ਭਾਈ ਵੀਰ ਸਿੰਘ, ਸਿੰਘ ਸਭਾ ਲਹਿਰ ਅਤੇ ਨਾਵਲ ‘ਸੁੰਦਰੀ’

ਗੁਰਨਾਮ ਕੌਰ
ਪ੍ਰੋਫੈਸਰ (ਸੇਵਾ ਮੁਕਤ)
ਇਸ ਲੇਖ ਵਿਚ ਭਾਈ ਵੀਰ ਸਿੰਘ, ਉਨ੍ਹਾਂ ਦਾ ਸਿੱਖ ਕੀਮਤ ਵਿਧਾਨ ਦੇ ਪ੍ਰਚਾਰ ਵਿਚ ਯੋਗਦਾਨ ਅਤੇ ‘ਸੁੰਦਰੀ’ ਨਾਵਲ `ਤੇ ਆਧਾਰਤ ਸਿੱਖ ਇਸਤਰੀ ਦੇ ਸ਼ਕਤੀਕਰਨ ਦਾ ਸੰਖੇਪ ਜ਼ਿਕਰ ਕਰਨਾ ਹੈ। ਸਿੱਖ ਧਰਮ ਇਕ ਇਲਹਾਮੀ ਧਰਮ ਹੈ ਜਿਸ ਤਰ੍ਹਾਂ ਕਿ ਹੋਰ ਵੀ ਕਈ ਧਰਮ ਹਨ;

ਪ੍ਰੰਤੂ ਸਿੱਖ ਇਲਹਾਮ ਦੀ ਵਿਲੱਖਣਤਾ ਇਸ ਤੱਥ ਵਿਚ ਹੈ ਕਿ ਇਸ ਦਾ ਇਲਹਾਮ ਗੁਰੂ ਜੋਤਿ ਅਤੇ ਗੁਰੂ ਜੁਗਤਿ ਦੇ ਰੂਪ ਵਿਚ ਇਸ ਦੇ ਬਾਨੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਖ਼ਰੀ ਅਤੇ ਦਸਵੇਂ ਸਰੀਰਕ ਗੁਰੂ ਗੋਬਿੰਦ ਸਿੰਘ ਤੱਕ ਇਕ ਲਗਾਤਾਰ ਅਮਲ ਹੈ, “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥” ਸਾਰੇ ਗੁਰੂ ਸਾਹਿਬਾਨ ਵਿਚ ਇਕੋ ਰੱਬੀ ਜੋਤਿ ਦਾ ਪ੍ਰਕਾਸ਼ਨ ਮੰਨਿਆ ਗਿਆ ਹੈ ਅਤੇ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਇਕੋ ਨਾਨਕ ਨਾਮ ਨਾਲ ਸੰਬੋਧਨ ਕੀਤਾ ਹੈ। ਗੁਰੂ ਸਾਹਿਬਾਨ ਨੂੰ ਰੱਬੀ ਸੁਰਤਿ ਨਾਲ ਇਕਸੁਰਤਾ ਦੇ ਪਲਾਂ ਵਿਚ ਪਰਮਾਤਮਾ ਵੱਲੋਂ, ਜਿਸ ਨੂੰ ਬਾਣੀ ਵਿਚ ੴ ਰਾਹੀਂ ਪਰਗਟ ਕੀਤਾ ਹੈ, ਸਤਿ ਦਾ ਜੋ ਅਨੁਭਵ ਹੋਇਆ ਉਸ ਨੂੰ ਉਨ੍ਹਾਂ ਨੇ ਆਪਣੀ ਭਾਸ਼ਾ ਰਾਹੀਂ ਬਾਣੀ ਦੇ ਰੂਪ ਵਿਚ ਪਰਗਟ ਕੀਤਾ, “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥” ਉਨ੍ਹਾਂ ਨੇ ਉਸ ਸਤਿ ਦਾ ਪ੍ਰਕਾਸ਼ਨ ਰੱਬੀ ਹੁਕਮ ਵਿਚ ਕੀਤਾ “ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥” ਸਰੀਰਕ ਰੂਪ ਵਿਚ ਉਨ੍ਹਾਂ ਨੇ ਉਸ ਸਤਿ ਨੂੰ ਜੀਵਿਆ ਅਤੇ ਇਸ ਸਤਿ ਦਾ ਸੰਦੇਸ਼ ਦੁਨੀਆ ਨੂੰ ਸੁਣਾਇਆ, ਇਸੇ ਲਈ ਆਪਣੇ ਆਪ ਨੂੰ ਗੁਰੂ ਨਾਨਕ ਨੇ ਢਾਢੀ ਕਿਹਾ ਹੈ, “ਹਉ ਢਾਢੀ ਵੇਕਾਰੁ ਕਾਰੈ ਲਾਇਆ॥ ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥” ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਵਿਲੱਖਣ ਅਨੁਭਵ ਦਾ ਬਾਣੀ ਦੇ ਰੂਪ ਵਿਚ ਸੰਕਲਣ ਗੁਰੂ ਅਰਜਨ ਦੇਵ ਜੀ ਨੇ ਆਪ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਦੀ ਬਾਣੀ ਇਸ ਵਿਚ ਦਰਜ ਕਰ ਕੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੀ ਅਤੇ ਸਿੱਖ ਪੰਥ ਨੂੰ ਸਦੀਵੀ ਅਗਵਾਈ ਸ਼ਬਦ ਗੁਰੂ ਤੋਂ ਲੈਣ ਦਾ ਹੁਕਮ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਆਤਮਕ, ਸਮਾਜਿਕ ਅਤੇ ਆਰਥਿਕ ਆਦਿ ਕੀਮਤ ਵਿਧਾਨ ਦਾ ਸੋਮਾ ਹੈ।
ਕਿਸੇ ਵੀ ਧਰਮ ਵਿਚ ਇਲਹਾਮ ਦੀ ਵਿਲੱਖਣਤਾ ਇਸ ਤੱਥ ਵਿਚ ਨਿਹਤ ਹੁੰਦੀ ਹੈ ਕਿ ਮਨੁੱਖ ਦੇ ਸਾਹਮਣੇ ਕੀ ਆਦਰਸ਼ ਰੱਖਦਾ ਹੈ ਅਤੇ ਕਿਸ ਕਿਸਮ ਦੇ ਵਿਅਕਤੀਤਵ ਦੀ ਘਾੜਤ ਘੜਦਾ ਹੈ। ਗੁਰੂ ਨਾਨਕ ਨੇ ਜਪੁਜੀ ਦੇ ਅਰੰਭ ਵਿਚ ਹੀ ਮਨੁੱਖ ਲਈ ‘ਸਚਿਆਰ’ ਹੋਣ ਦਾ ਆਦਰਸ਼ ਰੱਖਿਆ ਹੈ ‘ਕਿਵ ਸਚਿਆਰਾ ਹੋਈਐ ਕਿਵੁ ਕੂੜੈ ਤੁਟੈ ਪਾਲਿ” ਜਿਸ ਨੂੰ ਗੁਰੂ ਅਮਰਦਾਸ ਨੇ ਆਪਣੇ ਮੂਲ ਸਰੋਤ ਦਾ ਅਨੁਭਵ ਕਰਨਾ ਕਿਹਾ ਹੈ ‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਪਛਾਣੁ॥” ਸਤਿ ੴ ਦਾ ਗੁਣ ਹੈ ਜਿਸ ਨੂੰ ‘ਸਤਿਨਾਮ’ ਕਿਹਾ ਹੈ ਅਤੇ ਸਾਰੀ ਮਨੁੱਖਤਾ ਦਾ ਮੂਲ ਸਰੋਤ ਉਸ ਇਕ ਕਰਤਾ ਪੁਰਖ ਨੂੰ ਮੰਨਿਆ ਹੈ ਜੋ ਸਮੁੱਚੇ ਬ੍ਰਹਿਮੰਡ ਦੀ ਰਚਨਾ ਆਪਣੇ ਆਪ ਤੋਂ ਕਰਦਾ ਹੈ। ਇਸ ਲਈ ਸਾਰੀ ਕੁਦਰਤ ਵਿਚ ਉਸ ਇਕ ਦੀ ਜੋਤਿ ਨੂੰ ਵਿਆਪਕ ਮੰਨਿਆ ਹੈ “ਕੁਦਰਤਿ ਕਰਕੇ ਵਸਿਆ ਸੋਇ॥” ਇਕੋ ਨੂਰ ਤੋਂ ਸਭ ਦੀ ਪੈਦਾਇਸ਼ ਹੋਣ ਕਰਕੇ ਹੀ ਗੁਰੂ ਸਾਹਿਬਾਨ ਨੇ ਮਨੁੱਖ ਦੀ ਬਰਾਬਰੀ ਦਾ ਸਿਧਾਂਤ ਦਿੱਤਾ ਅਤੇ ਹਰ ਕਿਸਮ ਦੀ ਜਾਤ-ਗੋਤ, ਧਰਮ, ਲਿੰਗ ਆਧਾਰਤ ਵੰਡ ਨੂੰ ਨਕਾਰਦਿਆਂ ਮਨੁੱਖ ਦੀਆਂ ਦੋ ਹੀ ਕੋਟੀਆਂ ਪ੍ਰਵਾਨ ਕੀਤੀਆਂ ਹਨ ਗੁਰਮੁਖਿ ਅਤੇ ਮਨਮੁਖਿ।
ਭਾਈ ਵੀਰ ਸਿੰਘ ਦਾ ਜਨਮ ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਚ ਹੋਇਆ ਅਤੇ ਡਾਕਟਰ ਚਰਨ ਸਿੰਘ ਦੇ ਤਿੰਨ ਪੁੱਤਰਾਂ ਵਿਚ ਉਹ ਸਭ ਤੋਂ ਵੱਡੇ ਸੀ। ਉਨ੍ਹਾਂ ਨੇ ਪ੍ਰੰਪਰਕ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਆਧੁਨਿਕ ਅੰਗਰੇਜ਼ੀ ਤਾਲੀਮ ਵੀ ਹਾਸਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸਾਹਿਤ ਦੇ ਗਿਆਨ ਨਾਲ ਹੀ ਸੰਸਕ੍ਰਿਤ, ਫ਼ਾਰਸੀ ਅਤੇ ਉਰਦੂ ਆਦਿ ਭਾਸ਼ਾਵਾਂ ਵਿਚ ਪ੍ਰਬੀਨਤਾ ਹਾਸਿਲ ਕੀਤੀ। ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ 1891 ਈਸਵੀ ਵਿਚ ਦਸਵੀਂ ਦੀ ਪ੍ਰੀਖਿਆ ਵਿਚ ਸਾਰੇ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ `ਤੇ ਆਏ। ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਦੇ ਸਰਦਾਰ ਨਰਾਇਣ ਸਿੰਘ ਦੀ ਧੀ ਬੀਬੀ ਚਤਰ ਕੌਰ ਨਾਲ ਹੋਇਆ ਜਿਨ੍ਹਾਂ ਤੋਂ ਦੋ ਪੁੱਤਰੀਆਂ ਪੈਦਾ ਹੋਈਆਂ। ਭਾਈ ਵੀਰ ਸਿੰਘ 10 ਜੂਨ 1957 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਭਾਈ ਵੀਰ ਸਿੰਘ ਦੇ ਪਰਿਵਾਰ ਵੱਲੋਂ ਆਪਣੀ ਵਿਰਾਸਤ ਦੂਰ ਦੀਵਾਨ ਕੌੜਾ ਮੱਲ ਨਾਲ ਜੋੜੀ ਜਾਂਦੀ ਹੈ ਜੋ ਮੁਲਤਾਨ ਦਾ ਵਾਈਸ ਗਵਰਨਰ ਸੀ ਅਤੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਪਿਆਰ ਅਤੇ ਸਤਿਕਾਰ ਨਾਲ ਦੀਵਾਨ ਮਿੱਠਾ ਮੱਲ ਕਰਕੇ ਯਾਦ ਕੀਤਾ ਜਾਂਦਾ ਹੈ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਵਾਰਤਕ, ਕਵਿਤਾ, ਨਾਟਕ, ਨਾਵਲ, ਧਾਰਮਿਕ ਸਾਹਿਤ, ਮਹਾਂਕਾਵਿ, ਇਤਿਹਾਸ, ਟਰੈਕਟ, ਲੇਖ, ਟੀਕਾਕਾਰੀ ਆਦਿ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਵਿਚ ਰਚਨਾ ਕੀਤੀ। ਉਨ੍ਹਾਂ ਦੀਆ ਕੁੱਝ ਚੋਣਵੀਆਂ ਰਚਨਾਵਾਂ ਵਿਚ ‘ਸੁੰਦਰੀ’, ‘ਸਤਵੰਤ ਕੌਰ’, ‘ਬਿਜੈ ਸਿੰਘ’, ‘ਨੌਧ ਸਿੰਘ’, ‘ਰਾਣਾ ਸੂਰਤ ਸਿੰਘ’, ‘ਸ੍ਰੀ ਗੁਰੂ ਨਾਨਕ ਚਮਤਕਾਰ’, ‘ਸ੍ਰੀ ਅਸ਼ਟ ਗੁਰੂ ਚਮਤਕਾਰ’, ‘ਸ੍ਰੀ ਗੁਰੂ ਕਲਗੀਧਰ ਚਮਤਕਾਰ’, ‘ਲਹਿਰਾਂ ਦੇ ਹਾਰ’, ‘ਬਿਜਲੀਆਂ ਦੇ ਹਾਰ’ ਆਦਿ ਸ਼ਾਮਲ ਹਨ। ਸਿੱਖ ਧਰਮ ਲਈ ਨਿੱਗਰ ਯੋਗਦਾਨ ਸਦਕਾ ਉਨ੍ਹਾਂ ਨੂੰ ‘ਭਾਈ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਜੋ ਕਿ ਸਿੱਖ ਧਰਮ ਅਨੁਸਾਰ ਬਹੁਤ ਹੀ ਸਤਿਕਾਰਯੋਗ ਅਤੇ ਮਾਣ ਵਾਲੀ ਗੱਲ ਹੈ। ਪੰਜਾਬ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡਾਕਟਰੇਟ ਆਫ ਓਰੀਐਂਟਲ ਲਰਨਿੰਗ ਦੀ ਆਨਰੇਰੀ ਡਿਗਰੀ ਨਾਲ ਨਿਵਾਜਿਆ; ਸਾਹਿਤ ਅਕਾਡਮੀ ਅਵਾਰਡ ਅਤੇ ਪਦਮਭੂਸ਼ਨ ਅਵਾਰਡ ਮਿਲਿਆ; 1952 ਵਿਚ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੇ ਦਾਦਾ ਬਾਬਾ ਕਾਹਨ ਸਿੰਘ ਪਰਿਵਾਰ ਵਿਚ ਬਣਨ ਵਾਲੇ ਸ਼ਾਇਦ ਪਹਿਲੇ ਸਿੱਖ ਸਨ ਅਤੇ ਉਨ੍ਹਾਂ ਨੇ ਸਿੱਖ ਧਰਮ ਅਧਿਐਨ ਵਿਚ ਮੁਹਾਰਤ ਹਾਸਲ ਕਰਨ ਦੇ ਨਾਲ ਨਾਲ ਸੰਸਕ੍ਰਿਤ, ਬ੍ਰਿਜ ਭਾਸ਼ਾ ਅਤੇ ਪੁਰਾਤਨ ਵੈਦਗੀ ਵਿਚ ਵਿੱਦਿਆ ਪ੍ਰਾਪਤ ਕੀਤੀ। ਭਾਈ ਵੀਰ ਸਿੰਘ ਦੇ ਪਿਤਾ ਡਾਕਟਰ ਚਰਨ ਸਿੰਘ ਨੇ ਬਾਬਾ ਕਾਹਨ ਸਿੰਘ ਤੋਂ ਇਹ ਸਾਰੀਆ ਵਿਸ਼ੇਸ਼ਤਾਈਆਂ ਵਿਰਾਸਤ ਵਿਚ ਹਾਸਲ ਕੀਤੀਆਂ। ਗਿਆਨੀ ਹਜ਼ਾਰਾ ਸਿੰਘ, ਭਾਈ ਵੀਰ ਸਿੰਘ ਦੇ ਨਾਨਾ ਵੀ ਸਿੱਖ ਧਰਮ ਦੇ ਬਹੁਤ ਵੱਡੇ ਵਿਦਵਾਨ ਸੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਤਿਆਰ ਕੀਤਾ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਆਖਿਆ ਲਿਖੀ। ਇਹ ਸਾਰੇ ਕੰਮ ਭਾਈ ਵੀਰ ਸਿੰਘ ਨੇ ਛਾਪੇ।
ਸਿੰਘ ਸਭਾ ਲਹਿਰ ਅਤੇ ਭਾਈ ਵੀਰ ਸਿੰਘ ਦੇ ਯੋਗਦਾਨ ਨੂੰ ਸਮਝਣ ਲਈ ਜੇ ਅਸੀਂ ਸਿੱਖ ਇਤਿਹਾਸ ਨੂੰ ਫੋਲੀਏ ਤਾਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਪਹਿਲਾ ਸਿੱਖ ਰਾਜਾ ਸੀ ਜਿਸ ਨੇ ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿਚ ਭਾਰਤੀ ਉਪਮਹਾਂਦੀਪ ਦੇ ਉੱਤਰ-ਪੱਛਮੀ ਇਲਾਕੇ ਵਿਚ ਪੰਜਾਬ `ਤੇ ਰਾਜ ਕੀਤਾ ਅਤੇ ਉਸ ਦੇ ਰਾਜ ਨੂੰ ‘ਖ਼ਾਲਸਾ ਰਾਜ’ ਕਰ ਕੇ ਜਾਣਿਆ ਜਾਂਦਾ ਹੈ। ਉਸ ਨੇ ਵਾਰ-ਵਾਰ ਬਾਹਰਲੇ ਹਮਲਾਵਰਾਂ ਨੂੰ ਹਰਾਇਆ ਅਤੇ ਉਸ ਦੀ ਖ਼ਾਲਸਾ ਫ਼ੌਜ ਬਹੁਤ ਤਾਕਤਵਰ ਸੀ ਜਿਸ ਵਿਚ ਸਿੱਖ, ਮੁਸਲਮਾਨ, ਹਿੰਦੂ ਅਤੇ ਯੂਰਪੀਨ ਸ਼ਾਮਲ ਸਨ। ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸਿੱਖ ਸਭਿਆਚਾਰ ਅਤੇ ਕਲਾ ਦੀ ਪੁਨਰ-ਜਾਗਰਤੀ ਦਾ ਸਮਾਂ ਸੀ, ਜਿਸ ਵਿਚ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਪੁਨਰ-ਉਸਾਰੀ ਸ਼ਾਮਲ ਸੀ। ਬਹੁਤ ਲੰਬਾ ਸਮਾਂ ਸੰਘਰਸ਼ ਅਤੇ ਮੁਸ਼ਕਿਲ ਸਮਿਆਂ ਵਿਚੋਂ ਲੰਘਣ ਤੋਂ ਬਾਅਦ ਪੰਜਾਬ ਵਾਸਤੇ ਇਹ ਪੂਰਨ ਅਮਨ ਅਤੇ ਖੁਸ਼ਹਾਲੀ ਦਾ ਸਮਾਂ ਸੀ; ਜਿਵੇਂ ਪੰਜਾਬੀ ਕਵੀ ਸ਼ਾਹ ਮੁਹੰਮਦ ਨੇ ‘ਜੰਗ ਸਿੰਘਾਂ ਤੇ ਫ਼ਿਰੰਗੀਆਂ’ ਵਿਚ ਕਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ “ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ…।” ਸੰਨ 1949 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਚੜ੍ਹਾਈ ਕਰ ਜਾਣ `ਤੇ ਉਸ ਦੇ ਰਾਜ ਦੀ ਅੰਗਰੇਜ਼ ਰਾਜ ਵਿਚ ਸ਼ਮੂਲੀਅਤ ਤੋਂ ਬਾਅਦ, ਜਿਵੇਂ ‘ਸੁੰਦਰੀ’ ਨਾਵਲ ਦੀ ਅੰਤਿਕਾ ਵਿਚ ਦੱਸਿਆ ਹੈ, ਸਿੱਖਾਂ ਵਾਸਤੇ ਹਾਲਾਤ ਬਹੁਤ ਉਲਝਣ ਵਾਲੇ ਹੋ ਗਏ ਸੀ ਅਤੇ ਸਿੱਖ ਕੀਮਤ ਪ੍ਰਬੰਧ ਵਿਚ ਬਹੁਤ ਗਿਰਾਵਟ ਆ ਗਈ। ਆਪਣੇ ਰਾਜ-ਭਾਗ ਨੂੰ ਅਚਾਨਕ ਖੋ ਦੇਣਾ ਉਨ੍ਹਾਂ ਲਈ ਬਹੁਤ ਵੱਡਾ ਜ਼ਖ਼ਮ ਸੀ। ਆਪਣੇ ਧਾਰਮਿਕ ਉਤਸ਼ਾਹ ਨੂੰ ਗੁਆ ਕੇ ਉਹ ਦੂਸਰੇ ਧਰਮਾਂ ਜਿਵੇਂ ਈਸਾਈ ਅਤੇ ਹਿੰਦੂ ਮੱਤ ਆਦਿ ਦੇ ਪ੍ਰਭਾਵ ਨੂੰ ਅਪਣਾਉਣ ਲੱਗ ਪਏ। ਆਪਣੇ ਗੁਰਪੁਰਬਾਂ ਨੂੰ ਵੀ ਉਨ੍ਹਾਂ ਨੇ ਸਿੱਖ ਰਹੁ-ਰੀਤਾਂ ਅਨੁਸਾਰ ਮਨਾਉਣਾ ਛੱਡ ਦਿੱਤਾ ਅਤੇ ਸਿੱਖ ਰਹਿਤ-ਮਰਿਯਾਦਾ ਵਿਚ ਗਿਰਾਵਟ ਆ ਗਈ। ਸਿੱਖ ਧਾਰਮਿਕ ਸਥਾਨਾਂ ਅਤੇ ਸਿੱਖ ਘਰਾਂ ਵਿਚ ਵੀ ਬੁੱਤ-ਪੂਜਾ ਹੋਣ ਲੱਗ ਪਈ। ਜਿਨ੍ਹਾਂ ਕਰਮ-ਕਾਂਡਾਂ ਨੂੰ ਗੁਰੂ ਸਾਹਿਬ ਨੇ ਨਿੰਦਿਆ ਸੀ ਉਨ੍ਹਾਂ ਕਰਮ-ਕਾਂਡਾਂ ਦੀ ਦੁਬਾਰਾ ਪਾਲਣਾ ਹੋਣ ਲੱਗ ਪਈ। ਇਕ ਪਾਸੇ ਈਸਾਈ ਗਿਰਜਿਆਂ ਨੇ ਧਰਮ-ਬਦਲੀ ਦਾ ਅਭਿਆਨ ਸ਼ੁਰੂ ਕਰ ਦਿੱਤਾ ਅਤੇ ਦੂਸਰੇ ਪਾਸੇ ਆਰੀਆ ਸਮਾਜ ਅਤੇ ਬ੍ਰਹਮੋਂ ਸਮਾਜ ਵਰਗੀਆਂ ਹਿੰਦੂ ਜਥੇਬੰਦੀਆਂ ਨੇ ਸਿੱਖਾਂ ਨੂੰ ਹਿੰਦੂ ਸੰਗਠਨਾਂ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ। ਸਿੱਖ ਤਿਉਹਾਰਾਂ ਨੂੰ ਹਿੰਦੂ ਰਸਮਾਂ-ਰੀਤਾਂ ਅਨੁਸਾਰ ਮਨਾਉਣਾ ਅਰੰਭ ਹੋ ਗਿਆ। ਇਸ ਵੇਲੇ ਕੋਈ ਵੀ ਸਿੱਖ ਸੰਗਠਨ ਨਜ਼ਰ ਨਹੀਂ ਸੀ ਆ ਰਿਹਾ। ਸਿੱਖ ਪੁਜਾਰੀਆਂ ਨੇ ਖੁLਦ ਇਨ੍ਹਾਂ ਗੈਰ-ਸਿੱਖ ਰੀਤਾਂ ਨੂੰ ਸਿੱਖ ਰਸਮਾਂ ਨਾਲ ਰਲਗੱਡ ਕਰਨਾ ਸ਼ੁਰੂ ਕਰ ਦਿੱਤਾ।
ਇਸ ਵਿਗੜੀ ਹੋਈ ਹਾਲਤ ਨੂੰ ਦੇਖ ਕੇ ਕੁੱਝ ਦਾਨਿਸ਼ਮੰਦ ਸਿੱਖਾਂ ਨੂੰ ਸਾਰੇ ਸਿੱਖ ਸਮਾਜ ਦੀ ਚਿੰਤਾ ਹੋਈ ਅਤੇ ਉਨ੍ਹਾਂ ਨੇ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਲਾਹੌਰ ਸਿੰਘ ਸਭਾਵਾਂ ਸਥਾਪਤ ਕੀਤੀਆਂ। ਇਨ੍ਹਾਂ ਸਿੰਘ ਸਭਾਵਾਂ ਨੂੰ ਸਥਾਪਤ ਕਰਨ ਅਤੇ ਫਿਰ ਹੋਰ ਸ਼ਹਿਰਾਂ ਵਿਚ ਵੀ ਬਣਾਉਣ ਦਾ ਮੁੱਖ ਮਕਸਦ ਗੁਰੂਆਂ ਦੀ ਸਿੱਖਿਆ ਦਾ ਪ੍ਰਚਾਰ ਅਤੇ ਪਰਸਾਰ ਕਰਨਾ, ਸਿੱਖਾਂ ਨੂੰ ਆਪਣੀ ਅਮੀਰ ਸਿੱਖ ਵਿਰਾਸਤ, ਸਿੱਖ ਕੀਮਤ ਵਿਧਾਨ ਬਾਰੇ ਜਾਗਰਤ ਕਰਨਾ ਅਤੇ ਵਿੱਦਿਆ ਦਾ ਪ੍ਰਚਾਰ ਕਰਨਾ ਸੀ। ਹੋਰ ਜ਼ਿਆਦਾ ਕੋਸ਼ਿਸ਼ ਵਜੋਂ ਪਹਿਲਾ ਖਾਲਸਾ ਦੀਵਾਨ ਅੰਮ੍ਰਿਤਸਰ ਅਤੇ ਫਿਰ ਖਾਲਸਾ ਦੀਵਾਨ ਲਾਹੌਰ ਸਥਾਪਤ ਕੀਤਾ ਗਿਆ ਤਾਂ ਕਿ ਸਿੱਖਾਂ ਨੂੰ ਸਿੱਖ ਫ਼ਲਸਫ਼ੇ ਤੋਂ ਜਾਣੂ ਕਰਾਇਆ ਜਾਵੇ, ਸਿੱਖ ਗੁਰਪੁਰਬਾਂ ਵਿਚੋਂ ਗੈਰ-ਸਿੱਖ ਰਵਾਇਤਾਂ ਨੂੰ ਖਾਰਜ ਕੀਤਾ ਜਾਵੇ ਅਤੇ ਸਿੱਖ ਰਹਿਤ-ਮਰਿਯਾਦਾ ਦੀ ਪਵਿੱਤਰਤਾ ਨੂੰ ਸਿੱਖ-ਸਿਧਾਂਤਾਂ ਅਨੁਸਾਰ ਬਹਾਲ ਕੀਤਾ ਜਾਵੇ, ਸਿੱਖ ਸਮਾਜ ਨੂੰ ਸੰਗਠਿਤ ਕੀਤਾ ਜਾਵੇ ਅਤੇ ਖਾਲਸਾ ਸਕੂਲਾਂ ਰਾਹੀਂ ਵਿੱਦਿਆ ਦਾ ਪ੍ਰਸਾਰ ਕੀਤਾ ਜਾਵੇ। ਲਹਿਰ ਦੇ ਅਰੰਭ ਵਿਚ ਪਹਿਲਾਂ ਬਾਹਰੀ ਰਸਮਾਂ ਨੂੰ ਕੱਢਣ, ਸਿੱਖ ਪੁਰਬਾਂ ਨੂੰ ਸਿੱਖ ਰਹਿਤ ਅਨੁਸਾਰ ਮਨਾਉਣ ਅਤੇ ਵਿੱਦਿਆ ਦੇਣ ਦਾ ਕੰਮ ਕੀਤਾ ਗਿਆ। ਬਦਕਿਸਮਤੀ ਨਾਲ ਕੁੱਝ ਸਮਾਂ ਇਕੱਠਿਆਂ ਕੰਮ ਕਰਨ ਤੋਂ ਬਾਅਦ ਲਹਿਰ ਦੋ ਧੜਿਆਂ ਵਿਚ ਵੰਡੀ ਗਈ ਜਿਸ ਨਾਲ ਸੰਸਥਾ ਨੂੰ ਅਤੇ ਇਸ ਦੇ ਕੰਮ ਨੂੰ ਬਹੁਤ ਨੁਕਸਾਨ ਹੋਇਆ। ਇਹ ਸਮਾਂ ਸੀ ਜਦੋਂ ਸਿੱਖਾਂ ਵਿਚ ਭਾਈਚਾਰਕ ਜੀਵਨ, ਪ੍ਰਬੰਧਕੀ ਜੋਸ਼, ਧਾਰਮਿਕ ਭਾਵਨਾਵਾਂ ਨੂੰ ਜਗਾਉਣ, ਬਾਣੀ ਅਤੇ ਬਾਣੀ ਦੇ ਉਚਾਰਨ ਨਾਲ ਜੋੜਨ ਦੀ ਜ਼ਰੂਰਤ ਸੀ। ਇਹ ਸਿੱਖ ਸਮਾਜ ਵਿਚ ਸੁਧਾਰ ਕਰਨ ਦੀ ਲਹਿਰ ਸੀ। ਇਸ ਉਦੇਸ਼ ਦੀ ਪੂਰਤੀ ਲਈ ਸਿੱਖ ਇਤਿਹਾਸ, ਸਿੱਖ ਬਹਾਦਰੀ ਦੇ ਕਾਰਨਾਮੇ, ਸਿੱਖ ਰਹਿਣੀ ਨੂੰ ਗੁਰਮਰਿਯਾਦਾ ਅਨੁਸਾਰ ਅਸਲੀਅਤ ਵਿਚ ਜਿਊਣ ਅਤੇ ਗੁਰੂਆਂ ਪ੍ਰਤੀ ਪ੍ਰੇਮ ਦੀ ਪ੍ਰੇਰਨਾ ਹਿਤ ਸਿੱਖਿਅਤ ਕਰਨ ਦੀ ਜ਼ਰੂਰਤ ਸੀ। ਭਾਈ ਵੀਰ ਸਿੰਘ ਨੇ ਇਸ ਮਿਸ਼ਨ ਦੀ ਪੂਰਤੀ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ।
ਸੰਨ 1893 ਦੇ ਕਰੀਬ ਜਦੋਂ ਭਾਈ ਵੀਰ ਸਿੰਘ ਹਾਲੇ ਛੋਟੀ ਉਮਰ ਦੇ ਹੀ ਸਨ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਿੱਖਾਂ ਵਿਚ ਧਾਰਮਿਕ ਅਹਿਸਾਸ ਨੂੰ ਜਗਾਉਣਾ ਇਕ ਦਵਾਈ ਦੀ ਤਰ੍ਹਾਂ ਕੰਮ ਕਰ ਸਕਦਾ ਹੈ, ਕੁਰਬਾਨੀ ਦੇ ਜਜ਼ਬੇ ਨੂੰ ਜਗਾਉਣਾ ਭਾਈਚਾਰਕ ਸਾਂਝ ਦੀ ਉਮੀਦ ਅਤੇ ਪ੍ਰਬੰਧਕੀ ਏਕਤਾ ਨੂੰ ਵਧਾ ਸਕਦਾ ਹੈ। ਇਸ ਉਮੀਦ ਨੂੰ ਮਨ ਵਿਚ ਲੈ ਕੇ 1993-94 ਵਿਚ ‘ਖ਼ਾਲਸਾ ਟਰੈਕਟ ਸੁਸਾਇਟੀ’ ਦੀ ਨੀਂਹ ਰੱਖੀ ਗਈ ਅਤੇ ਭਾਈ ਕੌਰ ਸਿੰਘ ਕੁੱਝ ਹੋਰ ਸਿੱਖਾਂ ਸਮੇਤ ਇਸ ਦੇ ਸੰਸਥਾਪਕ ਅਤੇ ਪ੍ਰਬੰਧਕ ਬਣੇ। ਸਾਹਿਤ ਪੈਦਾ ਕਰਨ ਦੀ ਜ਼ਿੰਮੇਵਾਰੀ ਭਾਈ ਵੀਰ ਸਿੰਘ ਨੇ ਆਪਣੇ ਉਤੇ ਲਈ। ਸਿੱਖ ਧਾਰਮਿਕ ਵਿੱਦਿਆ ਦੇ ਟ੍ਰੈਕਟ ਜਿਵੇਂ ‘ਪ੍ਰਾਰਥਨਾ’, ‘ਪ੍ਰੇਮਬਾਣ’ ਆਦਿ ਲਿਖੇ ਅਤੇ ਬਿਨਾਂ ਕਿਸੇ ਦਿਖਾਵੇ ਦੇ ਇਹ ਕੰਮ ਚੁੱਪਚਾਪ ਸ਼ੁਰੂ ਹੋ ਗਿਆ। ਭਾਈ ਕੌਰ ਸਿੰਘ 1895 ਵਿਚ ਸਵਰਗਵਾਸ ਹੋ ਗਏ। ਉਦੋਂ ਤੱਕ ਸਿਰਫ 5 ਟ੍ਰੈਕਟ ਛਪੇ ਸੀ ਅਤੇ ਛੇਵਾਂ ਉਨ੍ਹਾਂ ਦੇ ਸ਼ੋਕ-ਪੱਤਰ ਵਜੋਂ ਛਾਪਿਆ ਗਿਆ।
ਸੰਨ 1898 ਵਿਚ ਪੰਜਾਬੀ ਦਾ ਪਹਿਲਾ ਨਾਵਲ ‘ਸੁੰਦਰੀ’ ਛਾਪਿਆ ਗਿਆ। ਸੰਨ 1899 ਵਿਚ ‘ਖ਼ਾਲਸਾ ਸਮਾਚਾਰ’ ਅਖ਼ਬਾਰ ਕੱਢਿਆ ਗਿਆ ਅਤੇ ਇਨ੍ਹਾਂ ਸਾਰੀਆ ਕੋਸ਼ਿਸ਼ਾਂ ਵਿਚ ਭਾਈ ਵੀਰ ਸਿੰਘ ਪ੍ਰਮੁੱਖ ਹਸਤੀ ਸੀ ਅਤੇ ਉਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਲਈ। ਕੁੱਝ ਸਮੇਂ ਬਾਅਦ ਹੀ ਮਹਾਨ ਯੋਗਦਾਨੀ ਭਾਈ ਦਿੱਤ ਸਿੰਘ ਅਕਾਲ ਚਲਾਣਾ ਕਰ ਗਏ ਅਤੇ ਪ੍ਰਚਾਰ ਦੀ ਸਾਰੀ ਜ਼ਿੰਮੇਵਾਰੀ ਖ਼ਾਲਸਾ ਸਮਾਚਾਰ ‘ਤੇ ਆ ਪਈ। ਭਾਈ ਕੌਰ ਸਿੰਘ ਦੇ ਅਕਾਲ ਚਲਾਣੇ ਉਪਰੰਤ ਸਰਦਾਰ ਤ੍ਰਿਲੋਚਨ ਸਿੰਘ ਵਰਗੇ ਕੁੱਝ ਨੌਜੁਆਨ ਸੰਸਥਾ ਨਾਲ ਜੁੜ ਗਏ ਅਤੇ ਭਾਈ ਵੀਰ ਸਿੰਘ ਨੇ ਉਨ੍ਹਾਂ ਨਾਲ ਮਿਲ ਕੇ ਸੰਸਥਾ ਵਿਚ ਇਕ ਨਵੀਂ ਰੂਹ ਫੂਕੀ। ਭਾਈ ਵੀਰ ਸਿੰਘ ਦੀਆ ਕੋਸ਼ਿਸ਼ਾਂ ਨਾਲ ਸਿੱਖਾਂ ਦੀ ਪ੍ਰਮੁੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ 30 ਅਕਤੂਬਰ 1902 ਨੂੰ ਸਥਾਪਨਾ ਕੀਤੀ ਗਈ ਜੋ ਧਾਰਮਿਕ ਅਤੇ ਵਿੱਦਿਅਕ ਕਾਰਜਾਂ ਨੂੰ ਨਿਯਮਤ ਕਰਦੀ ਸੀ ਅਤੇ ਸਿੱਖਾਂ ਦੇ ਰਾਜਨੀਤਕ ਅਧਿਕਾਰਾਂ ਲਈ ਆਵਾਜ਼ ਉਠਾਉਂਦੀ ਸੀ। ਤਕਰੀਬਨ 53 ਸਿੰਘ ਸਭਾਵਾਂ ਚੀਫ਼ ਖ਼ਾਲਸਾ ਦੀਵਾਨ ਨਾਲ ਜੁੜ ਗਈਆਂ। ਪਹਿਲਾ ਕੇਂਦਰੀ ਖ਼ਾਲਸਾ ਯਤੀਮਖਾਨਾ 11 ਅਪ੍ਰੈਲ 1904 ਨੂੰ ਖੋਲ੍ਹਣਾ ਪਹਿਲਾ ਕਾਰਜ ਸੀ। ਸਿੱਖਾਂ ਵਿਚ ਵਿੱਦਿਆ ਦਾ ਪ੍ਰਚਾਰ ਕਰਨ ਲਈ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਖ਼ਾਲਸਾ ਸਕੂਲ ਖੋਲੇ੍ਹ ਗਏ। ਸੰਸਥਾ ਨੂੰ ਰਜਿਸਟਰ ਕਰਾਇਆ ਗਿਆ ਅਤੇ ਪੱਕਾ ਫੰਡ ਸਥਾਪਤ ਕੀਤਾ ਗਿਆ, ਟ੍ਰੈਕਟਾਂ ਦੀ ਲਗਾਤਾਰ ਛਪਾਈ ਸ਼ੁਰੂ ਹੋ ਗਈ। ਇਸ ਸੰਸਥਾ ਨੇ ਸਿੱਖ ਸਮਾਜ ‘ਤੇ ਬਹੁਤ ਜ਼ਿਆਦਾ ਅਤੇ ਹਾਂ-ਮੁਖੀ ਅਸਰ ਪਾਇਆ, ਧਾਰਮਿਕ ਜੋਸ਼ ਵਧਣ ਲੱਗ ਪਿਆ, ਅੰਦਰੂਨੀ ਖਹਿਬਾਜ਼ੀ ਨੂੰ ਲੋਕ ਨਫ਼ਰਤ ਕਰਨ ਲੱਗੇ, ਧਾਰਮਿਕ ਪੁਰਬਾਂ ਨੂੰ ਸੰਗਤੀ ਰੂਪ ਵਿਚ ਮਨਾਉਣ ਦਾ ਉਤਸ਼ਾਹ ਵਧਿਆ ਅਤੇ ਸਕਾਰਾਤਮਕ ਅਮਲ ਵਿਚ ਵਾਧਾ ਹੋਇਆ। ਵਿੱਦਿਅਕ ਕਾਰਜਾਂ ਵਿਚ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸ਼ੀਲਤਾ ਅੱਜ ਵੀ ਕਾਇਮ ਹੈ। ਸਿੱਖ ਸਮਾਜ ਦੀ ਆਰਥਿਕ ਸਵੈ-ਨਿਰਭਰਤਾ ਨੂੰ ਮਹਿਸੂਸ ਕਰਦਿਆਂ ‘ਪੰਜਾਬ ਐਂਡ ਸਿੰਧ ਬੈਂਕ’ ਦੀ ਸਥਾਪਨਾ ਕੀਤੀ ਜੋ ਉਦੋਂ ਦੇ ਸਿੰਧ ਅਤੇ ਪੰਜਾਬ ਪ੍ਰਾਂਤਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲੱਗਿਆ।
ਸਿੱਖ ਇਸਤਰੀ ਦੀ ਸਮਾਜਿਕ ਸਮਾਨਤਾ ਅਤੇ ਸੁਸ਼ਕਤੀਕਰਨ ‘ਸੁੰਦਰੀ’ ਨਾਵਲ ਦੇ ਹਵਾਲੇ ਨਾਲ:-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਗ੍ਰਹਿਸਤ ਜੀਵਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ ਹੈ; ਤਿਆਗ, ਸੰਨਿਆਸ ਅਤੇ ਹੱਠਯੋਗ ਆਦਿ ਜਿਸ ਵਿਚ ਅਧਿਆਤਮਕ ਪ੍ਰਾਪਤੀਆਂ ਲਈ ਗ੍ਰਹਿਸਤ ਦੇ ਤਿਆਗ ਨੂੰ ਤਰਜੀਹ ਦਿੱਤੀ ਜਾਂਦੀ ਹੈ, ਨੂੰ ਸਮੁੱਚ ਵਿਚ ਨਕਾਰਿਆ ਗਿਆ ਹੈ। ਮਨੁੱਖੀ ਜੀਵਨ ਅਤੇ ਸਮਾਜ ਵਿਚ ਸੰਤੁਲਨ ਕਾਇਮ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਪੁਰਸ਼-ਇਸਤ੍ਰੀ ਦਾ ਰਿਸ਼ਤਾ ਬਰਾਬਰੀ ਦੇ ਅਹਿਸਾਸ ‘ਤੇ ਅਧਾਰਤ ਹੋਣਾ ਚਾਹੀਦਾ ਹੈ ਅਤੇ ਇਸਤ੍ਰੀ ਵਿੱਦਿਆ ਬਹੁਤ ਜ਼ਰੂਰੀ ਹੈ। ਇਹ ਆਮ ਧਾਰਨਾ ਹੈ ਕਿ ਕਿਸੇ ਵੀ ਸਭਿਅਤਾ ਅਤੇ ਸੰਸਕ੍ਰਿਤੀ ਦਾ ਵਿਕਾਸ ਉਸ ਸਮਾਜ ਵਿਚ ਇਸਤ੍ਰੀ ਨੂੰ ਪ੍ਰਾਪਤ ਰੁਤਬੇ ਤੋਂ ਪਤਾ ਲੱਗਦਾ ਹੈ। ਇਸਤ੍ਰੀ ਸਮਾਜਿਕ ਅਤੇ ਸਭਿਆਚਾਰਕ ਕੀਮਤਾਂ ਨੂੰ ਸੰਭਾਲਣ ਅਤੇ ਅੱਗੇ ਲੈ ਜਾਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਪੰਜ ਸੌ ਸਾਲ ਤੋਂ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਇਸ ਤੱਥ ਦਾ ਚੇਤਾ ਕਰਾਇਆ ਸੀ ਕਿ ਇਸਤ੍ਰੀ ਤੋਂ ਬਿਨਾ ਮਨੁੱਖ ਦਾ ਦੁਨੀਆ ‘ਤੇ ਆਉਣਾ ਸੰਭਵ ਹੀ ਨਹੀਂ ਹੈ। ਵੱਡੇ ਤੋਂ ਵੱਡਾ, ਮਹਾਨ ਤੋਂ ਮਹਾਨ ਮਨੁੱਖ ਵੀ ਇਸਤ੍ਰੀ ਤੋਂ ਹੀ ਜਨਮ ਲੈਂਦਾ ਹੈ ਅਤੇ ਭਵਿੱਖ ਦੀਆਂ ਨਸਲਾਂ ਅਤੇ ਸਾਰੇ ਸਮਾਜਿਕ ਰਿਸ਼ਤੇ ਇਸਤ੍ਰੀ ਦੀ ਹੋਂਦ ਸਦਕਾ ਹੀ ਸੰਭਵ ਹਨ। ਉਹ ਪਰਿਵਾਰ ਅਤੇ ਸਮਾਜ ਦੀ ਨੀਂਹ ਹੈ।
ਭਾਈ ਵੀਰ ਸਿੰਘ ਨੇ ਆਪਣੀਆਂ ਸਾਰੀਆਂ ਰਚਨਾਵਾਂ ਨਾਵਲ, ਕਵਿਤਾ, ਮਹਾਂ ਕਾਵਿ, ਵਾਰਤਕ ਆਦਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਸਮਾਜ ਨੂੰ ਵਿੱਦਿਆ, ਖਾਸ ਤੌਰ `ਤੇ ਇਸਤਰੀਆਂ ਦੀ ਵਿੱਦਿਆ ਦੇ ਹੱਕ ਵਿਚ ਰਚੀਆਂ ਹਨ। ਇਸ ਪੱਖੋਂ ਉਨ੍ਹਾਂ ਦਾ ਯੋਗਦਾਨ ਇਕ ਸੰਸਥਾ ਵਰਗਾ ਹੈ। ਵਿਭਿੰਨ ਵੰਨਗੀਆਂ ਵਿਚ ਰਚਿਆ ਉਨ੍ਹਾਂ ਦਾ ਸਾਹਿਤ ਬਹੁਤ ਵਿਸ਼ਾਲ ਹੈ। ਉਨ੍ਹਾਂ ਦਾ ਨਾਵਲ ‘ਸੁੰਦਰੀ’ ਪੰਜਾਬੀ ਦਾ ਪਹਿਲਾ ਨਾਵਲ ਮਹਿਜ਼ ਸਾਹਿਤਕ ਦਿਲਚਸਪੀ ਜਾਂ ਮਨੋਰੰਜਨ ਵਾਸਤੇ ਹੀ ਨਹੀਂ ਰਚਿਆ ਗਿਆ ਬਲਕਿ ਮਨ ਵਿਚ ਇਕ ਖਾਸ ਮਕਸਦ ਲੈ ਕੇ ਇਕ ਮਿਸ਼ਨ ਦੇ ਤਹਿਤ ਰਚਿਆ ਗਿਆ। ਭਾਈ ਵੀਰ ਸਿੰਘ ਨੇ ਪ੍ਰਾਪਤ ਇਤਹਾਸਕ ਸੋਮਿਆਂ ਜਿਵੇਂ ਪੰਥ ਪ੍ਰਕਾਸ਼, ਖਾਲਸਾ ਤਵਾਰੀਖ, ਅਤੇ ਹੋਰ ਅਨੇਕਾਂ ਸਰੋਤਾਂ ਦੇ ਨਾਲ ਨਾਲ ਪ੍ਰਚੱਲਤ ਮੌਖਿਕ ਪ੍ਰੰਪਰਾ, ਲੋਕ ਗੀਤਾਂ ਵਿਚ ਪ੍ਰਾਪਤ ਸੁੰਦਰੀ ਦੀ ਕਹਾਣੀ ਨਾਲ ਮਿਲਾ ਕੇ ਲਿਖਿਆ ਜਿਸ ਦਾ ਜ਼ਿਕਰ ਪੁਸਤਕ ਵਿਚ ਮਿਲ ਜਾਂਦਾ ਹੈ। ਉਨ੍ਹਾਂ ਦਾ ਖਾਸ ਮਕਸਦ ਸਿੱਖਾਂ ਨੂੰ ਉਸ ਸਮੇਂ ਦੀ ਯਾਦ ਤਾਜ਼ਾ ਕਰਾਉਣਾ ਸੀ ਜਦੋਂ ਸਿੱਖਾਂ ਨੇ ਅਨੇਕਾਂ ਕਠਿਨਾਈਆਂ ਵਿਚੋਂ ਗੁਜ਼ਰਦਿਆਂ ਹੋਇਆਂ ਸ਼ਹਾਦਤਾਂ ਦਿੱਤੀਆਂ ਤਾਂ ਕਿ ਉਹ ਚੇਤੇ ਰੱਖ ਸਕਣ ਕਿ ਉਸ ਸਮੇਂ ਦੀ ਹਕੂਮਤ ਕਿਸ ਤਰ੍ਹਾਂ ਸਿੱਖਾਂ ‘ਤੇ ਜ਼ੁਲਮ ਢਾਹੁੰਦੀ ਸੀ ਅਤੇ ਆਮ ਲੋਕ ਰੋਜ਼ਾਨਾ ਜ਼ਿੰਦਗੀ ਵਿਚ ਕਿਸ ਤਰ੍ਹਾਂ ਹਕੂਮਤ ਦਾ ਤਸ਼ੱਦਦ ਝੱਲਦੇ ਸੀ। ਉਨ੍ਹਾਂ ਦਾ ਨਿਸ਼ਾਨਾ ਖ਼ਾਲਸਾ ਪੰਥ ਦੇ ਮਜ਼ਬੂਤ ਅਤੇ ਸੰਤੋਖੀ, ਬਹਾਦਰ ਅਤੇ ਮੁਸੀਬਤਾਂ ਦਾ ਮੁਕਾਬਲਾ ਕਰਨ ਵਾਲੇ, ਪਰਉਪਕਾਰੀ ਅਤੇ ਦਿਆਲੂ ਚਰਿੱਤਰ ਨੂੰ ਦਰਸਾਉਣਾ ਹੈ ਤਾਂ ਕਿ ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਤੋਂ ਅਸਰ ਕਬੂਲ ਕੇ ਇਸਤਰੀਆਂ ਅਤੇ ਪੁਰਸ਼ ਗੁਰੂ ਲਈ ਆਪਣੇ ਪ੍ਰੇਮ ਦਾ ਅਨੁਭਵ ਕਰਨ, ਆਪਣੇ ਇਤਿਹਾਸ ਅਤੇ ਗੁਰਮਤਿ ਕੀਮਤ ਵਿਧਾਨ ‘ਤੇ ਮਾਣ ਕਰਨ। ਕਿਤਾਬ ਦੀ ਮਸ਼ਹੂਰੀ ਦਾ ਅੰਦਾਜ਼ਾ ਇਸ ਦੀ ਲਗਾਤਾਰ ਛਪਾਈ ਤੋਂ ਲਗਾਇਆ ਜਾ ਸਕਦਾ ਹੈ ਜੋ ਪਹਿਲੀ ਵਾਰ 1898 ਵਿਚ ਪ੍ਰਕਾਸ਼ਤ ਹੋਈ ਅਤੇ 2010 ਵਿਚ 43ਵੀਂ ਵਾਰ ਛਪੀ।
ਇਹ ਉਸ ਬਹਾਦਰ ਇਸਤਰੀ ਦੀ ਕਹਾਣੀ ਹੈ ਜੋ ਆਪਣੀ ਬੇਵਸੀ ‘ਤੇ ਹੰਝੂ ਨਹੀਂ ਕੇਰਦੀ ਅਤੇ ਨਾ ਹੀ ਆਪਣੇ ਆਪ ਨੂੰ ਕਮਜ਼ੋਰ ਅਤੇ ਤਰਸਯੋਗ ਸਮਝਦੀ ਹੈ। ਇਕ ਕਮਜ਼ੋਰ ਅਤੇ ਮਸਕੀਨ ਇਸਤਰੀ ਆਪਣੇ ਭਰਾ ਬਲਵੰਤ ਸਿੰਘ ਤੋਂ ਅਸਰ ਕਬੂਲ ਕੇ, ਜੋ ਅੰਮ੍ਰਿਤ ਛਕ ਕੇ ਸਿੱਖ ਬਣ ਗਿਆ ਸੀ ਅਤੇ ਹਕੂਮਤ ਨਾਲ ਟੱਕਰ ਲੈ ਰਿਹਾ ਸੀ, ਗੁਰਬਾਣੀ ਅਤੇ ਇਤਿਹਾਸ ਤੋਂ ਤਾਕਤ ਅਤੇ ਹੌਂਸਲਾ ਲੈ ਕੇ ਸਿੱਖ ਕੀਮਤ ਵਿਧਾਨ ‘ਤੇ ਚੱਲ ਕੇ ਇਕ ਬਹਾਦਰ ਸਿੱਖ ਇਸਤਰੀ ਦੇ ਰੂਪ ਵਿਚ ਦੁਸ਼ਮਣ ਦੀਆਂ ਜ਼ਿਆਦਤੀਆਂ ਅਤੇ ਜ਼ੁਲਮ ਨਾਲ ਟੱਕਰ ਲੈਂਦੀ ਹੈ। ਇਹ ਮਨੁੱਖੀ ਮਾਨਸਿਕਤਾ ਦੇ ਸਮੁੱਚੇ ਕਾਇਆਕਲਪ ਦੀ ਕਹਾਣੀ ਹੈ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਨੂੰ ਗੁਰਗੱਦੀ ਕਿਉਂ ਸੌਂਪੀ ਅਤੇ ਇਹ ਸਿਲਸਿਲਾ ਗੁਰੂ ਗੋਬਿੰਦ ਸਿੰਘ ਤੱਕ ਇਕ ਲਗਾਤਾਰ ਅਮਲ ਰਿਹਾ? ਇਸ ਲਈ ਕਿਉਂਕਿ ਉਸ ਮਨੁੱਖੀ ਮਾਨਸਿਕਤਾ ਦੇ ਕਾਇਆਕਲਪ ਲਈ ਲੰਬਾ ਸਮਾਂ ਚਾਹੀਦਾ ਸੀ ਜੋ ਗਲ ਸੜ ਚੁੱਕੀਆਂ ਰਸਮਾਂ ਅਤੇ ਕਰਮਕਾਂਡ ਵਿਚ ਗ੍ਰਸੀ, ਸਦੀਆਂ ਦੀ ਗੁਲਾਮੀ ਸਹਿੰਦਿਆਂ, ਵਰਣ ਆਸ਼ਰਮ ਧਰਮ `ਤੇ ਆਧਾਰਤ ਜਾਤ-ਪਾਤ ਦੀ ਵੰਡੀ ਹੋਈ, ਵਿਭਿੰਨ ਫਿਰਕਿਆਂ ਅਤੇ ਧਾਰਮਿਕ ਵੰਡੀਆਂ ਕਾਰਨ ਦੂਸਰਿਆਂ ਲਈ ਉਪਜੀ ਨਫਰਤ ਆਦਿ ਦੀ ਆਦੀ ਹੋ ਗਈ ਸੀ।
ਨਾਵਲ ਅਨੁਸਾਰ ਸੁੰਦਰੀ ਦਾ ਭਰਾ ਬਲਵੰਤ ਸਿੰਘ ਭਾਵੇਂ ਹਿੰਦੂ ਪਰਿਵਾਰ ਵਿਚ ਪੈਦਾ ਹੋਇਆ ਸੀ ਪਰ ਗੁਰੂਆਂ ਦੀਆਂ ਸਿਖਿਆਵਾਂ ਤੋਂ ਪ੍ਰਭਾਵਤ ਹੋ ਕੇ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਅਤੇ ਆਪਣਾ ਘਰ ਛੱਡ ਦਿੱਤਾ ਤਾਂ ਕਿ ਸਮੇਂ ਦੇ ਹਾਕਮਾਂ ਦੀਆਂ ਵਧੀਕੀਆਂ ਨਾਲ ਟੱਕਰ ਲੈ ਸਕੇ। ਸੁੰਦਰੀ ਵੀ ਆਪਣੇ ਭਰਾ ਤੋਂ ਗੁਰਮਤਿ ਦਾ ਪਾਠ ਪੜ੍ਹਦੀ ਹੈ, ਪਠਾਨ ਦੇ ਚੁੰਗਲ ਵਿਚੋਂ ਛਡਾ ਲਏ ਜਾਣ ਤੋਂ ਬਾਅਦ ਜੰਗਲ ਵਿਚ ਜਥੇ ਨਾਲ ਰਹਿ ਕੇ ਸੇਵਾ ਕਰਨ ਦਾ ਅਹਿਦ ਲੈਂਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਅਠਾਰਵੀਂ ਸਦੀ ਦਾ ਸਮਾਂ ਖ਼ਾਲਸਾ ਪੰਥ ਲਈ ਬਹੁਤ ਮੁਸ਼ਕਿਲਾਂ ਭਰਿਆ ਸੀ। ਸਿੰਘ ਇਕੱਲੇ ਹੀ ਸੀ ਜੋ ਸਮੇਂ ਦੇ ਹਾਕਮਾਂ ਦੇ ਜ਼ੁਲਮ ਨਾਲ ਟੱਕਰ ਲੈ ਰਹੇ ਸੀ। ਸਿੱਖ ਹੋਣ ਦਾ ਅਰਥ ਸੀ ਆਪਣੇ ਆਪ ਨੂੰ ਖਤਰੇ ਵਿਚ ਪਾਉਣਾ। ਇਸ ਲਈ ਖ਼ਾਲਸਾ ਪੰਥ ਛੋਟੇ ਛੋਟੇ ਜਥਿਆਂ ਦੇ ਰੂਪ ਵਿਚ ਜੰਗਲਾਂ ਵਿਚ ਘੋੜਿਆਂ ਦੀਆਂ ਕਾਠੀਆਂ ‘ਤੇ ਰਹਿ ਕੇ, ਖਾਧ-ਖੁਰਾਕ ਅਤੇ ਹਥਿਆਰਾਂ ਦੀ ਘਾਟ ਅਤੇ ਹੋਰ ਸਹੂਲਤਾਂ ਦੀ ਅਣਹੋਂਦ ਵਿਚ ਵੀ ਆਮ ਲੋਕਾਂ ਲਈ ਹਾਕਮਾਂ ਨਾਲ ਲੜ ਰਿਹਾ ਸੀ। ਇਕ ਪਾਸੇ ਦੀਵਾਨ ਲਖਪਤ ਰਾਇ ਸੀ ਜੋ ਹਾਕਮਾਂ ਨਾਲ ਮਿਲ ਕੇ ਸਿੱਖਾਂ ਦਾ ਬੀਜਨਾਸ਼ ਕਰਨ ਲਈ ਤੁਲਿਆ ਹੋਇਆ ਸੀ ਅਤੇ ਦੂਸਰੇ ਪਾਸੇ ਦੀਵਾਨ ਕੌੜਾ ਮੱਲ ਸੀ ਜਿਸ ਨੂੰ ਸਿੱਖਾਂ ਨਾਲ ਪੂਰੀ ਹਮਦਰਦੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇ ਭਾਈਚਾਰੇ ਲਈ ਕੀ ਸਹੀ ਹੈ ਅਤੇ ਹਰ ਸੰਭਵ ਤਰੀਕੇ ਨਾਲ ਸਿੱਖਾਂ ਦੀ ਮੱਦਦ ਕਰਦਾ ਸੀ। ਇਥੇ ਨਾਵਲ ਦੇ ਵਿਸਥਾਰ ਵਿਚ ਜਾਣ ਦੀ ਗੁੰਜਾਇਸ਼ ਨਹੀਂ ਹੈ। ਏਨਾ ਹੀ ਕਹਿ ਦੇਣਾ ਕਾਫ਼ੀ ਹੈ ਕਿ ਸੁੰਦਰੀ ਅੰਮ੍ਰਿਤ ਛਕਣ ਤੋਂ ਬਾਅਦ ਬਿਲਕੁਲ ਬਦਲ ਜਾਂਦੀ ਹੈ। ਉਹ ਭਾਈ ਘਨੱ੍ਹਈਆ ਦੀ ਤਰ੍ਹਾਂ ਬਿਨਾਂ ਕਿਸੇ ਭੇਦ-ਭਾਵ ਦੇ ਜ਼ਖ਼ਮੀ ਹੋਏ ਦੁਸ਼ਮਣ ਦੀ ਵੀ ਸੇਵਾ ਕਰਦੀ ਹੈ ਅਤੇ ਇਕ ਬਹਾਦਰ ਸਿੰਘਣੀ ਵਾਂਗ ਵਕਤ ਆਉਣ ‘ਤੇ ਦੁਸ਼ਮਣ ਦਾ ਮੁਕਾਬਲਾ ਵੀ ਕਰਦੀ ਹੈ। ਇਹ ਇਕ ਬਹਦਰ ਸਿੱਖ ਇਸਤਰੀ ਦੀ ਦਾਸਤਾਨ ਹੈ ਕਿ ਕਿਵੇਂ ਇਕ ਕਮਜ਼ੋਰ ਅਤੇ ਮਸਕੀਨ ਸ਼ਖ਼ਸੀਅਤ ਗੁਰੂ ਦੀ ਬਾਣੀ ਨਾਲ ਜੁੜ ਕੇ ਬਹਾਦਰ ਅਤੇ ਨਿਡਰ ਇਸਤਰੀ ਦਾ ਰੂਪ ਧਾਰ ਲੈਂਦੀ ਹੈ।