ਡਾ. ਸੁਖਪਾਲ
ਫੋਨ: 365-777-1111
ਮੈਂ ਡਾ. ਸੁਰਜੀਤ ਨੂੰ ਸਿਰਫ਼ ਇਕ ਵਾਰੀ 20 ਵਰ੍ਹੇ ਪਹਿਲਾਂ ਮਿiਲ਼ਆ। ਫਿਰ ਕਦੀ ਮੁਲਾਕਾਤ ਜਾਂ ਗੱਲਬਾਤ ਨਾ ਹੋਈ, ਹੁਣ ਵਾਲ਼ੀ ਘਟਨਾ ਮਗਰੋਂ ਵੀ ਨਹੀਂ। ਨਾ ਮੈਂ ਉਨ੍ਹਾਂ ਤੋਂ, ਨਾ ਉਨ੍ਹਾਂ ਮੇਰੇ ਤੋਂ ਕੋਈ ਕੰਮ ਲਿਆ। ਵਾਪਰੀ ਘਟਨਾ ਬਾਰੇ ਮੇਰੀ ਸਿਰਫ਼ ਦੋ ਜਣਿਆਂ ਨਾਲ ਗੱਲ ਹੋਈ, ਇਕ ਸੁਣਿਆ-ਸੁਣਾਇਆ ਉਨ੍ਹਾਂ ਦੇ ਖ਼ਿਲਾਫ਼ ਸੀ, ਦੂਜਾ ਉਨ੍ਹਾਂ ਦਾ ਪੁਰਾਣਾ ਵਿਦਿਆਰਥੀ ਉਨ੍ਹਾਂ ਦੇ ਹੱਕ ਵਿਚ ਸੀ। ਬਾਕੀ ਵੇਰਵਾ ਮੈਂ ਫ਼ੇਸਬੁੱਕ ਤੋਂ ਪੜ੍ਹਿਆ।
35 ਵਰ੍ਹੇ ਪਹਿਲਾਂ ਪੀ ਏ ਯੂ ਵਿਚ ਪੜ੍ਹਾਉਂਦਿਆਂ ਕੁਝ ਖਾੜਕੂ ਵਿਦਿਆਰਥੀਆਂ ਦੀ ਧੱਕੜਬਾਜ਼ੀ ਦਾ ਵਿਰੋਧ ਕਰਦਿਆਂ ਮੈਂ ਵੀ ਉਨ੍ਹਾਂ ਦੇ ਹਮਲੇ ਦਾ ਸ਼ਿਕਾਰ ਹੋਇਆ ਸਾਂ। ਉਸਦਾ ਨਤੀਜਾ ਯੂਨੀਵਰਸਿਟੀ ਵਿਚ ਢਾਈ ਮਹੀਨੇ ਲੰਮੀ ਹੜਤਾਲ ਵਜੋਂ ਨਿਕਲਿਆ। ਦੋ ਗੱਲਾਂ ਦਾ ਪਰਛਾਵਾਂ ਡਾ. ਸੁਰਜੀਤ ਵਾਲ਼ੀ ਘਟਨਾ ‘ਤੇ ਸਪੱਸ਼ਟ ਹੈ:
ਯੂਨੀਵਰਸਿਟੀਆਂ ਚਿਰਾਂ ਤੋਂ ਸਿਆਸੀ ਅਖਾੜੇ ਹਨ। ਚੋਣਾਂ ਜਾਂ ਸਿਆਸੀ ਲੜਾਈਆਂ ਜਿੱਤਣ, ਗਊ ਰੱਖਿਅਕ ਜਾਂ ਗਰਮ ਖਾੜਕੂ (ਨਕਸਲੀ ਜਾਂ ਧਾਰਮਿਕ) ਖ਼ੂਨ ਲੱਭਣ, ਅਤੇ ਅਗਲੀ ਪੁਸ਼ਤ ਨੂੰ ਨਿਜੀ ਹੱਥ ਹੇਠ ਰੱਖਣ ਲਈ ਇਹ ਮੁਫ਼ੀਦ ਥਾਵਾਂ ਹਨ। ਲੜਾਈਆਂ ਦਾ ਮੁੱਦਾ ਕੋਈ ਚਾਣਚੱਕ ਘਟਨਾ ਬਣਦੀ ਹੈ, ਅਸਲ ਕਾਰਨ ਜਾਂ ਮਕਸਦ ਕਿਸੇ ਖਾਸ ਧੜੇ ਜਾਂ ਪਾਰਟੀ ਦੀ ਪ੍ਰਭੂਸੱਤਾ ਦੀ ਸਥਾਪਤੀ ਹੁੰਦੀ ਹੈ।
ਪੰਜਾਬ ਵਿਚ ਦੋ ਧਿਰਾਂ-ਧਰਮ ਅਤੇ ਮਾਰਕਸਵਾਦ ਨਾਲ ਸਬੰਧਤ ਬੰਦਿਆਂ ਨੇ ਹੀ ਵਧੇਰੇ ਕਰਕੇ ਪ੍ਰਭਾਵਸ਼ਾਲੀ ਜਾਂ ਅਸਰਦਾਰ ਕੰਮ ਕੀਤੇ ਹਨ। ਦੋਵੇਂ ਅਨਿਆਂ ਦੇ ਵਿਰੁੱਧ ਹਨ, ਸਾਂਝੀਵਾਲ਼ਤਾ ਦੇ ਹੱਕ ਵਿਚ ਹਨ, ਪਰ ਉਲਟੇ ਧਰੁਵਾਂ ‘ਤੇ ਜੀਂਦੀਆਂ ਹਨ। ਇਨ੍ਹਾਂ ਦੋਹਾਂ ਧਿਰਾਂ ਦਰਮਿਆਨ ਯੁੱਧ ਕਰਵਾ ਕੇ ਅੱਧਾ ਪੰਜਾਬ ਕਦੀ ਵੀ ਗਰਕਾਇਆ ਜਾ ਸਕਦਾ ਹੈ। ਜਿਹੜਾ ਮਾਈ ਦਾ ਲਾਲ ਇਨ੍ਹਾਂ ਦੋਹਾਂ ਨੂੰ ਇਕੱਠਿਆਂ ਕਰ ਸਕੇਗਾ, ਉਹ ਪੰਜਾਬ ਦਾ ਅੱਧਾ ਦੁੱਖ ਹੱਲ ਕਰ ਲਵੇਗਾ।
ਡਾ. ਸੁਰਜੀਤ ਦੇ ਮੌਜੂਦਾ ਮਾਮਲੇ ਵਿਚ ਕੁਝ ਗੱਲਾਂ ਨੇ ਬਹੁਤ ਉਦਾਸ ਕੀਤਾ ਹੈ:
