ਰਾਫਾਹ: ਦੱਖਣੀ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ਵਿਚ ਜ਼ੋਰਦਾਰ ਜੰਗ ਜਾਰੀ ਹੈ। ਇਸ ਦੇ ਨਾਲ ਹੀ ਇਜ਼ਰਾਇਲੀ ਸੈਨਾ ਉੱਤਰੀ ਗਾਜ਼ਾ ਵਿਚ ਵਿਰੋਧ ਦਾ ਲਗਾਤਾਰ ਸਾਹਮਣਾ ਕਰ ਰਹੀ ਹੈ।
ਗਾਜ਼ਾ ਵਿਚ ਹਮਲੇ ਅਜਿਹੇ ਸਮੇਂ ਵਧੇ ਹਨ ਜਦ ਅਮਰੀਕਾ ਨੇ ਲੜਾਈ ਰੋਕਣ ਦੇ ਹਾਲੀਆ ਕੌਮਾਂਤਰੀ ਯਤਨਾਂ ਵਿਚ ਅੜਿੱਕਾ ਪਾ ਦਿੱਤਾ ਹੈ ਤੇ ਆਪਣੇ ਕਰੀਬੀ ਸਹਿਯੋਗੀਆਂ ਨੂੰ ਹੋਰ ਜੰਗੀ ਸਾਜੋ-ਸਾਮਾਨ ਭੇਜਿਆ ਹੈ। ਇਸ ਤੋਂ ਬਾਅਦ ਇਜ਼ਰਾਈਲ ਨੇ ਆਪਣੀ ਮੁਹਿੰਮ ਤੇਜ ਕਰ ਦਿੱਤੀ ਹੈ। ਹਜ਼ਾਰਾਂ ਫਲਸਤੀਨੀ ਨਾਗਰਿਕਾਂ ਦੀ ਹੱਤਿਆ ਤੇ ਗਾਜਾ ਦੀ ਕਰੀਬ 85 ਫੀਸਦੀ ਆਬਾਦੀ ਦੇ ਉੱਜੜਨ ਤੋਂ ਬਾਅਦ ਇਜ਼ਰਾਈਲ ਨੂੰ ਵਧਦੇ ਕੌਮਾਂਤਰੀ ਰੋਹ ਤੇ ਜੰਗਬੰਦੀ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੌਰਤਲਬ ਹੈ ਕਿ ਅਮਰੀਕਾ ਨੇ ਲੜਾਈ ਨੂੰ ਖਤਮ ਕਰਨ ਦੀ ਤਜਵੀਜ਼ ਉਤੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵਿਚ ਆਪਣੀ ‘ਵੀਟੋ` ਤਾਕਤ ਦੀ ਵਰਤੋਂ ਕਰ ਕੇ ਹਾਲ ਦੇ ਦਿਨਾਂ `ਚ ਇਜ਼ਰਾਈਲ ਦੀ ਮੁਹਿੰਮ ਵਿਚ ਅਹਿਮ ਸਹਿਯੋਗ ਕੀਤਾ ਹੈ। ਅਮਰੀਕਾ ਨੇ ਇਜ਼ਰਾਈਲ ਨੂੰ 10 ਕਰੋੜ ਡਾਲਰ ਤੋਂ ਵੱਧ ਦੇ ਹਥਿਆਰ ਵੇਚੇ ਹਨ।
ਅਮਰੀਕਾ ਨੇ ਹਮਾਸ ਨੂੰ ਖਤਮ ਕਰਨ ਤੇ ਸੱਤ ਅਕਤੂਬਰ ਵਰਗੇ ਕਿਸੇ ਹਮਲੇ ਨੂੰ ਦੁਹਰਾਉਣ ਤੋਂ ਬਚਣ ਦੇ ਇਜ਼ਰਾਈਲ ਦੇ ਟੀਚੇ ਪ੍ਰਤੀ ਸਮਰਥਨ ਵੀ ਜਤਾਇਆ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਜ਼ਰਾਇਲੀ ਸੈਨਾ ਖਾਨ ਯੂਨਿਸ ਵਿਚ ਦਾਖਲ ਹੋਈ ਸੀ। ਸ਼ਹਿਰ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਰਾਤ ਭਰ ਲਗਾਤਾਰ ਗੋਲੀਬਾਰੀ ਤੇ ਧਮਾਕਿਆਂ ਦੀ ਆਵਾਜ਼ ਸੁਣੀ। ਉਨ੍ਹਾਂ ਦੱਸਿਆ ਕਿ ਲੜਾਕੂ ਜਹਾਜ਼ਾਂ ਨੇ ਗਾਜਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਚ ਤੇ ਇਸ ਦੇ ਆਲੇ-ਦੁਆਲੇ ਬੰਬਾਰੀ ਕੀਤੀ। ਹਮਾਸ ਦੇ ਕਬਜ਼ੇ ਵਾਲੇ ਖੇਤਰ ਦੇ ਸਿਹਤ ਮੰਤਰਾਲੇ ਮੁਤਾਬਕ ਜੰਗ ਕਾਰਨ ਗਾਜ਼ਾ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 17 ਹਜ਼ਾਰ ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ਬੱਚੇ ਤੇ ਔਰਤਾਂ ਸ਼ਾਮਲ ਹਨ।