ਦੀਰ ਅਲ-ਬਲਾਹ: ਇਜ਼ਰਾਈਲ ਵੱਲੋਂ ਗਾਜ਼ਾ ਉਤੇ ਹਮਲੇ ਲਗਾਤਾਰ ਜਾਰੀ ਹਨ। ਇਸੇ ਦੌਰਾਨ ਵਾਪਰੀਆਂ ਗੋਲੀਬਾਰੀ ਦੀਆਂ ਕਈ ਘਟਨਾਵਾਂ, ਜਿਨ੍ਹਾਂ ਵਿਚ ਤਿੰਨ ਬੰਧਕਾਂ ਨੂੰ ਗੋਲੀ ਮਾਰਨਾ ਵੀ ਸ਼ਾਮਲ ਹੈ, ਨੇ ਇਜ਼ਰਾਈਲ ਦੇ ਵਿਹਾਰ ਉਤੇ ਸਵਾਲ ਵੀ ਖੜ੍ਹੇ ਕੀਤੇ ਹਨ।
10 ਹਫਤਿਆਂ ਤੋਂ ਚੱਲ ਰਹੀ ਜੰਗ ਦੌਰਾਨ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ ਤੇ ਵੱਡੇ ਪੱਧਰ ਉਤੇ ਤਬਾਹੀ ਹੋਈ ਹੈ।
ਗਾਜ਼ਾ ਵਿਚ ਲਗਾਤਾਰ ਸੰਚਾਰ ਸੇਵਾਵਾਂ ਬੰਦ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਇਸ ਕਾਰਨ ਬਚਾਅ ਕਾਰਜਾਂ ਵਿਚ ਅੜਿੱਕਾ ਪੈ ਰਿਹਾ ਹੈ ਤੇ ਮਦਦ ਪਹੁੰਚਾਉਣ ਵਿਚ ਮੁਸ਼ਕਲ ਆ ਰਹੀ ਹੈ। ਹਾਲਾਂਕਿ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਦੇ ਇਸ ਹਫਤੇ ਇਜ਼ਰਾਈਲ ਦੇ ਦੌਰੇ ਦੌਰਾਨ ਇਜ਼ਰਾਈਲ ‘ਤੇ ਹਮਲਿਆਂ ਨੂੰ ਘਟਾਉਣ ਦਾ ਦਬਾਅ ਵਧ ਸਕਦਾ ਹੈ। ਨਾਗਰਿਕਾਂ ਦੀਆਂ ਮੌਤਾਂ ਤੇ 19 ਲੱਖ ਫਲਸਤੀਨੀਆਂ ਦੇ ਉਜਾੜੇ ‘ਤੇ ਅਮਰੀਕਾ ਨੇ ਚਿੰਤਾ ਜ਼ਾਹਿਰ ਕੀਤੀ ਸੀ। ਹਾਲਾਂਕਿ ਇਹ ਇਜ਼ਰਾਈਲ ਦੀ ਫੌਜੀ ਤੇ ਕੂਟਨੀਤਕ ਪੱਧਰ ਉਤੇ ਮਦਦ ਵੀ ਕਰ ਰਿਹਾ ਹੈ।
ਇਜ਼ਰਾਈਲ ਵੱਲੋਂ ਉੱਤਰੀ ਗਾਜ਼ਾ ਉਤੇ ਕੀਤੇ ਜ਼ੋਰਦਾਰ ਹਵਾਈ ਤੇ ਜ਼ਮੀਨੀ ਹਮਲਿਆਂ ਕਾਰਨ ਵੱਡੀ ਗਿਣਤੀ ਆਬਾਦੀ ਦੱਖਣੀ ਹਿੱਸੇ ਵੱਲ ਜਾਣ ਲਈ ਮਜਬੂਰ ਹੋ ਗਈ ਹੈ। ਇੱਥੇ ਬਹੁਤੇ ਲੋਕ ਮਾੜੀਆਂ ਹਾਲਤਾਂ ਵਿਚ ਟੈਂਟਾਂ ‘ਚ ਰਹਿ ਰਹੇ ਹਨ। ਇਜ਼ਰਾਇਲੀ ਸੈਨਾ ਨੇ ਅਹਿਦ ਕੀਤਾ ਹੈ ਕਿ ਜਦ ਤੱਕ ਉਹ ਹਮਾਸ ਦਾ ਢਾਂਚਾ ਖਤਮ ਨਹੀਂ ਕਰ ਦਿੰਦੇ ਜੰਗ ਜਾਰੀ ਰੱਖਣਗੇ।
