਤੀ ਚੰਦਰ ਨੇ ਜੋ ਕਿਤਾਬ ਲਿਖੀ ਹੈ, ਉਸ ਦਾ ਮੂਲ ਭਾਵ ਇਹੀ ਹੈ ਕਿ ਉਹ ਲੋਕ ਕਲਿਆਣ ਵਾਸਤੇ ਸਨਿਆਸ ਦੇ ਰਸਤੇ ਚੱਲਣਾ ਚਾਹੁੰਦਾ ਹੈ, ਉਹ ਲੋਕਾਈ ਨੂੰ ਸਮਰਪਿਤ ਹੋਣਾ ਚਾਹੁੰਦਾ ਹੈ। ਕੁਮੁਦ ਅੰਦਰ ਉਸ ਲਈ ਹੋਰ ਆਦਰ ਅਤੇ ਪਿਆਰ ਪੈਦਾ ਹੋ ਜਾਂਦਾ ਹੈ ਪਰ ਇਹ ਸੁਖਦ ਸਮਾਂ ਜ਼ਿਆਦਾ ਸਮਾਂ ਨਹੀਂ ਚੱਲਦਾ। ਸਰਸਵਤੀ ਚੰਦਰ ਦੀ ਮਤਰੇਈ ਮਾਂ ਉਸ ਤੋਂ ਖਫਾ ਹੈ, ਉਹ ਚਾਲਾਂ ਚੱਲਦੀ ਹੈ ਕਿਉਂਕਿ ਸਰਸਵਤੀ ਚੰਦਰ ਦੀ ਦਾਦੀ ਆਪਣੀ ਸਾਰੀ ਜਾਇਦਾਦ ਸਰਸਵਤੀ ਚੰਦਰ ਨੂੰ ਦੇ ਦਿੰਦੀ ਹੈ। ਮਤਰੇਈ ਮਾਂ ਦੇ ਕਹਿਣ ‘ਤੇ ਪਿਤਾ ਵੀ ਸਰਸਵਤੀ ਚੰਦਰ ‘ਤੇ ਸ਼ੱਕ ਕਰਦਾ ਹੈ ਅਤੇ ਤਾਅਨਾ ਦਿੰਦਾ ਹੈ ਕਿ ਉਹ ਹੁਣ ਤੋਂ ਹੀ ਆਪਣੀ ਹੋਣ ਵਾਲੀ ਬੀਵੀ ਵਾਸਤੇ ਸੋਚਣ ਲੱਗਿਆ ਹੈ ਤਾਂ ਉਹ ਕਿਹੋ ਜਿਹਾ ਪੁੱਤਰ ਹੈ। ਇਹ ਸਭ ਸੁਣ ਕੇ ਉਹ ਫੈਸਲਾ ਕਰਦਾ ਹੈ ਕਿ ਉਹ ਸਭ ਕੁਝ ਤਿਆਗ ਕੇ ਆਪਣੀ ਜ਼ਿੰਦਗੀ ਇਨਸਾਨੀਅਤ ਦੇ ਲੇਖੇ ਲਾ ਦੇਵੇਗਾ।
ਪਿਤਾ ਦੀਆਂ ਗੱਲਾਂ ਉਸ ਦੇ ਸੀਨੇ ਅੰਦਰ ਕਿਸੇ ਖੰਜਰ ਵਾਂਗੂੰ ਚੁੱਭ ਗਈਆਂ ਹਨ। ਉਹ ਆਪਣੇ ਮਿੱਤਰ ਦੇ ਘਰੇ ਜਾ ਕੇ ਸਾਰੀ ਜਾਇਦਾਦ ਆਪਣੇ ਘਰਦਿਆਂ ਨੂੰ ਦੇ ਦਿੰਦਾ ਹੈ ਅਤੇ ਚਲਾ ਜਾਂਦਾ ਹੈ; ਕੁਮੁਦ ਨੂੰ ਵੀ ਖਤ ਲਿਖਦਾ ਹੈ ਕਿ ਉਹ ਆਪਣੀ ਨਵੀਂ ਜ਼ਿੰਦਗੀ ਵਾਸਤੇ ਤਿਆਰ ਰਹੇ। ਘਰਦੇ ਨਿਰਾਸ਼ ਤਾਂ ਹੁੰਦੇ ਹਨ ਪਰ ਉਹ ਜਲਦੀ ਹੀ ਕੁਮੁਦ ਦਾ ਰਿਸ਼ਤਾ ਇੱਕ ਹੋਰ ਘਰ ਵਿਚ ਕਰ ਦਿੰਦੇ ਹਨ।
