ਤਨੂਜਾ: ਬੀਤੇ ਵੇਲਿਆਂ ਦੀ ਬਾਤਾਂ

ਜਗਜੀਤ ਸੇਖੋਂ
ਬੀਤੇ ਵੇਲਿਆਂ ਦੀ ਉਘੀ ਅਦਾਕਾਰਾ ਅਤੇ ਅਦਾਕਾਰਾ ਕਾਜੋਲ ਦੀ ਮਾਂ ਤਨੂਜਾ ਨੂੰ ਪਿਛਲੇ ਦਿਨੀਂ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ। ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਦੌਰਾਨ ਉਸ ਬਾਰੇ ਫਿਲਮੀ ਚਰਚਾ ਇਕ ਵਾਰ ਫਿਰ ਛਿੜ ਪਈ।

ਤਨੂਜਾ ਦਾ ਪੂਰਾ ਨਾਂ ਤਨੂਜਾ ਸਮਰਥ ਹੈ ਅਤੇ ਉਹ ਮਸ਼ਹੂਰ ਅਦਾਕਾਰਾ ਸ਼ੋਭਨਾ ਸਮਰਥ ਅਤੇ ਉਘੇ ਨਿਰਮਾਤਾ ਕੁਮਾਰ ਸੇਨ ਸਮਰਥ ਦੀ ਧੀ ਹੈ। ਉਸ ਦੀ ਵੱਡੀ ਭੈਣ ਨੂਤਨ ਵੀ ਫਿਲਮੀ ਦੁਨੀਆ ਦੀ ਮਸ਼ਹੂਰ ਹਸਤੀ ਰਹੀ ਹੈ। ਤਨੂਜਾ ਦੀ ਦਾਦੀ ਰਤਨ ਬਾਈ ਵੀ ਅਦਾਕਾਰਾ ਸੀ। ਤਨੂਜਾ ਦੀ ਦੋਨੋਂ ਧੀਆਂ ਕਾਜੋਲ ਅਤੇ ਤਨੀਸ਼ਾ ਵੀ ਫਿਲਮਾਂ ਵਿਚ ਕੰਮ ਕਰਦੀਆਂ ਹਨ। ਕਾਜੋਲ ਨੂੰ ਤਾਂ ਫਿਲਮੀ ਦੁਨੀਆ ਵਿਚ ਬਹੁਤ ਸਫਲਤਾ ਮਿਲੀ ਪਰ ਤਨੀਸ਼ਾ ਨੂੰ ਓਨੀ ਸਫਲਤਾ ਨਹੀਂ ਮਿਲ ਸਕੀ।
ਤਨੂਜਾ ਨੇ ਬੰਗਲਾ ਅਤੇ ਹਿੰਦੀ ਫਿਲਮਾਂ ਵਿਚ ਬੜੇ ਯਾਦਗਾਰੀ ਕਿਰਦਾਰ ਨਿਭਾਏ ਹਨ। ਉਸ ਦੀਆਂ ਚਰਚਿਤ ਫਿਲਮਾਂ ਵਿਚ ‘ਮੇਮ ਦੀਦੀ’, ‘ਚਾਂਦ ਔਰ ਸੂਰਜ’, ‘ਬਹਾਰੇਂ ਫਿਰ ਭੀ ਆਏਂਗੀ’, ‘ਜਿਊਲ ਥੀਫ’, ‘ਨਈ ਰੌਸ਼ਨੀ’, ‘ਜੀਨੇ ਕੀ ਰਾਹ’, ‘ਰਾਜਕੁਮਾਰੀ’, ‘ਹਾਥੀ ਮੇਰੇ ਸਾਥੀ’, ‘ਅਨੁਭਵ’, ‘ਮੇਰੇ ਜੀਵਨ ਸਾਥੀ’, ‘ਦੋ ਚੋਰ’ ਆਦਿ ਸ਼ਮਿਲ ਹਨ। ਫਿਲਮੀ ਦੁਨੀਆ ਵਿਚ ਉਸ ਦੀ ਜੋੜੀ ਅਦਾਕਾਰ ਸੰਜੀਵ ਕੁਮਾਰ, ਰਾਜੇਸ਼ ਖੰਨਾ, ਧਰਮਿੰਦਰ ਅਤੇ ਉਤਮ ਕੁਮਾਰ ਨਾਲ ਖੂਬ ਜੰਮੀ ਅਤੇ ਇਨ੍ਹਾਂ ਅਦਾਕਾਰਾਂ ਨਾਲ ਤਨੂਜਾ ਨੇ ਕਈ ਫਿਲਮਾਂ ਕੀਤੀਆਂ।
