ਇੱਕੀਵੀਂ ਸਦੀ ਦਾ ਸ਼ਾਹਸਵਾਰ ਉਰਫ਼ ਸੁਰਜਨ ਜ਼ੀਰਵੀ

ਗੁਰਦੇਵ ਚੌਹਾਨ
ਅੱਜ ਸਵੇਰੇ ਅੱਖ ਖੁੱਲ੍ਹਣ ਸਾਰ ਮੈਂ ਆਦਤ ਅਨੁਸਾਰ ਫੋਨ ‘ਤੇ ਉਡਦੀ ਉਡਦੀ ਨਜ਼ਰ ਦੁੜਾਈ ਤਾਂ ਸੁੱਖਦੇਵ ਸਿੰਘ ਝੰਡ ਦੀ ਵਾਲ ਉੱਤੇ ਜ਼ੀਰਵੀ ਸਾਹਿਬ ਦੀ ਤਸਵੀਰ ਹੇਠਾਂ ‘ਵਿਛੋੜਾ ਦੇ ਗਏ ਹਨ’ ਲਿਖਿਆ ਪੜ੍ਹਿਆ ਤਾਂ ਦਿਲ ਨੂੰ ਬਹੁਤ ਸੱਟ ਵੱਜੀ ਕਿ ਇਹ ਕੀ ਹੋ ਗਿਆ।

ਮੈਂ ਆਪਣੇ ਮਿੱਤਰਾਂ ਨੂੰ ਕਈ ਦਿਨ ਦਾ ਕਹਿ ਰਿਹਾ ਸਾਂ ਕਿ ਚਲੋ ਕਿਸੇ ਦਿਨ ਜ਼ੀਰਵੀ ਸਾਹਬ ਦੀ ਖ਼ਬਰ ਲੈ ਆਈਏ। ‘ਖ਼ੈਰ ਇਹ ਨਾ ਹੋ ਸਕਿਆ। ਸੁਰਜਨ ਜ਼ੀਰਵੀ ਕਈ ਸਾਲਾਂ ਤੋਂ ਬਿਮਾਰ ਚੱਲ ਰਹੇ ਸਨ। ਬਲਰਾਜ ਚੀਮਾ ਅਤੇ ਹੋਰ ਦੋਸਤਾਂ ਨਾਲ ਕਈ ਵਾਰ ਮੈਂ ਉਨ੍ਹਾਂ ਦੇ ਘਰ ਗਿਆ ਹਾਂ ਅਤੇ ਉਨ੍ਹਾਂ ਦਾ ਸਾਥ ਬਹੁਤ ਸਾਹਿਤਕ ਸੁਭਾਵਾਂ ਵਿਚ ਵੀ ਮਾਣਿਆ ਹੈ। ਸਾਲ 2007 ਵਿਚ ਮੈਂ ਉਨ੍ਹਾਂ ਬਾਰੇ ਇਥੋਂ ਛਪਣ ਵਾਲੀ ਸਪਤਾਹਿਕ ਅਖ਼ਬਾਰ, ‘ਵਤਨ’ ਵਿਚ, ਜਿਸ ਨਾਲ ਮੈਂ ਵੀ ਸਹਿ ਸੰਪਾਦਕ ਵਜੋਂ ਜੁੜਿਆ ਹੋਇਆ ਸਾਂ, ਇਕ ਲੇਖ ਲਿਖਿਆ ਸੀ, ਜਿਹੜਾ ਬਾਅਦ ਵਿਚ ਮੈਂ ਆਪਣੀ ਵਾਰਤਕ ਪੁਸਤਕ, ‘ਚਸ਼ਮਦੀਦ’ (2009) ਵਿਚ ਵੀ ਸ਼ਾਮਿਲ ਕਰ ਲਿਆ ਸੀ। ਇਹ ਲੇਖ ਬਹੁਤਾ ਕਰਕੇ ਜ਼ੀਰਵੀ ਹੋਰਾਂ ਦੀ ਪੁਸਤਕ, ‘ਇਹ ਹੈ ਬਾਰਬੀ ਸੰਸਾਰ’, ਬਾਰੇ ਸੀ ਜਿਹੜੀ ਉਦੋਂ ਨਵੀਂ ਨਵੀਂ ਪ੍ਰਕਾਸ਼ਿਤ ਹੋਈ ਸੀ। ਇਹ ਲੇਖ ਮੈਂ ਉਨ੍ਹਾਂ ਦੀ ਯਾਦ ਵਿਚ ਹੇਠਾਂ ਦੇ ਰਿਹਾ ਹਾਂ। ਇਸ ਤੋਂ ਬਾਅਦ ਦੇ ਸੋਲਾਂ-ਸਤਾਰਾਂ ਸਾਲਾਂ ਵਿਚ ਉਨ੍ਹਾਂ ਦੀਆਂ ਅਨੇਕਾਂ ਯਾਦਾਂ ਮੇਰੇ ਆਸੇ-ਪਾਸੇ ਘੁੰਮ ਰਹੀਆਂ ਹਨ। ਇਕ ਵਾਰ ਉਨ੍ਹਾਂ ਮੈਨੂੰ ੰੲਲੲਚਟੲਦ ੳਮੲਰਚਿਅਨ ਓਸਸਅੇਸ ਪੁਸਤਕ ਭੇਂਟ ਕੀਤੀ ਸੀ, ਜਿਹੜੀ ਪੜ੍ਹਣ ਸਮੇਂ ਮੈਨੂੰ ਉਨ੍ਹਾਂ ਨਾਲ ਜੋੜਦੀ ਰਹੀ ਹੈ। ਉਨ੍ਹਾਂ ਦੀ ਦੂਸਰੀ ਵਾਰਤਕ ਪੁਸਤਕ ‘ਆ ਸੱਚ ਜਾਣੀਏ’ ਵੀ ਮੈਂ ਪਿੱਛੇ ਜਿਹੇ ਬਰੈਮਲੀ ਲਾਇਬਰੇਰੀ ਵਿਚੋਂ ਲੈ ਕੇ ਪੜ੍ਹੀ ਸੀ ਜਿਸ ਬਾਰੇ ਅਤੇ ਉਨ੍ਹਾਂ ਦੀਆਂ ਹੋਰ ਲਿਖਤਾਂ ਬਾਰੇ ਸਾਧੂ ਸਿੰਘ, ਪ੍ਰੋ. ਹਰਭਜਨ ਸਿੰਘ ਭਾਟੀਆ, ਕੁਲਵਿੰਦਰ ਖਹਿਰਾ ਅਤੇ ਕਈ ਹੋਰਾਂ ਨੇ ਬਹੁਤ ਅੱਛਾ ਲਿਖਿਆ ਹੈ। ਜਸਪਾਲ ਸਿੰਘ ਨੇ ਵੀ ‘ਦਿ ਟ੍ਰਿਬਿਊਨ’ ਵਿਚ ਉਨ੍ਹਾਂ ਦੀਆਂ ਦੋ ਪੁਸਤਕਾਂ ਦੇ ਰਿਵਿਊ ਲਿਖੇ ਹਨ ਜਿਹੜੇ ਉਨ੍ਹਾਂ ਦੀ 2022 ਵਿਚ ਪ੍ਰਕਾਸ਼ਿਤ ਵੱਡ ਆਕਾਰੀ ਕਿਤਾਬ ੍ਰੲਅਦਨਿਗਸ ਨਿ ਫੁਨਜਅਬ ਿ਼ਟਿੲਰਅਟੁਰੲ ਵਿਚ ਵੀ ਸ਼ਾਮਿਲ ਹਨ। ਜ਼ੀਰਵੀ ਹੋਰਾਂ ਦੀ ਘਾਲਣਾ ਅਜੇ ਅਜਿਹੀਆਂ ਬਹੁਤ ਹੋਰ ਗੰਭੀਰ ਲਿਖਤਾਂ ਅਤੇ ਚਰਚਾਵਾਂ ਮੰਗ ਕਰਦੀ ਹੈ ਅਤੇ ਕਰਦੀ ਰਹੇਗੀ ਕਿਉਂਕਿ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਰਹਾਂਗੇ ਜਿਹੜਾ ਕਰਨਾ ਬਣਦਾ ਵੀ ਹੈ।
ਸਾਲ 2003 ਦੀ ਗਲ ਹੈ ਕਿ ਮੈਂ ਕੈਨੇਡਾ ਵਿਚ ਇਕ ਵਿਜ਼ਟਰ ਵਜੋਂ ਆਇਆ ਹੋਇਆ ਸਾਂ, ਅਤੇ ਟਰਿੰਟਨ ਆਪਣੀ ਬੇਟੀ ਕੋਲ ਰਹਿੰਦਾ ਸਾਂ, ਜਿੱਥੇ ਉਨ੍ਹਾਂ ਦਾ ਮੋਟਲ ਹੈ। ਉੱਥੇ ਮੈਨੂੰ ਮਿਸੀਸਾਗਾ ਤੋਂ ਇਕ ਫੋਨ ਆਇਆ। ਬੋਲਣ ਵਾਲੇ ਦੀ ਆਵਾਜ ਤੋਂ ਮੈਂ ਵਾਕਿਫ਼ ਨਹੀਂ ਸਾਂ ਪਰ ਉਸ ਛੇਤੀਂ ਇਹ ਕਹਿ ਕੇ ਫ਼ੋਨ ਕਿਸੇ ਹੋਰ ਨੂੰ ਪਕੜਾ ਦਿੱਤਾ “ਲ ਗੁਰਬਚਨ ਨਾਲ ਗਲ ਕਰੋ।” ਗੁਰਬਚਨ ਚੰਡੀਗੜ੍ਹ ਰਹਿੰਦਾ ਹੈ, ਕਈ ਦਹਾਕਿਆਂ ਤੋਂ ਮੇਰਾ ਮਿੱਤਰ ਚਲਿਆ ਆ ਰਿਹਾ ਹੈ। ਉਹ ਅਜੇਹਾ ਸਾਹਿਤਕਾਰ ਹੈ ਜਿਸਦੀ ਲਿਖਤ ਜਿੰਨੀ ਤਿੱਖੀ ਅਤੇ ਜ਼ਾਇਕੇਦਾਰ ਹੁੰਦੀ ਹੈ ਉਤਨੀ ਇਹ ਉਸ ਬੰਦੇ ਦਾ ਕਈ ਕਈ ਸਾਲਾਂ ਤੀਕ ਮੂੰਹ ਦਾ ਜ਼ਾਇਕਾ ਖ਼ਰਾਬ ਕਰ ਸਕਣ ਦੀ ਸ਼ਕਤੀ ਵੀ ਰਖਦੀ ਹੈ। ਜਿਸ ਬਾਰੇ ਉਹ ਲਿਖ ਰਿਹਾ ਹੋਵੇ ਭਾਵੇਂ ਅਕਸਰ ਉਹ ਉਸ ਦਾ ਮਿੱਤਰ ਹੀ ਹੁੰਦਾ ਹੈ ਜਾਂ ਮਿੱਤਰ ਰਿਹਾ ਹੁੰਦਾ ਹੈ। ਗੁਰਬਚਨ ਨੂੰ ਫੋਨ ਦੇਣ ਵਾਲਾ ਸੁਰਜਨ ਜ਼ੀਰਵੀ ਸੀ ਜਿਸ ਪਾਸ ਉਹ ਰੁਕਿਆ ਹੋਇਆ ਸੀ। ਮੈਂ ਸੋਚਿਆ ਰੱਬ ਖ਼ੈਰ ਕਰੇ।
ਜ਼ੀਰਵੀ ਬਾਰੇ ਅਤੇ ਉਸ ਨਾਲ ਪੁਰਾਣੀ ਦੋਸਤੀ ਦਾ ਜਿ਼ਕਰ ਗੁਰਬਚਨ ਨੇ ਪਹਿਲਾਂ ਵੀ ਕਈ ਵਾਰ ਕੀਤਾ ਸੀ। ਮੈਂ 35 ਸੈਕਟਰ ਵਿਚ ਸਾਂ ਅਤੇ ਗੁਰਬਚਨ ਦੋ ਸੈਕਟਰ ਛਡ ਕੇ 33 ਵਿਚ ਅਤੇ ਫਿਰ 45 ਵਿਚ ਰਹਿੰਦਾ ਸੀ ਜਿਹੜੇ ਆਪਸ ਵਿਚ ਜੁੜੇ ਹੋਏ ਹਨ। ਉਹ ਸੈਰ ਕਰਦਾ ਅਕਸਰ ਮੇਰੇ ਕੋਲ ਆ ਜਾਂਦਾ ਅਤੇ ਅਸੀਂ ਇਕੱਠੇ ਲਾਗਲੀ ਟੌਪੀਅਰੀ ਪਾਰਕ ਵਿਚ ਦੇਰ ਤੀਕ ਸੈਰ ਕਰਦੇ। ਮੈਂ ਸੋਚਦਾ ਇਹ ਜ਼ੀਰਵੀ ਨਾਂ ਦਾ ਸਖ਼ਸ਼ ਕੋਈ ਖਾਸ ਹੀ ਹੋਵੇਗਾ ਨਹੀਂ ਤਾਂ ਅਕਸਰ ਉਹ ਜਿਸ ਦਾ ਵੀ ਜ਼ਿਕਰ ਕਰਦਾ ਉਹ ਮਾੜੇ ਪਾਸੇ ਵਲ ਵੱਧ ਝੁੱਕਿਆ ਹੁੰਦਾ ਸੀ। ਪਰ ਜੀਰਵੀ ਬਾਰੇ ਉਸਦਾ ਜ਼ਿਕਰ ਹਮੇਸ਼ਾ ਹੀ ਪ੍ਰਸੰ਼ਸਾ ਨਾਲ ਭਰਿਆ ਹੁੰਦਾ। ਇਹ ਪਹਿਲੀ ਵੇਰ ਉਸੇ ਤੋਂ ਮੈਨੂੰ ਪਤਾ ਲਗਾ ਸੀ ਕਿ ਭਾਰਤੀ ਸਾਹਿਤ ਅਕਾਦਮੀ ਵਲੋਂ ਸਨਮਾਨਿਤ ਪ੍ਰਸਿੱਧ ਕਵੀ ਅਤੇ ਮਨੋਵਿਗਿਆਨੀ ਜਸਵੰਤ ਸਿੰਘ ਨੇਕੀ ਜਿਹੜੇ ਪੀ ਜੀ ਆਈ ਚੰਡੀਗੜ੍ਹ ਦੇ ਡਾਇਰੈਕਟਰ ਵੀ ਰਹੇ ਹਨ, ਦੀ ਭੈਣ ਅੰਮ੍ਰਿਤ ਸੁਰਜਨ ਜ਼ੀਰਵੀ ਦੀ ਧਰਮ ਪਤਨੀ ਹੈ। ਉਨ੍ਹਾਂ ਦੀ ਇਕੋ ਇਕ ਬੇਟੀ ਦਾ ਨਾਂ ਸੀਰਤ ਹੈ, ਜਿਸਦੇ ਅਗੋਂ ਵੀ ਇਕੋ ਬੇਟੀ ਹੈ, ਜਿਸ ਨਾਂ ਸਿਮਰਤ ਹੈ। ਸੀਰਤ ਨਵਤੇਜ ਨੂੰ ਵਿਆਹੀ ਹੋਈ ਹੈ। ਸੁਰਜਨ ਜ਼ੀਰਵੀ ਨੇ ਆਪਣਾ ਨਾਂ ਪੰਜਾਬ ਦੇ ਕਸਬਾ ਜ਼ੀਰਾ ਜਿਹੜੀ ਉਸ ਦੀ ਜਨਮ ਭੂਮੀ ਹੈ ਤੋਂ ਪ੍ਰਭਾਵਿਤ ਹੋ ਕੇ ਰਖਿਆ ਹੈ। ਉਸ ਦਾ ਛੋਟਾ ਭਰਾ ਜਗਜੀਤ ਜ਼ੀਰਵੀ ਵੀ ਪ੍ਰਸਿੱਧ ਗ਼ਜ਼ਲ ਗਾਇਕ ਹੈ।
ਇਸ ਵਾਰ ਜਦ ਮੈਂ ਕੈਨੇਡਾ ਆਇਆ ਤਾਂ ਮਨ ਵਿਚ ਤਾਂਘ ਸੀ ਕਿ ਉਦੋਂ ਤਾਂ ਭਾਵੇਂ ਮੈਂ ਜੀਰਵੀ ਹੋਰਾਂ ਦੇ ਦਰਸ਼ਨ ਨਾ ਕਰ ਸਕਿਆ ਪਰ ਹੁਣ ਤਾਂ ਕਦੇ ਨਾ ਕਦੇ ਇਸ ਸਖ਼ਸ਼ ਨਾਲ ਦੇਰ ਸਵੇਰ ਮੇਲ ਹੋ ਹੀ ਜਾਵੇਗਾ। ਛੇਤੀਂ ਹੀ ਅਜੇਹਾ ਮੌਕਾ ਬਣ ਗਿਆ ਅਤੇ ਫਿਰ ਤਾਂ ਅਕਸਰ ਹੀ ਅਜੇਹੇ ਸੁਭਾਗ ਛੇਤੀ ਛੇਤੀ ਹੀ ਪ੍ਰਾਪਤ ਹੋਣ ਲਗੇ। ਇਸ ਦਾ ਮੁਖ ਕਾਰਨ ਇਹ ਸੀ ਕਿ ਮੇਰਾ ਮਿੱਤਰ ਬਲਰਾਜ ਚੀਮਾ ਵੀ ਅਗੋਂ ਉਸਦਾ ਮਿੱਤਰ ਸੀ, ਅਤੇ ਇਸ ਮਿੱਤਰਤਾ ਦਾ ਇਕ ਖ਼ਾਸ ਰਾਜ਼ ਅਤੇ ਕਾਰਨ ਬਲਰਾਜ ਚੀਮਾ ਦੀ ਮਿਲਣਸਾਰ ਸੁਭਾਵ ਵਾਲੀ ਕਾਰ ਸੀ, ਜਿਹੜੀ ਉਨ੍ਹਾਂ ਦੋਨਾਂ ਨੂੰ ਜਿੱਥੇ ਉਹ ਚਾਹੁੰਦੇ ਲੈ ਜਾਂਦੀ ਸੀ ਕਿਉਂਕਿ ਜ਼ੀਰਵੀ ਨੂੰ ਕਾਰ ਤਾਂ ਇਕ ਪਾਸੇ ਰਹੀ ਸਾਈਕਲ ਵੀ ਪੂਰੀ ਤਰਾਂ ਚਲਾਉਣਾ ਨਹੀਂ ਆਉਂਦਾ।