1. ਮਤਭੇਦ ਕਿਸੇ ਨੂੰ ਵੀ ਦੂਜੇ ਨਾਲ਼ ਹੋ ਸਕਦਾ ਹੈ। ਵੱਡਾ ਸੁਆਲ ਇਹ ਹੈ – ਅਸੀਂ ਮਤਭੇਦ ਹਿੰਸਾ ਨਾਲ ਸੁਲਝਾਉਣੇ ਹਨ, ਕਾਨੂੰਨ ਨਾਲ, ਜਾਂ ਵਾਰਤਾਲਾਪ ਨਾਲ? ਇਹ ਚੋਣ ਹੀ ਨਿਰਣਾ ਕਰਦੀ ਹੈ- ਸਾਥੋਂ ਕਿਸ ਤਰ੍ਹਾਂ ਦਾ ਸਮਾਜ ਅਤੇ ਰਾਜ-ਪ੍ਰਬੰਧ ਆਪਣੇ, ਸਾਥੀਆਂ ਅਤੇ ਬੱਚਿਆਂ ਲਈ ਘੜਿਆ ਜਾਵੇਗਾ? ਹਿੰਸਾ ਨਾਲ ਸ਼ਾਇਦ ਇਕ ਅੱਧ ਵਾਰ ਸਹੀ ਨਿਆਂ ਹੋ ਸਕੇ, ਪਰ ਭਵਿੱਖ ਵਿਚ ਏਹਦੀ ਦੁਰਵਰਤੋਂ ਲਾਜ਼ਮੀ ਹੈ। ਫਿਰ ਡਾਹਢੇ ਦਾ ਸੱਤੀ ਵੀਹੀਂ ਸੌ ਹੋਏਗਾ ਹੀ, ਫਿਰ ਵੱਧ ਹਿੰਸਾ ਕਰ ਸਕਣ ਵਾਲ਼ਾ ਨਿਆਂ ਨੂੰ ਧੱਕ ਕੇ ਆਪਣੇ ਖੇਮੇ ਵਿਚ ਲੈ ਹੀ ਜਾਵੇਗਾ।
ਜੇਕਰ ਵਾਰਤਾਲਾਪ ਨਾਲ ਹੱਲ ਨਹੀਂ ਮਿਲ ਰਿਹਾ ਤਾਂ ਸਾਨੂੰ ਏਸ ਤਰ੍ਹਾਂ ਦਾ ਨਿਆਂਇਕ ਸਿਸਟਮ ਹਰ ਪੱਧਰ ‘ਤੇ ਸਥਾਪਤ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ, ਨਾ ਕਿ ਹਿੰਸਾ ਰਾਹੀਂ ਖ਼ੁਦ ਨੂੰ ਠੀਕ ਜਾਪਦਾ ਹੱਲ ਦੂਜਿਆਂ `ਤੇ ਧੱਕੋਜ਼ੋਰੀ ਮੜ੍ਹ ਦੇਣਾ ਚਾਹੀਦਾ ਹੈ। ਯੂਨੀਵਰਸਿਟੀਆਂ ਹੀ ਤਾਂ ਉਹ ਥਾਂ ਹਨ ਜਿੱਥੇ ਅਸੀਂ ਨਵੇਂ ਸਿਸਟਮ ਘੜਦੇ ਹਾਂ, ਪੁਰਾਣਿਆਂ ਨੂੰ ਬਦਲਣ ਦਾ ਰਾਹ ਲਭਦੇ ਹਾਂ। ਜੇ ਅਜਿਹੀ ਥਾਂ `ਤੇ ਵੀ ਅਸੀਂ ਸਰੀਰਕ ਬਲ ਨਾਲ ਹੀ ਕੰਮ ਕੱਢਣੇ ਹਨ ਤਾਂ ਫਿਰ …
2. ਉਸ ਦਿਨ ਤਾਂ ਮੈਂ ਭੁੰਜੇ ਲਹਿ ਗਿਆ ਮਹਿਸੂਸ ਕੀਤਾ ਜਿਸ ਦਿਨ ਡਾ. ਸੁਰਜੀਤ ਦੇ ਵਿਰੋਧੀਆਂ ਦੀਆਂ ਫ਼ੇਸਬੁੱਕ ਲਿਖ਼ਤਾਂ ਵਿਚ ਮੈਂ ਇਕ ਜਣੇ ਨੂੰ ਇਹ ਕਹਿੰਦਿਆਂ ਪੜ੍ਹਿਆ– ‘ਬੀੜੀ-ਮਾਸਟਰ ਪਾਸ਼ ਵਾਂਗੂੰ ਏਹਦਾ (ਡਾ. ਸੁਰਜੀਤ ਦਾ) ਅੰਤ ਵੀ ਕੋਈ ਯੋਧਾ ਕਰੇਗਾ…“।
ਮੈਂ ਕਮਜ਼ੋਰ-ਦਿਲ ਨਹੀਂ, ਜੀਵਨ ਵਿਚ ਕੁਝ ਕੁ ਵਾਰੀ ਮਾਰੇ ਜਾਣ ਦਾ ਖ਼ਤਰਾ ਵੀ ਝੱਲਿਆ ਹੈ, ਬੇਘਰ ਹੋਏ, ਲੰਮਾ ਸਮਾਂ ਇਕੱਲਿਆਂ ਵੀ ਬਿਤਾਇਆ ਹੈ, ਪਰ ਮਜ਼ਬੂਤ ਹੋਣ ਦਾ ਅਰਥ ਸੰਵੇਦਨਹੀਣ ਹੋਣਾ ਨਹੀਂ ਹੁੰਦਾ! ਜਿੱਡਾ ਦੁੱਖ ਜਸ਼ਨਪ੍ਰੀਤ ਦੀ ਮੌਤ ਬਾਰੇ ਸੁਣ ਕੇ ਹੋਇਆ, ਓਡਾ ਦੁੱਖ ਇਹ ਗੱਲ ਪੜ੍ਹ ਕੇ ਵੀ ਹੋਇਆ। ਏਹੀ ਦੁੱਖ ਹੋਵੇਗਾ ਜੇ ਕੋਈ ਡਾ. ਸੁਰਜੀਤ ਦੇ ਵਿਰੋਧੀ ਬਾਰੇ ਅਜਿਹੀ ਧਮਕੀ ਦੇਵੇ।
ਜਦੋਂ ਅਸੀਂ ਗੱਲਬਾਤ ਨਾਲ ਮਸਲਾ ਹੱਲ ਨਾ ਕਰ ਸਕੀਏ ਤਾਂ ਕੀ ਏਨੀ ਗੱਲ ਪਿੱਛੇ ਵਿਰੋਧੀ ਨੂੰ ਮਾਰ ਦੇਣਾ (ਜਾਂ ਅਜਿਹਾ ਸੋਚਣਾ) ਜਾਇਜ਼ ਹੈ? ਜੇ ਮੇਰਾ ਬੱਚਾ ਮੇਰੇ ਨਾਲ ਬਹਿਸ ਕਰੇ, ਉਹਦੀਆਂ ਦਲੀਲਾਂ ਦਾ ਮੇਰੇ ਕੋਲ ਜੁਆਬ ਨਾ ਹੋਵੇ, ਜਾਂ ਉਹ ਮੇਰੀ ਦਲੀਲ ਸੁਣ ਹੀ ਨਾ ਰਿਹਾ ਹੋਵੇ- ਤਾਂ ਕੀ ਮੈਨੂੰ ਉਸਨੂੰ ਮਾਰ ਦੇਣਾ ਚਾਹੀਦਾ ਹੈ? ਫਿਰ ਮੇਰੇ ਅਤੇ ਔਰੰਗਜ਼ੇਬ ਵਿਚ ਕੀ ਫ਼ਰਕ ਹੈ?
ਕੀ ਮੌਤ ਹੀ ਹਰ ਔਖੀ ਸਮੱਸਿਆ ਦਾ ਹੱਲ ਹੈ? ਕੀ ਸਮਾਂ, ਸੋਚ, ਵਿਚਾਰ, ਪਿਆਰ, ਸਾਂਝ, ਗੱਲਬਾਤ – ਕੋਈ ਹੱਲ ਨਹੀਂ? ਜੇ ਸਾਨੂੰ ਪੱਕਾ ਯਕੀਨ ਹੈ ਕਿ ਦੂਜਾ ਬੰਦਾ ਹਰ ਹਾਲ ਗ਼ਲਤ ਹੀ ਹੈ ਤੇ ਅਸੀਂ ਹੀ ਸਭ ਮੌਕਿਆਂ ਤੇ ਠੀਕ ਹਾਂ- ਤਾਂ ਵੀ ਸਾਡੇ ਲਈ ਗ਼ਾਲਿਬ ਦੀਆਂ ਕੀਮਤੀ ਸਤਰਾਂ ਹਨ: “ਆ ਹੀ ਜਾਤਾ ਵੋ ਰਾਹ ਪਰ ਗ਼ਾਲਿਬ, ਕੋਈ ਦਿਨ ਔਰ ਗ਼ਰ (ਹਮ) ਜੀਏ ਹੋਤੇ …“।
ਸੰਸਾਰ ਵਿਚ ਉਨ੍ਹਾਂ ਮੁਲਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜਿਹੜੇ ਫ਼ਾਂਸੀ ਦੀ ਸਜ਼ਾ ਖ਼ਤਮ ਕਰਕੇ ਉਮਰ-ਕੈਦ ਵਿਚ ਬਦਲ ਰਹੇ ਹਨ, ਇਸ ਅਹਿਸਾਸ ਨਾਲ਼ ਕਿ – ਜ਼ਿੰਦਗੀ ਤੇ ਮੌਤ ਕੁਦਰਤ ਜਾਂ ਰੱਬ ਦੇ ਹੱਥ ਹਨ, ਓਸੇ ਦੇ ਹੱਥ ਹੀ ਰਹਿਣ ਦੇਣੇ ਚਾਹੀਦੇ ਹਨ, ਬੰਦੇ ਨੂੰ ਮੌਤ-ਵੰਡਦਾ ਰੱਬ ਨਹੀਂ ਬਣਨਾ ਚਾਹੀਦਾ! ਦੂਜੀ ਗੱਲ: ਬੰਦਾ ਬੁਰਾ ਵੀ ਹੋਵੇ, ਜਿਊਂਦੇ-ਜੀਅ ਉਸਦੇ ਬਦਲ ਜਾਣ ਦੀ ਅਤੇ ਭਵਿੱਖ ਵਿਚ ਚੰਗਾ ਕਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ ! ਇਸੇ ਕਰਕੇ ਨਾਨਕ ਸੱਜਣ ਠੱਗ ਜਾਂ ਮਲਕ ਭਾਗੋ ਨੂੰ ਬਦਲਦੇ ਹਨ, ਉਨ੍ਹਾਂ ਨੂੰ ਮਾਰਣ ਦਾ ਸੱਦਾ ਨਹੀਂ ਦੇਂਦੇ …
3. ਸਰੀਰਕ ਬਲ ਦੀ ਸਿਖ਼ਰ ਏਹੀ ਹੈ ਕਿ ਅਸੀਂ ਦੂਜੇ ਬੰਦੇ ਦਾ ਸਰੀਰ ਖ਼ਤਮ ਕਰ ਦੇਈਏ, ਪਰ ਉਸ ਬੰਦੇ ਦੇ ਮਨ ਦਾ ਅੰਤ ਕਿਵੇਂ ਕਰਾਂਗੇ? ਪਾਸ਼ ਦਾ ਅੰਤ ਕਰਕੇ ਵੀ ਉਹਦੀ ਸੋਚ ਦਾ ਅੰਤ ਨਾ ਹੋ ਸਕਿਆ! ਉਂਜ ਵੀ – ਉਹ ਸੋਚ ਪਾਸ਼ ਦੀ ਨਿਜੀ ਨਹੀਂ ਸੀ, ਕਈ ਸੈਂਕੜੇ ਹਜ਼ਾਰਾਂ ਦੀ ਹੈ, ਸਿਰਫ਼ ਉਸ ਸੋਚ ਨੂੰ ਬਿਆਨਣ ਦਾ ਤਰੀਕਾ ਪਾਸ਼ ਦਾ ਨਿਜੀ ਸੀ। ਮਾਰ ਦੇਣ ਨਾਲ ਪਾਸ਼ ਤਾਂ ਕੀ, ਉਹਦਾ ਬੋਲ-ਮੁਹਾਵਰਾ ਵੀ ਨਾ ਮੁਕਾਇਆ ਜਾ ਸਕਿਆ। ਬਹੁਤ ਲੋਕ ਪਾਸ਼ ਵਾਂਗ ਲਿਖਣ ਲਗ ਪਏ। ਇਹ ਗੱਲ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਵੀ ਵਾਪਰੀ।
ਜਿਸ ਬੰਦੇ ਨੇ ਡਾ. ਸੁਰਜੀਤ ਦੇ ਪ੍ਰਸੰਗ ਵਿਚ ਪਾਸ਼ ਵਾਲ਼ੀ ਗੱਲ ਫ਼ੇਸਬੁੱਕ `ਤੇ ਕਹੀ ਹੈ– ਜੇ ਸਹੀ ਸੋਚਦਾ ਹੈ ਤਾਂ ਉਹ ਵੀ ਸਿਆਸੀ ਜਾਂ ਆਰਥਿਕ ਅਨਿਆਂ ਦੇ ਹੱਕ ਵਿਚ ਨਹੀਂ ਹੋਣਾ। ਬਹੁਤ ਸੰਭਾਵਨਾ ਹੈ- ਉਸਨੇ ਪਾਸ਼ ਨੂੰ ਪੜ੍ਹਿਆ ਨਹੀਂ ਹੋਣਾ, ਜਾਂ ਪਾਸ਼ ਦੇ ਫ਼ਿਕਰਾਂ ਤੇ ਗ਼ੌਰ ਨਹੀਂ ਕੀਤਾ ਹੋਣਾ। ਪਾਸ਼ ਵੀ ਆਮ ਬੰਦੇ ਖ਼ਾਤਰ ਸਿਆਸੀ ਅਤੇ ਆਰਥਿਕ ਅਨਿਆਂ ਵਿਰੁੱਧ ਲੜਣ ਵਾਲ਼ਾ ਬੰਦਾ ਸੀ। ਕੀ ਸਾਡਾ ਝਗੜਾ ਸੱਚਮੁੱਚ ਓਨਾ ਵੱਡਾ ਹੈ ਜਿੰਨਾ ਸਾਨੂੰ ਦਿਸਦਾ ਹੈ? ਪਾਸ਼ ਨੂੰ ਇਸ ਲਈ ਮਾਰਣਾ ਕਿ ਉਹ ਬੀੜੀ ਪੀਂਦਾ ਸੀ, ਅਰਥਾਤ ਸਿੱਖ ਹੁੰਦਿਆਂ ਧਾਰਮਕ ਰਹੁ-ਰੀਤ ਨਹੀਂ ਪਾਲ਼ਦਾ ਸੀ…ਇਸ ਲਈ ਉਹ ਕਤਲ ਕੀਤੇ ਜਾਣ ਦਾ ਹੱਕਦਾਰ ਹੈ…ਤਾਂ ਅਸੀਂ ਉਸ ਸਮਾਜ ਨੂੰ ਘੜ ਰਹੇ ਹਾਂ ਜਿਸ ਵਿਚ ਕਿਸੇ ਦੇ ਵਿਚਾਰਾਂ ਸੰਘਰਸ਼ ਜਾਂ ਕਰਮਾਂ ਦਾ ਕੋਈ ਮੁੱਲ ਨਹੀਂ, ਸਿਰਫ਼ ਉਹਦੇ ਰਹਿਣ ਸਹਿਣ ਦੇ ਵਖਰੇਵੇਂ ਕਰਕੇ ਹੀ ਉਹਨੂੰ ਮੌਤ ਦਿੱਤੀ ਜਾ ਸਕਦੀ ਹੈ। ਕੀ ਜ਼ਕਰੀਆ ਖ਼ਾਨ ਵੀ ਇਹੀ ਨਹੀਂ ਕਰਦਾ ਸੀ?
ਸਵਾ ਸੌ ਵਰ੍ਹੇ ਉਮਰ ਜੀਣ ਵਾਲ਼ੇ ਬਾਬਾ ਸ੍ਰੀ ਚੰਦ ਜੀ ਨੇ ਯੋਗ ਸਾਧਨਾ ਰਾਹੀਂ ਆਤਮਕ ਉਚਾਈ ਹਾਸਲ ਕੀਤੀ, ਆਪਣੇ ਸ਼ਿਸ਼ ਬਣਾਏ ਤੇ ਆਪਣਾ ਉਦਾਸੀ ਮਤ ਚਲਾਇਆ ਜੋ ਅਜੇ ਵੀ ਕਾਇਮ ਹੈ। ਉਨ੍ਹਾਂ ਆਪਣੇ ਪਿਤਾ ਗੁਰੂ ਨਾਨਕ ਦੇਵ ਜੀ ਦਾ ਰਾਹ ਅਖ਼ਤਿਆਰ ਨਹੀਂ ਕੀਤਾ। ਦੂਜੇ ਪੁੱਤਰ ਬਾਬਾ ਲਖਮੀ ਚੰਦ ਤਾਂ ਸੰਸਾਰੀ ਬੰਦੇ ਹੀ ਬਣੇ ਰਹੇ। ਦੋਹਾਂ ਪੁੱਤਰਾਂ ਦਾ ਪਿਤਾ ਨਾਲੋਂ ਫ਼ਰਕ ਰਹਿਣ-ਸਹਿਣ ਤੋਂ ਵਧ ਕੇ ਵਿਚਾਰਧਾਰਕ ਵੀ ਸੀ। ਬਾਬੇ ਨਾਨਕ ਨੇ ਖਤਰੀ ਹੁੰਦਿਆਂ ਵੀ ਆਪਣੇ ਪੁੱਤ ਏਸ ਗੱਲੋਂ ਤਾਂ ਨਹੀਂ ਮਾਰ ਦਿੱਤੇ ਕਿ ਉਹ ਮੇਰੇ ਤਰੀਕੇ ਜਾਂ ਮੇਰੇ ਪਿੱਛੇ ਕਿਉਂ ਨਹੀਂ ਚਲਦੇ?
