ਗੁਰਦੁਆਰਾ ਅਕਾਲ ਬੁੰਗਾ ਸੁਲਤਾਨਪੁਰ ਲੋਧੀ `ਚ ਗੋਲੀਬਾਰੀ ਦਾ ਮਾਮਲਾ ਭਖਿਆ

ਜਲੰਧਰ: ਗੁਰਦੁਆਰਾ ਅਕਾਲ ਬੁੰਗਾ ਸੁਲਤਾਨਪੁਰ ਲੋਧੀ ‘ਤੇ ਨਿਹੰਗਾਂ ਦੇ ਇਕ ਧੜੇ ਵੱਲੋਂ ਕੀਤੇ ਗਏ ਕਬਜ਼ੇ ਨੂੰ ਖਾਲੀ ਕਰਵਾਉਣ ਸਮੇਂ ਪੁਲਿਸ ਅਤੇ ਨਿਹੰਗਾਂ ਵਿਚਾਲੇ ਚੱਲੀਆਂ ਗੋਲੀਆਂ ਦੌਰਾਨ ਹੋਮਗਾਰਡ ਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ। ਤਣਾਅ ਦਾ ਮਾਹੌਲ ਬਣਨ ਮਗਰੋਂ ਪੁਲਿਸ ਨੇ ਸਾਰਾ ਇਲਾਕਾ ਸੀਲ ਕਰ ਦਿੱਤਾ।

ਇਸ ਮਗਰੋਂ ਬਾਬਾ ਬੁੱਢਾ ਦਲ ਨਿਹੰਗ ਸਿੰਘ ਮੁਖੀ ਬਾਬਾ ਮਾਨ ਸਿੰਘ ਅਤੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਹਾਲਾਤ ਸੁਖਾਵੇਂ ਬਣਾਉਣ ਲਈ ਤਕਰੀਬਨ ਤਿੰਨ ਘੰਟੇ ਤੱਕ ਮੀਟਿੰਗ ਹੋਈ। ਮੀਟਿੰਗ ਮਗਰੋਂ ਨਿਹੰਗ ਸਿੰਘਾਂ ਵੱਲੋਂ ਡੇਰੇ ਨੂੰ ਖਾਲੀ ਕਰ ਦਿੱਤਾ ਗਿਆ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਉਧਰ, ਵਿਰੋਧੀ ਧਿਰਾਂ ਨੇ ਸਰਕਾਰ ਨੂੰ ਇਸ ਮਸਲੇ ਉਤੇ ਘੇਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਵਿਚ ਵਾਪਰੀ ਹਿੰਸਕ ਘਟਨਾ ਤੇ ਗੁਰੂਘਰ ਵਿਚ ਪੁਲਿਸ ਦੇ ਦਾਖਲ ਹੋਣ ਨਾਲ ਹੋਈ ਬੇਅਦਬੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਪੁਲਿਸ ਨੇ ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਤੇ ਜੇਕਰ ਸਿਆਣਪ ਤੇ ਸੂਝ-ਬੂਝ ਨਾਲ ਮਾਮਲਾ ਸੰਭਾਲਿਆ ਹੁੰਦਾ ਤਾਂ ਖੂਨ-ਖਰਾਬੇ ਤੋਂ ਬਚਾਅ ਹੋ ਸਕਦਾ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਿੰਸਾ ਤੇ ਮੌਤ ਲਈ ਨੈਤਿਕ ਜ਼ਿੰਮੇਵਾਰੀ ਮੁੱਖ ਮੰਤਰੀ ਨੂੰ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਭ ਤੋਂ ਸਪਸ਼ਟ ਤੌਰ ‘ਤੇ ਬਚਿਆ ਜਾ ਸਕਦਾ ਸੀ।
ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਮਾਹੌਲ ਹਿੰਸਕ ਹੋਣ ਤੋਂ ਰੋਕਣ ਲਈ ਕਿਹੜੇ ਕਦਮ ਚੁੱਕੇ ਗਏ ਸਨ? ਉਨ੍ਹਾਂ ਕਿਹਾ ਕਿ ਉਹ (ਮੁੱਖ ਮੰਤਰੀ) ਸਿਰਫ ਉਥੇ ਹਿੰਸਾ ਚਾਹੁੰਦੇ ਸਨ ਤੇ ਉਹ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਹਰ ਮੌਕੇ ਨੂੰ ਵਰਤਣਾ ਚਾਹੁੰਦੇ ਹਨ। ਬਾਦਲ ਮੁਤਾਬਕ ਦਿੱਲੀ ਤੇ ਪੰਜਾਬ ਵਿਚ ਬੈਠੀਆਂ ਤਾਕਤਾਂ ਸਿੱਖਾਂ ਨੂੰ ਬਦਨਾਮ ਕਰਨ ਲਈ ਮੌਕੇ ਦੀ ਤਲਾਸ਼ ਵਿਚ ਰਹਿੰਦੀਆਂ ਹਨ। ਅਕਾਲੀ ਨੇਤਾ ਨੇ ਕਿਹਾ ਕਿ ਸਿੱਖ ਕੌਮ ਨੂੰ ਸੰਭਲ ਕੇ ਚੱਲਣਾ ਪਵੇਗਾ ਤੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਪ੍ਰਤੀ ਚੌਕਸ ਰਹਿਣਾ ਪਵੇਗਾ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੁਲਤਾਨਪੁਰ ਲੋਧੀ ਵਿਚ ਗੋਲੀਬਾਰੀ ਵਿਚ ਇਕ ਪੁਲਿਸ ਕਾਂਸਟੇਬਲ ਦੀ ਮੌਤ ਅਤੇ ਪੰਜ ਹੋਰਨਾਂ ਦੇ ਜ਼ਖ਼ਮੀ ਹੋਣ ਬਾਰੇ ਕਿਹਾ ਕਿ ਘਟਨਾ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਢਿੱਲੀ ਕਾਰਗੁਜ਼ਾਰੀ ਕਾਰਨ ਕੁਝ ਕੈਬਨਿਟ ਸਾਥੀਆਂ ਦੇ ਵਿਭਾਗ ਖੋਹ ਸਕਦੇ ਹਨ ਤਾਂ ਉਹ ਅਸਤੀਫ਼ਾ ਕਿਉਂ ਨਹੀਂ ਦੇ ਸਕਦੇ। ਕਾਂਗਰਸੀ ਨੇਤਾ ਨੇ ਕਿਹਾ, ‘’ਹੁਣ ਪੁਲਿਸ ਨੇ ਨਿਹੰਗ ਸਿੱਖਾਂ ਦੇ ਦੋ ਧੜਿਆਂ ਵਿਚਾਲੇ ਵਿਵਾਦ ਨੂੰ ਸੁਲਝਾਉਣ ਲਈ ਸੀ.ਆਰ.ਪੀ.ਸੀ. ਦੀ ਧਾਰਾ 145 ਦੀ ਵਰਤੋਂ ਕੀਤੀ ਹੈ। ਪੁਲਿਸ ਦੇ ਦਖਲ ਨਾਲ ਦੋਵਾਂ ਧੜਿਆਂ ਨੇ ਸਮਝੌਤਾ ਕਰ ਲਿਆ ਹੈ। ਜੇਕਰ ਸਰਕਾਰ ਨੇ ਪਹਿਲਾਂ ਅਜਿਹਾ ਕੀਤਾ ਹੁੰਦਾ ਤਾਂ ਪੁਲਿਸ ਮੁਲਾਜ਼ਮ ਦੀ ਜਾਨ ਬਚਾਈ ਜਾ ਸਕਦੀ ਸੀ। ਇਹ ਸਰਕਾਰ ਦੀ ਪੂਰੀ ਤਰ੍ਹਾਂ ਨਾਕਾਮੀ ਹੈ।“
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸੂਬੇ ਨਾਲ ਜੁੜੇ ਮੁੱਦਿਆਂ `ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਚੋਣਾਂ ਵਾਲੇ ਸੂਬਿਆਂ ਵਿਚ ਵੋਟਰਾਂ ਨੂੰ ਲੁਭਾਉਣ `ਚ ਰੁੱਝੇ ਰਹੇ ਹਨ। ਉਨ੍ਹਾਂ ਨੇ ਚੋਣਾਂ ਵਾਲੇ ਸੂਬਿਆਂ `ਚ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਝੂਠੇ ਦਾਅਵੇ ਕੀਤੇ। ਬਾਜਵਾ ਨੇ ਕਿਹਾ, ‘’ਅਸਲ `ਚ ਭਗਵੰਤ ਮਾਨ ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਅਯੋਗ ਮੁੱਖ ਮੰਤਰੀ ਹਨ। ‘ਆਪ` ਦੇ ਸ਼ਾਸਨ ਕਾਲ `ਚ ਜੇਕਰ ਪੰਜਾਬ ਪੁਲਿਸ ਆਪਣੀ ਰੱਖਿਆ ਨਹੀਂ ਕਰ ਸਕਦੀ ਤਾਂ ਉਹ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾ ਸਕਦੀ ਹੈ?“