ਇਜ਼ਰਾਈਲ ਦੇ ਯੂਰਪ ਵਿਚਲੇ ਕੁਝ ਬੇਹੱਦ ਕਰੀਬੀ ਸਾਥੀਆਂ ਨੇ ਹਮਾਸ ਨਾਲ ਗੋਲੀਬੰਦੀ ਲਈ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਕਾਰਨ ਗਾਜ਼ਾ ਦੇ ਲੋਕਾਂ ਉਤੇ ਤਬਾਹੀ ਦਾ ਲਗਾਤਾਰ ਵਧਦਾ ਅਸਰ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਵੀ ਇਜ਼ਰਾਈਲ ਪਹੁੰਚੇ ਹਨ, ਤੇ ਉਨ੍ਹਾਂ ਵੱਲੋਂ ਵੀ ਇਜ਼ਰਾਇਲੀ ਆਗੂਆਂ ‘ਤੇ ਦਬਾਅ ਪਾਉਣ ਦੀ ਸੰਭਾਵਨਾ ਹੈ। ‘ਸੰਡੇ ਟਾਈਮਜ਼‘ ਵਿਚ ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰੌਨ ਤੇ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੀਨਾ ਬੇਅਰਬੌਕ ਨੇ ਇਕ ਸਾਂਝਾ ਲੇਖ ਪ੍ਰਕਾਸ਼ਿਤ ਕਰ ਕੇ ਗੋਲੀਬੰਦੀ ਦਾ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ‘ਬਹੁਤ ਸਾਰੇ ਨਾਗਰਿਕ ਮਾਰੇ ਗਏ ਹਨ।‘ ਉਨ੍ਹਾਂ ਕਿਹਾ ਹੈ ਕਿ ਅਤਿਵਾਦੀਆਂ ਤੇ ਨਾਗਰਿਕਾਂ ‘ਚ ਫਰਕ ਰੱਖਣ ਲਈ ਇਜ਼ਰਾਇਲੀ ਸਰਕਾਰ ਤੇ ਆਗੂਆਂ ਨੂੰ ਹੋਰ ਕੰਮ ਕਰਨ ਦੀ ਲੋੜ ਹੈ, ਤਾਂ ਕਿ ਜੰਗ ਹਮਾਸ ਵੱਲ ਸੇਧਿਤ ਹੋ ਸਕੇ।
ਪੂਰਬੀ ਯੂਕਰੇਨ `ਚ ਰੂਸੀ ਸੈਨਾ ਦਾ ਨੁਕਸਾਨ
ਕੀਵ: ਰੂਸ-ਯੂਕਰੇਨ ਵਿਚਾਲੇ ਜਾਰੀ ਜੰਗ ਦੀ ਇਕ ਹਵਾਈ ਫੁਟੇਜ ਵਿਚ ਰੂਸੀ ਫੌਜ ਦਾ ਵੱਡਾ ਨੁਕਸਾਨ ਸਾਹਮਣੇ ਆਇਆ ਹੈ। ਰੂਸੀ ਸੈਨਾ ਪੂਰਬੀ ਯੂਕਰੇਨ ‘ਚ ਅਵਦਿਵਕਾ ਕਸਬੇ ਉਤੇ ਕਬਜ਼ਾ ਕਰਨ ਲਈ ਅੱਗੇ ਵਧ ਰਹੀ ਹੈ। ਯੂਕਰੇਨ ਦੇ ਫੌਜੀ ਡਰੋਨ ਨੇ ਇਹ ਵੀਡੀਓ ਕਸਬੇ ਨੇੜਲੇ ਇਕ ਪਿੰਡ ਦੇ ਉਪਰੋਂ ਇਸੇ ਮਹੀਨੇ ਬਣਾਈ ਹੈ। ਇਸ ਥਾਂ ‘ਤੇ ਦੋਵਾਂ ਸੈਨਾਵਾਂ ਵਿਚਾਲੇ ਜੰਗ ਚੱਲ ਰਹੀ ਹੈ। ਦੋ ਵੱਖ-ਵੱਖ ਕਲਿੱਪਾਂ ‘ਚ ਕਰੀਬ 150 ਸੈਨਿਕਾਂ ਦੀਆਂ ਦੇਹਾਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਰੂਸੀ ਵਰਦੀ ਪਾਈ ਹੋਈ ਹੈ। ਰੂਸੀ ਸੈਨਿਕ ਜਿਸ ਪਿੰਡ ਵਿਚ ਬਚਣ ਲਈ ਲੁਕੇ ਹੋਏ ਸਨ, ਉਹ ਪੂਰੀ ਤਰ੍ਹਾਂ ਮਲਬੇ ਵਿਚ ਤਬਦੀਲ ਹੋ ਚੁੱਕਾ ਹੈ। ਡਰੋਨ ਯੂਨਿਟ ਦਾ ਕਹਿਣਾ ਹੈ ਕਿ ਮ੍ਰਿਤਕਾਂ ਵਿਚ ਕੁਝ ਯੂਕਰੇਨੀ ਵੀ ਹੋ ਸਕਦੇ ਹਨ। ਯੂਕਰੇਨੀ ਸੈਨਾ ਦਾ ਕਹਿਣਾ ਹੈ ਕਿ ਇਹ ਫੁਟੇਜ 6 ਦਸੰਬਰ ਦੀ ਹੈ ਤੇ ਕਈ ਦੇਹਾਂ ਹਫਤਿਆਂ ਤੋਂ ਇੱਥੇ ਪਈਆਂ ਹਨ। ਰੂਸੀ ਸੈਨਾ ਨੇ ਇਸ ਇਲਾਕੇ ਵਿਚ ਹਮਲੇ ਅਕਤੂਬਰ ‘ਚ ਸ਼ੁਰੂ ਕੀਤੇ ਸਨ।
ਇਜ਼ਰਾਈਲ ਦਾ ਭਾਰਤ `ਚ ਨਵਾਂ ਰਾਜਦੂਤ
ਯੇਰੂਸ਼ਲਮ: ਇਜ਼ਰਾਈਲ ਦੀ ਸਰਕਾਰ ਨੇ ਭਾਰਤ ਵਿਚ ਨਵੇਂ ਰਾਜਦੂਤ ਵਜੋਂ ਰੀਯੂਵੇਨ ਅਜਾਰ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਅਜਾਰ ਸ੍ਰੀਲੰਕਾ ਅਤੇ ਭੂਟਾਨ ਵਿਚ ਗੈਰ-ਨਿਵਾਸੀ ਰਾਜਦੂਤ ਵਜੋਂ ਵੀ ਕੰਮ ਕਰਨਗੇ। ਉਨ੍ਹਾਂ ਦੇ ਨਾਲ ਹੀ ਇਜ਼ਰਾਈਲ ਸਰਕਾਰ ਨੇ ਵਿਦੇਸ਼ਾਂ ‘ਚ ਦੂਤਾਵਾਸਾਂ ਵਿਚ 21 ਨਵੇਂ ਡਿਪਲੋਮੈਟਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਜਲਦ ਹੀ ਆਪਣਾ ਅਹੁਦਾ ਸੰਭਾਲਣਗੇ।