ਸਰਸਵਤੀ ਚੰਦਰ ਫਕੀਰਾਂ ਦੀ ਜ਼ਿੰਦਗੀ ਜਿਊਂਦਾ ਹੋਇਆ ਇੱਕ ਦਿਨ ਕਿਸੇ ਪਿੰਡ ਵਿਚ ਤਲਾਅ ਨੇੜੇ ਆਰਾਮ ਕਰ ਰਿਹਾ ਹੈ ਕਿ ਉੱਥੇ ਕੁਮਦ ਅਤੇ ਉਸ ਦੀ ਨਣਦ ਆਉਂਦੀਆਂ ਹਨ। ਕੁਮਦ ਅਤੇ ਉਸ ਦੀ ਨਣਦ ਸਰਸਵਤੀ ਚੰਦਰ ਨੂੰ ਨਹੀਂ ਪਛਾਣਦੀਆਂ ਪਰ ਨਣਦ ਦੇ ਮੂੰਹੋਂ ਕੁਮੁਦ ਦਾ ਨਾਂ ਸੁਣ ਕੇ ਸਰਸਵਤੀ ਚੰਦਰ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਉਹੀ ਕੁਮੁਦ ਹੈ।
ਕੁਮੁਦ ਦਾ ਘਰਵਾਲਾ ਪ੍ਰਮਾਦ (ਰਮੇਸ਼ ਦੇਵ) ਅਯਾਸ਼ ਹੈ, ਚਰਿਤਰਹੀਣ ਹੈ ਪਰ ਸਹੁਰਾ ਚੰਗਾ ਹੈ, ਇਮਾਨਦਾਰ ਤਬੀਅਤ ਵਾਲਾ ਬੰਦਾ। ਜਦੋਂ ਕੋਈ ਉਸ ਨੂੰ ਆ ਕੇ ਦੱਸਦਾ ਹੈ ਕਿ ਤਲਾਅ ‘ਤੇ ਪੜ੍ਹਿਆ ਲਿਖਿਆ ਨੌਜਵਾਨ ਭਟਕ ਰਿਹਾ ਹੈ ਤਾਂ ਉਹ ਉਸ ਨੂੰ ਮਿਲਦਾ ਹੈ। ਉਸ ਦੀ ਲਿਆਕਤ ਤੋਂ ਪ੍ਰਭਾਵਿਤ ਹੁੰਦਾ ਹੈ। ਉਹ ਨੌਜਵਾਨ ਨੂੰ ਕਹਿੰਦਾ ਹੈ ਕਿ ਉਹ ਉਸ ਕੋਲ ਰਹੇ। ਇਸ ਤਰ੍ਹਾਂ ਸਰਸਵਤੀ ਚੰਦਰ ਫਿਰ ਉਸ ਪੜਾਅ ‘ਤੇ ਆ ਜਾਂਦਾ ਹੈ ਜਿੱਥੋਂ ਉਸ ਦੀ ਜ਼ਿੰਦਗੀ ਵਿਚ ਦੁੱਖਾਂ ਨੇ ਘਰ ਕਰਨਾ ਸ਼ੁਰੂ ਕੀਤਾ ਸੀ। ਉਹ ਆਪਣੀ ਹੀ ਮੰਗੇਤਰ ਦੇ ਘਰੇ ਹੈ ਜਿਸ ਨੂੰ ਉਹ ਬਹੁਤ ਮੁਹੱਬਤ ਕਰਦਾ ਹੈ, ਜਿਸ ਦੀ ਅਰਾਧਨਾ ਕਰਦਾ ਹੈ ਪਰ ਉਹ ਹੁਣ ਕਿਸੇ ਹੋਰ ਦੇ ਘਰ ਦੀ ਇੱਜ਼ਤ ਹੈ। ਕੁਮੁਦ ਵੀ ਘਰ ਨੂੰ ਸਮਰਪਿਤ ਔਰਤ ਹੈ, ਉਹ ਸਰਸਵਤੀ ਚੰਦਰ ਨਾਲ ਹਮਦਰਦੀ ਰੱਖਦੀ ਹੈ ਪਰ ਨਹੀਂ ਚਾਹੁੰਦੀ ਕਿ ਸਰਸਵਤੀ ਚੰਦਰ ਉਸ ਦੀ ਜ਼ਿੰਦਗੀ ਵਿਚ ਦੁਬਾਰਾ ਆਵੇ। ਸਰਸਵਤੀ ਚੰਦਰ ਅੰਦਰ ਵੀ ਆਤਮ-ਗਿਲਾਨੀ ਹੈ ਕਿ ਉਹ ਆਪਣੀ ਮੰਗੇਤਰ ਦੇ ਘਰੇ ਕਿਉਂ ਰਹਿ ਰਿਹਾ ਹੈ।
