ਪ੍ਰਿੰ. ਸਰਵਣ ਸਿੰਘ
ਬਿਸ਼ਨ ਸਿੰਘ ਬੇਦੀ ਕ੍ਰਿਕਟ ਦਾ ਮਹਾਨ ਖਿਡਾਰੀ ਸੀ ਜਿਸ ਦਾ ਦੇਹਾਂਤ ਉਦੋਂ ਹੋਇਆ ਜਦੋਂ ਭਾਰਤ ਵਿਚ ਕ੍ਰਿਕਟ ਦਾ ਵਿਸ਼ਵ ਕੱਪ ਖੇਡਿਆ ਜਾ ਰਿਹੈ। 23 ਅਕਤੂਬਰ 2023 ਨੂੰ ਦਿੱਲੀ ਵਿਚ ਹੋਈ ਉਸ ਦੀ ਮ੍ਰਿਤੂ ਨਾਲ ਕ੍ਰਿਕਟ ਜਗਤ ਵਿਚ ਸੋਗ ਛਾ ਗਿਆ।
ਖਿਡਾਰੀਆਂ ਤੇ ਖੇਡ ਅਧਿਕਾਰੀਆਂ ਨੇ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕ੍ਰਿਕਟ ਦੇ ਦਿਗਜ ਖਿਡਾਰੀ ਤੇ ਫਿਲਮੀ ਸਿਤਾਰੇ ਉਸ ਦੀ ਦੇਹ `ਤੇ ਫੁੱਲ ਮਾਲਾਵਾਂ ਅਰਪਣ ਕਰਨ ਪੁੱਜੇ ਤੇ ਪਰਿਵਾਰ ਨਾਲ ਦੁੱਖ ਵੰਡਾਇਆ। ਉਸ ਦਾ ਅੰਤਮ ਸੰਸਕਾਰ ਦਿੱਲੀ ਵਿਚ ਕੀਤਾ ਗਿਆ। ਜਨ ਸਾਧਾਰਨ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤਕ ਸਭ ਨੇ ਮਹਾਨ ਕ੍ਰਿਕਟਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਬੇਦੀ ਵਿਸ਼ਵ ਦਾ ਮੰਨਿਆ ਪ੍ਰਮੰਨਿਆ ਸਪਿੰਨ ਗੇਂਦਬਾਜ਼ ਸੀ ਜਿਸ ਨੇ ਦਸੰਬਰ 1966 ਤੋਂ ਜਨਵਰੀ 1979 ਤਕ 67 ਟੈੱਸਟ ਮੈਚ ਖੇਡ ਕੇ 266 ਵਿਕਟਾਂ ਲਈਆਂ। ਉਦੋਂ ਉਸ ਨੇ ਹਿੰਦ ਮਹਾਂਦੀਪ ਵਿਚ ਸਭ ਤੋਂ ਵੱਧ ਟੈੱਸਟ ਮੈਚ ਖੇਡਣ ਤੇ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਰੱਖ ਦਿੱਤਾ ਸੀ। ਟੈੱਸਟ ਮੈਚ ਖੇਡਣ ਦੇ ਨਾਲ 22 ਵਾਰ ਉਸ ਨੇ ਭਾਰਤੀ ਟੀਮਾਂ ਦੀ ਕਪਤਾਨੀ ਕੀਤੀ ਸੀ। ਉਦੋਂ ਭਾਰਤ ਦੇ ਚਾਰ ਸਪਿੰਨਰਾਂ ਪ੍ਰਸੰਨਾ, ਚੰਦਰ ਸ਼ੇਖਰ, ਵੈਂਕਟਰਾਘਵਣ ਤੇ ਬੇਦੀ ਦੀਆਂ ਚੜ੍ਹ ਮੱਚੀਆਂ ਸਨ। ਬੇਦੀ ਨੂੰ ‘ਸਰਦਾਰ ਆਫ਼ ਸਪਿੰਨ’ ਕਿਹਾ ਜਾਣ ਲੱਗਾ ਸੀ। ਟੈੱਸਟ ਮੈਚਾਂ ਤੋਂ ਬਿਨਾਂ ਬੇਦੀ ਨੇ 10 ਇਕ ਰੋਜ਼ਾ ਮੈਚ ਵੀ ਖੇਡੇ ਜੋ ਉਦੋਂ ਸ਼ੁਰੂ ਹੀ ਹੋਏ ਸਨ। ਉਨ੍ਹਾਂ ਵਿਚ ਵੀ ਕਫਾਇਤੀ ਗੇਂਦਬਾਜ਼ੀ ਕੀਤੀ ਸੀ ਤੇ ਵਿਕਟਾਂ ਲਈਆਂ ਸਨ। ਉਸ ਨੇ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਮੈਚਾਂ ਦੀਆਂ ਵੀ 1560 ਵਿਕਟਾਂ ਲੈਣ ਦਾ ਰਿਕਾਰਡ ਰੱਖਿਆ। ਇਕੇਰਾਂ ਇਕੇ ਮੈਚ ਵਿਚ 10 ਵਿਕਟਾਂ ਲਈਆਂ ਤੇ 14 ਟੈੱਸਟ ਮੈਚਾਂ ਵਿਚ 5-5 ਵਿਕਟਾਂ ਉਡਾਈਆਂ। ਜਿਵੇਂ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਦਾ ਸੀ ਉਵੇਂ ਬੇਦੀ ਨੂੰ ਸਪਿੰਨ ਦਾ ਜਾਦੂਗਰ ਕਿਹਾ ਜਾਣ ਲੱਗਾ ਸੀ।
ਬਿਸ਼ਨ ਸਿੰਘ ਦਾ ਜਨਮ 29 ਸਤੰਬਰ 1946 ਨੂੰ ਗੁਰੂ ਨਾਨਕ ਦੇਵ ਜੀ ਦੇ ਵੰਸ਼ ਵਿਚ ਗੁਰੂ ਰਾਮ ਦਾਸ ਜੀ ਦੀ ਵਸਾਈ ਨਗਰੀ ਅੰਮ੍ਰਿਤਸਰ ਵਿਚ ਹੋਇਆ ਸੀ। ਉਸ ਦੇ ਪਿਤਾ ਜੀ ਖ਼ੁਦ ਖੇਡਾਂ ਵਿਚ ਦਿਲਚਸਪੀ ਰੱਖਦੇ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਤਕੜਾ ਖਿਡਾਰੀ ਬਣੇ। ਉਹ ਅੰਮ੍ਰਿਤਸਰ ਦੇ ਜਿਨ੍ਹਾਂ ਸਕੂਲਾਂ ਕਾਲਜਾਂ ਵਿਚ ਪੜ੍ਹਿਆ ਸਭ ਨੇ ਉਸ ਨੂੰ ਖੇਡ ਸਹੂਲਤਾਂ ਦਿੱਤੀਆਂ। ਪਹਿਲਾਂ ਪਹਿਲ ਉਹ ਫੁੱਟਬਾਲ ਖੇਡਣ ਲੱਗਾ ਸੀ। ਫਿਰ ਕ੍ਰਿਕਟ ਪ੍ਰੇਮੀ ਕਿਰਪਾਲ ਸਿੰਘ ਦੀ ਪ੍ਰੇਰਨਾ ਨਾਲ ਕ੍ਰਿਕਟ ਵੱਲ ਆ ਗਿਆ। ਪ੍ਰੋ. ਗਿਆਨ ਪ੍ਰਕਾਸ਼ ਨੇ ਵੀ ਉਸ ਨੂੰ ਵਧੀਆ ਕ੍ਰਿਕਟ ਖਿਡਾਰੀ ਬਣਨ ਦੇ ਰਾਹ ਪਾਇਆ। ਉਹ ਸਿਰਫ਼ ਪੰਦਰਾਂ ਸਾਲਾਂ ਦਾ ਸੀ ਜਦੋਂ ਰਣਜੀ ਟਰਾਫੀ ਦਾ ਪਹਿਲਾ ਮੈਚ ਖੇਡਿਆ। ਉਸ ਪਿੱਛੋਂ ਉਹ ਅੱਗੇ ਹੀ ਅੱਗੇ ਵਧਦਾ ਗਿਆ। ਫੇਰ ਉਹ ਦਿਨ ਵੀ ਆਏ ਜਦੋਂ ਅਕਾਸ਼ਵਾਣੀ ਤੋਂ ਕ੍ਰਿਕਟ ਦੀ ਕੁਮੈਂਟਰੀ ਕਰਨ ਵਾਲਿਆਂ ਨੇ ਜਿੰਨੀ ਵਾਰ ਬੇਦੀ ਦਾ ਨਾਂ ਉਚਾਰਿਆ ਓਨੀ ਵਾਰ ਸ਼ਾਇਦ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਵੀ ਨਹੀਂ ਉਚਾਰਿਆ ਹੋਣਾ। ਉਦੋਂ ਬੇਦੀ ਦੇ ਨਾਂ ਨਾਲ ਕੁਮੈਂਟਰੀ ਕਰਨ ਵਾਲਿਆਂ ਨੇ ਤਿੰਨ ਨਾਂ ਹੋਰ ਜੋੜ ਦਿੱਤੇ ਸਨ: ਪਟਕੇ ਵਾਲਾ ਸਰਦਾਰ, ਅੰਮ੍ਰਿਤਸਰ ਦਾ ਹੀਰਾ ਤੇ ਸਰਦਾਰ ਆਫ਼ ਸਪਿੰਨ।
