ਐਮਰਜੈਂਸੀ ਤੇ ਪ੍ਰਕਾਸ਼ਕ: ਸਮੱਸਿਆਵਾਂ ਦੇ ਰੂ-ਬ-ਰੂ

ਦੀਨਾ ਨਾਥ ਮਲਹੋਤਰਾ
ਇਹ ਲੇਖ ਜਨਸੰਘ (ਅੱਜ ਕੱਲ੍ਹ ਜਿਸ ਦਾ ਨਾਂ ਭਾਰਤੀ ਜਨਤਾ ਪਾਰਟੀ ਹੈ) ਨਾਲ ਜੁੜੇ ਦੀਨਾ ਨਾਥ ਮਲਹੋਤਰਾ ਦਾ ਲਿਖਿਆ ਹੋਇਆ ਹੈ। ਇਸ ਲੇਖ ਵਿਚ ਜੋ ਦਰਜ ਕੀਤਾ ਗਿਆ ਹੈ, ਅੱਜ ਉਹੀ ਕੁਝ ਆਪਣੇ ਵਿਰੋਧੀਆਂ ਨਾਲ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਅਸਲ ਵਿਚ ਸੱਤਾਧਿਰਾਂ ਆਪਣੇ ਵਿਰੋਧੀਆਂ ਨੂੰ ਇਸੇ ਤਰ੍ਹਾਂ ਹੀ ਟੱਕਰਦੀਆਂ। ਇਸ ਲੇਖ ਵਿਚ ਐਮਰਜੈਂਸੀ ਦੇ ਦਿਨਾਂ ਦੀ ਦਾਸਤਾਨ ਬਿਆਨ ਕੀਤੀ ਗਈ ਹੈ ।
ਇਸ ਸੰਸਾਰ ਵਿਚ ਸਭ ਤੋਂ ਕੀਮਤੀ ਸ਼ੈਅ ਆਜ਼ਾਦੀ ਹੈ ਤੇ ਇਤਿਹਾਸ ਦੱਸਦਾ ਕਿ ਮਨੁੱਖ ਨੇ ਹਰ ਮੋੜ ਤੇ ਉਸ ਦਾ ਪੂਰਾ ਮੁੱਲ ਅਦਾ ਕੀਤਾ ਹੈ। -ਕ੍ਰਿਸ਼ਨ ਚੰਦਰ

ਫਿਰ ਆਇਆ ਉੱਨੀ ਸੌ ਪਚੱਤਰ ਦਾ ਵਰ੍ਹਾ। ਪੂਰੇ ਦੇਸ਼ `ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਤੇ ਅਜੀਬੋ ਗਰੀਬ ਗੱਲਾਂ ਵਾਪਰਨ ਲੱਗ ਪਈਆਂ। ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਨੇਤਾ ਅਤੇ ਉਨ੍ਹਾਂ ਦੇ ਹਮਦਰਦਾਂ ਨੂੰ ਗ੍ਰਿਫਤਾਰ ਕਰ ਜੇਲ੍ਹਾਂ `ਚ ਸੁੱਟ ਦਿੱਤਾ ਗਿਆ। ਇਥੋਂ ਤੀਕ ਕਿ ਕੋਈ ਕਾਂਗਰਸੀ ਵੀ ਐਮਰਜੈਂਸੀ ਦੇ ਖਿਲਾਫ਼ ਕੁਸਕਦਾ ਤਾਂ ਉਸ ਨੂੰ ਵੀ ਸਲਾਖਾਂ ਦੇ ਅੰਦਰ ਤਾੜ ਦਿੱਤਾ ਜਾਂਦਾ। ਸ਼ੌਕ ਅਤੇ ਖੌਫ਼ ਦਾ ਮਾਹੌਲ ਉਸਰ ਆਇਆ ਸੀ ਉਦੋਂ।
ਸਾਡੇ ਉਪਰ ਸਭ ਤੋਂ ਪਹਿਲਾਂ ਹਮਲਾ ਉਦੋਂ ਹੋਇਆ ਜਦੋਂ ਮਸ਼ਹੂਰ ਲੇਖਕ ਗੁਰੂ ਦੱਤ ਦੀ ਲਿਖੀ ਹੋਈ ਸਾਡੀ ਇਕ ਕਿਤਾਬ ਦੀਆਂ ਸਾਰੀਆਂ ਕਾਪੀਆਂ ਸਾਡੇ ਪ੍ਰਕਾਸ਼ਨ ਘਰ `ਚੋਂ ਜ਼ਬਰਦਸਤੀ ਚੁੱਕ ਲਈਆਂ ਗਈਆਂ। ਮੈਨੂੰ ਪੁਲਿਸ ਵਲੋਂ ਸੱਦ ਕੇ ਕਿਹਾ ਗਿਆ ਕਿ ਇਹ ਇਕ ਬਹੁਤ ਸੰਗੀਨ ਤੇ ਬਗ਼ਾਵਤ ਭਰਿਆ ਜੁਰਮ ਹੈ ਜਿਸ ਲਈ ਮੈਨੂੰ ਸਲਾਖਾਂ ਪਿੱਛੇ ਵੀ ਡੱਕਿਆ ਜਾ ਸਕਦਾ ਹੈ। ਖ਼ਾਸ ਨਾਮਜ਼ਦ ਕੀਤੇ ਗਏ ਸਰਕਾਰੀ ਪ੍ਰੈਸ ਦੇ ਵਿਅਕਤੀ ਇਸ ਕਿਤਾਬ ਦੀ ਘੋਖ ਕਰ ਰਹੇ ਸਨ ਤੇ ਥਾਂ-ਥਾਂ ਨਿਸ਼ਾਨ ਲਗਾ ਕੇ ਐਸਾ ਨੁਕਤਾ ਤਲਾਸ ਰਹੇ ਸਨ ਜਿਸ ਨੂੰ ਲੈ ਕੇ ਕੋਈ ਕਾਰਵਾਈ ਪਾਈ ਜਾ ਸਕੇ।