ਬਾਬਾ ਸ੍ਰੀ ਚੰਦ ਜਦੋਂ ਗੁਰੂ ਰਾਮਦਾਸ ਜੀ ਨੂੰ ਮਿਲ਼ਣ ਆਏ ਤਾਂ ਹੱਸ ਕੇ ਪੁੱਛਿਆ: ‘ਏਨਾ ਲੰਮਾ ਦਾੜ੍ਹਾ ਕਿਉਂ ਵਧਾਇਆ ਹੈ?’ ਗੁਰੂ ਸਾਹਿਬ ਬੋਲੇ: “ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਣ ਲਈ !” ਕਹਿੰਦੇ ਹਨ, ਗੁਰੂ ਜੀ ਨੇ ਸੱਚਮੁੱਚ ਆਪਣੇ ਦਾੜ੍ਹੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਚਰਨ ਝਾੜੇ ਤਾਂ ਉਨ੍ਹਾਂ ਭਾਵ-ਵਿਭੋਰ ਹੋ ਕੇ ਆਖਿਆ, ‘ਏਸੇ ਨਿਮਰਤਾ ਕਰਕੇ ਹੀ ਇਹ ਗੁਰਗੱਦੀ ਸਾਨੂੰ ਨਹੀਂ, ਤੁਹਾਨੂੰ ਪ੍ਰਾਪਤ ਹੋਈ ਹੈ!” ਸਿੱਖਾਂ ਦਾ ਵੱਡਾ ਗੁਰੂ ਉਸ ਮਨੁੱਖ ਦੇ ਚਰਨ ਝਾੜ ਰਿਹਾ ਸੀ ਜਿਸਨੇ ਸਿੱਖ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਮਨੁੱਖੀ ਸਮਾਜਿਕ ਵਿਕਾਸ ਵਿਚ ਡੈਮੋਕ੍ਰੇਸੀ ਵੱਡੀ ਪੁਲਾਂਘ ਹੈ, ਅਜੇ ਅਸੀਂ ਏਸਨੂੰ ਪੂਰੀ ਤਰ੍ਹਾਂ ਹਾਸਲ ਨਹੀਂ ਕੀਤਾ। ਡੈਮੋਕ੍ਰੇਸੀ ਦਾ ਮੂਲ ਮੰਤਵ ਇਹ ਹੈ ਕਿ ਧਰਤੀ ਉਪਰ ਸਰੀਰਕ ਬਲ ਨਾਲ ਸਭਿਅਤਾ ਸਥਾਪਤ ਕਰ ਲੈਣ ਵਾਲ਼ਾ ਮਨੁੱਖ, ਸਥਾਪਤ ਹੋ ਗਈ ਸਭਿਅਤਾ ਨੂੰ ਜੰਗਲ਼ ਵਾਂਗ ਸਰੀਰਕ ਬਲ ਨਾਲ਼ ਨਾ ਚਲਾਵੇ। ਏਸ ਵਿਚ ਹਰ ਵੱਖਰੇ ਵਿਚਾਰ ਲਈ ਥਾਂ ਹੋਵੇ, ਹਰ ਮਤਭੇਦ ਨੂੰ ‘ਰੋਸੁ ਨਾ ਕੀਜੈ, ਉਤਰੁ ਦੀਜੈ’ ਦੇ ਵਾਕ ਅਨੁਸਾਰ ਹੱਲ ਕੀਤਾ ਜਾਵੇ …
4. ਜੇ ਸਾਡਾ ਮਕਸਦ ਸਹੀ ਹੈ ਤਾਂ ਉਸਨੂੰ ਹਾਸਲ ਕਰਨ ਦੇ ਸਾਡੇ ਤਰੀਕੇ ਵੀ ਸਹੀ ਹੋਣੇ ਚਾਹੀਦੇ ਹਨ। ਸੋਸ਼ਲ ਮੀਡੀਆ ਦੇ ਸਪੇਸ ‘ਤੇ ਜਦ ਅਸੀਂ ਲਿਖ਼ਦੇ ਜਾਂ ਲੜਦੇ ਹਾਂ ਤਾਂ ਸਾਡਾ ਹਥਿਆਰ ਸ਼ਬਦ (ਜਾਂ ਚਿੱਤਰਣ) ਹੈ। ਯੋਧੇ ਲੜਣੋਂ ਪਹਿਲਾਂ ਆਪਣੇ ਹਥਿਆਰ ਸੁੱਚੇ ਕਰਦੇ ਸਨ। ਸਾਡਾ ਸ਼ਬਦ ਵੀ ਲੜਣ ਵੇਲ਼ੇ ਸੁੱਚਾ ਹੋਣਾ ਚਾਹੀਦਾ ਹੈ। ਗਾਉਣ ਵਾਲ਼ੇ ਅੰਦਰੋਂ ਉਠਦਾ ਰਾਗ ਸ਼ੁੱਧ ਹੋਵੇ ਪਰ ਗਾਇਕ ਦਾ ਗਲ਼ਾ ਸੁਰ ਨਾ ਹੋਵੇ ਤਾਂ ਗੀਤ ਮੈਲ਼ਾ ਹੋ ਜਾਂਦਾ ਹੈ। ਡਾ. ਸੁਰਜੀਤ ਦੇ ਵਿਰੁੱਧ ਜਿਹੜੇ ਲੋਕ ਖੜੇ ਹੋਏ, ਉਨ੍ਹਾਂ ਨੇ ਜਿਸ ਭਾਸ਼ਾ ਵਿਚ ਡਾ. ਸੁਰਜੀਤ ਦਾ ਸਾਥ ਦੇਣ ਵਾiਲ਼ਆਂ ਦਾ ਵਿਰੋਧ ਕੀਤਾ, ਖਾਸ ਕਰਕੇ ਵਿਦਿਆਰਥਣਾਂ ਦਾ, ਉਹ ਭਾਸ਼ਾ ਏਨੀ ਮੈਲ਼ੀ ਸੀ ਕਿ ਮੈਂ ਉਸਨੂੰ ਪੜ੍ਹਦਿਆਂ ਆਪਣੀ ਕੁੱਲ ਸੰਵੇਦਨਾ ਨੂੰ ਅਪੰਗ ਹੋ ਗਿਆ ਮਹਿਸੂਸ ਕੀਤਾ, ਮੇਰੇ ਵਿਚ ਉਨ੍ਹਾਂ ਕਾਮੈਂਟਸ ਨੂੰ ਪੜ੍ਹਣ ਤਕ ਦੀ ਸੱਤਿਆ ਨਾ ਰਹੀ, ਮੈਂ ਕਈ ਦਿਨ ਫ਼ੇਸਬੁੱਕ ਖੋਲ੍ਹਣੋਂ ਆਪਣੇ ਆਪ ਨੂੰ ਅਸਮਰਥ ਮਹਿਸੂਸ ਕੀਤਾ, ਫ਼ੇਸਬੁੱਕ ਛੱਡ ਦੇਣ ਬਾਰੇ ਵੀ ਸੋਚਿਆ। ਜਾਪਦਾ ਸੀ– ਸ਼ਬਦ ਨਹੀਂ, ਮੈਂ ਕਿਸੇ ਬੰਬ ਨੂੰ ਹੱਥ ਲਾ ਰਿਹਾ ਹਾਂ ਜੋ ਮੇਰੇ ਸਰੀਰ ਤੇ ਮਨ ਨੂੰ ਤੂੰਬਾ ਤੂੰਬਾ ਕਰ ਦੇਵੇਗਾ …
ਕੀ ਸਾਡਾ ਵਿਰੋਧ ਕਰਨ ਨਾਲ ਹੀ ਕੋਈ ਇਸਤ੍ਰੀ ਵੇਸਵਾ ਜਾਂ ਡੇਰਾ-ਪ੍ਰੇਮਣ, ਅਤੇ ਸਾਡਾ ਵਿਰੋਧੀ ਮਰਦ ਪਸ਼ੂ ਜਾਂ ਦਲਿਤ ਹੋ ਜਾਂਦਾ ਹੈ? ਜੇ ਮੇਰਾ ਆਪਣੇ ਮਿੱਤਰ ਨਾਲ ਝਗੜਾ ਹੋ ਜਾਵੇ ਤੇ ਮੇਰੀ ਪਤਨੀ ਕਹੇ ਕਿ ਇਸ ਮਾਮਲੇ ਵਿਚ ਮੈਂ ਗ਼ਲਤ ਹਾਂ, ਤਾਂ ਏਨਾ ਕਹਿਣ ਤੇ ਕੀ ਉਹ ਦੁਰਾਚਾਰੀ ਇਸਤ੍ਰੀ ਹੋ ਜਾਵੇਗੀ? ਜੇ ਮੇਰੀ ਬੇਟੀ ਆਪਣੇ ਕਿਸੇ ਦੋਸਤ ਨੂੰ ਲੈ ਕੇ ਮੇਰੇ ਨਾਲ ਅਸਹਿਮਤ ਹੋਵੇ ਤਾਂ ਕੀ ਏਹਦਾ ਅਰਥ ਹੈ– ਉਹ ਅੱਯਾਸ਼ ਹੈ? ਚਰਿੱਤਰ ਦੀ ਸਾਡੇ ਲਈ ਕੀ ਪਰਿਭਾਸ਼ਾ ਹੈ– ਵਿਅਕਤੀਗਤ ਗੁਣ ਅਤੇ ਸਰਬੱਤ ਦੇ ਭਲੇ ਦੇ ਅਸੂਲ, ਜਾਂ ਨਿਰੀ ਗ਼ੁਲਾਮ ਸਹਿਮਤੀ?
