ਅੰਮ੍ਰਿਤਸਰ: ਦੋ ਸਾਲ ਪਹਿਲਾਂ 2021 ਵਿਚ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਸਬੰਧੀ ਸ੍ਰੀ ਅਕਾਲ ਤਖਤ ਵਿਖੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅਰਦਾਸ ਕੀਤੀ ਗਈ। ਇਸ ਅਰਦਾਸ ਸਮਾਗਮ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਉਨ੍ਹਾਂ ਕਿਹਾ ਕਿ ਦਾ ਅਰਦਾਸ ਸਮਾਗਮ ਕੌਮ ਦੇ ਸਮੂਹਿਕ ਰੋਹ ਅਤੇ ਨਿਆਂ ਲਈ ਚੱਲ ਰਹੀ ਜੱਦੋ-ਜਹਿਦ ਦਾ ਪ੍ਰਤੀਕ ਹੈ। ਮਗਰੋਂ ਸਿੱਖ ਜਥੇਬੰਦੀ ਦੇ ਕਾਰਕੁਨਾਂ ਨੇ ਤਖਤੀਆਂ ਫੜ ਕੇ ਇਸ ਘਟਨਾ ਨੂੰ ਬਿਨਾਂ ਹੱਲ ਕੀਤੇ ਹੀ ਵਿਚਾਲੇ ਛੱਡਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਵੀ ਕੀਤਾ।
ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਹੈ ਕਿ ਬੇਅਦਬੀ ਕਰਨ ਵਾਲਿਆਂ ਦੀ ਪਛਾਣ ਤੇ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਜੱਗ-ਜ਼ਾਹਿਰ ਕਰਨ ਅਤੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਤੇ ਨਿਆਂ ਦੀ ਪ੍ਰਾਪਤੀ ਲਈ ਸਿੱਖ ਕੌਮ ਨੂੰ ਲੜਦੇ ਰਹਿਣ ਦਾ ਬਲ ਪ੍ਰਦਾਨ ਕਰਨ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾਏ ਗਏ ਇਸ ਅਰਦਾਸ ਸਮਾਗਮ ਦਾ ਮਕਸਦ ਨਾ ਸਿਰਫ ਬੀਤੇ ਸਾਲ ਦੀ ਘਟਨਾ ਦੀ ਯਾਦ ਨੂੰ ਚੇਤੇ ਕਰਨਾ ਹੈ, ਸਗੋਂ ਗੁਰੂ ਸਾਹਿਬਾਨ ਦਾ ਅਦਬ, ਗੁਰਧਾਮਾਂ ਦੀ ਮਾਣ-ਮਰਿਆਦਾ ਅਤੇ ਕੌਮੀ ਸਵੈਮਾਣ ਪ੍ਰਤੀ ਆਪਣੀ ਕੌਮੀ ਦ੍ਰਿੜ੍ਹਤਾ ਤੇ ਏਕਤਾ ਦੇ ਸਬੂਤ ਦਾ ਸੁਨੇਹਾ ਦੇਣਾ ਵੀ ਹੈ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 18 ਦਸੰਬਰ 2021 ਨੂੰ ਇਕ ਮਾੜੇ ਅਨਸਰ ਨੇ ਦਰਬਾਰ ਸਾਹਿਬ ਦੇ ਪਾਵਨ ਅਸਥਾਨ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ। ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦੀਆਂ ਐਡਵਾਂਸ ਬਾਇਓਮੀਟ੍ਰਿਕ ਤਕਨੀਕਾਂ ਦੇ ਬਾਵਜੂਦ ਬੇਅਦਬੀ ਦੇ ਦੋਸ਼ੀ ਦੀ ਪਛਾਣ ਇਕ ਰਹੱਸ ਬਣ ਚੁੱਕੀ ਹੈ।