ਇਹ ਇਕ ਅਨੋਖਾ ਕਿੱਸਾ ਸੀ ਕਿ ਜੋ ਕਿਤਾਬ ਉਦੋਂ ਤੋਂ ਪੰਜ ਸਾਲ ਪਹਿਲਾਂ ਪ੍ਰਕਾਸ਼ਤ ਹੋਣ ਮਗਰੋਂ ਉਸ ਵੇਲੇ ਤੋਂ ਹੀ ਵਿਕਰੀ ਲਈ ਉਪਲੱਬਧ ਸੀ ਪਰ ਅਚਾਨਕ ਰਾਤੋ-ਰਾਤ ਬਗ਼ਾਵਤ ਦਾ ਕਾਰਨ ਬਣ ਗਈ। ਖੈਰ! ਪੁਲਿਸ ਵਾਲੇ ਪਹਿਲਾਂ ਹੀ ਸਾਡੇ ਪ੍ਰਕਾਸ਼ਨ ਘਰ ਤੇ ਕਿਤਾਬ ਦੇ ਲੇਖਕ ਸ੍ਰੀ ਗੁਰੂ ਦੱਤ ਜੋ ਉਸ ਵੇਲੇ ਚੁਰਾਸੀ ਵਰਿ੍ਹਆਂ ਦੀ ਉਮਰ ਦੇ ਸਨ, ਦੇ ਖਿਲਾਫ਼ ਕੇਸ ਦਰਜ ਕਰ ਚੁੱਕੇ ਸਨ।
ਸਾਨੂੰ ਗੁਰੂ ਦੱਤ ਦੇ ਪੁੱਤਰ ਦਾ ਫੋਨ ਆਇਆ ਤੇ ਉਸ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਪੁਲਿਸ ਜ਼ਬਰਦਸਤੀ ਚੁੱਕ ਕੇ ਲੈ ਗਈ ਹੈ ਤੇ ਉਨ੍ਹਾਂ ਦੇ ਖਿਲਾਫ ਕੇਸ ਬਣਾ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜਿਆ ਜਾ ਰਿਹਾ। ਕੇਸ `ਚ ਕਿਹਾ ਗਿਆ ਕਿ ਉਹ ਆਮ ਲੋਕਾਂ ਨੂੰ ਭਾਸ਼ਣ ਦੇ ਕੇ ਭੜਕਾ ਰਹੇ ਸਨ ਤੇ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਉਹ ਉਨ੍ਹਾਂ ਲੋਕਾਂ ਨੂੰ ਐਮਰਜੈਂਸੀ ਦੇ ਖਿਲਾਫ਼ ਹੋ ਜਾਣ ਲਈ ਉਕਸਾ ਰਹੇ ਸਨ।
ਅਸੀਂ ਆਪਣੇ ਕਰਤੱਵ ਨੂੰ ਸਮਝਦਿਆਂ ਫੌਰਨ ਲੇਖਕਾਂ ਦਾ ਇਕ ਪ੍ਰਤੀਨਿੱਧ ਮੰਡਲ ਤਿਆਰ ਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਸ੍ਰੀ ਓਮ ਮਹਿਤਾ ਨੂੰ ਮਿਲਣ ਗਏ। ਸਾਡੇ ਡੈਲੀਗੇਸ਼ਨ `ਚ ਸ੍ਰੀ ਹਰੀਵੰਸ਼ ਰਾਇ ਬੱਚਨ (ਅਮਿਤਾਬ ਬੱਚਨ ਦੇ ਪਿਤਾ) ਵੀ ਸ਼ਾਮਲ ਸਨ। ਅਸੀਂ ਸਿੱਧੇ ਸ੍ਰੀ ਮਹਿਤਾ ਦੇ ਘਰ ਪ੍ਰਿਥਵੀ ਰਾਜ ਰੋਡ ਜਾ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ। ਉਹ ਖ਼ੁਦ ਹੈਰਾਨ ਸਨ ਕਿ ਗੁਰੂ ਦੱਤ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ? ਉਨ੍ਹਾਂ ਦੱਸਿਆ ਕਿ ਉਹ ਖ਼ੁਦ ਗੁਰੂ ਦੱਤ ਨੂੰ ਸਲਾਹੁਣ ਵਾਲੇ ਵਿਅਕਤੀ ਰਹੇ ਹਨ ਅਤੇ ਉਨ੍ਹਾਂ ਦੀਆਂ ਕਈ ਕਿਤਾਬਾਂ ਖ਼ੁਦ ਪੜ੍ਹ ਕੇ ਸਲਾਹੀਆਂ ਵੀ ਹਨ। ਉਨ੍ਹਾਂ ਉਸੇ ਵੇਲੇ ਗੁਰੂ ਦੱਤ ਨੂੰ ਰਿਹਾ ਕਰਾਉਣਾ ਮੰਨ ਲਿਆ ਤੇ ਸਿੱਧੇ ਤਿਹਾੜ ਜੇਲ੍ਹ ਆਪਣਾ ਹੁਕਮ ਭੇਜ ਦਿੱਤਾ।
ਬਿਨਾਂ ਕਿਸੇ ਤੁਕ ਜਾਂ ਕਾਰਨ ਲੋਕਾਂ ਦੇ ਖਿਲਾਫ਼ ਅੰਨ੍ਹੇਵਾਹ ਕਾਰਵਾਈ ਕੀਤੀ ਜਾ ਰਹੀ ਸੀ। ਸੈਂਕੜੇ ਹੀ ਨਹੀਂ ਹਜ਼ਾਰਾਂ ਹੋਰ ਐਸੇ ਕੇਸ ਸਨ ਜਿਥੇ ਦੇਸ਼ ਦੇ ਕਾਨੂੰਨ ਨੂੰ ਛਿੱਕੇ `ਤੇ ਟੰਗ ਇਨਸਾਫ਼ ਤੋਂ ਮੁਨਕਰ ਹੋਇਆ ਜਾ ਰਿਹਾ ਸੀ।
