ਨਵੀਂ ਦਿੱਲੀ: ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਪਈਆਂ ਵੋਟਾਂ ਦੇ ਆਏ ਨਤੀਜਿਆਂ ‘ਚ ਭਾਜਪਾ ਨੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਜਿੱਤ ਦਰਜ ਕੀਤੀ ਹੈ ਜਦਕਿ ਤਿਲੰਗਾਨਾ ਵਿਚ ਕਾਂਗਰਸ ਨੇ ਬੀ.ਆਰ.ਐਸ ਨੂੰ ਸੱਤਾ ‘ਚੋਂ ਬਾਹਰ ਕਰ ਦਿੱਤਾ ਹੈ।
ਚੋਣ ਨਤੀਜੇ ਸਾਹਮਣੇ ਆਉਣ ਮਗਰੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅਸਤੀਫੇ ਸੂਬਿਆਂ ਦੇ ਰਾਜਪਾਲਾਂ ਨੂੰ ਸੌਂਪ ਦਿੱਤੇ ਹਨ।
ਚੋਣ ਨਤੀਜਿਆਂ ‘ਚ ਭਾਜਪਾ ਨੇ ਜਿੱਥੇ ਮੱਧ ਪ੍ਰਦੇਸ਼ ‘ਚ ਆਪਣੀ ਸਰਕਾਰ ਕਾਇਮ ਰੱਖੀ ਹੈ, ਉੱਥੇ ਹੀ ਦੋ ਸੂਬਿਆਂ ਰਾਜਸਥਾਨ ਤੇ ਛੱਤੀਸਗੜ੍ਹ ਦੀ ਸੱਤਾ ਕਾਂਗਰਸ ਤੋਂ ਖੋਹ ਲਈ ਹੈ। ਕਾਂਗਰਸ ਦੋ ਸੂਬੇ ਹਾਰ ਗਈ ਪਰ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਤੋਂ ਤਿਲੰਗਾਨਾ ਜਿੱਤ ਗਈ। ਇਸ ਦੱਖਣੀ ਸੂਬੇ ‘ਚ ਮਿਲੀ ਜਿੱਤ ਨੇ ਹੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ ਅਤੇ ਕੇ ਚੰਦਰਸ਼ੇਖਰ ਰਾਓ ਦੀ ਲੀਡਰਸ਼ਿਪ ਵਾਲੀ ਬੀ.ਆਰ.ਐਸ, ਜਿਸ ਨੂੰ ਲਗਾਤਾਰ ਤੀਜੀ ਵਾਰ ਜਿੱਤਣ ਦੀ ਉਮੀਦ ਸੀ, ਨੂੰ ਆਤਮ ਚਿੰਤਨ ਲਈ ਮਜਬੂਰ ਕਰ ਦਿੱਤਾ ਹੈ।
ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ ‘ਚੋਂ ਭਾਜਪਾ ਨੇ 163 ਸੀਟਾਂ ‘ਤੇ ਜਿੱਤ ਦਰਜ ਕੀਤੀ ਜਦਕਿ ਕਾਂਗਰਸ 66 ਸੀਟਾਂ ਜਿੱਤਿਆਂ। ਗੁਆਂਢੀ ਸੂਬੇ ਰਾਜਸਥਾਨ ਵਿਚ ਲੋਕਾਂ ਨੇ ਹਰ ਪੰਜ ਸਾਲ ਮਗਰੋਂ ਸਰਕਾਰ ਬਦਲਣ ਦੀ ਰਵਾਇਤ ਕਾਇਮ ਰੱਖੀ ਹੈ ਅਤੇ ਇੱਥੋਂ ਦੀਆਂ 199 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ ਨੇ 115 ਜਦਕਿ ਕਾਂਗਰਸ ਨੇ 69 ਸੀਟਾਂ ਜਿੱਤੀਆਂ ਹਨ। ਉੱਧਰ ਛੱਤੀਸਗੜ੍ਹ ਵਿਚਲੀਆਂ 90 ਸੀਟਾਂ ‘ਚੋਂ ਭਾਜਪਾ ਨੇ 54 ਤੇ ਕਾਂਗਰਸ ਨੇ 35 ਸੀਟਾਂ ਜਿੱਤੀਆਂ ਹਨ।
ਤਿਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ‘ਚੋਂ ਕਾਂਗਰਸ ਨੇ 64 ਸੀਟਾਂ ਜਦਕਿ ਬੀ.ਆਰ.ਐੱਸ. 39 ਤੇ ਭਾਜਪਾ ਨੇ 8 ਸੀਟਾਂ ਹਾਸਲ ਕੀਤੀਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਮੱਧ ਪ੍ਰਦੇਸ਼, ਰਾਜਸਥਾਨ ਤੇ ਤਿਲੰਗਾਨਾ ‘ਚ 1 ਫੀਸਦ ਤੋਂ ਵੀ ਘੱਟ ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ ਜਦਕਿ ਛੱਤੀਸਗੜ੍ਹ ਵਿਚ 1.29 ਫੀਸਦ ਲੋਕਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ। ਭਾਜਪਾ ਦੀ ਜਿੱਤ ਮਗਰੋਂ ਭਾਜਪਾ ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਵਿਚ ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ ਅਤੇ ਭਾਜਪਾ ਦੇ ਪ੍ਰਸ਼ਾਸਨ ‘ਤੇ ਭਰੋਸਾ ਜ਼ਾਹਿਰ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਚੋਣਾਂ ਵਾਲੇ ਚਾਰੋਂ ਸੂਬਿਆਂ ‘ਚ ਗੇੜੇ ‘ਤੇ ਗੇੜਾ ਲਾਇਆ। ਚੋਣਾਂ ਦੇ ਐਲਾਨ ਮਗਰੋਂ ਹੀ ਪ੍ਰਧਾਨ ਮੰਤਰੀ ਚਾਰੋਂ ਸੂਬਿਆਂ ਦੇ ਗੈਰ-ਸਰਕਾਰੀ ਦੌਰਿਆਂ ‘ਤੇ ਨਿਕਲ ਪਏ। ਪ੍ਰਧਾਨ ਮੰਤਰੀ ਦਫਤਰ ਦੀ ਵੈੱਬਸਾਈਟ ਅਨੁਸਾਰ ਪਹਿਲੀ ਅਕਤੂਬਰ ਤੋਂ 23 ਨਵੰਬਰ ਤੱਕ ਨਰਿੰਦਰ ਮੋਦੀ ਨੇ ਚਾਰੋਂ ਸੂਬਿਆਂ ਵਿਚ 26 ਦਿਨ ਬਿਤਾਏ, ਜਿਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਨੇ ਹਰ ਦੂਸਰਾ ਦਿਨ ਚੋਣਾਂ ਦੇ ਲੇਖੇ ਲਾਇਆ।
ਸਰਕਾਰੀ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਰਾਜਸਥਾਨ, ਮੱਧ ਪ੍ਰਦੇਸ਼, ਤਿਲੰਗਾਨਾ ਤੇ ਛੱਤੀਸਗੜ੍ਹ ਵਿਚ ਚੋਣਾਂ ਦੀ ਤਿਆਰੀ ਵਿਚ ਕਈ ਮਹੀਨੇ ਪਹਿਲਾਂ ਹੀ ਜੁੱਟ ਗਏ ਸਨ। ਪ੍ਰਧਾਨ ਮੰਤਰੀ ਨੇ ਪਹਿਲੀ ਅਪਰੈਲ 2023 ਤੋਂ 23 ਨਵੰਬਰ 2023 ਤੱਕ ਉਕਤ ਚਾਰੋਂ ਸੂਬਿਆਂ ਵਿਚ ਕੁੱਲ 44 ਦਿਨ ਲਾਏ ਹਨ। ਅੰਦਾਜ਼ਨ ਹਰ ਪੰਜਵਾਂ ਦਿਨ ਉਨ੍ਹਾਂ ਨੇ ਚੋਣਾਂ ਵਾਲੇ ਸੂਬਿਆਂ ਵਿਚ ਲਾਇਆ ਹੈ।
ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ‘ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਆਰਜ਼ੀ ਨਾਕਾਮੀਆਂ ਤੋਂ ਖੁਦ ਨੂੰ ਉਭਾਰੇਗੀ ਅਤੇ ਵਿਰੋਧੀ ਗੱਠਜੋੜ ‘ਇੰਡੀਆ‘ ਦੀਆਂ ਪਾਰਟੀਆਂ ਨਾਲ ਮਿਲ ਕੇ ਅਗਲੀਆਂ ਲੋਕ ਸਭਾ ਚੋਣਾਂ ਲਈ ਖੁਦ ਨੂੰ ਤਿਆਰ ਕਰੇਗੀ। ਉਨ੍ਹਾਂ ਤਿਲੰਗਾਨਾ ‘ਚ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਪਾਰਟੀ ਨੇ ਪੂਰੀ ਜਾਨ ਲਗਾ ਕੇ ਇਨ੍ਹਾਂ ਚਾਰ ਰਾਜਾਂ ਦੀਆਂ ਚੋਣਾਂ ‘ਚ ਹਿੱਸਾ ਲਿਆ। ਮੈਂ ਆਪਣੇ ਅਣਗਿਣਤ ਵਰਕਰਾਂ ਦਾ ਵੀ ਧੰਨਵਾਦ ਕਰਦਾ ਹਾਂ।‘
ਮਿਜ਼ੋਰਮ ਵਿਧਾਨ ਸਭਾ ਚੋਣਾਂ `ਚ ਜੈਡ.ਪੀ.ਐਮ. ਨੂੰ ਬਹੁਮਤ
ਆਈਜ਼ੋਲ: ਜੋਰਮ ਪੀਪਲਜ਼ ਮੂਵਮੈਂਟ ਨੇ ਮਿਜ਼ੋਰਮ ਵਿਧਾਨ ਸਭਾ ਦੀਆਂ 40 ਵਿਚੋਂ 27 ਸੀਟਾਂ ਜਿੱਤ ਕੇ ਰਾਜ ਵਿਚ ਬਹੁਮਤ ਹਾਸਲ ਕਰ ਲਿਆ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਜਿੱਤਣ ਵਾਲੇ ਪ੍ਰਮੁੱਖ ਪਾਰਟੀ ਨੇਤਾਵਾਂ ਵਿਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਾਲਦੂਹੋਮਾ ਸ਼ਾਮਲ ਹਨ। ਚੋਣ ਕਮਿਸ਼ਨ ਮੁਤਾਬਕ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥੰਗਾ ਆਈਜੌਲ ਈਸਟ-1 ਸੀਟ ਤੋਂ ਜੈਡ.ਐਮ.ਪੀ. ਦੇ ਲਾਲਥਨਸਾਂਗਾ ਤੋਂ 2,101 ਵੋਟਾਂ ਨਾਲ ਚੋਣ ਹਾਰ ਗਏ। ਉਪ ਮੁੱਖ ਮੰਤਰੀ ਤਵਾਨਲੁਈਆ ਤੁਈਚਾਂਗ ਸੀਟ ਉਤੇ ਜੈ.ਡੀ.ਪੀ.ਐਮ. ਉਮੀਦਵਾਰ ਤੋਂ 909 ਵੋਟਾਂ ਦੇ ਫਰਕ ਨਾਲ ਹਾਰ ਗਏ।