ਦੋਵੇਂ ਮਾਨਸਿਕ ਉਧੇੜ-ਬੁਣ ਵਿਚ ਹਨ। ਸਰਸਵਤੀ ਚੰਦਰ ਪਹਿਲਾਂ ਤੋਂ ਹੀ ਇਸ ਭਾਵਨਾ ਨਾਲ ਭਰਿਆ ਹੋਇਆ ਸੀ ਕਿ ਉਸ ਦੇ ਫੈਸਲੇ ਕਾਰਨ ਹੀ ਕੁਮੁਦ ਦਾ ਦਾਮਨ ਦੁੱਖਾਂ ਨਾਲ ਭਰ ਗਿਆ ਹੈ। ਇੱਕ ਰਾਤ ਕੋਈ ਚੋਰ ਘਰ ਵਿਚ ਚੋਰੀ ਦਾ ਯਤਨ ਕਰਦਾ ਹੈ। ਸਰਸਵਤੀ ਚੰਦਰ ਚੋਰ ਨੂੰ ਫੜਨ ਦਾ ਯਤਨ ਕਰਦਾ ਹੈ ਤਾਂ ਚੋਰ ਉਸ ਦੇ ਚਾਕੂ ਮਾਰ ਦਿੰਦਾ ਹੈ। ਕੁਮੁਦ ਹੁਣ ਜ਼ਖਮੀ ਸਰਸਵਤੀ ਚੰਦਰ ਦੀ ਸੇਵਾ ਕਰ ਰਹੀ ਹੈ। ਇਸ ਮੌਕੇ ਹੀ ਸਰਸਵਤੀ ਚੰਦਰ ਆਪਣੇ ਪਛਤਾਵੇ ਦਾ ਇਜ਼ਹਾਰ ਕੁਮੁਦ ਕੋਲ ਕਰਦਾ ਹੈ। ਘਰ ਦੀ ਨੌਕਰਾਣੀ ਚੰਦਰਕਾ ਜਿਸ ਦੇ ਕੁਮੁਦ ਦੇ ਪਤੀ ਨਾਲ ਸਬੰਧ ਹਨ, ਪਤੀ ਨੂੰ ਸਰਸਵਤੀ ਚੰਦਰ ਖਿਲਾਫ ਭੜਕਾ ਦਿੰਦੀ ਹੈ। ਘਰ ਵਿਚ ਝਗੜਾ ਹੋ ਜਾਂਦਾ ਹੈ। ਸਰਸਵਤੀ ਚੰਦਰ ਵਾਸਤੇ ਫਿਰ ਇਮਤਿਹਾਨ ਦੀ ਘੜੀ ਹੈ। ਉਹ ਉਥੋਂ ਚਲਾ ਜਾਂਦਾ ਹੈ ਪਰ ਕੁਮੁਦ ਦੀ ਸਰਸਵਤੀ ਚੰਦਰ ਨੂੰ ਲਿਖੀ ਇੱਕ ਚਿੱਠੀ ਉਸ ਦੇ ਪਤੀ ਦੇ ਹੱਥ ਲੱਗਣ ‘ਤੇ ਹਾਲਾਤ ਖਰਾਬ ਹੋ ਜਾਂਦੇ ਹਨ। ਇਹ ਅੱਧ-ਜਲੀ ਚਿੱਠੀ ਹੈ ਜਿਸ ਵਿਚ ਕੁਮੁਦ ਸਰਸਵਤੀ ਚੰਦਰ ਨੂੰ ਇਲਤਜਾ ਕਰਦੀ ਹੈ ਕਿ ਉਹ ਇਸ ਘਰ ਤੋਂ ਚਲਾ ਜਾਵੇ ਤਾਂ ਕਿ ਉਸ ਦਾ ਘਰ ਵਸਿਆ ਰਹਿ ਸਕੇ।
ਆਪਣੇ ਚਰਿੱਤਰ ‘ਤੇ ਲੱਗੇ ਦੋਸ਼ਾਂ ਤੋਂ ਆਹਤ ਹੋਈ ਕੁਮੁਦ ਆਤਮ-ਹੱਤਿਆ ਲਈ ਨਦੀ ਵਿਚ ਛਾਲ ਮਾਰ ਦਿੰਦੀ ਹੈ। ਕਿਸੇ ਆਸ਼ਰਮ ਦੇ ਲੋਕ ਉਸ ਨੂੰ ਨਦੀ ਵਿਚੋਂ ਕੱਢ ਕੇ ਲੈ ਜਾਂਦੇ ਹਨ। ਕੁਮੁਦ ਇੱਥੇ ਵੀ ਸੰਤੁਸ਼ਟ ਹੈ। ਉਹ ਤਿਆਗ ਅਤੇ ਤਪ ਨਾਲ ਆਪਣੇ ਜੀਵਨ ਨੂੰ ਆਖਰੀ ਮੁਕਾਮ ਤੱਕ ਲਿਜਾਣ ਲਈ ਉਸੇ ਆਸ਼ਰਮ ਲਈ ਸਮਰਪਿਤ ਹੋ ਜਾਂਦੀ ਹੈ ਪਰ ਮੁਸੀਬਤ ਅਜੇ ਵੀ ਪਿੱਛਾ ਨਹੀਂ ਛੱਡ ਰਹੀ। ਉਸੇ ਆਸ਼ਰਮ ਵਿਚ ਸਰਸਵਤੀ ਚੰਦਰ ਵੀ ਹੈ। ਜ਼ਿੰਦਗੀ ਦੀ ਕਿੰਨੀ ਵੱਡੀ ਵਿਡੰਬਨਾ ਹੈ ਕਿ ਸਰਸਵਤੀ ਚੰਦਰ ਅਤੇ ਕੁਮੁਦ ਇਸ ਪੜਾਅ ‘ਤੇ ਸੰਨਿਆਸ ਧਾਰਨ ਕਰ ਚੁੱਕੇ ਹਨ ਤੇ ਮੁਕਤੀ ਲਈ ਆਸ਼ਰਮ ਵਿਚ ਰਹਿ ਰਹੇ ਹਨ ਪਰ ਫਿਰ ਇਕੱਠੇ ਹੋ ਗਏ ਹਨ। ਉਹ ਮੁਕਤੀ ਅਤੇ ਆਪਣੇ ਪਵਿੱਤਰ ਪਿਆਰ ਨੂੰ ਪਾ ਲੈਣ ਦੇ ਦੋਰਾਹੇ ‘ਤੇ ਖੜ੍ਹੇ ਹਨ।
ਇਸ ਆਸ਼ਰਮ ‘ਤੇ ਹੋਈ ਮੁਲਾਕਾਤ ਭਾਵੇਂ ਜ਼ਿੰਦਗੀ ਦੇ ਦਰਵਾਜ਼ੇ ਫਿਰ ਤੋਂ ਖੋਲ੍ਹ ਰਹੀ ਹੈ ਪਰ ਇਹ ਦਰਵਾਜ਼ੇ ਇੰਨੀ ਆਸਾਨੀ ਨਾਲ ਖੁੱਲ੍ਹਦੇ ਪ੍ਰਤੀਤ ਨਹੀਂ ਹੁੰਦੇ। ਇਨ੍ਹੀਂ ਹੀ ਦਿਨੀਂ ਆਸ਼ਰਮ ਵਿਚ ਖਬਰ ਪੁੱਜਦੀ ਹੈ ਕਿ ਕੁਮੁਦ ਦੇ ਪਤੀ ਅਤੇ ਸੱਸ ਦਾ ਦੇਹਾਂਤ ਹੋ ਗਿਆ ਹੈ। ਇਹ ਸਮਾਚਾਰ ਸੁਣਦਿਆਂ ਕੁਮੁਦ ਦੁਖੀ ਹੁੰਦੀ ਹੈ, ਭਾਵੇਂ ਉਸ ਦਾ ਪਤੀ ਉਸ ਨਾਲ ਚੰਗਾ ਵਿਹਾਰ ਨਹੀਂ ਸੀ ਕਰਦਾ। ਹੁਣ ਜਦੋਂ ਕੁਮੁਦ ਦਾ ਪਤੀ ਨਹੀਂ ਰਿਹਾ ਤਾਂ ਆਸ਼ਰਮ ਦੇ ਮੁਖੀ ਸਾਧੂ ਅਤੇ ਉਥੇ ਦੇ ਬਜ਼ੁਰਗਾਂ ਦਾ ਖਿਆਲ ਹੈ ਕਿ ਸਰਸਵਤੀ ਚੰਦਰ ਅਤੇ ਕੁਮੁਦ ਨੂੰ ਹੁਣ ਆਪਣੀ ਜ਼ਿੰਦਗੀ ਆਬਾਦ ਕਰ ਲੈਣੀ ਚਾਹੀਦੀ ਹੈ ਪਰ ਕੁਮੁਦ ਜੋ ਇੱਛਾਵਾਂ ਤੋਂ ਮੁਕਤ ਹੋਣ ਦੀ ਅਵਸਥਾ ਵਿਚ ਹੈ, ਫੈਸਲਾ ਕਰਦੀ ਹੈ ਕਿ ਸਰਸਵਤੀ ਚੰਦਰ ਵਰਗੇ ਆਦਰਸ਼ ਮਨੁੱਖ ਨਾਲ ਉਸ ਦੀ ਛੋਟੀ ਭੈਣ ਕੁਸੁਮ ਦੀ ਸ਼ਾਦੀ ਕਰ ਕਰ ਦਿੱਤੀ ਜਾਵੇ। ਕੁਮੁਦ ਦੇ ਮੂੰਹੋਂ ਇਹ ਸੁਣ ਕੇ ਸਰਸਵਤੀ ਚੰਦਰ ਅਤਿ ਨਿਰਾਸ਼ ਹੋ ਜਾਂਦਾ ਹੈ। ਉਹ ਇਸ ਵਾਸਤੇ ਕਿਸੇ ਵੀ ਕੀਮਤ ‘ਤੇ ਰਾਜ਼ੀ ਨਹੀਂ। ਕੁਮੁਦ ਉਸ ਨੂੰ ਸਮਝਾਉਂਦੀ ਹੈ ਕਿ ਇਸ ਵਿਚ ਹੀ ਸਭ ਦਾ ਭਲਾ ਹੈ, ਸਮਾਜ ਨੂੰ ਚੰਗਾ ਇਨਸਾਨ ਮਿਲੇਗਾ, ਛੋਟੀ ਭੈਣ ਨੂੰ ਆਦਰਸ਼ ਵਰ ਮਿਲੇਗਾ, ਉਸ (ਕੁਮੁਦ) ਨੂੰ ਮਾਨਸਿਕ ਸੰਤੁਸ਼ਟੀ ਮਿਲੇਗੀ। ਇਸੇ ਮਰਹਲੇ ‘ਤੇ ਫਿਲਮ ਦਾ ਚਰਚਿਤ ਗੀਤ ਸੁਣਨ ਨੂੰ ਮਿਲਦਾ ਹੈ ਜਦੋਂ ਕੁਮੁਦ ਸਰਸਵਤੀ ਚੰਦਰ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ:
ਛੋੜ ਦੇ ਸਾਰੀ ਦੁਨੀਆ ਕਿਸੇ ਕੇ ਲੀਏ
ਯੇਹ ਮੁਨਾਸਿਬ ਨਹੀਂ ਆਦਮੀ ਕੇ ਲੀਏ…।
ਲਗਭਗ 2000 ਪੰਨਿਆਂ ਦੀ ਰਚਨਾ ਨੂੰ ਸਵਾ ਦੋ ਘੰਟਿਆਂ ਦੀ ਫਿਲਮ ਵਿਚ ਬਦਲਣ ਲਈ ਸਕ੍ਰਿਪਟ ਲਿਖਣੀ ਆਸਾਨ ਕੰਮ ਨਹੀਂ ਸੀ। ਗੋਵਿੰਦ ਨੇ ਪਹਿਲਾਂ ਇਹ ਜ਼ਿੰਮੇਵਾਰੀ ਪ੍ਰਸਿੱਧ ਲੇਖਕ ਮਨੋਹਰ ਸ਼ਾਮ ਜੋਸ਼ੀ ਨੂੰ ਸੌਂਪੀ; ਬਾਅਦ ਵਿਚ ਸਕ੍ਰਿਪਟ ਅਤੇ ਸੰਵਾਦ ਮਨੋਹਰ ਗੌੜ ਅਤੇ ਅਲੀ ਰਾਜਾ ਨੇ ਪੂਰੇ ਕੀਤੇ। ਇਹ ਸ਼ਾਇਦ ਇੱਕੋ-ਇੱਕ ਅਜਿਹੀ ਫਿਲਮ ਹੈ ਜੋ ਗੁਜਰਾਤੀ ਸਾਹਿਤਕ ਕਿਰਤ ’ਤੇ ਆਧਾਰਿਤ ਹੈ ਪਰ ਹੈ ਸ਼ਾਨਦਾਰ, ਕਲਾਤਮਕ ਅਤੇ ਮਾਰਮਿਕ।