ਮਰਦ ਹੁੰਦਿਆਂ ਮੈਂ ਫ਼ੇਸਬੁੱਕ ਤੇ ਅਜਿਹੀ ਭਾਸ਼ਾ ਨੂੰ ਪੜ੍ਹਣ ਤੋਂ ਅਸਮਰਥ ਮਹਿਸੂਸ ਕੀਤਾ (ਜਦ ਕਿ ਇਹ ਮੇਰੇ ਵਿਰੁੱਧ ਨਹੀਂ ਲਿਖੀ ਜਾ ਰਹੀ ਸੀ) ਤਾਂ ਜਿੰਨ੍ਹਾਂ ਵਿਰੁੱਧ ਲਿਖੀ ਜਾ ਰਹੀ ਸੀ, ਉਨ੍ਹਾਂ ਨੇ ਇਸਤ੍ਰੀਆਂ ਹੁੰਦਿਆਂ ਕਿਵੇਂ ਮਹਿਸੂਸ ਕੀਤਾ ਹੋਵੇਗਾ, ਉਨ੍ਹਾਂ ਦੇ ਪਰਿਵਾਰਾਂ-ਮਾਤਾ-ਪਿਤਾ, ਭੈਣ-ਭਰਾਵਾਂ, ਬੱਚਿਆਂ ਜਾਂ ਪਤੀਆਂ ਨੇ ਕੀ ਅਨੁਭਵ ਕੀਤਾ ਹੋਵੇਗਾ – ਇਹ ਮੇਰੀ ਕਲਪਨਾ ਤੋਂ ਬਾਹਰੀ ਗੱਲ ਹੈ…। ਇਸ ਸਥਿਤੀ ਵਿਚ ਜਿੰਨ੍ਹਾਂ ਨ )ਖਾਸ ਕਰਕੇ ਇਸਤ੍ਰੀਆਂ ਨੇ) ਫ਼ੇਸਬੁੱਕ ‘ਤੇ ਇਹ ਯੁੱਧ ਲੜਿਆ– ਮੈਂ ਉਨ੍ਹਾਂ ਦੇ ਹੌਂਸਲੇ, ਤਹੱਈਏ ਅਤੇ ਦਲੀਲਾਂ ਲਈ ਆਦਰ ਮਹਿਸੂਸ ਕੀਤਾ। ਇਹ ਸਰੀਰਕ ਤੌਰ ‘ਤੇ ਲੜਣ ਨਾਲੋਂ ਵੀ ਔਖਾ ਸੀ। ਦੁਖ਼ਦਾਈ ਗੱਲ ਇਹ ਹੈ ਕਿ ਉਨ੍ਹਾਂ ਨੂੰ ਲੜਦਿਆਂ ਹੋਇਆਂ ਆਖ਼ਰਕਰ ਖ਼ੁਦ ਵੀ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਉਹ ਨਿਤਾਪ੍ਰਤੀ ਦੇ ਜੀਵਨ ਵਿਚ ਨਹੀਂ ਵਰਤਦੀਆਂ ਹੋਣਗੀਆਂ। ਇਹ ਸਭ ਇਕ ਭਾਸ਼ਾ-ਯੂਨੀਵਰਸਿਟੀ ਦੇ ਅਸਥਾਨ ਅਤੇ ਮਾਹੌਲ ਵਿਚ ਵਾਪਰਿਆ। ਯੂਨੀਵਰਸਿਟੀ ਤਾਂ ਸ਼ਬਦ ਨੂੰ ਘੜਣ, ਸਿੱਖਣ ਅਤੇ ਸੁੱਚਾ ਕਰਨ ਦੀ ਥਾਂ ਹੈ। ਜੇ ਅਸੀਂ ਮਾਨਸਰੋਵਰ ਹੀ ਮੈਲ਼ਾ ਕਰ ਲਿਆ ਤਾਂ ਸਾਡੇ ਸਾਰਿਆਂ ਦਾ ਪਿਆਸ ਨਾਲ ਮਰ ਜਾਣਾ ਲਾਜ਼ਮੀ ਹੈ …
ਜਦੋਂ ਮੈਂ ਕਵਿਤਾ ਲਿਖ਼ਣੀ ਸਿੱਖ ਰਿਹਾ ਸਾਂ (ਜੋ ਅਜੇ ਵੀ ਸਿੱਖ ਰਿਹਾ ਹਾਂ) ਤਾਂ ਨਵਤੇਜ ਭਾਰਤੀ ਹੁਰਾਂ ਟੋਕਿਆ: “ਤੂੰ ਏਦਾਂ ਕਿਉਂ ਲਿਖ਼ਦਾ ਹੈਂ– ‘ਬਹੁਤ ਸੋਹਣਾ’, ‘ਅੱਤ ਦਾ ਭੱਦਾ…?’ ਤੂੰ ਸਿਰਫ਼ ‘ਸੋਹਣਾ ਜਾਂ ਭੱਦਾ’ ਹੀ ਕਿਉਂ ਨਹੀਂ ਲਿਖ਼ਦਾ? ਦੋਵੇਂ ਸ਼ਬਦ ਆਪਣੇ ਆਪ ਵਿਚ ਪੂਰੇ ਹਨ, ਆਪਣੀ ਗੱਲ ਕਹਿਣ ਵਿਚ ਸਮਰੱਥ ਹਨ, ਪਰ ਉਨ੍ਹਾਂ ਨਾਲ ਵਿਸ਼ੇਸ਼ਣ ਲਾ ਕੇ ਤੂੰ ਉਨ੍ਹਾਂ ਨੂੰ ਅਧੂਰਾ ਕਰ ਦਿੰਦਾ ਹੈਂ। ਜਦੋਂ ਸਾਨੂੰ ਸਾਡੇ ਸ਼ਬਦਾਂ ਤੇ ਭਰੋਸਾ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਭਾਰ ਵਧਾਉਣ ਲਈ ਅਸੀਂ ਉਨ੍ਹਾਂ ਨਾਲ ਵਿਸ਼ੇਸ਼ਣ ਜੋੜਦੇ ਹਾਂ। ਓਵੇਂ ਹੀ ਜਿਵੇਂ– ਜਦ ਸਾਨੂੰ ਆਪਣੀ ਦਲੀਲ ‘ਤੇ ਭਰੋਸਾ ਨਹੀਂ ਹੁੰਦਾ ਤਾਂ ਆਪਣੀ ਆਵਾਜ਼ ਉੱਚੀ ਕਰਕੇ ਵਿਰੋਧੀ ਨੂੰ ਮਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਭਰੋਸਾ ਬਿਲਕੁਲ ਹੀ ਨਾ ਹੋਵੇ ਤਾਂ ਧਮਕੀ ਦੇਣ ਲਗਦੇ ਹਾਂ। ਤੂੰ ਆਪਣੀ ਆਵਾਜ਼ ਨੂੰ ਸਾਵੀਂ ਰੱਖ ਤੇ ਅਸਲੀ ਸ਼ਬਦਾਂ ਨੂੰ ਹੀ ਅਸਲੀ ਗੱਲ ਕਹਿਣ ਦੇ …!”