ਦਸੰਬਰ 1966 ਵਿਚ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੀ ਟੀਮ ਦਾ ਵੈਸਟ ਇੰਡੀਜ਼ ਦੀ ਟੀਮ ਵਿਰੁੱਧ ਕ੍ਰਿਕਟ ਮੈਚ ਚੱਲ ਰਿਹਾ ਸੀ। ਬਿਸ਼ਨ ਸਿੰਘ ਬੇਦੀ ਨੇ ਪ੍ਰਧਾਨ ਮੰਤਰੀ ਦੀ ਟੀਮ ਵੱਲੋਂ ਗੇਂਦਬਾਜ਼ੀ ਕਰਦਿਆਂ 139 ਦੌੜਾਂ ਦੇ ਕੇ 6 ਵਿਕਟਾਂ ਲੈ ਲਈਆਂ ਸਨ। ਤਦੇ ਭਾਰਤੀ ਟੀਮ ਦੇ ਚੋਣਕਾਰ ਦੱਤਾ ਰੇਅ ਤੇ ਐੱਮ. ਕੇ. ਮੰਤਰੀ ਨੇ ਉਸ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ, “ਆਪਣਾ ਪਟਕਾ ਤੇ ਪਗੜੀ ਬਗੈਰਾ ਬੈਗ `ਚ ਪਾ ਕੇ ਤਿਆਰ ਹੋ ਜਾਹ ਤੇ ਜਹਾਜ਼ੇ ਚੜ੍ਹ ਚੱਲ, ਕਲਕੱਤੇ ਤੂੰ ਟੈੱਸਟ ਮੈਚ ਖੇਡਣਾ ਹੋਵੇਗਾ।”
ਕਿਸੇ ਨਵੇਂ ਉੱਠਦੇ ਖਿਡਾਰੀ ਲਈ ਇਸ ਤੋਂ ਵੱਧ ਖ਼ੁਸ਼ੀ ਦੀ ਗੱਲ ਕੀ ਹੋ ਸਕਦੀ ਸੀ। ਉਦੋਂ ਭਾਰਤੀ ਟੀਮ ਦਾ ਕਪਤਾਨ ਨਵਾਬ ਪਟੌਦੀ ਸੀ। ਜਿਥੇ ਉਸ ਵਿਚ ਹੋਰ ਖ਼ੂਬੀਆਂ ਸਨ ਉਥੇ ਹਾਸਾ ਮਜ਼ਾਕ ਕਰਨ ਦੀ ਖ਼ੂਬੀ ਵੀ ਹੋਰਨਾਂ ਨੂੰ ਖ਼ੁਸ਼ ਕਰਨ ਵਾਲੀ ਸੀ। ਕਲਕੱਤੇ ਦੇ ਈਡਨ ਗਾਰਡਨ ਮੈਦਾਨ ਵਿਚ ਜਦੋਂ ਘੜੀ ਦੀ ਸੂਈ ਬਾਰਾਂ ਵਜਾਉਣ ਲੱਗੀ ਤਾਂ ਕਪਤਾਨ ਪਟੌਦੀ ਨੇ ਬੇਦੀ ਨੂੰ ਆਪਣਾ ਪਹਿਲਾ ਟੈੱਸਟ ਓਵਰ ਸੁੱਟਣ ਲਈ ਬੁਲਾਇਆ। ਉਹ ਅਸਲ ਵਿਚ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਪੱਗੜੀ ਵਾਲੇ ਸਰਦਾਰਾਂ ਨਾਲ ਜੁੜੇ ਲਤੀਫ਼ੇ ਰਾਹੀਂ ਹਾਜ਼ਰੀਨਾਂ ਦਾ ਚਿੱਤ ਖ਼ੁਸ਼ ਕਰਨਾ ਚਾਹੁੰਦਾ ਸੀ। ਬੇਦੀ ਨੇ ਵੀ ਵਧੀਆ ਗੇਂਦਾਂ ਸੁੱਟ ਕੇ ਸਭਨਾਂ ਦਾ ਚਿੱਤ ਰਾਜ਼ੀ ਕਰ ਦਿੱਤਾ।
ਕਲਕੱਤੇ ਦੇ ਉਸ ਟੈੱਸਟ ਮੈਚ ਤੋਂ ਬਾਅਦ ਬੇਦੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਦੋਂ ਤੋਂ ਉਹ ਭਾਰਤੀ ਕ੍ਰਿਕਟ ਟੀਮਾਂ ਦਾ ਅਨਿੱਖੜ ਅੰਗ ਬਣ ਗਿਆ। ਪੂਰੇ ਬਾਰਾਂ ਵਰ੍ਹੇ ਬੇਦੀ ਤੋਂ ਬਗੈਰ ਕਿਸੇ ਭਾਰਤੀ ਕ੍ਰਿਕਟ ਟੀਮ ਦਾ ਸੰਕਲਪ ਹੀ ਨਹੀਂ ਕੀਤਾ ਜਾ ਸਕਿਆ। ਇਕ ਅੱਧ ਵਾਰ ਅਜਿਹਾ ਮੌਕਾ ਵੀ ਆਇਆ ਜਦੋਂ ਦੇਸ਼ ਭਰ ਦੇ ਕ੍ਰਿਕਟ ਪ੍ਰੇਮੀਆਂ ਨੇ ਚੋਣਕਾਰਾਂ ਨੂੰ ਮਜਬੂਰ ਕਰ ਦਿੱਤਾ ਕਿ ਜੇ ਉਹ ਬੇਦੀ ਨੂੰ ਟੀਮ ਵਿਚ ਪਾਉਣਗੇ ਤਦ ਹੀ ਟੈੱਸਟ ਮੈਚ ਖੇਡਣ ਦਿੱਤਾ ਜਾਵੇਗਾ ਵਰਨਾ ਨੋ ਬੇਦੀ ਨੋ ਮੈਚ!
