ਚੰਡੀਗੜ੍ਹ: ਕੇਂਦਰੀ ਰੇਲ ਮੰਤਰਾਲੇ ਦੇ ਅੜਿੱਕੇ ਕਾਰਨ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ` ਨੂੰ ਬਰੇਕ ਲੱਗ ਗਈ ਹੈ। ਕੇਂਦਰ ਸਰਕਾਰ ਨੇ ਆਉਂਦੇ ਡੇਢ ਮਹੀਨੇ ਦੌਰਾਨ ਪੰਜਾਬ ਨੂੰ ਇਸ ਸਕੀਮ ਤਹਿਤ ਰੇਲਾਂ ਦੇਣ ਤੋਂ ਅਸਮਰੱਥਾ ਜ਼ਾਹਿਰ ਕਰ ਦਿੱਤੀ ਹੈ।
ਭਾਰਤੀ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਪੰਜਾਬ ਸਰਕਾਰ ਨੂੰ ਜ਼ਬਾਨੀ ਤੌਰ ‘ਤੇ ਸੂਚਿਤ ਕਰ ਦਿੱਤਾ ਹੈ ਕਿ ਉਹ ਫਰਵਰੀ ਮਹੀਨੇ ਤੋਂ ਹੀ ਰੇਲਾਂ ਦੇ ਸਕਣਗੇ। ਸੂਬਾ ਸਰਕਾਰ ਹੁਣ ਰੇਲਵੇ ਦੇ ਪੱਤਰ ਦੀ ਉਡੀਕ ਕਰ ਰਹੀ ਹੈ। ਬੇਸ਼ੱਕ ਰੇਲਵੇ ਵੱਲੋਂ ਇਸ ਸਬੰਧੀ ਕਈ ਬਹਾਨੇ ਘੜੇ ਜਾ ਰਹੇ ਹਨ ਪਰ ਸਿਆਸੀ ਹਲਕਿਆਂ ਮੁਤਾਬਕ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਸਰਕਾਰ ਦੀ ‘ਤੀਰਥ ਯਾਤਰਾ‘ ਸਕੀਮ ਨੂੰ ਫਲਾਪ ਕਰਨ ਦੇ ਰੌਂਅ ਵਿਚ ਹੈ।
ਇਸੇ ਕਾਰਨ ਪੰਜਾਬ ‘ਚੋਂ ਹਾਲੇ ਤੱਕ ਤੀਰਥ ਯਾਤਰਾ ਲਈ ਸਿਰਫ ਇਕ ਹੀ ਰੇਲ ਜਾ ਸਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਕੀਮ ਦਾ ਆਗਾਜ਼ ਕਰਦਿਆਂ ਯਾਤਰੀਆਂ ਦਾ ਪਹਿਲਾ ਜਥਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਭਾਰਤੀ ਰੇਲਵੇ ਦੇ ਅੜਿੱਕੇ ਕਰਕੇ 6 ਦਸੰਬਰ ਨੂੰ ਜਲੰਧਰ ਤੋਂ ਵਾਰਾਨਸੀ ਲਈ ਜਾਣ ਵਾਲੀ ਗੱਡੀ ਵੀ ਰੱਦ ਹੋ ਗਈ ਸੀ ਜਿਸ ਕਰਕੇ ਯਾਤਰੀ ਰਵਾਨਾ ਨਹੀਂ ਹੋ ਸਕੇ ਸਨ। ਰੇਲਵੇ ਨੇ ਤੈਅ ਪ੍ਰੋਗਰਾਮ ਤੋਂ ਦੋ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਟਰੇਨ ਪ੍ਰੋਗਰਾਮ ਰੱਦ ਹੋਣ ਦਾ ਸੁਨੇਹਾ ਦਿੱਤਾ ਸੀ। ਹੁਣ 15 ਦਸੰਬਰ ਨੂੰ ਮਾਲੇਰਕੋਟਲਾ ਤੋਂ ਅਜ਼ਮੇਰ ਸ਼ਰੀਫ ਲਈ ਗੱਡੀ ਜ਼ਰੀਏ ਸ਼ਰਧਾਲੂਆਂ ਦਾ ਜਥਾ ਜਾਣਾ ਸੀ ਪਰ ਰੇਲਵੇ ਨੇ ਗੱਡੀ ਦੇਣ ਤੋਂ ਅਸਮਰੱਥਾ ਜਤਾ ਦਿੱਤੀ ਹੈ।
ਪੰਜਾਬ ਸਰਕਾਰ ਨੇ 15 ਦਸੰਬਰ ਵਾਲੀ ਗੱਡੀ ਦੇ 1.34 ਕਰੋੜ ਰੁਪਏ ਰੇਲਵੇ ਕੋਲ ਜਮ੍ਹਾਂ ਵੀ ਕਰਾਏ ਹੋਏ ਸਨ। ਰੇਲਵੇ ਅਧਿਕਾਰੀ ਆਖ ਰਹੇ ਹਨ ਕਿ ਜਨਰੇਟਰ ਕਾਰਾਂ ਦੀ ਕਮੀ ਕਰਕੇ ਏਸੀ ਰੇਲਾਂ ਦੀ ਉਪਲਬਧਤਾ ਨਹੀਂ ਹੈ ਅਤੇ ਕੋਲਾ ਰੈਕ ਆਉਣ ਕਰਕੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਦੇ ਅਧਿਕਾਰੀ ਦਲੀਲ ਦੇ ਰਹੇ ਹਨ ਕਿ ਜਦੋਂ ਬਕਾਇਦਾ ਐਮ.ਓ.ਯੂ. ਸਾਈਨ ਹੋਇਆ ਹੈ ਅਤੇ ਰਾਸ਼ੀ ਵੀ ਐਡਵਾਂਸ ਵਿਚ ਦਿੱਤੀ ਜਾ ਰਹੀ ਹੈ ਤਾਂ ਅਜਿਹਾ ਕਿਉਂ ਹੋ ਰਿਹਾ ਹੈ। ਦੱਸਣਯੋਗ ਹੈ ਕਿ ‘ਆਪ` ਸਰਕਾਰ ਵੱਲੋਂ ਵਰ੍ਹਾ 2023-24 ਲਈ ਇਸ ਸਕੀਮ ਤਹਿਤ 40 ਕਰੋੜ ਦਾ ਬਜਟ ਰੱਖਿਆ ਗਿਆ ਹੈ। ਚਾਲੂ ਵਿੱਤੀ ਵਰ੍ਹੇ ਦੌਰਾਨ ‘ਮੁੱਖ ਮੰਤਰੀ ਤੀਰਥ ਯਾਤਰਾ` ਸਕੀਮ ਤਹਿਤ 13 ਰੇਲਾਂ ਧਾਰਮਿਕ ਅਸਥਾਨਾਂ ਲਈ ਭੇਜੇ ਜਾਣ ਦਾ ਪ੍ਰੋਗਰਾਮ ਸੀ ਅਤੇ ਹਰ ਹਫਤੇ ਇਕ ਗੱਡੀ ਰਵਾਨਾ ਹੋਣੀ ਸੀ ਤੇ ਪ੍ਰਤੀ ਗੱਡੀ ਇਕ ਹਜ਼ਾਰ ਯਾਤਰੀ ਜਾਣੇ ਸਨ।
ਪੰਜਾਬ ਸਰਕਾਰ ਨੇ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨਾਲ ਬਕਾਇਦਾ ਐਮ.ਓ.ਯੂ. ਸਾਈਨ ਕੀਤਾ ਹੋਇਆ ਹੈ। ਦੂਸਰੀ ਤਰਫ ਪੰਜਾਬ ਵਿਚਲੇ ਤਖਤਾਂ ਦੀ ਯਾਤਰਾ ਲਈ ਬੱਸਾਂ ਰਾਹੀਂ ਯਾਤਰੀਆਂ ਨੂੰ ਭੇਜਿਆ ਜਾ ਰਿਹਾ ਹੈ। ਇਸ ਯਾਤਰਾ ਦੀ ਰੂਪ-ਰੇਖਾ ਲਈ ਕੈਬਨਿਟ ਸਬ-ਕਮੇਟੀ ਬਣੀ ਹੋਈ ਹੈ ਜਿਸ ਵਿਚ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਅਮਨ ਅਰੋੜਾ ਸ਼ਾਮਲ ਹਨ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਉਹ ਰੇਲਵੇ ਤੋਂ ਗੱਡੀਆਂ ਲੈਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਬੱਸਾਂ ਦੀ ਗਿਣਤੀ ਵਧਾ ਕੇ ਰੋਜ਼ਾਨਾ ਦੀ 10 ਕਰ ਦਿੱਤੀ ਗਈ ਹੈ ਅਤੇ ਹਫਤੇ ਵਿਚ ਇਕ ਗੱਡੀ ਭੇਜਣ ਦੀ ਯੋਜਨਾ ਸੀ।