ਸੁਰਜੀਤ ਪਾਤਰ ਜ਼ਿਕਰ ਕਰਦੇ ਹਨ- ਪਟਿਆਲ਼ੇ ਪੜ੍ਹਦਿਆਂ ਜਿਸ ਘਰ ਵਿਚ ਰਹਿੰਦੇ ਸਨ, ਉਥੇ ਚਾਲ਼ੀ ਕੁ ਸਾਲਾਂ ਦੀ ਅਣਵਿਆਹੀ ਇਸਤ੍ਰੀ ਰਹਿੰਦੀ ਸੀ। ਇਕ ਦਿਨ ਉਸਨੂੰ ਪੁੱਛਿਆ: ‘ਤੇਜੋ! ਤੇਰੀ ਉਮਰ ਕਿੰਨੀ ਹੈ?’ ਇਕ ਪਲ ਰੁਕ ਕੇ ਉਹ ਬੋਲੀ: “ਕਾਕਾ! ਗੱਲ ਉਹ ਕਰੀਦੀ ਹੈ ਜਿਸ ਨਾਲ਼ ਮਨ ਨੂੰ ਠੰਢ ਪਵੇ।” ਪਾਤਰ ਕਹਿੰਦੇ ਹਨ– ‘ਮੈਂ ਜਦ ਵੀ ਕੁਝ ਲਿਖ਼ਣ ਲਗਦਾ ਹਾਂ, ਤੇਜੋ ਦੇ ਸ਼ਬਦ ਸਾਮ੍ਹਣੇ ਆ ਜਾਂਦੇ ਹਨ …’। ਪੜ੍ਹੇ ਲਿਖੇ ਮਨੁੱਖ ਲਈ ਇਹ ਸਦੀਵੀ ਵੰਗਾਰ ਹੈ- ਜੇਕਰ ਉਸਨੇ ਲੜਣਾ ਵੀ ਹੋਵੇ ਤਾਂ ਵੀ ਅਜਿਹੇ ਸ਼ਬਦ ਲੱਭੇ ਜਿੰਨ੍ਹਾਂ ਨਾਲ ਦੁੱਖ ਅੰਤ ਨੂੰ ਘਟਦਾ ਹੋਵੇ।
ਜਿਹੜੇ ਵੀ ਡਾ. ਸੁਰਜੀਤ ਦਾ ਵਿਰੋਧ ਕਰਨਾ ਚਾਹੁੰਦੇ ਹਨ– ਜੇ ਉਨ੍ਹਾਂ ਨੂੰ ਆਪਣੀ ਲੜਾਈ ਦੇ ਸਹੀ ਹੋਣ ਦਾ ਭਰੋਸਾ ਹੈ ਤਾਂ ਜੰਮ-ਜੰਮ ਲੜਣ! ਪਰ ਸ਼ਬਦਾਂ ਨੂੰ ਤਾਂ ਮੈਲ਼ਾ ਨਾ ਕਰੀਏ! ਜਿਸ ਤਰ੍ਹਾਂ ਦੇ ਸਮੇਂ ਸਿਆਸਤ ਅਤੇ ਸਮਾਜ ਵਿਚ ਅਸੀਂ ਜੀਅ ਰਹੇ ਹਾਂ, ਉਸ ਵਿਚ ਏਨੀ ਬੇਚੈਨੀ, ਬਦਇੰਤਜ਼ਾਮੀ, ਗ਼ਰੀਬੀ, ਅਨਿਆਂ, ਪ੍ਰਦੂਸ਼ਣ, ਲੁੱਟ ਅਤੇ ਜੰਗਾਂ ਹੋ ਰਹੀਆਂ ਹਨ ਕਿ ਸਾਡੇ ਹੀ ਨਹੀਂ, ਮਨੁੱਖੀ ਸਭਿਅਤਾ ਦੇ ਬਚੇ ਰਹਿਣ ਲਈ ਵੀ ਸਾਡੇ ਕੋਲ ਥੋੜ੍ਹੇ ਜਿਹੇ ਵਸੀਲੇ ਹੀ ਬਚੇ ਹਨ। ਸ਼ਬਦ – ਉਨ੍ਹਾਂ ਥੋੜ੍ਹੇ ਜਿਹੇ ਤੇ ਕੀਮਤੀ ਵਸੀਲਿਆਂ ਵਿਚੋਂ ਇੱਕ ਹੈ। ਜੇ ਅਸੀਂ ਏਸਨੂੰ ਵੀ ਮੈਲ਼ਾ ਕਰ ਕਰ ਵਰਤਿਆ ਤਾਂ ਚੁਪਾਸੀਂ ਪਸਰੀ ਮੈਲ਼ ਨਾਲ ਕੀਹਦੇ ਆਸਰੇ ਲੜਾਂਗੇ?
5. ਰਤਨ ਟਾਟਾ ਰਿਟਾਇਰ ਹੋਏ ਤਾਂ ਇਕ ਮੀਟਿੰਗ ਵਿਚ ਕਿਸੇ ਪੱਤਰਕਾਰ ਨੇ ਪੁੱਛਿਆ: ‘ਜਮਸ਼ੇਦ ਜੀ ਟਾਟਾ ਨੇ ਆਪਣਾ ਕਾਰੋਬਾਰ ਸੰਨ 1870 ਵਿਚ ਸ਼ੁਰੂ ਕੀਤਾ ਤੇ ਅੰਬਾਨੀ ਹੁਰਾਂ 1970 ਲਾਗੇ। ਫਿਰ ਉਹ ਤੁਹਾਥੋਂ ਵਧ ਅਮੀਰ ਕਿਵੇਂ ਹੋ ਗਏ?’ ਰਤਨ ਟਾਟਾ ਨੇ ਕਿਹਾ: “ਏਸ ਲਈ ਕਿ ਉਹ ਬਿਜ਼ਨਸਮੈਨ ਹਨ ਤੇ ਅਸੀਂ ਐਂਟਰਪ੍ਰੀਨਿਓਰ ਹਾਂ। ਦੋਵੇਂ ਪੈਸੇ ਕਮਾਉਂਦੇ ਹਨ ਪਰ ਐਂਟਰਪ੍ਰੀਨਿਓਰ ਨੂੰ ਇਹ ਫ਼ਿਕਰ ਹੁੰਦਾ ਹੈ ਕਿ ਉਸਦੀ ਬਣਾਈ ਵਸਤੂ ਦੀ ਖ਼ਰੀਦਦਾਰ ਨੂੰ ਸੱਚੀਮੁੱਚੀਂ ਲੋੜ ਹੈ ਵੀ ਕਿ ਨਹੀਂ? ਤੇ ਉਸ ਵਸਤੂ ਦਾ ਖ਼ਰੀਦਦਾਰ ਦੇ ਜੀਵਨ `ਤੇ ਬੁਰਾ ਅਸਰ ਤਾਂ ਨਹੀਂ ਪੈ ਰਿਹਾ? ਅਸੀਂ ਕਈ ਚੀਜ਼ਾਂ ਹੋਰ ਬਣਾ ਅਤੇ ਵੇਚ ਸਕਦੇ ਸਾਂ ਜਿਸ ਵਿਚ ਵਧ ਪੈਸਾ ਬਣ ਸਕਦਾ ਸੀ ਪਰ ਇਸੇ ਵਿਚਾਰ ਕਰਕੇ ਨਹੀਂ ਬਣਾਈਆਂ। ਦੂਜੇ ਪਾਸੇ – ਬਿਜ਼ਨਸਮੈਨ ਦਾ ਮਕਸਦ ਵਧ ਤੋਂ ਵਧ ਧਨ ਹਾਸਲ ਕਰਨਾ ਹੁੰਦਾ ਹੈ, ਭਾਵੇਂ ਕੋਈ ਵੀ ਹਥਕੰਡਾ ਵਰਤਣਾ ਪਵੇ, ਜਾਂ ਉਸਦੀ ਪ੍ਰੌਡਕਟ ਖਪਤਕਾਰ ਲਈ ਸ਼ੁਭ ਹੋਵੇ ਜਾਂ ਨਾ!”
ਉਸੇ ਪੱਤਰਕਾਰ ਨੇ ਦੂਜਾ ਸੁਆਲ ਪੁੱਛਿਆ: ‘ਤੁਸੀਂ ਵਿਆਹ ਕਿਉਂ ਨਹੀਂ ਕੀਤਾ?’ ਉਹ ਬੋਲੇ: “ਜਿਸ ਨਾਲ ਕਰਨਾ ਚਾਹਿਆ, ਉਸ ਦਾ ਧਰਮ ਹੋਰ ਸੀ। ਉਸਦੇ ਮਾਤਾ-ਪਿਤਾ ਨਹੀਂ ਮੰਨੇ। ਉਨ੍ਹਾਂ ਨੂੰ ਦੁੱਖ ਦੇ ਕੇ ਖ਼ੁਸ਼ੀ ਹਾਸਲ ਕਰਨ ਨੂੰ ਚਿੱਤ ਨਹੀਂ ਕੀਤਾ”। ਪੱਤਰਕਾਰ ਨੇ ਕਿਹਾ: “ਉਸ ਇਸਤ੍ਰੀ ਦਾ ਨਾਂ ਪਤਾ ਦੱਸੋਗੇ?” ਰਤਨ ਟਾਟਾ ਬੋਲੇ: “ਬਿਲਕੁਲ ਨਹੀਂ। ਉਹ ਵਿਆਹੀ ਜਾ ਚੁੱਕੀ ਹੈ, ਉਸਦੇ ਬੱਚੇ ਹਨ, ਉਹ ਆਪਣੇ ਪਤੀ ਨਾਲ ਪ੍ਰਸੰਨ ਹੈ ਜੋ ਉਹਦਾ ਧਿਆਨ ਰਖਦਾ ਹੈ, ਆਦਰ ਵੀ ਕਰਦਾ ਹੈ। ਉਹਦਾ ਕੋਈ ਵੀ ਜ਼ਿਕਰ ਉਹਦੇ ਜੀਵਨ ਵਿਚ ਦਖ਼ਲ ਦੇਵੇਗਾ!” ਢੀਠ ਪੱਤਰਕਾਰ ਨੇ ਲਲਚਾਇਆ ਸੁਆਲ ਕੀਤਾ: ‘ਕੀ ਉਹ ਹੈਦਰਾਬਾਦ ਵਿਖੇ ਰਹਿੰਦੀ ਹੈ?’
ਰਤਨ ਟਾਟਾ ਗੰਭੀਰ ਹੋ ਕੇ ਬੋਲੇ: “ਜੇ ਤੁਹਾਨੂੰ ਏਨਾ ਕੁਝ ਪਤਾ ਹੈ ਤਾਂ ਏਹ ਪਤਾ ਵੀ ਹੋਵੇਗਾ ਕਿ ਉਹ ਕੌਣ ਹੈ? ਜੇ ਤੁਸੀਂ ਉਹਦੀ ਤਸਵੀਰ ਕਲ੍ਹ ਦੇ ਅਖ਼ਬਾਰ ਵਿਚ ਮੇਰੀ ਰਿਟਾਇਰਮੈਂਟ ਦੀ ਖ਼ਬਰ ਦੇ ਨਾਲ਼ ਹੀ ਛਾਪ ਦਿਉ ਤਾਂ ਯਕੀਨੀ ਤੌਰ ‘ਤੇ ਤੁਹਾਨੂੰ ਇਸ ਵੱਡੀ ਪੱਤਰਕਾਰੀ ‘ਖੋਜ’ ਲਈ ਇਨਾਮ ਵਜੋਂ ਪੈਸੇ ਤੇ ਅਖ਼ਬਾਰ ਵਿਚ ਅਹੁਦੇ ਸਣੇ ਪੱਤਰਕਾਰੀ ਖੇਤਰ ਵਿਚ ‘ਸ਼ੋਹਰਤ’ ਵੀ ਮਿਲੇਗੀ। ਵੱਡੇ ਅਖ਼ਬਾਰ ਤੁਹਾਡੀਆਂ ‘ਸੇਵਾਵਾਂ’ ਹਾਸਲ ਕਰਨ ਲਈ ਕਤਾਰ ਬੰਨ੍ਹ ਕੇ ਖੜੇ ਹੋ ਜਾਣਗੇ। ਪਰ ਦੂਜੇ ਪਾਸੇ ਏਹ ਵੀ ਸੰਭਵ ਹੈ ਕਿ ਉਸ ਇਸਤ੍ਰੀ ਦਾ ਨਾਂ ਪਤਾ ਨਸ਼ਰ ਹੋਣ ਮਗਰੋਂ ਉਸਨੂੰ ਲੋਕ ਪੁੱਛਣ– “ਕੀ ਤੂੰ ਹਾਲੇ ਵੀ ਰਤਨ ਟਾਟਾ ਨੂੰ ਮਿਲਦੀ ਹੈਂ? ਕਿਸ ਤਰ੍ਹਾਂ ਦਾ ਤਜਰਬਾ ਹੋਇਆ ਉਹਦੇ ਨਾਲ?” ਉਸਦੇ ਪਤੀ ਨੂੰ ਪੁੱਛਣ – “ਤੈਨੂੰ ਯਕੀਨ ਹੈ ਕਿ ਤੇਰੇ ਬੱਚੇ ਤੇਰੇ ਹੀ ਹਨ?” ਜਾਂ ਉਸਦੇ ਬੱਚਿਆਂ ਨੂੰ ਏਹੀ ਅਭੱਦਰ ਸੁਆਲ ਪੁੱਛਿਆ ਜਾਵੇ, ਉਸਦੇ ਮਾਤਾ-ਪਿਤਾ ਜਾਂ ਸਹੁਰੇ ਪਰਿਵਾਰ ਦੇ ਬਜ਼ੁਰਗਾਂ ਨੂੰ ਵੀ ਨਾ ਬਖ਼ਸ਼ਿਆ ਜਾਵੇ। ਇਹ ਸਭ ਕਿਸ ਲਈ? ਸਿਰਫ਼ ਤੁਹਾਡੀ ਤਰੱਕੀ ਲਈ! ਮੈਂ ਤੁਹਾਡੇ ਪਿਛਲੇ ਸੁਆਲ ਦੇ ਜੁਆਬ ਵਿਚ ਦੱਸਿਆ ਸੀ – ਬਿਜ਼ਨਸਮੈਨ ਅਤੇ ਐਂਟਰਪ੍ਰੀਨਿਓਰ ਵਿਚ ਕੀ ਫ਼ਰਕ ਹੁੰਦਾ ਹੈ? ਐਂਟਰਪ੍ਰੀਨਿਓਰ ਆਪਣੀ ਪੈਦਾਵਾਰ ਦੀ ਜ਼ਿੰਮੇਵਾਰੀ ਲੈਂਦਾ ਹੈ ਕਿ ਉਹ ਕਿਸੇ ਲਈ ਘਾਤਕ ਨਾ ਹੋਵੇ। ਸਾਡੀ ਪ੍ਰੌਡਕਟ ਤਾਂ ਲੋਹਾ ਹੈ, ਮਸ਼ੀਨਾਂ ਜਾਂ ਰਸਾਇਣ ਹਨ। ਪੱਤਰਕਾਰ ਵਜੋਂ ਤੁਹਾਡੀ ਪ੍ਰੌਡਕਟ ਸ਼ਬਦ ਹੈ, ਜੋ ਲੋਹੇ ਜਾਂ ਮਸ਼ੀਨਾਂ ਨਾਲੋਂ ਕਿਤੇ ਵਧ ਸੂਖਮ ਹੈ, ਕਿਤੇ ਵਧ ਅਸਰ ਜਾਂ ਮਾਰ ਕਰ ਸਕਦਾ ਹੈ। ਜੇ ਤੁਸੀਂ ਸ਼ਬਦ ਦੇ ‘ਬਿਜ਼ਨਸਮੈਨ’ ਹੋ ਤਾਂ ਕਲ੍ਹ ਨੂੰ ਮੇਰੇ ਬਾਰੇ ਆਪਣੀ ਖੋਜ ਜ਼ਰੂਰ ਛਾਪੋਗੇ। ਪਰ ਜੇ ਤੁਸੀਂ ਸ਼ਬਦ ਦੇ ‘ਐਂਟਰਪ੍ਰੀਨਿਓਰ’ ਹੋ ਤਾਂ ਇਉਂ ਨਹੀਂ ਕਰੋਗੇ। ਤੁਹਾਨੂੰ ਇਉਂ ਨਾ ਕਰਨ ਦਾ ਕੁਝ ਨੁਕਸਾਨ ਹੋਵੇਗਾ। ਪਰ ਖ਼ਬਰ ਛਾਪਣ ਨਾਲ ਸੌ ਕੁ ਹੋਰ ਬੰਦਿਆਂ ਨੂੰ ਮਿਲ਼ਣ ਵਾਲੇ ਦੁੱਖ ਤੋਂ ਇਲਾਵਾ ਜੋ ਤੁਹਾਡਾ ਆਪਣਾ ਨੈਤਿਕ ਅਤੇ ਮਨੁੱਖ ਵਜੋਂ ਨੁਕਸਾਨ ਹੋਵੇਗਾ – ਤੁਹਾਡਾ ਉਸ ਬਾਰੇ ਤੁਹਾਡਾ ਸੋਚਣਾ ਵੀ ਬਣਦਾ ਹੈ … !”