ਸਾਡੇ ਪ੍ਰਕਾਸ਼ਨ ਘਰ ਦੇ ਖਿਲਾਫ਼ ਦਰਜ ਇਸ ਕੇਸ ਦੀ ਪੈਰਵੀ ਵਜੋਂ ਮੈਂ ਦਿੱਲੀ ਦੇ ਮੁੱਖ ਸਕੱਤਰ ਨੂੰ ਮਿਲਣ ਗਿਆ ਜੋ ਫਲੈਗ ਸਟਾਫ਼ ਰੋਡ ਦੇ ਅਖ਼ੀਰਲੇ ਘਰ `ਚ ਰਹਿੰਦੇ ਸਨ ਤੇ ਮੈਨੂੰ ਲੱਗਦਾ ਸੀ ਕਿ ਉਹ ਮੈਨੂੰ ਮੇਰੇ ਨਾਂ ਨਾਲ ਜਾਣਦੇ ਵੀ ਹਨ ਭਾਵੇਂ ਦੂਰੋਂ ਹੀ ਹੋਵੇ। ਜਿਵੇਂ ਹੀ ਮੈਂ ਉਥੇ ਪਹੁੰਚਿਆ ਉਨ੍ਹਾਂ ਮੈਨੂੰ ਬਹੁਤ ਗਰਮਜੋਸ਼ੀ ਨਾਲ ਮਿਲ ਕੇ ਬਹੁਤ ਆਦਰ-ਭਾਓ ਕੀਤਾ ਪਰ ਜਿਵੇਂ ਹੀ ਮੈਂ ਉਨ੍ਹਾਂ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਤਾਂ ਉਨ੍ਹਾਂ ਦਾ ਲਹਿਜਾ ਇਕਦਮ ਬਦਲ ਗਿਆ। ਉਨ੍ਹਾਂ ਦੱਸਿਆ ਕਿ ਇਹ ਗੰਭੀਰ ਮਾਮਲਾ ਹੈ ਤੇ ਮੈਨੂੰ ਚੇਤੰਨ ਰਹਿਣਾ ਚਾਹੀਦਾ ਕਿਉਂਕਿ ਮੇਰੀ ਗ੍ਰਿਫ਼ਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਝੱਟ ਹੀ ਉਹ ਬੇਚੈਨ ਜਿਹੇ ਲੱਗਣ ਲੱਗ ਪਏ ਕਿਉਂਕਿ ਮੈਂ ਉਨ੍ਹਾਂ ਦੇ ਘਰ ਬੈਠਾ ਸਾਂ ਤੇ ਉਹ ਚਾਹੁੰਦੇ ਸਨ ਕਿ ਮੈਂ ਉਥੋਂ ਚਲਾ ਜਾਵਾਂ। ਮੈਂ ਸਮਝ ਗਿਆ ਤੇ ਉਥੋਂ ਚਲਾ ਆਇਆ। ਮਨੁੱਖ ਦੇ ਤੌਰ `ਤੇ ਉਨ੍ਹਾਂ ਮੈਨੂੰ ਪੂਰਾ ਸਨਮਾਨ ਦਿੱਤਾ ਪਰ ਉੱਪਰ ਆਏ ਅਖੌਤੀ ਹੁਕਮ ਦਾ ਮਸਲਾ ਤਾਂ ਕੁਝ ਹੋਰ ਹੀ ਸੀ।
ਫਿਰ ਇਕ ਦਿਨ ਮੈਂ ਸ਼ਾਹਦਰੇ ਵਾਲੇ ਆਪਣੇ ਦਫ਼ਤਰ ਬੈਠਾ ਸਾਂ ਕਿ ਯੂਥ ਕਾਂਗਰਸ ਦਾ ਇਕ ਕਾਰਿੰਦਾ ਉਥੇ ਦਾਖ਼ਲ ਹੋਇਆ। ਉਹਨੇ ਬੈਠਦਿਆਂ ਹੀ (ਜੋ ਨਵੀਂ-ਨਵੀਂ ਤਾਕਤ ਮਿਲਣ `ਤੇ ਨਸ਼ਾ ਜਿਹਾ ਚੜ੍ਹ ਜਾਂਦਾ ਹੈ, ਦੇ ਗਰੂਰ `ਚ) ਕਿਹਾ ਕਿ ਜੇ ਉਹ ਚਾਹੇ ਤਾਂ ਕਿਸੇ ਨੂੰ ਵੀ ਝੱਟ `ਚ ਸੀਖਾਂ ਪਿੱਛੇ ਘਲਵਾ ਸਕਦਾ ਹੈ। ਫਿਰ ਸ਼ੇਖੀ ਮਾਰਦਿਆਂ ਆਕੜੀ ਮਿਜ਼ਾਜ `ਚ ਮੈਨੂੰ ਉਹਨੇ ਉਹ ਕਈ ਸਾਰੇ ਵਾਰੰਟ ਦਿਖਾਏ ਜੋ ਨਾਂ ਤੇ ਪਤੇ ਤੋਂ ਕੋਰੇ ਸਨ ਤੇ ਕਿਹਾ ਕਿ ਇਨ੍ਹਾਂ `ਤੇ ਸਿਰਫ ਨਾਂ ਭਰਨ ਦੀ ਲੋੜ ਹੈ ਤੇ ਉਹ ਕਿਸੇ ਦਾ ਵੀ ਨਾਂ ਭਰ ਕੇ ਉਹਨੂੰ ਅੰਦਰ ਕਰਵਾ ਸਕਦਾ ਹੈ। ਮੈਨੂੰ ਬਹੁਤ ਹੈਰਾਨੀ ਹੋਈ ਤੇ ਉਸ ਨੂੰ ਉਥੋਂ ਚਲੇ ਜਾਣ ਲਈ ਆਖਿਆ ਕਿਉਂਕਿ ਮੈਂ ਅਜਿਹੀਆਂ ਚੀਜ਼ਾਂ `ਚ ਦਿਲਚਸਪੀ ਨਹੀਂ ਸਾਂ ਰੱਖਦਾ। ਮੈਂ ਅੰਦਾਜ਼ਾ ਲਗਾ ਰਿਹਾ ਸਾਂ ਕਿ ਕਿੰਨੇ ਨੌਜੁਆਨ ਨੇਤਾਵਾਂ ਨੇ ਆਪੋ-ਆਪਣੇ ਹਿਸਾਬ ਇਸ ਤਰੀਕੇ ਨਾਲ ਲੋਕਾਂ ਨੂੰ ਅੰਦਰ ਕਰਵਾ ਕੇ ਨਿਪਟਾਏ ਹੋਣਗੇ।