ਥੋੜ੍ਹੇ ਹੀ ਸਮੇਂ ਵਿਚ ਬੇਦੀ ਦੀ ਮਸ਼ਹੂਰੀ ਦਾ ਇਹ ਆਲਮ ਹੋਇਆ ਕਿ ਆਸਟ੍ਰੇਲੀਆ ਵਿਚ ਔਰਤਾਂ ਦੇ ਇਕ ਸੰਸਾਰ ਪ੍ਰਸਿੱਧ ਰਸਾਲੇ ਨੇ ਉਸ ਦੀ ਇੰਟਰਵਿਊ ਲਈ। ਉਸ ਮੈਗਜ਼ੀਨ ਵੱਲੋਂ ਬੇਦੀ ਤੋਂ ਪਹਿਲਾਂ ਅਜਿਹੀ ਇੰਟਰਵਿਊ ਕੇਵਲ ਐਲਿਜ਼ਬੈੱਥ ਟੇਲਰ, ਜੈਕੀ ਓਨਾਸਿਸ ਤੇ ਸੋਨੀਆ ਮੈਕਮਾਹਣੋ ਨਾਲ ਹੀ ਕੀਤੀ ਗਈ ਸੀ। ਰਸਾਲੇ ਦੀ ਪੱਤਰਕਾਰ ਨੇ ਬੇਦੀ ਨੂੰ ਪੁੱਛਿਆ,“ਕੀ ਕਾਰਨ ਹੈ, ਤੁਹਾਡੀ ਖੇਡ ਦੇ ਲੋਕ ਐਨੇ ਦੀਵਾਨੇ ਕਿਉਂ ਹਨ?” ਬੇਦੀ ਨੇ ਮੁਸਕਰਾਂਦਿਆਂ ਉੱਤਰ ਦਿੱਤਾ, “ਸ਼ਾਇਦ ਲੋਕ ਖੇਡ ਵਿਚ ਕੋਈ ਬਦਲਾਅ ਵੇਖਣਾ ਚਾਹੁੰਦੇ ਹੋਣ। ਮੇਰੀ ਗੇਂਦਬਾਜ਼ੀ ਵਿਚ ਵੱਖਰਾ ਅੰਦਾਜ਼ ਵੀ ਹੈ ਤੇ ਮੇਰੇ ਸਰੂਪ ਵਿਚ ਵੀ ਵਿਲੱਖਣਤਾ ਹੈ। ਸੰਭਵ ਹੈ ਮੇਰੀ ਪਗੜੀ ਤੇ ਪਟਕੇ ਵਿਚ ਵੀ ਖ਼ਾਸ ਖਿੱਚ ਹੋਏ। ਬਾਕੀ ਆਸਟ੍ਰੇਲੀਆ ਦੇ ਕ੍ਰਿਕਟ ਪ੍ਰੇਮੀ ਮੇਰੀ ਇਸ ਚਾਹਤ ਨੂੰ ਵੀ ਜਾਣਦੇ ਹੋਣਗੇ ਕਿ ਮੈਨੂੰ ਤੁਹਾਡੀ ਬੀਅਰ ਬਹੁਤ ਚੰਗੀ ਲੱਗਦੀ ਹੈ। ਇਸ ਤੋਂ ਬਿਨਾਂ ਮੇਰਾ ਪੰਜਾਬੀ ਸੁਭਾਅ ਉਂਜ ਹੀ ਘੁਲ ਮਿਲ ਜਾਣ ਵਾਲਾ ਹੈ।”
ਬਾਅਦ ਵਿਚ ਉਸ ਦੇ ਘੁਲ ਮਿਲ ਜਾਣ ਵਾਲੇ ਸੁਭਾਅ ਨੇ ਹੀ ਰੰਗ ਭਾਗ ਲਾਏ ਕਿ ਆਸਟ੍ਰੇਲੀਆ ਦੀ ਜੰਮਪਲ ਇਕ ਗੋਰੀ ਮੁਟਿਆਰ ਮਿਸ ਗਲੈਨਿਥ ਅੰਬਰਸਰੀਏ ਭਾਊ ਉਤੇ ਮਿਹਰਬਾਨ ਹੋ ਗਈ ਜੋ ਹੀਰ ਰਾਂਝੇ ਦੇ ਇਸ਼ਕ ਵਾਲੀ ਬਾਤ ਬਣ ਗਈ। ਉਹ ਮਝੈਲ ਭਾਊ ਦੇ ਮਗਰੇ ਅੰਮ੍ਰਿਤਸਰ ਆ ਕੇ ਸਿੰਘਣੀ ਸਜ ਗਈ। ਫਿਰ ਪੂਰੀ ਗੁਰ ਮਰਿਆਦਾ ਨਾਲ ਅਨੰਦ ਕਾਰਜ ਰਚਾ ਕੇ ਗਲੈਨਿਥ ਬੇਦੀ ਬਣ ਗਈ। ਵਿਆਹ ਤੋਂ ਦੋ ਦਿਨਾਂ ਪਿੱਛੋਂ ਕਲਕੱਤੇ, ਬੇਦੀ ਨੇ ਆਸਟ੍ਰੇਲੀਆ ਵਿਰੁੱਧ ਟੈੱਸਟ ਮੈਚ ਖੇਡਿਆ ਤੇ ਲੱਗਦੇ ਹੱਥ 98 ਦੌੜਾਂ ਦੇ ਕੇ ਸਹੁਰਿਆਂ ਦੀਆਂ 7 ਵਿਕਟਾਂ ਬਟੋਰ ਲਈਆਂ। ਇਹ ਉਹਦਾ ਨਵ ਵਿਆਹੀ ਆਸਟ੍ਰੇਲੀਅਨ ਵਹੁਟੀ ਨੂੰ ਪਹਿਲਾ ਤੋਹਫ਼ਾ ਸੀ!