ਤਨੂਜਾ ਦਾ ਜਨਮ 23 ਸਤੰਬਰ 1943 ਦਾ ਹੈ ਅਤੇ ਹੁਣ ਉਹ 80 ਵਰਿ੍ਹਆਂ ਦੀ ਹੋ ਗਈ ਹੈ। 1973 ਵਿਚ ਉਸ ਦਾ ਵਿਆਹ ਸ਼ੋਮੂ ਮੁਖਰਜੀ ਨਾਲ ਹੋਇਆ। ਸ਼ੋਮੂ ਮੁਖਰਜੀ ਡਾਇਰੈਕਟਰ, ਲੇਖਕ ਅਤੇ ਨਿਰਮਾਤਾ ਸੀ। ਉਸ ਨੇ ਬਤੌਰ ਨਿਰਦੇਸ਼ਕ ‘ਨੰਨ੍ਹਾ ਸ਼ਿਕਾਰੀ’, ‘ਫਿਫਟੀ ਫਿਫਟੀ’, ‘ਲਵਰ ਬੁਆਏ’, ‘ਪੱਥਰ ਕੇ ਇਨਸਾਨ’ ਅਤੇ ‘ਸੰਗਦਿਲ’ ਵਰਗੀਆਂ ਫਿਲਮਾਂ ਬਣਾਈਆਂ। ਉਸ ਨੇ ਦੋ ਫਿਲਮਾਂ ਪ੍ਰੋਡਿਊਸ ਵੀ ਕੀਤੀਆਂ ਜਿਨ੍ਹਾਂ ਦੇ ਨਾਂ ਹਨ: ‘ਏਕ ਬਾਰੇ ਮੁਸਕਰਾ ਦੋ’ ਅਤੇ ‘ਛੈਲਾ ਬਾਬੂ’। ਇਹ ਦੋਵੇਂ ਫਿਲਮਾਂ ਉਸ ਨੇ ਖੁਦ ਲਿਖੀਆਂ ਸਨ। 10 ਅਪਰੈਲ 2008 ਨੂੰ ਮੁੰਬਈ ਵਿਚ ਉਸ ਦਾ ਦੇਹਾਂਤ ਹੋ ਗਿਆ।
ਤਨੂਜਾ ਨੇ ਆਪਣਾ ਫਿਲਮੀ ਕਰੀਅਰ 1950 ਵਿਚ ਫਿਲਮ ‘ਹਮਾਰੀ ਬੇਟੀ’ ਨਾਲ ਆਪਣੀ ਭੈਣ ਨੂਤਨ ਦੇ ਨਾਲ ਹੀ ਆਰੰਭ ਕੀਤਾ ਸੀ। ਇਸ ਫਿਲਮ ਵਿਚ ਤਨੂਜਾ ਦਾ ਰੋਲ ਬਾਲ ਕਲਾਕਾਰ ਵਾਲਾ ਸੀ। ਫਿਰ ਉਸ ਨੂੰ 1960 ਵਿਚ ਆਈ ਫਿਲਮ ‘ਛਬੀਲੀ’ ਵਿਚ ਵੱਡਾ ਰੋਲ ਮਿਲਿਆ। ਇਹ ਫਿਲਮ ਤਨੀਜਾ ਦੀ ਮਾਂ ਸ਼ੋਭਨਾ ਸਮਰਥ ਨੇ ਹੀ ਬਣਾਈ ਸੀ ਅਤੇ ਇਸ ਵਿਚ ਹੀਰੋਇਨ ਦੀ ਭੂਮਿਕਾ ਵੀ ਉਸ ਦੀ ਵੱਡੀ ਭੈਣ ਨੂਤਨ ਨੇ ਨਿਭਾਈ ਸੀ। ਉਂਝ, ਬਤੌਰ ਬਾਲਗ ਉਸ ਦੀ ਫਿਲਮ ‘ਹਮਾਰੀ ਯਾਦ ਆਏਗੀ’ ਸੀ ਜੋ 1961 ਵਿਚ ਰਿਲੀਜ਼ ਹੋਈ ਸੀ। ਇਹ ਫਿਲਮ ਕਿਦਾਰ ਸ਼ਰਮਾ ਨੇ ਬਣਾਈ ਸੀ ਜੋ ਇਸ ਤੋਂ ਪਹਿਲਾਂ ਰਾਜ ਕਪੂਰ, ਮਧੂਬਾਲਾ ਅਤੇ ਗੀਤਾ ਬਾਲੀ ਵਰਗਿਆਂ ਨੂੰ ਫਿਲਮੀ ਪਰਦੇ ਉਤੇ ਪੇਸ਼ ਕਰ ਚੁੱਕੇ ਸਨ।
ਤਨੂਜਾ ਦੀ ਵਧੇਰੇ ਚਰਚਾ ਫਿਲਮ ‘ਬਹਾਰੇਂ ਫਿਰ ਭੀ ਆਏਂਗੀ’ ਨਾਲ ਹੋਈ। ਇਸ ਫਿਲਮ ਤੋਂ ਬਾਅਦ ਉਸ ਨੂੰ ਹੀਰੋਇਨ ਵਾਲੇ ਰੋਲ ਮਿਲਣੇ ਆਰੰਭ ਹੋ ਗਏ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ। ਉਸ ਨੂੰ ਫਿਲਮ ‘ਜਿਊਲ ਥੀਫ’ ਲਈ ਫਿਲਮਫੇਅਰ ਦਾ ਸਰਵੋਤਮ ਸਹਾਇਕ ਅਦਾਕਾਰਾ ਦਾ ਐਵਾਰਡ ਮਿਲਿਆ। ਤਨੂਜਾ ਨੇ ਬੰਗਲਾ ਫਿਲਮਾਂ ਵਿਚ ਵੀ ਆਪਣੀ ਅਦਾਕਾਰੀ ਨਾਲ ਖੂਬ ਨਾਮਣਾ ਖੱਟਿਆ।