ਉਦੋਂ ਮੈਂ ਮਹਾਰਾਣੀ ਬਾਗ਼ ਰਹਿੰਦਾ ਸਾਂ ਤੇ ਉਦੋਂ ਭਾਰਤ ਪ੍ਰਕਾਸ਼ਨ ਨਾਂ ਦੀ ਸੰਸਥਾ ਦਾ ਡਾਇਰੈਕਟਰ ਵੀ ਸਾਂ ਜੋ ਭਾਰਤੀ ਜਨਤਾ ਪਾਰਟੀ ਦਾ ਪ੍ਰਵਕਤਾ ਰੋਜ਼ਾਨਾ ਅਖ਼ਬਾਰ ‘ਮਦਰ ਲੈਂਡ’ ਵੀ ਪ੍ਰਕਾਸ਼ਤ ਕਰਦੇ ਸਨ। ਮੈਨੂੰ ਮੇਰੀ ਤਕਨੀਕੀ ਜਾਣਕਾਰੀ ਕਰ ਕੇ ਡਾਇਰੈਕਟਰ ਦਾ ਅਹੁਦਾ ਦਿੱਤਾ ਗਿਆ ਸੀ ਕਿ ਕਿਉਂਕਿ ਮੈਨੂੰ ਪ੍ਰਕਾਸ਼ਨ ਦੇ ਕਾਰੋਬਾਰ ਦਾ ਵੀ ਤਜਰਬਾ ਸੀ ਤੇ ਉਸੇ ਸੰਸਥਾ ਦੇ ਸ੍ਰੀ ਕੇਦਾਰ ਨਾਥ ਸਾਹਨੀ ਜੋ ਮਗਰੋਂ ਗੋਆ ਦੇ ਗਵਰਨਰ ਵੀ ਰਹੇ, ਇਸ ਦੇ ਕਾਰਜਕਾਰੀ ਡਾਇਰੈਕਟਰ ਸਨ ਤੇ ਆਪਣੇ ਵਲੋਂ ਭਰਪੂਰ ਯਤਨ `ਚ ਰਹਿੰਦੇ ਕਿ ਮਦਰ ਲੈਂਡ ਨੂੰ ਹਰ ਤਰ੍ਹਾਂ ਨਾਲ ਕਾਰੋਬਾਰੀ ਕਾਮਯਾਬੀ ਮਿਲੇ ਪਰ ਮੰਦੇਭਾਗੀਂ ਸਾਨੂੰ ਬਹੁਤੇ ਇਸ਼ਤਿਹਾਰ ਵੀ ਨਹੀਂ ਸੀ ਮਿਲਦੇ ਕਿਉਂਕਿ ਪਾਰਟੀ ਤਾਕਤ ਤੋਂ ਬਾਹਰ ਸੀ ਤੇ ਬਹੁਤ ਹੀ ਮੁਸ਼ਕਿਲ ਹਾਲਾਤ ਸਨ ਹਾਲਾਂਕਿ ਅਸੀਂ ਉਸ ਵੇਲੇ ਦੇ ਰਾਜਨੀਤਕ ਮਾਹਰ ਤੇ ਕੁਸ਼ਲ ਸੰਪਾਦਕ ਸ੍ਰੀ ਆਰ. ਮਾਨਕੇਕਰ ਨੂੰ ਸੰਪਾਦਕੀ ਦੇ ਅਹੁਦੇ ਲਈ ਨਾਮਜ਼ਦ ਕਰ ਲਿਆ ਸੀ।
ਐਮਰਜੈਂਸੀ ਦੇ ਸਮੇਂ ਅੰਦਰ ਮਦਰ ਲੈਂਡ ਅਖ਼ਬਾਰ ਦੇ ਸਾਰੇ ਦੇ ਸਾਰੇ ਡਾਇਰੈਕਟਰ ਗ੍ਰਿਫ਼ਤਾਰ ਕਰ ਲਏ ਗਏ ਸਨ। ਬਸ ਇਕ ਮੈਂ ਤੇ ਇਕ ਹੋਰ ਨੂੰ ਛੱਡ ਕੇ। ਕਾਨੂੰਨ ਨਾਲ ਸਬੰਧਿਤ ਸਾਰੇ ਕਾਗਜ਼ਾਂ ਉਪਰ ਮੈਨੂੰ ਦਸਤਖਤ ਕਰਨੇ ਪੈਂਦੇ, ਇਸ ਲਈ ਉਥੋਂ ਦਾ ਮੈਨੇਜਰ ਕਦੀ ਕਦੀ ਦੇਰ ਰਾਤ ਤੱਕ ਵੀ ਦਸਤਖਤ ਕਰਾਉਣ ਆਉਂਦਾ ਹੁੰਦਾ ਸੀ। ਗ੍ਰਿਫ਼ਤਾਰੀ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਕੇਦਾਰ ਨਾਥ ਸਾਹਨੀ ਰੂਪੋਸ਼ ਹੋ ਕੇ ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਕਰ ਰਹੇ ਸਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਭੇਸ ਬਦਲ ਕੇ ਵੇਲੇ ਕੁਵੇਲੇ ਮੈਨੂੰ ਵੀ ਮਿਲਦੇ ਰਹੇ।
ਸਾਨੂੰ ਅੰਦਾਜ਼ਾ ਸੀ ਕਿ ਸਾਡੀਆਂ ਸਾਰੀਆਂ ਗਤੀਵਿਧੀਆਂ ਦੀ ਪੁਲਿਸ ਨੂੰ ਸੂਹ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ `ਚ ਸਾਡੇ ਹਮਦਰਦ ਸ੍ਰੀ ਸਾਹਨੀ ਦੀਆਂ ਗਤੀਵਿਧੀਆਂ ਨੂੰ ਅੱਖੋਂ ਪਰੋਖੇ ਕਰਦੇ ਜਾ ਰਹੇ ਸਨ। ਮੇਰਾ ਘਰ ਵੀ ਨਿਸ਼ਾਨੇ `ਤੇ ਸੀ।
ਮੈਂ ਖ਼ੁਦ ਕਿਸੇ ਵੀ ਮੌਕੇ ਕੀਤੀ ਜਾਣ ਵਾਲੀ ਗ੍ਰਿਫ਼ਤਾਰੀ ਲਈ ਤਿਆਰ ਸਾਂ। ਸਾਡੇ ਹਮਦਰਦ ਇਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਮੇਰੀ ਗ੍ਰਿਫ਼ਤਾਰੀ ਦੀ ਚਰਚਾ ਬਹਿਸ ਅਧੀਨ ਸੀ ਕਿਉਂਕਿ ਸੈਂਸਰਸ਼ਿਪ ਦੇ ਦਫ਼ਤਰ ਕਈ ਸੀਨੀਅਰ ਪੱਤਰਕਾਰ ਇਸ ਦਾ ਵਿਰੋਧ ਕਰ ਰਹੇ ਸਨ ਤੇ ਇਸੇ ਦਬਾਅ ਕਾਰਨ ਮੈਨੂੰ ਸੀਖਾਂ ਪਿੱਛੇ ਨਹੀਂ ਸੀ ਭੇਜਿਆ ਗਿਆ। ਉਹ ਸਮਝ ਗਏ ਸਨ ਕਿ ਮੈਨੂੰ ਗ੍ਰਿਫ਼ਤਾਰ ਕਰਨਾ ਸਰਕਾਰ ਦੇ ਹਿੱਤ `ਚ ਨਹੀਂ ਹੋਵੇਗਾ ਤੇ ਉਹੋ ਜਿਹਾ ਸ਼ੋਰ ਮਚੇਗਾ ਜੋ ਡੇਲੀ ਸਟੇਟਸਮੈਨ ਦੇ ਐਡੀਟਰ ਸ੍ਰੀ ਕੁਲਦੀਪ ਨਈਅਰ ਦੀ ਗ੍ਰਿਫ਼ਤਾਰੀ ਵੇਲੇ ਹੋਇਆ ਸੀ। ਸ੍ਰੀ ਨਈਅਰ ਦੀ ਗ੍ਰਿਫ਼ਤਾਰੀ ਦੀ ਕੌਮਾਂਤਰੀ ਪ੍ਰੈਸ ਵਲੋਂ ਬਹੁਤ ਜ਼ਬਰਦਸਤ ਨਿਖੇਧੀ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਪਹਿਲੀ ਵਾਰ ਹਾਂਗ ਕਾਂਗ ਰੇਡੀਓ ਤੋਂ ਪ੍ਰਸਾਰਤ ਹੋਈ ਸੀ। ਉਸ ਪੱਤਰਕਾਰ ਨੂੰ ਕੌਮਾਂਤਰੀ ਪ੍ਰਕਾਸ਼ਨ ਜਗਤ `ਚ ਮੇਰੀ ਹੈਸੀਅਤ ਦਾ ਪਤਾ ਸੀ ਤੇ ਉਸ ਸਲਾਹ ਦਿੱਤੀ ਕਿ ਜੇ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹੋ ਜਿਹੇ ਹਾਲਾਤ ਹੀ ਪੈਦਾ ਹੋ ਜਾਣਗੇ ਤੇ ਸਰਕਾਰ ਕੌਮਾਂਤਰੀ ਪੁਸਤਕ ਸਮਾਜ `ਚ ਆਪਣੀ ਸਾਖ ਗੁਆ ਬੈਠੇਗੀ ਤੇ ਬੁੱਧੀਜੀਵੀ ਅਤੇ ਪੜ੍ਹਨ ਲਿਖਣ ਵਾਲਿਆਂ ਦੀ ਹਮਦਰਦੀ ਤੋਂ ਸੱਖਣੀ ਹੋ ਜਾਏਗੀ। ਖੈਰ! ਮੈਂ ਆਪਣੀ ਗ੍ਰਿਫ਼ਤਾਰੀ ਦੇ ਧੁੰਦਲੇ ਡਰ ਦੇ ਬਾਵਜੂਦ ਆਪਣਾ ਕੰਮ ਕਰਦਾ ਗਿਆ।
ਇਕ ਦਿਨ ਬੰਬਈ ਦਾ ਇਕ ਵਿਅਕਤੀ ਜਿਸ ਦਾ ਕਾਰੋਬਾਰ ਕਾਫ਼ੀ ਚੜ੍ਹਤ ‘ਤੇ ਸੀ ਤੇ ਉਹ ਬੰਬਈ `ਚ ਜਨਸੰਘ (ਹੁਣ ਭਾਰਤੀ ਜਨਤਾ ਪਾਰਟੀ) ਵਿਚ ਕਾਫ਼ੀ ਮਹੱਤਵਪੂਰਨ ਵੀ ਜਾਣਿਆ ਜਾਂਦਾ ਸੀ ਤੇ ਨਾਲੇ ਉਹ ਉਸ ਸੰਸਥਾ ਦਾ ਖਜ਼ਾਨਚੀ ਵੀ ਸੀ, ਹਵਾਈ ਜਹਾਜ਼ `ਚ ਉੱਡਦਾ ਹੋਇਆ ਮੇਰੇ ਕੋਲ ਪਹੁੰਚਿਆ। ਉਸ ਮੈਨੂੰ ਬਹੁਤ ਜ਼ਿਆਦਾ ਚੇਤੰਨ ਰਹਿਣ ਲਈ ਆਖਿਆ ਤੇ ਇਹ ਵੀ ਸਲਾਹ ਦਿੱਤੀ ਕਿ ਮੈਂ ਆਪਣੀ ਵਫ਼ਾਦਾਰੀ ਖੁੱਲ੍ਹੇਆਮ ਮੌਜੂਦਾ ਸਰਕਾਰ ਦੇ ਹੱਕ `ਚ ਜ਼ਾਹਿਰ ਕਰ ਦੇਵਾਂ। ਉਸ ਨੇ ਸਲਾਹ ਦਿੱਤੀ ਕਿ ਮੈਂ ਰਾਸ਼ਟਰਵਾਦੀ ਤਾਕਤਾਂ ਅਤੇ ਜਨਸੰਘ ਨਾਲੋਂ ਆਪਣੇ ਸਬੰਧ ਸਮੇਟ ਲਵਾਂ ਕਿਉਂਕਿ ਹਾਲਾਤ ਬਹੁਤ ਹੀ ਖ਼ਤਰਨਾਕ ਹਨ। ਉਸ ਹੋਰ ਕਿਹਾ, “ਜਨਸੰਘ ਨਾਲ ਤੁਹਾਡੀ ਵਫ਼ਾਦਾਰੀ ਅਤੇ ਨੇੜਤਾ ਨੂੰ ਦੇਖਦਿਆਂ ਮੌਜੂਦਾ ਸਰਕਾਰ ਤੁਹਾਡੇ ਪਰਿਵਾਰ ‘ਤੇ ਮੁਦਤ ਤੋਂ ਖੜ੍ਹੇ ਕੀਤੇ ਕਾਰੋਬਾਰ ਨੂੰ ਤਹਿਸ ਨਹਿਸ ਕਰ ਦੇਵੇਗੀ। ਉਹ ਤੁਹਾਡੇ ਖਿਲਾਫ਼ ਆਮਦਨ ਕਰ ਅਤੇ ਬੇਸ਼ੁਮਾਰ ਝੂਠੇ ਤੇ ਤਸੀਹਿਆਂ ਭਰੇ ਮਾਮਲੇ ਬਣਾ, ਤੁਹਾਡੀ ਜ਼ਿੰਦਗੀ ਨੂੰ ਨਰਕ ਵਾਂਗ ਬਣਾ ਦੇਣਗੇ। ਤੁਹਾਨੂੰ ਹੋਸ਼ ਤੋਂ ਕੰਮ ਲੈਣਾ ਚਾਹੀਦਾ। ਅਸੀਂ ਜਿਹੜੇ ਸਮਿਆ `ਚੋਂ ਲੰਘ ਰਹੇ ਹਾਂ ਇਹਦੇ ਬਾਰੇ ਤੁਹਾਨੂੰ ਸੋਚਣਾ ਚਾਹੀਦਾ।”
ਇਹ ਕਹਿਣ ਉਪਰੰਤ ਉਹ ਚੁੱਪ ਹੋਇਆ ਅਤੇ ਮੇਰੀ ਪ੍ਰਤੀਕਿਰਿਆ ਦੀ ਉਡੀਕ ਕਰ ਹੀ ਰਹੇ ਸਨ ਕਿ ਮੈਂ ਉਨ੍ਹਾਂ ਨੂੰ ਕਿਹਾ, “ਇਸ ਪੂਰੀ ਸਲਾਹ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੇਰੇ ਦੋਸਤ ਪਰ ਮੇਰੇ ਕੁਝ ਅਸੂਲ ਹਨ ਤੇ ਮੈਂ ਉਨ੍ਹਾਂ ਅਸੂਲਾਂ ਉਪਰ ਹੀ ਆਪਣੇ ਆਪ ਨੂੰ ਖੜ੍ਹਾ ਰੱਖਣਾ ਚਾਹਾਂਗਾ। ਸਾਡਾ ਪਰਿਵਾਰ ਇਕ ਦਲੇਰ ਪਰਿਵਾਰ ਹੈ ਤੇ ਸਾਡੇ ਪਰਿਵਾਰ ਤੇ ਹੋਰ ਜੀਆਂ `ਚ ਦਲੇਰੀ ਤੇ ਸਾਹਸ ਦੀ ਕੋਈ ਥੋੜ੍ਹ ਨਹੀਂ। ਮੇਰੇ ਪਿਤਾ ਨੇ ਆਪਣੀ ਜ਼ੁਬਾਨ ਕਾਰਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਪਰ ਇਕ ਸ਼ਬਦ ਵੀ ਮੂੰਹੋਂ ਨਹੀਂ ਸੀ ਕੱਢਿਆ ਜੋ ਉਨ੍ਹਾਂ ਦੇ ਵਾਅਦੇ ਦੇ ਖਿਲਾਫ਼ ਹੋਵੇ। ਉਨ੍ਹਾਂ ਪ੍ਰਕਾਸ਼ਨ ਦੀ ਆਜ਼ਾਦੀ ਤੇ ਆਪਣੇ ਅਸੂਲਾਂ ਖ਼ਾਤਰ ਪਹਿਰਾ ਦਿੰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਤੇ ਮੈਂ ਵੀ ਉਸੇ ਧਾਤ ਦਾ ਬਣਿਆ ਹੋਇਆਂ। ਮੈਂ ਪ੍ਰਕਾਸ਼ਕ ਹਾਂ ਤੇ ਉਹੀ ਪ੍ਰਕਾਸ਼ਤ ਕਰਦਾ ਹਾਂ ਜਿਸ `ਚ ਮੇਰਾ ਵਿਸ਼ਵਾਸ ਹੋਵੇ ਤੇ ਮੈਂ ਉਹਦੇ ਲਈ ਹਰ ਮੌਕੇ ਖੜ੍ਹਾ ਵੀ ਰਹਿੰਨਾ। ਮੇਰੀ ਜ਼ਿੰਦਗੀ `ਚ ਕੁਝ ਵੀ ਲੁਕਿਆ ਨਹੀਂ ਹੈ। ਭਾਵੇਂ ਕੁਝ ਵੀ ਵਾਪਰੇ ਮੈਂ ਸਭ ਕੁਝ ਲਈ ਤਿਆਰ ਹਾਂ। ਮੈਂ ਆਪਣੀ ਵਿਚਾਰਧਾਰਾ ਤੇ ਆਪਣਾ ਈਮਾਨ ਤਿਆਗਣ ਲਈ ਤਿਆਰ ਨਹੀਂ ਹਾਂ।“
ਮੇਰੇ ਅਤੇ ਮੇਰੇ ਪਰਿਵਾਰ ਪ੍ਰਤੀ ਉਨ੍ਹਾਂ ਦੀ ਫਿਕਰਮੰਦੀ ਲਈ ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਤੇ ਉਨ੍ਹਾਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਪਰ ਉਨ੍ਹਾਂ ਦੱਸਿਆ ਕਿ ਉਹਨਾਂ ਮੁੰਬਈ ਪਰਤ ਜਾਣਾ ਹੈ ਤੇ ਆਪਣੀ ਵਾਪਸ ਪਰਤਣ ਦੀ ਟਿਕਟ ਦਿਖਾਉਂਦਿਆਂ ਕਿਹਾ ਕਿ ਉਹ ਮੇਰੇ ਕੋਲੋਂ ਸਿੱਧੇ ਹਵਾਈ ਅੱਡੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਆਪਣੀ ਸਮਝ ਮੁਤਾਬਕ ਜੋ ਸਹੀ ਸੀ ਉਸ ਬਾਰੇ ਸਿਰਫ਼ ਮੈਨੂੰ ਸਲਾਹ ਦੇਣ ਹੀ ਦਿੱਲੀ ਆਏ ਸਨ। ਉਂਝ ਉਹ ਜਲਦੀ `ਚ ਇਥੋਂ ਜਾਣਾ ਚਾਹੁੰਦੇ ਸਨ ਕਿਉਂਕਿ ਜਿੰਨਾ ਕੁ ਜ਼ਰੂਰੀ ਸੀ ਉਸ ਤੋਂ ਵੱਧ ਸਮਾਂ ਮੇਰੇ ਕੋਲ ਰੁਕ ਕੇ ਕਿਸੇ ਦੀਆਂ ਨਜ਼ਰਾਂ `ਚ ਨਹੀਂ ਸੀ ਆਉਣਾ ਚਾਹੁੰਦੇ। ਮੈਨੂੰ ਪਤਾ ਲੱਗਾ ਕਿ ਉਹ ਸਵੇਰੇ ਵੀ ਮੈਨੂੰ ਮਿਲਣ ਆਏ ਸਨ ਪਰ ਮਗਰੋਂ ਦਿਨ ਢਲੇ ਮਾੜਾ ਜਿਹਾ ਹਨੇਰਾ ਹੋਣ `ਤੇ ਮਿਲਣ ਦੀ ਸੋਚ ਕੇ ਮੁੜ ਪਰਤ ਗਏ ਸਨ।
ਮੈਂ ਉਨ੍ਹਾਂ ਦੀ ਨੀਅਤ ਅਤੇ ਭਾਵਨਾ ਕਰ ਕੇ ਉਨ੍ਹਾਂ ਦਾ ਸ਼ੁਕਰ ਗੁਜ਼ਾਰ ਸਾਂ ਪਰ ਜੋ ਸਲਾਹ ਉਹ ਮੈਨੂੰ ਦੇਣ ਆਏ ਸਨ, ਉਸ ਤੋਂ ਮੈਨੂੰ ਉਹ ਗ਼ਲਤ ਇਨਸਾਨ ਲੱਗੇ ਕਿਉਂਕਿ ਉਨ੍ਹਾਂ ਦੀ ਸਲਾਹ ਮੇਰੇ ਅਨੁਸਾਰ ਗ਼ਲਤ ਸੀ।
ਉਂਝ, ਉਹ ਬਹੁਤ ਹੀ ਕੋਮਲ ਤੇ ਮਿਲਾਪੜੇ ਸੁਭਾਅ ਦੇ ਇਨਸਾਨ ਸਨ। ਉਹ ਜਨਸੰਘ ਦੀ ਵਿਚਾਰਧਾਰਾ ਦੇ ਸੰਘਰਸ਼ `ਚ ਕਾਫੀ ਸਹਾਈ ਸਨ। ਐਮਰਜੈਂਸੀ ਦੇ ਐਲਾਨ ਮਗਰੋਂ ਉਨ੍ਹਾਂ ਜਨਸੰਘ ਤੋਂ ਅਸਤੀਫ਼ਾ ਦੇ ਦਿੱਤਾ ਤੇ ਰੂਪੋਸ਼ਾਂ ਵਾਂਗ ਰਹਿਣ ਲੱਗੇ। ਉਹ ਮੇਰੇ ਕੰਮਾਂ ਅਤੇ ਮੇਰੀ ਹੈਸੀਅਤ ਤੋਂ ਜਾਣੂ ਸਨ।
ਖ਼ੈਰ! ਉਨ੍ਹਾਂ ਦੇ ਖਦਸ਼ੇ ਮੁਤਾਬਕ ਆਮਦਨ ਕਰ ਵਿਭਾਗ ਵਲੋਂ ਸਰਵੇ ਕਰਨ ਵਾਲੇ ਮੇਰੇ ਘਰ ਆਏ। ਮੈਂ ਤਾਂ ਉਸ ਲਈ ਤਿਆਰ ਹੀ ਸੀ। ਉਹ ਸਾਰੇ ਕਮਰਿਆਂ `ਚ ਗਏ ਤੇ ਮੇਰੇ ਘਰ ਦਾ ਚੰਗੀ ਤਰ੍ਹਾਂ ਸਰਵੇ ਕੀਤਾ। ਉਨ੍ਹਾਂ ਦੀ ਆਮਦ ਤੇ ਮੈਂ ਮੇਰੇ ਘਰ `ਚ ਪਈਆਂ ਮੇਰੀਆਂ ਚੀਜ਼ਾਂ ਦੀ ਸੰਪੂਰਨ ਲਿਸਟ ਉਨ੍ਹਾਂ ਨੂੰ ਦੇ ਦਿੱਤੀ। ਉਹ ਹੈਰਾਨ ਸਨ ਕਿ ਮੈਂ ਉਹ ਹਰ ਚੀਜ਼ ਉਸ `ਚ ਲਿਖੀ ਹੋਈ ਸੀ ਜਿਸ ਦੀ ਉਹ ਆਮ ਤੌਰ ਤੇ ਮੰਗ ਕਰਦੇ ਸਨ। ਮੈਨੂੰ ਇਨ੍ਹਾਂ ਗੱਲਾਂ ਦਾ ਇਨਕਮ ਟੈਕਸ ਦੇ ਮਾਹਿਰ ਤੋਂ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਕਿ ਉਹਨਾਂ ਨੇ ਕੀ ਮੰਗਣਾ ਹੈ। ਸੋ ਮੈਂ ਇਹ ਸਭ ਕੁਝ ਪਹਿਲਾਂ ਹੀ ਤਿਆਰ ਕਰ ਲਿਆ ਸੀ। ਇਥੋਂ ਤੀਕ ਕਿ ਮੇਰਾ ਇਕ ਪੁਰਾਣਾ ਕੈਮਰਾ ਮੁਰੰਮਤ ਲਈ ਗਿਆ ਹੋਇਆ ਸੀ ਤੇ ਉਹ ਵੀ ਉਸ ਲਿਸਟ `ਚ ਸ਼ਾਮਲ ਕਰ ਦਿੱਤਾ। ਇਨਕਮ ਟੈਕਸ ਵਲੋਂ ਆਈ ਟੋਲੀ ਦੇ ਇਕ ਇੰਸਪੈਕਟਰ ਨੇ ਅਖ਼ੀਰ ਆਖ ਹੀ ਦਿੱਤਾ, “ਸਰ ਤੁਹਾਡਾ ਘਰ ਬਹੁਤ ਸਾਦਾ ਹੈ। ਇਥੇ ਗਿਣਤੀ ਦੀਆਂ ਚੀਜ਼ਾਂ ਹਨ ਪਰ ਰਹਿੰਦੇ ਤੁਸੀਂ ਮਹਾਰਾਣੀ ਬਾਗ `ਚ ਹੋ ?”
ਮੈਂ ਆਮ ਤੌਰ `ਤੇ ਪਾਉਣ ਵਾਲੇ ਕੱਪੜਿਆਂ ਦੇ ਦੋ ਤਿੰਨ ਸੈੱਟ ਹੀ ਰੱਖਦਾਂ ਜੋ ਮੇਰੇ ਲਈ ਕਾਫ਼ੀ ਹੁੰਦੇ। ਮੈਨੂੰ ਸਵੇਰੇ-ਸਵੇਰੇ ਇਸ ਗੱਲ ‘ਤੇ ਵਕਤ ਜ਼ਾਇਆ ਨਹੀਂ ਕਰਨਾ ਪੈਂਦਾ ਕਿ ਉਸ ਦਿਨ ਕੀ ਪਸੰਦ ਕਰਾਂ ਤੇ ਕੀ ਪਹਿਨਾਂ। ਤਜਰਬੇ ਨੇ ਮੈਨੂੰ ਸਿਖਾ ਦਿੱਤਾ ਸੀ ਕਿ ਸਾਦਾ ਜੀਵਨ ਜ਼ਿੰਦਗੀ `ਚ ਅਸੂਲ ਹੀ ਨਹੀਂ ਹੋਣਾ ਚਾਹੀਦਾ ਸਗੋਂ ਇਸ ਨੂੰ ਇਕ ਨੀਤੀ ਦੇ ਤੌਰ ਤੇ ਅਖ਼ਤਿਆਰ ਨਾ ਕਰ ਫਾਇਦੇਮੰਦ ਹੁੰਦਾ ਹੈ।
ਉਨ੍ਹਾਂ `ਚੋਂ ਸੀਨੀਅਰ ਇੰਸਪੈਕਟਰ ਨੇ ਮੈਨੂੰ ਆਖਿਆ ਕਿ ਜੇ ਮੈਂ ਚਾਹਾਂ ਤਾਂ ਉਹ ਇਸ ਲਿਸਟ ਨੂੰ ਰੱਦ ਕਰ ਦੇਣਗੇ ਤੇ ਇਨਕਮ ਟੈਕਸ ਵਿਭਾਗ ਨੂੰ ਨਹੀਂ ਭੇਜਣਗੇ। ‘ਜੇ ਮੈਂ ਚਾਹਾਂ’ ਸ਼ਬਦ ਰਾਹੀਂ ਉਨ੍ਹਾਂ ਦਾ ਕੁਝ ਲੈਣ-ਦੇਣ ਵੱਲ ਇਸ਼ਾਰਾ ਸੀ ਤੇ ਇਹ ਸਮਝਦਿਆਂ ਹੀ ਮੈਂ ਆਖਿਆ, “ਇਹ ਲਿਸਟ ਇਨਕਮ ਟੈਕਸ ਵਿਭਾਗ ਨੂੰ ਜ਼ਰੂਰ ਭੇਜ ਦੇਣਾ ਤਾਂ ਕਿ ਉਥੇ ਇਹ ਸਭ ਦਰਜ ਹੋ ਜਾਵੇ।”
ਉਸ ਲਿਸਟ ਦੀ ਇਕ ਕਾਪੀ ਮੈਂ ਆਪਣੇ ਇਲਾਕੇ ਦੇ ਇਨਕਮ ਟੈਕਸ ਕਮਿਸ਼ਨਰ ਨੂੰ ਭੇਜ ਦਿੱਤੀ ਜਿਸ ਕੋਲ ਹਮੇਸ਼ਾ ਸਾਡਾ ਲੋੜ ਵੇਲੇ ਕੇਸ ਲੱਗਦਾ ਹੁੰਦਾ ਸੀ। ਮੇਰਾ ਅਕਾਊਟੈਂਟ (ਮੁਨਸ਼ੀ) ਉਨ੍ਹਾਂ ਕੋਲ ਗਿਆ ਤੇ ਲਿਸਟ ਦਿਖਾਉਣ ਉਪਰੰਤ ਉਨ੍ਹਾਂ ਪੂਰੀ ਤਰ੍ਹਾਂ ਮੇਰੇ ਖਾਤੇ ਦੀ ਘੋਖ ਪੜਤਾਲ ਕਰ ਕੇ ਮਗਰੋਂ ਇਹ ਨਤੀਜਾ ਕੱਢਿਆ ਕਿ ਵੀਹ ਸਾਲਾਂ ਦੀ ਕਮਾਈ ਉਪਰੰਤ ਜੋ ਕੁਝ ਵੀ ਕਿਸੇ ਮਿਡਲ ਕਲਾਸ ਪਰਿਵਾਰ ਕੋਲ ਹੋ ਸਕਦੈ, ਬਿਲਕੁਲ ਉਹੀ ਮੇਰੇ ਕੋਲ ਹੈ। ਮੈਂ ਖੁਸ਼ ਸਾਂ ਕਿ ਇਹ ਸਾਰਾ ਕੁਝ ਇਨਕਮ ਟੈਕਸ ਵਿਭਾਗ ਦੀਆਂ ਫਾਈਲਾਂ `ਚ ਦਰਜ ਹੋ ਗਿਆ।
ਵੀਹਾਂ ਮਹੀਨਿਆਂ ਮਗਰੋਂ ਐਮਰਜੈਂਸੀ ਖ਼ਤਮ ਹੋਈ ਤੇ ਸਾਰੇ ਨੇਤਾ ਰਿਹਾਅ ਕਰ ਦਿੱਤੇ ਗਏ। ਬਾਅਦ `ਚ ਨਤੀਜੇ ਵਜੋਂ ਮੈਂ ਦੋ ਕਿਤਾਬਾਂ ਪ੍ਰਕਾਸ਼ਤ ਕੀਤੀਆਂ। ਪਹਿਲੀ ਸੀ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਲਿਖੀ ‘ਪ੍ਰਿਜ਼ਨਰਜ਼ ਸਕਰੈਪ ਬੁੱਕ’। ਇਸ ਕਿਤਾਬ `ਚ ਉਨ੍ਹਾਂ ਦੀਆਂ ਬੰਗਲੌਰ `ਚ ਕੈਦ ਵੇਲੇ ਦੀਆਂ ਜੇਲ੍ਹ ਯਾਦਾਂ ਸਨ। ਦੂਜੀ ਕਿਤਾਬ ਸੀ ਅਟਲ ਬਿਹਾਰੀ ਵਾਜਪਾਈ ਦੀਆਂ ਹਿੰਦੀ `ਚ ਲਿਖੀਆਂ ਕਵਿਤਾਵਾਂ।