ਜਦੋਂ ਇਹ ਫਿਲਮ ਬਣੀ ਤਾਂ ਇਸ ਨੂੰ ਇਸ ਲਈ ਰਿਲੀਜ਼ ਕਰਨ ਵਾਸਤੇ ਕੋਈ ਰਾਜ਼ੀ ਨਹੀਂ ਸੀ ਕਿ ਰੰਗੀਨ ਫਿਲਮਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ; ਇਹ ਬਲੈਕ ਐਂਡ ਵ੍ਹਾਈਟ ਫਿਲਮ ਸੀ। ਇਸ ਦਾ ਹੀਰੋ ਵੀ ਨਵਾਂ ਸੀ ਅਤੇ ਨੂਤਨ ਤੋਂ ਇਲਾਵਾ ਕੋਈ ਵੱਡੀ ਸਟਾਰ ਕਾਸਟ ਨਹੀਂ ਸੀ। ਗੋਵਿੰਦ ਉਨ੍ਹਾਂ ਨੇ ਗੁਜਰਾਤ ਦੇ ਡਿਸਟਰੀਬਿਊਟਰ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਫਿਲਮ ਨੂੰ ਆਪਣੇ ਸਿਨੇਮੇ ਵਿਚ ਪ੍ਰਦਰਸ਼ਨ ਕਰਨ ਦੀ ਆਗਿਆ ਦੇਵੇ ਜੋ ਅਹਿਮਦਾਬਾਦ (ਗੁਜਰਾਤ) ਵਿਚ ਸੀ। ਮੋਹ-ਮੁਲਾਹਜ਼ੇ ਵਿਚ ਫਿਲਮ ਸਿਰਫ ਇੱਕ ਸਿਨਮੇ ਵਿਚ ਰਿਲੀਜ਼ ਹੋਈ ਜਿਸ ਨੂੰ ਪਹਿਲੇ ਦਿਨ ਬਹੁਤ ਘੱਟ ਲੋਕਾਂ ਨੇ ਦੇਖਿਆ ਪਰ ਅਗਲੇ ਦਿਨ ਇਸ ਫਿਲਮ ਦੀ ਚਰਚਾ ਪੂਰੇ ਸ਼ਹਿਰ ਵਿਚ ਸੀ, ਫਿਰ ਪੂਰੇ ਗੁਜਰਾਤ ਵਿਚ ਹੋਈ। ਅਗਲੇ ਕੁਝ ਦਿਨਾਂ ਵਿਚ ਫਿਲਮ ਦੀ ਚਰਚਾ ਪੂਰੇ ਭਾਰਤ ਵਿਚ ਫੈਲ ਗਈ। ਫਿਲਮ ਦੇ ਗੀਤ ਘਰੋ-ਘਰੀ ਵੱਜ ਰਹੇ ਸਨ। ਫਿਲਮ ਦੇ ਕਿਰਦਾਰਾਂ ਦੇ ਤਿਆਗ ਅਤੇ ਸੋਚਣ ਤੇ ਜਿਊਣ ਢੰਗ ਦੀ ਗੱਲ ਹੋ ਰਹੀ ਸੀ।
ਪਿਆਰ ‘ਚ ਤਿਆਗ ਲਈ ਪ੍ਰੇਰਦੀ, ਜਜ਼ਬਾਤੀ ਕਰਨ ਵਾਲੀ ਅਤੇ ਪੜਾਅਵਾਰ ਅੱਗੇ ਵਧਣ ਵਾਲੀ ਇਹ ਫਿਲਮ ਦੇਖਦਿਆਂ ਕਈ ਦ੍ਰਿਸ਼ ਅਜਿਹੇ ਆਉਂਦੇ ਹਨ ਜਦੋਂ ਦਰਸ਼ਕ ਭਾਵੁਕ ਹੋ ਜਾਂਦਾ ਹੈ ਤੇ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ।