ਕ੍ਰਿਕਟ ਵਿਸ਼ਵ ਕੱਪ: ਆਸਟਰੇਲੀਆ ਛੇਵੀਂ ਵਾਰ ਚੈਂਪੀਅਨ ਬਣਿਆ

ਅਹਿਮਦਾਬਾਦ: ਮਿਸ਼ੇਲ ਸਟਾਰਕ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਟਰੈਵਿਸ ਹੈੱਡ (137) ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਮੇਜ਼ਬਾਨ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਉਪਰੋਥਲੀ ਨੌਵੀਂ ਜਿੱਤ ਨਾਲ 6ਵੀਂ ਵਾਰ ਵਿਸ਼ਵ ਚੈਂਪੀਅਨ ਬਣ ਗਿਆ ਹੈ।

ਭਾਰਤ ਇਕ ਵਾਰ ਫਿਰ ਆਈ.ਸੀ.ਸੀ. ਟੂਰਨਾਮੈਂਟਾਂ ਵਿਚ ਫਾਈਨਲ ਦਾ ਦਬਾਅ ਝੱਲਣ ਵਿਚ ਨਾਕਾਮ ਰਿਹਾ। ਇਸੇ ਸਾਲ ਖੇਡੇ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਭਾਰਤ ਨੂੰ ਕੰਗਾਰੂਆਂ ਹੱਥੋਂ ਸ਼ਿਕਸਤ ਝੱਲਣੀ ਪਈ ਸੀ। 2015 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿਚ ਆਸਟਰੇਲੀਆ ਨੇ ਹੀ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਾਹ ਦਿਖਾਇਆ ਸੀ। ਆਸਟਰੇਲੀਅਨ ਟੀਮ ਨੇ ਮੈਚ ਜਿੱਤ ਕੇ 140 ਕਰੋੜ ਭਾਰਤੀਆਂ ਦਾ ਦਿਲ ਤੇ ਮੇਜ਼ਬਾਨ ਟੀਮ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਫਨਾ ਤੋੜ ਦਿੱਤਾ। ਉਪਰੋਥਲੀ 10 ਮੈਚ ਜਿੱਤ ਕੇ ਫਾਈਨਲ ਵਿਚ ਪਹੁੰਚੀ ਭਾਰਤੀ ਟੀਮ ਨੂੰ ਨਰਿੰਦਰ ਮੋਦੀ ਸਟੇਡੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਤੀਜਾ ਵਿਸ਼ਵ ਕੱਪ ਜਿੱਤਣ ਦੀ ਉਮੀਦ ਸੀ। ਟੂਰਨਾਮੈਂਟ ਦੇ ਸਭ ਤੋਂ ਸਫਲ ਬੱਲੇਬਾਜ਼ ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਿਵਨ ਨੇ ਇਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਦੂਜੀ ਵਾਰ ਹਿੱਸਾ ਬਣਨ ਜਦੋਂਕਿ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੀ ਵਾਰ ਇਕ ਰੋਜ਼ਾ ਵਿਸ਼ਵ ਚੈਂਪੀਅਨ ਬਣਨਾ ਦਾ ਸੁਪਨਾ ਦੇਖਿਆ ਸੀ, ਪਰ ਪੈਟ ਕਮਿਨਸ ਨੇ ਇਨ੍ਹਾਂ ਸੁਫਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਆਸਟਰੇਲੀਅਨ ਟੀਮ ਨੇ ਭਾਰਤ ਖ਼ਿਲਾਫ਼ ਪਹਿਲੇ ਮੈਚ ਸਣੇ ਲਗਾਤਾਰ ਦੋ ਹਾਰ ਨਾਲ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਸੀ, ਪਰ ਫਿਰ ਲਗਾਤਾਰ ਨੌਂ ਮੈਚ ਜਿੱਤ ਕੇ ਖਿਤਾਬ ਆਪਣੇ ਨਾਮ ਕੀਤਾ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਟੂਰਨਾਮੈਂਟ ਵਿਚ ਬਣਾਈਆਂ 765 ਦੌੜਾਂ ਲਈ ‘ਪਲੇਅਰ ਆਫ ਦੀ ਸੀਰੀਜ‘ ਐਲਾਨਿਆ ਗਿਆ। ਕੋਹਲੀ ਨੇ 95.62 ਦੀ ਔਸਤ ਤੇ 90.31 ਦੇ ਸਟਰਾਈਕ ਰੇਟ ਨਾਲ ਤਿੰਨ ਸੈਂਕੜੇ ਤੇ ਦੋ ਨੀਮ ਸੈਂਕੜੇ ਵੀ ਜੜੇ। ਉਂਜ ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਬੱਲੇਬਾਜ਼ ਨੇ 700 ਦੌੜਾਂ ਬਣਾਈਆਂ। ਕੋਹਲੀ ਨੇ ਸਚਿਨ ਤੇਂਦੁਲਕਰ ਵੱਲੋਂ 2003 ਵਿਸ਼ਵ ਕੱਪ ਵਿਚ ਬਣਾਏ 673 ਦੌੜਾਂ ਦੇ ਰਿਕਾਰਡ ਨੂੰ ਤੋੜਿਆ।
ਆਸਟਰੇਲੀਆ ਨੇ ਭਾਰਤ ਵੱਲੋਂ ਦਿੱਤੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੈੱਡ ਦੀ 137 ਦੌੜਾਂ ਦਾ ਪਾਰੀ (ਚਾਰ ਛੱਕੇ ਤੇ 15 ਚੌਕੇ) ਤੋਂ ਇਲਾਵਾ ਮਾਰਨਸ ਲਾਬੂਸ਼ੇਨ (110 ਗੇਂਦਾਂ ਵਿੱਚ ਨਾਬਾਦ 58 ਦੌੜਾਂ) ਨਾਲ ਚੌਥੇ ਵਿਕਟ ਲਈ 192 ਦੌੜਾਂ ਦੀ ਭਾਈਵਾਲੀ ਸਦਕਾ 43 ਓਵਰ ਵਿਚ ਚਾਰ ਵਿਕਟ ‘ਤੇ 241 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤ ਜੌਹੈੱਨਸਬਰਗ ਵਿਚ 2003 ਵਿਸ਼ਵ ਕੱਪ ਦੇ ਫਾਈਨਲ ਵਿਚ ਆਸਟਰੇਲੀਆ ਖ਼ਿਲਾਫ਼ ਮਿਲੀ ਹਾਰ ਦਾ ਬਦਲਾ ਲੈਣ ਵਿਚ ਵੀ ਨਾਕਾਮ ਰਿਹਾ। ਆਸਟਰੇਲੀਆ ਨੇ ਇਸ ਤੋਂ ਪਹਿਲਾਂ 1987, 1999, 2003, 2007 ਤੇ 2015 ਵਿਚ ਵੀ ਖਿਤਾਬੀ ਜਿੱਤ ਦਰਜ ਕੀਤੀ ਸੀ ਜਦੋਂਕਿ ਭਾਰਤ ਨੇ 1983 ਤੇ 2011 ਵਿਚ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤੀ ਪਾਰੀ ਲੋਕੇਸ਼ ਰਾਹੁਲ (66) ਤੇ ਵਿਰਾਟ ਕੋਹਲੀ (54) ਦੇ ਨੀਮ ਸੈਂਕੜਿਆਂ ਤੇ ਦੋਵਾਂ ਦਰਮਿਆਨ ਚੌਥੇ ਵਿਕਟ ਲਈ 67 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ 50 ਓਵਰਾਂ ਵਿਚ 240 ਦੌੜਾਂ ‘ਤੇ ਸਿਮਟ ਗਈ। ਕਪਤਾਨ ਰੋਹਿਤ ਸ਼ਰਮਾ (47) ਨੇ ਪਾਰੀ ਦਾ ਆਗਾਜ਼ ਕਰਦੇ ਹੋਏ ਇਕ ਵਾਰ ਫਿਰ ਤੇਜ਼ਤੱਰਾਰ ਪਾਰੀ ਖੇਡੀ। ਆਸਟਰੇਲੀਆ ਲਈ ਸਟਾਰਕ 55 ਦੌੜਾਂ ਬਦਲੇ ਤਿੰਨ ਵਿਕਟ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਕਪਤਾਨ ਪੈਟ ਕਮਿਨਸ ਤੇ ਜੋਸ਼ ਹੇਜਲਵੁੱਡ ਦੇ ਹਿੱਸੇ ਦੋ ਦੋ ਵਿਕਟਾਂ ਆਈਆਂ। ਭਾਰਤੀ ਬੱਲੇਬਾਜ਼ਾਂ ਨੇ ਟੂਰਨਾਮੈਂਟਾਂ ਦੇ ਬਾਕੀ ਮੁਕਾਬਲਿਆਂ ਤੋਂ ਉਲਟ ਫਾਈਨਲ ਵਿਚ ਵਧੇਰੇ ਰੱਖਿਆਤਮਕ ਰਵੱਈਆ ਅਪਣਾਇਆ ਤੇ ਟੀਮ ਆਖਰੀ 40 ਓਵਰਾਂ ਵਿਚ ਸਿਰਫ ਚਾਰ ਚੌਕੇ ਹੀ ਜੜ ਸਕੀ, ਜੋ ਆਸਟਰੇਲਿਆਈ ਗੇਂਦਬਾਜ਼ਾਂ ਦੇ ਦਬਦਬੇ ਨੂੰ ਦਰਸਾਉਂਦਾ ਸੀ। ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਸ਼ੁਰੂਆਤ ਵੀ ਖਰਾਬ ਰਹੀ ਤੇ ਟੀਮ ਨੇ 47 ਦੌੜਾਂ ਦੇ ਸਕੋਰ ਤੱਕ ਪਹੁੰਚਦਿਆਂ ਤਿੰਨ ਵਿਕਟ ਗੁਆ ਲਏ। ਸ਼ਮੀ ਨੇ ਸੈਮੀਫਾਈਨਲ ਦੀ ਤਰਜ਼ ‘ਤੇ ਫਾਈਨਲ ਵਿਚ ਵੀ ਮੈਚ ਦੀ ਆਪਣੀ ਪਹਿਲੀ ਗੇਂਦ ‘ਤੇ ਵਿਕਟ ਲਿਆ। ਸ਼ਮੀ ਨੇ ਡੈਵਿਡ ਵਾਰਨਰ (7) ਨੂੰ ਸਲਿਪ ਵਿਚ ਕੋਹਲੀ ਹੱਥੋਂ ਕੈਚ ਕਰਵਾਇਆ। ਜਸਪ੍ਰੀਤ ਬੁਮਰਾਹ ਨੇ ਮਿਸ਼ੇਲ ਮਾਰਸ਼ (15) ਨੂੰ ਆਪਣਾ ਸ਼ਿਕਾਰ ਬਣਾਇਆ। ਲੋਕੇਸ਼ ਰਾਹੁਲ ਨੇ ਵਿਕਟਾਂ ਪਿੱਛੇ ਮਾਰਸ਼ ਦਾ ਕੈਚ ਫੜਿਆ। ਬੁਮਰਾਹ ਨੇ ਅਗਲੇ ਓਵਰ ਵਿਚ ਸਟੀਵ ਸਮਿੱਥ (4) ਨੂੰ ਲੱਤ ਅੜਿੱਕਾ ਆਊਟ ਕੀਤਾ। ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ ਨੇ ਹਾਲਾਂਕਿ ਕਰੀਜ਼ ਦਾ ਇਕ ਸਿਰਾ ਸੰਭਾਲੀ ਰੱਖਿਆ। ਹੈੱਡ ਨੇ ਮਗਰੋਂ ਲਾਬੂਸ਼ੇਨ ਨਾਲ ਮਿਲ ਕੇ ਟੀਮ ਨੂੰ ਜਿੱਤ ਦੀ ਦਹਿਲੀਜ਼ ‘ਤੇ ਪਹੁੰਚਾਇਆ। ਆਸਟਰੇਲਿਆਈ ਕਪਤਾਨ ਕਮਿਨਸ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ।
ਬੱਲੇਬਾਜ਼ੀ ‘ਚ ਕੋਹਲੀ, ਗੇਂਦਬਾਜ਼ੀ ‘ਚ ਸ਼ਮੀ ਅੱਵਲ
ਅਹਿਮਦਾਬਾਦ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਇਸੇ ਤਰ੍ਹਾਂ ਮੁਹੰਮਦ ਸ਼ਮੀ ਸ਼ੁਰੂਆਤੀ ਚਾਰ ਮੈਚਾਂ ‘ਚੋਂ ਬਾਹਰ ਰਹਿਣ ਦੇ ਬਾਵਜੂਦ ਇਸ ਵਿਸ਼ਵ ਕੱਪ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਕੋਹਲੀ ਨੇ ਵਿਸ਼ਵ ਕੱਪ 2023 ਵਿਚ 11 ਮੈਚਾਂ ਵਿਚ 95.92 ਦੀ ਔਸਤ ਨਾਲ 765 ਦੌੜਾਂ ਬਣਾਈਆਂ, ਜੋ ਵਿਸ਼ਵ ਰਿਕਾਰਡ ਹੈ। ਉਸ ਨੇ ਤਿੰਨ ਸੈਂਕੜੇ ਅਤੇ ਛੇ ਨੀਮ ਸੈਂਕੜੇ ਜੜੇ। ਹਾਲਾਂਕਿ ਉਹ ਭਾਰਤ ਨੂੰ ਇਕ ਵਾਰ ਫਿਰ ਚੈਂਪੀਅਨ ਬਣਵਾਉਣ ਵਿਚ ਨਾਕਾਮ ਰਿਹਾ। ਕੋਹਲੀ ਨੇ ਆਪਣੇ ਆਦਰਸ਼ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 2003 ਵਿਸ਼ਵ ਕੱਪ ਵਿਚ 673 ਦੌੜਾਂ ਬਣਾਈਆਂ ਸਨ। ਭਾਰਤੀ ਕਪਤਾਨ ਰੋਹਿਤ ਸ਼ਰਮਾ 11 ਮੈਚਾਂ ਵਿਚ ਇਕ ਸੈਂਕੜੇ ਅਤੇ ਤਿੰਨ ਨੀਮ ਸੈਂਕੜਿਆਂ ਦੀ ਮਦਦ ਨਾਲ 54.27 ਦੀ ਔਸਤ ਨਾਲ 597 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ ‘ਤੇ ਰਿਹਾ।