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਚ ਪੁਲਿਸ ਅੰਮ੍ਰਿਤ ਵੇਲੇ ਜੁੱਤੀਆਂ ਸਣੇ ਦਾਖਲ ਹੋਈ ਤੇ ਉਥੇ ਗੋਲੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ‘ਤੇ ਚੱਲੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਗੋਲੀ ਚਲਾਉਣ ਦੇ ਹੁਕਮ ਬਾਬਾ ਬਲਬੀਰ ਸਿੰਘ ਬੁੱਢਾ ਦਲ ਨਾਲ ਆਪਣੇ ਨੇੜਲੇ ਸਬੰਧਾਂ ਕਾਰਨ ਦਿੱਤੇ ਸਨ ਤਾਂ ਜੋ ਦੂਜੇ ਧੜੇ ਦੇ ਨਿਹੰਗ ਸਿੰਘਾਂ ਤੋਂ ਕਬਜ਼ਾ ਲੈ ਕੇ ਬਾਬਾ ਬਲਬੀਰ ਸਿੰਘ ਨੂੰ ਉਥੇ ਬਿਠਾ ਦਿੱਤਾ ਜਾਵੇ। ਸ੍ਰੀ ਮਜੀਠੀਆ ਨੇ ਮੁੱਖ ਮੰਤਰੀ, ਉਨ੍ਹਾਂ ਦੀ ਪਤਨੀ ਅਤੇ ਭੈਣ ਦੀਆਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨਾਲ ਨੇੜਲੀ ਸਾਂਝ ਨੂੰ ਸਾਬਤ ਕਰਦਿਆਂ ਦੀਆਂ ਕੁਝ ਵੀਡੀਓਜ ਅਤੇ ਤਸਵੀਰਾਂ ਵੀ ਦਿਖਾਈਆਂ।
ਅਕਾਲ ਤਖਤ ਦੇ ਜਥੇਦਾਰ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ
ਅੰਮ੍ਰਿਤਸਰ: ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਦੀ ਆਪਸੀ ਟਕਰਾਅ ਦੀ ਵਾਪਰੀ ਘਟਨਾ ਦੇ ਮਾਮਲੇ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਇਸ ਮਸਲੇ ਦੀ ਮੁਕੰਮਲ ਜਾਂਚ ਪੜਤਾਲ ਕਰਕੇ ਰਿਪੋਰਟ ਇਕ ਹਫਤੇ ਅੰਦਰ ਸ੍ਰੀ ਅਕਾਲ ਤਖਤ ਵਿਖੇ ਸੌਂਪੀ ਜਾਵੇ। ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਜਥੇਦਾਰ ਨੇ ਸੁਲਤਾਨਪੁਰ ਲੋਧੀ ਵਿਖੇ ਪਿਛਲੇ ਦਿਨੀਂ ਨਿਹੰਗ ਸਿੰਘ ਜਥੇਬੰਦੀਆਂ ਦੀ ਆਪਸੀ ਟਕਰਾਅ ਦੀ ਵਾਪਰੀ ਘਟਨਾ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ ਹੈ।
ਸੁਲਤਾਨਪੁਰ ਲੋਧੀ ‘ਚ ਟਕਰਾਅ ਦੀ ਘਟਨਾ ਮੰਦਭਾਗੀ: ਧਾਮੀ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਨਵਾਬ ਕਪੂਰ ਸਿੰਘ ਛਾਉਣੀ ਨਿਹੰਗ ਸਿੰਘਾਂ ਸੁਲਤਾਨਪੁਰ ਲੋਧੀ ਵਿਖੇ ਹੋਏ ਟਕਰਾਅ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਦੇ ਅਸਥਾਨਾਂ ਨਾਲ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਜਿਥੇ ਟਕਰਾਅ ਵਾਲੀ ਅਤੇ ਤਲਖ਼ ਸਥਿਤੀ ਠੀਕ ਨਹੀਂ ਹੈ। ਉਨ੍ਹਾਂ ਸਬੰਧਤ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਨੂੰ ਮਿਲ-ਬੈਠ ਕੇ ਹੱਲ ਕਰਨ।