ਫਿਰ ਤਾਂ ਤੋਹਫਿਆਂ ਦੀ ਝੜੀ ਹੀ ਲੱਗ ਗਈ। ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖ਼ਸ਼ ਦਿੱਤੀ। ਗਵਾਸਕਰ ਦਾ ਅੱਧਾ ਨਾਂ ਤੇ ਗਲੈਨਿਥ ਦੇ ਨਾਂ ਨਾਲ ਪੁਰਖਿਆਂ ਦਾ ਨਾਂ ਜੋੜ ਕੇ ਪੁੱਤਰ ਦਾ ਨਾਂ ਰੱਖਿਆ ਗਵਾਸਇੰਦਰ ਸਿੰਘ ਬੇਦੀ। ਧੀ ਜੰਮੀ ਤਾਂ ਨਾਂ ਰੱਖਿਆ ਗਿਆ ਗਿੱਲਇੰਦਰ ਕੌਰ ਬੇਦੀ। ਵਿਆਹੁਤਾ ਜੋੜੀ ਚੰਗੀ ਭਲੀ ਚੱਲ ਰਹੀ ਸੀ ਕਿ ਅਚਾਨਕ ਵਿਗਾੜ ਪੈ ਗਿਆ ਜੋ ਤਲਾਕ ਨਾਲ ਸਿਰੇ ਲੱਗਾ। ਬਥੇਰੇ ਖਿਡਾਰੀਆਂ ਨਾਲ ਅਜਿਹਾ ਹੋਇਆ ਹੈ। ਉਹ ਭਾਵੇਂ ਫੁੱਟਬਾਲ ਦਾ ਬਾਦਸ਼ਾਹ ਪੇਲੇ ਸੀ ਭਾਵੇਂ ਮੁੱਕੇਬਾਜ਼ੀ ਦਾ ਸ਼ਹਿਨਸ਼ਾਹ ਮੁਹੰਮਦ ਅਲੀ। ਸਟਾਰ ਖਿਡਾਰੀਆਂ ਦੇ ਵਿਆਹ ਜਿਵੇਂ ਟੁੱਟਦੇ ਹਨ ਉਵੇਂ ਮੁੜ ਵਿਆਹੇ ਜਾਂਦੇ ਵੀ ਵੇਖੀਦੇ ਹਨ। ਬੇਦੀ ਵੀ ਉਸੇ ਰਾਹ ਤੁਰਿਆ। ਬੇਦੀ ਦਾ ਵੀ ਦੂਜਾ ਵਿਆਹ ਛੇਤੀ ਹੀ ਹੋ ਗਿਆ। ਇੰਦਰਜੀਤ ਕੌਰ ਅੰਜੂ ਉਹਦੀ ਦੂਜੀ ਪਤਨੀ ਬਣੀ ਜਿਸ ਨੇ ਪੁੱਤਰ ਅੰਗਦ ਸਿੰਘ ਤੇ ਧੀ ਨੇਹਾ ਨੂੰ ਜਨਮ ਦਿੱਤਾ। ਧੀ ਨੇਹਾ ਬੇਦੀ ਨੇ ਆਪਣੇ ਬਾਪ ਦੀ ਜੀਵਨੀ ਲਿਖੀ ਜਿਸ ਦਾ ਨਾਂ ‘ਸਰਦਾਰ ਆਫ਼ ਸਪਿੰਨ’ ਰੱਖਿਆ। ਅੰਗਦ ਬੇਦੀ ਪਹਿਲਾਂ ਮਾਡਲਿੰਗ ਕਰਨ ਲੱਗਾ ਸੀ ਹੁਣ ਫਿਲਮ ਸਟਾਰ ਹੈ। ਉਹ ਫਿਲਮ ਸਟਾਰ ਨੇਹਾ ਧੂਪੀਆ ਨਾਲ ਵਿਆਹਿਆ ਹੋਇਐ। ਉਨ੍ਹਾਂ ਦੇ ਵੀ ਇਕ ਪੁੱਤਰ ਤੇ ਇਕ ਧੀ ਹੈ।
ਮੈਕਸਿਮ ਗੋਰਕੀ ਨੇ ਲਿਖਿਆ ਹੈ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਕਵੀ ਹੋਵੇ ਜਿਸ ਨੇ ਆਪਣੀ ਬੋਲੀ ਦੇ ਲਫ਼ਜਾਂ ਦੀ ਥੁੜ ਨੂੰ ਨਾ ਕੋਸਿਆ ਹੋਵੇ। ਇਸੇ ਤਰ੍ਹਾਂ ਸ਼ਾਇਦ ਹੀ ਕੋਈ ਗੇਂਦਬਾਜ਼ ਹੋਵੇ ਜਿਸ ਨੇ ਆਪਣੀਆਂ ਉਂਗਲਾਂ ਦੇ ਘੱਟ ਲੰਮੇ ਹੋਣ ਦਾ ਅਫਸੋਸ ਨਾ ਕੀਤਾ ਹੋਵੇ। ਬੇਦੀ ਦੀਆਂ ਉਂਗਲਾਂ ਨਾ ਬਹੁਤੀਆਂ ਲੰਮੀਆਂ ਸਨ ਨਾ ਬਹੁਤੀਆਂ ਮਜ਼ਬੂਤ। ਉਨ੍ਹਾਂ ਦਾ ਪਤਾ ਮੈਨੂੰ 1982 ਵਿਚ ਦਿੱਲੀ ਏਸ਼ੀਆਡ ਕਵਰ ਕਰਨ ਗਏ ਨੂੰ ਲੱਗਿਆ ਸੀ। ਮੇਰੇ ਮਿੱਤਰ ਅਰਜਨਾ ਅਵਾਰਡੀ ਅਜਮੇਰ ਸਿੰਘ ਨੇ ਮੈਨੂੰ ਬੇਦੀ ਨਾਲ ਮਿਲਾਇਆ ਸੀ। ਉਥੇ ਅਸੀਂ ਖੁੱਲ੍ਹੀਆਂ ਗੱਲਾਂ ਕੀਤੀਆਂ। ਉਹ ਦਰਮਿਆਨੇ ਕੱਦ ਦਾ ਵਜ਼ਨਦਾਰ ਖਿਡਾਰੀ ਸੀ ਜਿਸ ਦੀ ਪੋਚਵੀਂ ਪੱਗ ਹੇਠ ਕਾਲੀ ਫਿਫਟੀ ਲਾਈ ਹੋਈ ਸੀ। ਨੱਕ ਰਤਾ ਚੌੜਾ, ਭਰਵੱਟੇ ਸੰਘਣੇ ਤੇ ਦਾੜ੍ਹੀ ਫੀਤੇ ਨਾਲ ਕਸੀ ਹੋਈ ਸੀ। ਉਥੇ ਮੈਂ ਉਸ ਦੀਆਂ ਉਂਗਲਾਂ ਬਾਰੇ ਸੁਆਲ ਪੁੱਛਿਆ ਸੀ ਕਿ ਇਹ ਹਜ਼ਾਰਾਂ ਓਵਰ ਕਿਵੇਂ ਸੁੱਟ ਸਕੀਆਂ? ਉਸ ਨੇ ਹੱਸਦਿਆਂ ਦੱਸਿਆ ਸੀ ਕਿ ਮੈਂ ਨਿੱਕਾ ਹੁੰਦਾ ਹੀ ਆਪਣੇ ਕੱਪੜੇ ਆਪ ਧੋਂਦਾ ਤੇ ਵਾਰ ਵਾਰ ਨਿਚੋੜਦਾ ਸਾਂ। ਕੱਪੜੇ ਧੋਣ ਤੇ ਨਿਚੋੜਨ ਨੇ ਹੀ ਮੇਰੀਆਂ ਉਂਗਲਾਂ ਤਕੜੀਆਂ ਕੀਤੀਆਂ ਜਿਨ੍ਹਾਂ ਨੇ ਮੈਨੂੰ ਕਦੇ ਧੋਖਾ ਨਹੀਂ ਦਿੱਤਾ।
ਕ੍ਰਿਕਟ ਦੇ ਪ੍ਰਸਿੱਧ ਟਿੱਪਣੀਕਾਰ ਵਿਲਫਰੈੱਡ ਰੋਡਜ਼ ਨੇ ਉਹਦੀ ਗੇਂਦਬਾਜ਼ੀ ਦੀ ਸਿਫ਼ਤ ਕਰਦਿਆਂ ਉਸ ਨੂੰ ‘ਗਤੀਸ਼ੀਲ ਕਵਿਤਾ’ ਕਿਹਾ ਸੀ। ਗੇਂਦ ਸੁੱਟਣ ਲੱਗਿਆਂ ਬੇਦੀ ਪੰਜ ਛੇ ਕਦਮਾਂ ਦਾ ਨਿੱਕਾ ਜਿਹਾ ਪੈਂਤਰਾ ਲੈਂਦਾ। ਤਿੰਨ ਕਦਮ ਪੁੱਟਦਿਆਂ ਉਹਦਾ ਕੜੇ ਵਾਲਾ ਸੱਜਾ ਹੱਥ ਉਪਰ ਉਠ ਜਾਂਦਾ। ਫਿਰ ਸੱਜਾ ਹੇਠਾਂ ਤੇ ਖੱਬਾ ਉੱਪਰ ਨੂੰ ਘੁੰਮਦਾ। ਐਨ ਸਿਖਰ `ਤੇ ਉਹ ਉਂਗਲਾਂ ਦੀ ਐਸੀ ਚੱਕਰੀ ਘੁਮਾਉਂਦਾ ਕਿ ਗੇਂਦ ਹਵਾ ਵਿਚ ਹੀ ਘੁਮਾਟੀ ਲੈ ਕੇ ਅਜਿਹੇ ਕੋਨ ਤੇ ਉਚਾਈ ਉਤੇ ਪਹੁੰਚਦੀ ਜਿਸ ਬਾਰੇ ਬੱਲੇਬਾਜ਼ ਨੂੰ ਪਹਿਲਾਂ ਕੋਈ ਅਨੁਮਾਨ ਹੀ ਨਹੀਂ ਸੀ ਹੁੰਦਾ। ਇੰਜ ਬੇਦੀ ਦੀ ਗੇਂਦ ਤੋਂ ਇਕ ਬੰਨੇ ਦੌੜਾਂ ਨਹੀਂ ਸੀ ਬਣਦੀਆਂ ਤੇ ਦੂਜੇ ਬੰਨੇ ਬੱਲੇਬਾਜ਼ ਵਿਕਟ ਦਾ ਸ਼ਿਕਾਰ ਹੋ ਬਹਿੰਦਾ। ਇਸ ਤਰ੍ਹਾਂ ਬੜਾ ਘੱਟ ਦੌੜ ਕੇ ਉਹ ਘੰਟਿਆਂ ਬੱਧੀ ਗੇਂਦਬਾਜ਼ੀ ਕਰਦਾ ਰਿਹਾ।
ਕ੍ਰਿਕਟ ਬੇਦੀ ਲਈ ਰੌਚਕ ਖੇਡ ਸੀ, ਮਨੋਰੰਜਨ ਵੀ ਤੇ ਥੋੜ੍ਹੀ ਬਹੁਤ ਕਮਾਈ ਦਾ ਸਾਧਨ ਵੀ। ਉਸ ਨੂੰ ਇੰਗਲੈਂਡ ਦੀਆਂ ਪਿੱਚਾਂ `ਤੇ ਖੇਡਣਾ ਵਧੇਰੇ ਪਸੰਦ ਸੀ। ਕ੍ਰਿਕਟ ਉਹਦੇ ਲਈ ਅਧਿਐਨ ਦਾ ਵਿਸ਼ਾ ਵੀ ਸੀ। ਕੇਵਲ ਕ੍ਰਿਕਟ ਬਾਰੇ ਹੀ ਉਸ ਦੀ ਲਾਇਬ੍ਰੇਰੀ ਵਿਚ ਚਾਰ ਸੌ ਤੋਂ ਵੱਧ ਕਿਤਾਬਾਂ ਸਨ। ਉਹ ਆਮ ਪੇਸ਼ਾਵਰ ਖਿਡਾਰੀਆਂ ਵਾਂਗ ਪੈਸੇ ਬਟੋਰਨ ਵਾਲਾ ਖਿਡਾਰੀ ਨਹੀਂ ਸੀ। ਤਦੇ ਉਹ ਡਾਲਰਾਂ/ਪੌਂਡਾਂ ਪਿੱਛੇ ਨਾ ਕੈਰੀ ਪੈਕਰ ਦੀ ਕ੍ਰਿਕਟ ਸਰਕਸ ਵਿਚ ਗਿਆ ਤੇ ਨਾ ਕਿਸੇ ਹੋਰ ਲੋਭ ਲਾਲਚ ਨਾਲ ਭਰਮਾਇਆ ਗਿਆ। ਉਹ ਖੇਡ ਵਿਚ ਮੁਹਾਰਤ ਹਾਸਲ ਕਰਨ ਲਈ ਕਰੜੀ ਕਸਰਤ ਕਰਨ ਦਾ ਹਾਮੀ ਸੀ। ਇਹੋ ਕਾਰਨ ਸੀ ਕਿ ਸਿਖਲਾਈ ਦੌਰਾਨ ਉਹ ਸਾਥੀਆਂ ਨਾਲੋਂ ਦੌੜਾਂ ਵੀ ਵੱਧ ਲਾਉਂਦਾ ਤੇ ਗੇਂਦਾਂ ਨਾਲ ਪ੍ਰੈਕਟਿਸ ਵੀ ਵੱਧ ਕਰਦਾ ਸੀ।
ਬਤੌਰ ਗੇਂਦਬਾਜ਼ ਤੇ ਟੀਮ ਕਪਤਾਨ ਉਹਦਾ ਵਿਸ਼ੇਸ਼ ਬਿੰਬ ਸੀ। ਕ੍ਰਿਕਟ ਦੇ ਧਨੰਤਰ ਟਿੱਪਣੀਕਾਰ ਉਸ ਨੂੰ ਨਿਡਰ, ਸਵੈ-ਵਿਸ਼ਵਾਸੀ, ਸੱਚਾ-ਸੁੱਚਾ ਤੇ ਬਾਦਲੀਲ ਵਿਅਕਤੀ ਸਵੀਕਾਰਦੇ ਸਨ। ਉਹ ਵਧੀਆ ਬੁਲਾਰਾ ਸੀ। ਉਹਦੀਆਂ ਗੱਲਾਂ ਸਪੱਸ਼ਟ ਤੇ ਦਿਲਚਸਪ ਹੁੰਦੀਆਂ ਸਨ। ਉਹ ਔਖੀਆਂ ਘੜੀਆਂ ਵਿਚ ਵੀ ਹੱਸ ਖੇਡ ਤੇ ਟਿੱਚਰ ਮਖੌਲ ਕਰ ਸਕਦਾ ਸੀ। ਉਹ ਅਰਜਨਾ ਅਵਾਰਡੀ ਵੀ ਸੀ ਤੇ ਪਦਮਸ੍ਰLੀ ਵੀ। ਉਹ ਹੋਰ ਵੀ ਬਹੁਤ ਕੁਝ ਸੀ। ਸੰਖੇਪ ਵਿਚ ਕਹਿਣਾ ਹੋਵੇ ਤਾਂ ‘ਲੱਠਾ ਬੰਦਾ’ ਸੀ।
ਕਈ ਮਹੀਨੇ ਪਹਿਲਾਂ ਦਿਲ ਦੀ ਬਿਮਾਰੀ ਦੀਰਘ ਹੋ ਜਾਣ ਕਾਰਨ ਉਹ ਉਸ ਨੂੰ ਲਾਇਲਾਜ ਸਮਝਣ ਲੱਗ ਪਿਆ ਸੀ। ਪਰਿਵਾਰ ਨੂੰ ਕਹਿਣ ਲੱਗ ਪਿਆ ਸੀ, “ਮੈਨੂੰ ਇਕ ਵਾਰ ਅੰਬਰਸਰ ਲੈ ਚੱਲੋ, ਮੈਂ ਆਪਣੀ ਜਨਮ ਭੋਇੰ ਤੇ ਆਪਣਾ ਕ੍ਰਿਕਟ ਗਰਾਊਂਡ ਵੇਖ ਆਵਾਂ। ਬਚਪਨ ਦੇ ਦੋਸਤਾਂ ਨੂੰ ਮਿਲ ਲਵਾਂ ਤੇ ਦਰਬਾਰ ਸਾਹਿਬ ਮੱਥਾ ਟੇਕ ਆਵਾਂ। ਸਦੀਵੀ ਅਲਵਿਦਾ ਕਹਿਣ ਤੋਂ ਕੁਝ ਸਮਾਂ ਪਹਿਲਾਂ ਪਰਿਵਾਰ ਉਸ ਨੂੰ ਅੰਮ੍ਰਿਤਸਰ ਲੈ ਵੀ ਗਿਆ ਸੀ। ਉਸ ਨੇ ਆਪਣੇ ਕ੍ਰਿਕਟ ਕੋਚ ਨਮਿੱਤ ਅਖੰਡ ਪਾਠ ਕਰਵਾਇਆ ਸੀ। ਉਥੇ ਆਪਣਾ ਜੱਦੀ ਘਰ ਵੇਖਿਆ, ਦੋਸਤਾਂ ਨੂੰ ਮਿਲਿਆ, ਦਰਬਾਰ ਸਾਹਿਬ ਗਿਆ ਤੇ ਫਿਰ ਗਾਂਧੀ ਗਰਾਊਂਡ ਵੱਲ ਚੱਲ ਪਿਆ ਜੋ ਉਸ ਦੀ ਖੇਡ ਦਾ ਮੱਕਾ ਮਦੀਨਾ ਸੀ। ਗੋਡੇ ਦੁਖਦੇ ਹੋਣ ਕਰਕੇ ਉਹ ਤੁਰਨ ਤੋਂ ਆਹਰੀ ਸੀ। ਉਸ ਨੂੰ ਸਹਾਰੇ ਨਾਲ ਪਿੱਚ ਤਕ ਲਿਜਾਇਆ ਗਿਆ। ਪਿੱਚ ਉਤੇ ਉਹ ਨਿਵਿਆਂ, ਮੱਥਾ ਮਿੱਟੀ ਨਾਲ ਛੁਹਾਇਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਰੋਕਦਿਆਂ ਵੀ ਉਸ ਦੇ ਹੰਝੂ ਵਹਿ ਤੁਰੇ। ਉਸ ਨੂੰ ਪਤਾ ਸੀ, ਮੁੜ ਉਸ ਨੇ ਆਪਣੇ ਅੰਬਰਸਰ ਨਹੀਂ ਆ ਸਕਣਾ। ਭਰੇ ਮਨ ਨਾਲ ਉਹ ਪਰਿਵਾਰ ਸੰਗ ਦਿੱਲੀ ਚਲਾ ਗਿਆ ਜਿਥੋਂ ਫਿਰ ਪਰਤ ਨਾ ਸਕਿਆ। ਉਹ ਉਥੇ ਚਲਾ ਗਿਆ ਜਿਥੋਂ ਕੋਈ ਮੁੜ ਕੇ ਨਹੀਂ ਆਉਂਦਾ। ਇਹ ਹੁਣ ਅੰਬਰਸਰੀਆਂ ਨੇ ਵੇਖਣਾ ਕਿ ਕ੍ਰਿਕਟ ਦੇ ਹੀਰੇ ‘ਪਟਕੇ ਵਾਲੇ ਸਰਦਾਰ’ ਨੂੰ ਕਿਵੇਂ ਯਾਦ ਰੱਖਣਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੋਚਣਾ ਚਾਹੀਦੈ ਕਿ ਸਾਰੀ ਦੁਨੀਆ ਵਿਚ ਸਿੱਖ ਸਰੂਪ ਦੀ ਪ੍ਰਦਰਸ਼ਨੀ ਕਰਨ ਵਾਲੇ ਵਿਸ਼ਵ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਤੇ ਬਿਸ਼ਨ ਸਿੰਘ ਵਰਗਿਆਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਜਾਉਣੇ ਹਨ ਜਾਂ ਨਹੀਂ?