6. ਡਾ. ਸੁਰਜੀਤ ਲਈ ਬਹੁਤ ਪ੍ਰਸ਼ੰਸਾ ਇਨ੍ਹਾਂ ਸਫ਼ਿਆਂ ‘ਤੇ ਪੜ੍ਹੀ ਹੈ। ਆਸ ਹੈ – ਚੰਗਾ ਪੜ੍ਹਾਉਣ ਤੇ ਆਪਣੇ ਵਿਦਿਆਰਥੀਆਂ ਦਾ ਫ਼ਿਕਰ ਕਰਦੇ ਰਹਿਣ ਦੀ ਤੰਦ ਉਨ੍ਹਾਂ ਹੱਥੋਂ ਛੁੱਟੇਗੀ ਨਹੀਂ। ਜੀਵਨ ਕਿਸੇ ਦਾ ਵੀ ਅਜਾਈਂ ਨਾ ਜਾਵੇ, ਜਿਹੜੇ ਉਨ੍ਹਾਂ ਦੇ ਵਿਰੋਧ ਵਿਚ ਹਨ – ਉਨ੍ਹਾਂ ਹੱਥੋਂ ਵੀ ਚੰਗੇ ਕੰਮ ਹੋਣ!
ਮੈਨੂੰ ਨਹੀਂ ਪਤਾ – ਆਤਮਾ ਹੁੰਦੀ ਹੈ ਕਿ ਨਹੀਂ? ਜੇ ਹੋਵੇ – ਤਾਂ ਅਸ਼ਾਂਤ ਹੁੰਦੀ ਹੈ ਕਿ ਨਹੀਂ? ਪਰ ਜੇ ਹੁੰਦੀ ਹੈ – ਤਾਂ ਜਸ਼ਨਪ੍ਰੀਤ ਦੀ ਆਤਮਾ ਅੱਜ ਅੱਤ ਦੀ ਅਸ਼ਾਂਤ ਹੋਵੇਗੀ। ਮਿਹਨਤ ਅਤੇ ਸਿਰੜ ਨਾਲ ਪੜ੍ਹਨ, ਜੀਣ, ਗਰੀਬੀ ਤੰਗੀ ਨਾਲ਼ ਲੜਨ-ਘੁਲ਼ਣ, ਅਤੇ ਮਿੱਤਰ ਪਰਿਵਾਰ ਦੀ ਉਮੀਦ ਆਸਰਾ ਬਣਨ ਵਾਲ਼ੀ ਸਾਡੀ ਧੀ ਦੀ ਮੌਤ ਨੂੰ ਅਸੀਂ ਉਸ ਝਗੜੇ ਲਈ ਵਰਤ ਲਿਆ, ਜਿਹੜਾ ਅਸੀਂ ਕਿਸੇ ਹੋਰ ਤਰੀਕੇ ਵੀ ਹੱਲ ਕਰ ਸਕਦੇ ਸਾਂ।
ਪੰਜਾਬ ਨੂੰ ਕਈ ਹਜ਼ਾਰ ਸਾਲ ਕਬੀਲੇ ਦੀ ਮਾਨਸਿਕਤਾ ਨਾਲ ਜੀਂਦਿਆਂ ਹੋ ਗਏ ਹਨ। ਸ਼ਬਦ ਦਾ ਵਟਾਂਦਰਾ ਅਤੇ ਦੂਜੇ ਦੇ ਵਖਰੇਵੇਂ ਦਾ ਸਵੀਕਾਰ – ਏਸ ਮਾਨਸਿਕਤਾ ਵਿਚੋਂ ਨਿਕਲਣ ਦਾ ਰਾਹ ਹੈ। ਜੇ ਅਸੀਂ ਰਲ਼-ਮਿਲ਼ ਕੇ ਅਜਿਹਾ ਵਿਧੀ-ਵਿਧਾਨ ਘੜ ਲਈਏ, ਜਾਂ ਆਪੋ ਵਿਚ ਸਹਿਮਤ ਹੀ ਹੋ ਜਾਈਏ, ਆਪਣੇ ਕਿਸੇ ਵੀ ਸਿਆਸੀ, ਸਿਧਾਂਤਕ, ਸਮਾਜਿਕ, ਅਕਾਦਮਿਕ ਵਖਰੇਵੇਂ ਜਾਂ ਮਤਭੇਦਾਂ ਨੂੰ ਗੱਲਬਾਤ ਰਾਹੀਂ ਤੇ ਇਕ ਦੂਜੇ ਲਈ ਕੁਝ ਥਾਂ ਛਡ ਕੇ ਹੱਲ ਕਰ ਸਕੀਏ। ਜ਼ਰੂਰੀ ਨਹੀਂ ਕਿ ਸਦਾ ਇਕ ਦੂਜੇ ਨਾਲ਼ ਸਹਿਮਤ ਹੀ ਹੋਈਏ, ਹੋਰ ਕਿਤੇ ਨਹੀਂ ਤਾਂ ਘੱਟੋ ਘੱਟ ਆਪਣੀਆਂ ਯੂਨੀਵਰਸਿਟੀਆਂ ਵਿਚ ਤਾਂ ਕਰ ਲਈਏ ਜਿੱਥੇ ਸ਼ਬਦ ਦੀ ਧਾਰਾ ਵਗਦੀ ਹੈ, ਭਾਵੇਂ ਏਸ ਵਿਚ ਵਰ੍ਹੇ ਹੀ ਲੱਗ ਜਾਣ – ਤਾਂ ਜਸ਼ਨਪ੍ਰੀਤ ਦੀ ਮੌਤ ਸ਼ਾਇਦ ਕਿਸੇ ਲੇਖੇ ਲੱਗੇ ਤੇ ਅਸੀਂ ਵੀ ਲਹੂ ਦੀ ਉਸ ਨਦੀ ਦਾ ਕੰਢਾ ਲੱਭ ਸਕੀਏ ਜਿਸਦਾ ਐਸ ਵੇਲ਼ੇ ਪੰਜਾਬ ਨੂੰ ਕੋਈ ਅੰਤ ਨਹੀਂ ਦਿਸ ਰਿਹਾ…।
ਐਸਾ ਲਹੂ – ਜਿਸਦਾ ਹੱਲ ਹੋਰ ਲਹੂ ਵਹਾਉਣਾ ਹੀ ਸਾਨੂੰ ਦੱਸਿਆ ਜਾ ਰਿਹਾ ਹੈ …