ਉਹ ਕਈ ਦਹਾਕਿਆਂ ਤੀਕ ‘ਨਵਾਂ ਜ਼ਮਾਨਾ’ ਅਖਬਾਰ ਦਾ ਸੰਪਾਦਕ ਰਿਹਾ ਹੈ ਜਿਹੜੀ ਪੰਜਾਬੀ ਵਿਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਉਰਦੂ ਵਿਚ ਨਿਕਲਦੀ ਹੁੰਦੀ ਸੀ । ਜੀਰਵੀ ਨੇ ਉਸ ਦੇ ਦੋਵੇਂ ਰੂਪ ਸੰਪਾਦਿਤ ਕੀਤੇ ਹਨ । ਇਹ ਉਸ ਦੀ ਦੇਖ-ਰੇਖ ਵਾਲੇ ਸਮੇਂ ਵਿਚ ਹੀ ਹੋਇਆ ਸੀ ਕਿ ਇਹ ਅਖ਼ਬਾਰ ਆਪਣੇ ਪੰਜਾਬੀ ਪਾਠਕ ਸਿਰਜ ਸਕੀ ਸੀ। ਇਹ ਉਹੀ ਦਿਨ ਸਨ, ਜਦੋਂ ਇਸ ਵਿਚ ਫਿ਼ਕਰ ਤੌਸਵੀ ਦਾ ਪ੍ਰਸਿੱਧ ਹਾਸਰਸ ਵਿਅੰਗ ‘ਪਿਆਜ ਦੇ ਛਿੱਲਕੇ’ ਛਪਦਾ ਹੁੰਦਾ ਸੀ ਅਤੇ ਅਸੀਂ ਸਕੂਲ ਤੋਂ ਵਾਪਸ ਪਰਤਦੇ ਕਿੱਕਰਾਂ ਦੀ ਛਿੱਦੀ ਛਾਵੇਂ ਰੁਕ ਕੇ ਪੜ੍ਹਦੇ ਹੁੰਦੇ ਸਾਂ ਕਿਉਂਕਿ ਸਾਡੇ ਪਿੰਡ ਵਿਚ ਡਾਕਖਾਨਾ ਨਾ ਹੋਣ ਕਰਕੇ ਕਾਮਰੇਡ ਮਾਸਟਰ ਈਸ਼ਰ ਸਿੰਘ ਦੀ ਅਖਬਾਰ ਡਾਕੀਆ ਸਕੂਲ ਵਿਚ ਹੀ ਸਾਨੂੰ ਦੇ ਜਾਂਦਾ ਸੀ। ਪੰਜਾਬ ਵਿਚ ਖੱਬੇ ਪੱਖੀ ਲਹਿਰ ਕਾਇਮ ਕਰਨ ਵਲ ਜ਼ੀਰਵੀ ਅਤੇ ਉਸਦੀ ਅਖ਼ਬਾਰ ‘ਨਵਾਂ ਜ਼ਮਾਨਾ’ ਦਾ ਅਹਿਮ ਰੋਲ ਰਿਹਾ ਹੈ। ਇਨ੍ਹਾਂ ਸਾਲਾਂ ਵਿਚ ਪੰਜਾਬ ਵਿਚ ਹਰਾ ਅਤੇ ਚਿੱਟਾ ਇੰਨਕਲਾਬ ਆ ਰਿਹਾ ਸੀ। ਤੱਤੀਆਂ ਹਵਾਵਾਂ ਦੇ ਦੌਰਾਂ ਦੀ ਆਮਦ ਵੀ ਫਿ਼ਜ਼ਾ ਵਿਚ ਘੁੱਲ੍ਹ ਰਹੀ ਸੀ।
ਜ਼ੀਰਵੀ ਦੇ ਨਜ਼ਰ ਵਾਲੇ ਚਸ਼ਮੇ ਦਿਆਂ ਸ਼ੀਸ਼ਿਆਂ ਵਿਚੋਂ ਉਸ ਦੀ ਪੈਨੀ ਦ੍ਰਿਸ਼ਟੀ ਸਭ ਉਨ੍ਹਾਂ ਚੀਜ਼ਾਂ ‘ਤੇ ਪੈਂਦੀ ਸੀ, ਜਿਹੜੀਆਂ ਮੀਡੀਆ ਦੇ ਰਹਿਮੋ-ਕਰਮ ‘ਤੇ ਸਨ। ਉਨ੍ਹਾਂ ਦਿਨਾਂ ਵਿਚ ਪ੍ਰਿੰਟ ਮੀਡੀਆ ਹੀ ਪ੍ਰਮੁੱਖ ਸੀ। ਇਹ ਖ਼ਬਰਾਂ ਦੇ ਦਿਨ ਸਨ, ਅਤੇ ਇਸ ਲਈ ਅਖ਼ਬਾਰ ਦੇ। ਹਰ ਕੋਈ ਇਨ੍ਹਾਂ ਬਗ਼ੈਰ ਅਧੂਰਾ ਅਤੇ ਅਣਸੁਰੱਖਿਅਕ ਮਹਿਸੂਸ ਕਰਦਾ ਸੀ। ਅਖ਼ਬਾਰ ਹੀ ਉਨ੍ਹਾਂ ਨੂੰ ਆਲੇ-ਦੁਆਲੇ ਦੀ ਸੁਖ ਸਾਂਦ ਦੇ ਸਕਦੀ ਸੀ। ਸੋ ਇਨ੍ਹਾਂ ਦਿਨਾਂ ਵਿਚ ਉਸ ਦੀ ਭੂਮਿਕਾ ਵੱਧ ਕਾਰਾਗ਼ਾਰ ਸਿੱਧ ਹੋ ਸਕਦੀ ਸੀ ਅਤੇ ਕਾਰਗ਼ਾਰ ਸਾਬਿਤ ਹੋਈ।
ਹੁਣ ਉਸਦੇ ਅਖ਼ਬਾਰ ਤੋਂ ਸੇਵਾ ਮੁਕਤ ਹੋਇਆਂ ਕਈ ਸਾਲ ਹੋ ਚੁੱਕੇ ਹਨ ਅਤੇ ਇੱਥੇ ਕੈਨੇਡਾ ਵਿਚ ਰਹਿੰਦਿਆਂ ਨੂੰ ਵੀ ਕਈ ਸਾਲ। ਇਨ੍ਹਾਂ ਵਰ੍ਹਿਆਂ ਵਿਚ ਬਹੁਤ ਕੁਝ ਬੀਤ ਗਿਆ ਅਤੇ ਤਬਦੀਲ ਹੋ ਚੁੱਕਾ ਹੈ, ਇੱਥੇ ਵੀ ਅਤੇ ਪਿੱਛੇ ਰਹਿ ਗਏ ਪੰਜਾਬ ਵਿਚ ਵੀ। ਇਕ ਹੋਰ ਤਬਦੀਲੀ ਉਸ ਦੀ ਦਾਹੜੀ ਵਿਚ ਚਿੱਟੇ ਵਾਲਾਂ ਦੀ ਗਿਣਤੀ ਦੇ ਸਿਆਣਪੀ ਵਾਧੇ ਦੀ ਹੋਈ ਹੈ ਅਤੇ ਦੂਜੀ ਉਸਦੇ ਕਾਲੇ ਵਾਲਾਂ ਦੇ ਸੰਜਮੀ ਘਾਟੇ ਦੀ। ਪਰ ਉਸ ‘ਤੇ ਇਹ ਵਾਧੇ-ਘਾਟੇ ਅਕਸਰ ਘਟ-ਵੱਧ ਹੀ ਅਸਰ ਕਰਦੇ ਹਨ। ਉਸ ਦੀ ਜਿੰਦਗੀ ‘ਤੇ ਕੇਵਲ ਇਕ ਚੀਜ਼ ਨੇ ਹੀ ਅਸਰ ਕੀਤਾ ਹੈ, ਇਹ ਸੀ ਸੋਵੀਅਤ ਯੂਨੀਅਨ ਦਾ ਵਿਗਠਨ। ਇਸ ਨੇ ਉਸਦੀ ਜਿੰਦਗੀ ਭਰ ਦੀ ਆਸਥਾ ਨੂੰ ਤੋੜ ਦਿੱਤਾ ਸੀ। ਇਹ ਘਾਟਾ ਉਸ ਨੂੰ ਅਜੇ ਤੀਕ ਵੀ ਅਖ਼ਰ ਰਿਹਾ ਹੈ।
ਜ਼ੀਰਵੀ ਨੇ ਆਪਣੀਆਂ ਸੰਪਾਦਕੀਆਂ ਨੂੰ ਕਦੇ ਨਹੀਂ ਸੰਭਾਲਿਆ, ਭਾਵੇਂ ਇਨ੍ਹਾਂ ਨੂੰ ਬਹੁਤ ਸਾਰੇ ਪਾਠਕ ਅਜੇ ਤੀਕ ਆਪਣੀ ਸਿਮਰਤੀ ਵਿਚ ਸਾਂਭੀ ਬੈਠੇ ਹਨ। ਪਰ ਹੁਣ ਉਸ ਆਪਣੀ ਅਖਬਾਰੀ ਜਿੰਦਗੀ ਤੋਂ ਵਿਹਲਾ ਹੋ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਲੇਖਾਂ ਨੂੰ ਸਾਂਭਣਾ ਵੀ। ਉਸ ਦੇ ਲੇਖਾਂ ਦੀ ਪੁਸਤਕ ‘ਇਹ ਹੈ ਬਾਰਬੀ ਸੰਸਾਰ’ ਦੋ ਕੁ ਸਾਲ ਪਹਿਲਾਂ ਚੇਤਨਾ ਪ੍ਰਕਾਸ਼ਨ ਲੁਧਿਆਨਾ ਨੇ ਪ੍ਰਕਾਸਿ਼ਤ ਕੀਤੀ ਹੈ। ਇਸ ਪੁਸਤਕ ਵਿਚ ਸ਼ਾਮਿਲ ਲੇਖ ਉਸ ਨੂੰ ਇਕ ਸੂਝਵਾਲ ਅਤੇ ਪ੍ਰਮਾਣਿਕ ਪੰਜਾਬੀ ਵਾਰਤਾਕਾਰ ਦੇ ਤੌਰ ‘ਤੇ ਸਥਾਪਿਤ ਕਰਦੇ ਹਨ। ਇਹ ਲੇਖ ਉਸ ਵਿਚਲੇ ਵਿਅੰਗਕਾਰ ਨੂੰ ਵੀ ਉਘਾੜਦੇ ਹਨ। ਉਹ ਆਪਣੀ ਚੁਸਤ ਬਿਆਨੀ ਲਈ ਮਸ਼ਹੂਰ ਹੈ। ਲਤੀਫੇ ਤਾਂ ਉਸ ਦੇ ਮੂੰਹ ਤੋਂ ਬਾਹਰ ਨਿਕਲਣ ਲਈ ਹਮੇਸ਼ਾਂ ਹੀ ਕਾਹਲੇ ਰਹਿੰਦੇ ਹਨ। ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਇਤਨੇ ਲਤੀਫਿ਼ਆਂ ਦੇ ਬਾਬਜ਼ੂਦ ਉਸਦਾ ਆਪਣਾ ਪੇਟ ਹਾਸੇ ਨਾਲ ਫਟਣੋਂ ਕਿਵੇਂ ਬਚਿਆ ਰਿਹਾ।
‘ਇਹ ਹੈ ਬਾਰਬੀ ਸੰਸਾਰ’ ਵਿਚ ਕੁਝ ਅਜੇਹੇ ਮਸਲੇ ਹਨ ਜਿਹੜੇ ਪੰਜਾਬੀ ਵਿਚ ਪਹਿਲੀ ਵਾਰ ਛੋਹੇ ਗਏ ਹਨ। ਇਹ ਉਹ ਮਸਲੇ ਹਨ, ਜਿਹੜੇ ਕੈਨੇਡਾ ਅਤੇ ਅਮਰੀਕੀ ਰਾਜਨੀਤੀ ਅਤੇ ਅਰਥਚਾਰੇ ਨਾਲ ਸਬੰਧਿਤ ਹੀ ਨਹੀਂ, ਸਗੋਂ ਇਨ੍ਹਾਂ ਉੱਤੇ ਕਰਾਰੀ ਚੋਟ ਵੀ ਕਰਦੇ ਹਨ। ਜਾਂ ਫਿਰ ਭਾਰਤ ਦੀ ਰਾਜਨੀਤੀ ਅਤੇ ਭਾਰਤ ਬਾਰੇ ਅਮਰੀਕੀ ਸਾਮਰਾਜੀ ਨੀਤੀ ਦਾ ਤਿੱਖਾ ਲੇਖਾ-ਜੋਖਾ। ਅਸਲ ਵਿਚ ਭਾਰਤ ਨੂੰ ਪਹਿਲਾਂ ਪੂਰਬੀਅਤ ਦਾ ਨਾਂ ਦੇ ਕੇ ਭਾਰਤੀ ਚਿੰਤਨ ਦੀ ਅਮੀਰੀ ਦੀ ਥਾਂ ਇਸਦੇ ਪਛੜੇਪਣ ਨੂੰ ਹੀ ਮਨੋਰੰਜਨ ਦਾ ਸਾਧਨ ਬਣਾਇਆ ਜਾਂਦਾ ਰਿਹਾ ਹੈ। ਮਿਸਾਲ ਲਈ ਇਥੋ ਦੀ ਗਰੀਬੀ ਦੇ ਕਿੱਸੇ, ਹਾਥੀ ਸਵਾਰ, ਬੀਨ ਨਾਲ ਸੱਪ ਕਢਣ ਵਾਲੇ ਸਪੇਰੇ, ਜਾਦੂਗਰ ਖਾਸ ਕਰ ਕੇ ਰੱਸੀ ਨੂੰ ਅਸਮਾਨ ਵਿਚ ਟੰਗ ਕੇ ਉਸ ਨੂੰ ਫੜ ਕੇ ਅਸਮਾਨ ਵਿਚ ਚੜਨ ਵਾਲੇ ਅਤੇ ਫਿਰ ਗੁੰਮ ਹੋ ਜਾਣ ਵਾਲੇ ਜਾਦੂਗਰਾਂ ਆਦਿ ਨੂੰ ਹੀ ਪੂਰਬੀਅਤਤਾ ਦਾ ਨਾਂ ਦਿਤਾ ਜਾਂਦਾ ਰਿਹਾ ਹੈ ਅਤੇ ਇਸ ਤੋਂ ਹੀ ਹਲਕੇ ਮੰਨੋਰੰਜਨੀ ਰੌਅ ਵਿਚ ਹੀ ਭਾਰਤ ਦੀ ਪ੍ਰਸੰ਼ਸਾ ਕੀਤੀ ਜਾਂਦੀ ਰਹੀ ਹੈ, ਜਿਸ ਦਾ ਜਿ਼ਕਰ ਐਲਬਰਟ ਸਈਅਦ ਨੇ ਆਪਣੀ ਇਸੇ ਨਾਂ ਦੀ ਪੁਸਤਕ ਵਿਚ ਕੀਤਾ ਹੈ। ਜ਼ੀਰਵੀ ਅਨੁਸਾਰ ਇਸੇ ਤਰਾਂ ਹੀ ਪਛਮ ਨੇ ਭਾਰਤ ਦੇ ਸਭ ਤੋਂ ਵੱਡੇ ਲੋਕਰਾਜ ਹੋਣ ਅਤੇ ਜਾਂ ਹੋਰਨਾਂ ਖ਼ੇਤਰਾਂ ਨੂੰ ਮਜ਼ਾਕੀਆ ਹੱਦ ਤੀਕ ਆਪਣੇ ਹਿੱਤਾਂ ਲਈ ਵਰਤਿਆ ਹੈ ਜਿਸ ਦਾ ਸ਼ਾਨਦਾਰ ਜਿ਼ੱਕਰ ਉਸ ‘ਐ ਵਤਨ…ਸਲਾਮਤ ਦੇਖੂਂ’ ਆਦਿ ਲੇਖਾਂ ਵਿਚ ਕੀਤਾ ਹੈ। ਉਸ ਦੇ ਹੋਰ ਲੇਖ ਕਾਰਪੋਰੇਟ ਸੈਕਟਰ ਜਿਹੜਾ ਹੁਣ ਸਾਮਰਾਜ ਦਾ ਹੀ ਦੂਜਾ ਰੂਪ ਹੈ, ਵਲੋਂ ‘ ਖੁੱਲੇ ਵਣਜ’ ਦੀ ਵਕਾਲਤ, ਭਾਵ ਨਵ ਉਦਾਰਵਾਦ, ਅਤੇ ਵਡਿਆਈ ਦੇ ਕੁਥਾਵੇਂ ਅਤੇ ਭੁਲੇਖਾਕਾਰੀ ਅਰਥਾਂ ਦਾ ਪਾਜ਼ ਖੋਲਦੇ ਹਨ। ਸਮਲਿੰਗੀ ਵਿਆਹਾਂ ਦੇ ਬਿੱਲ ਬਾਰੇ ਉਸਦੇ ਲੇਖ ਨੂੰ ਪੜ੍ਹ ਕੇ ਤੁਸੀਂ ਸਹਿਜੇ ਹੀ ਇਸ ਤੱਥ ’ਤੇ ਪਹੁੰਚ ਸਕਦੇ ਹੋ ਕਿ ਉਹ ਪਿੱਛਲੀ ਸਦੀ ਦੀ ਦਿੱਖ ਵਾਲਾ ਇੱਕੀਵੀਂ ਸਦੀ ਦਾ ਸ਼ਾਹਸਵਾਰ ਸਵਾਰ ਹੈ।
‘ਇਹ ਹੈ ਬਾਰਬੀ ਸੰਸਾਰ’ ਲੇਖ ਵਿਚ ਸੁਰਜਨ ਜ਼ੀਰਵੀ ਨੇ ਅਮਰੀਕੀ ਅੰਤਰ-ਰਾਸ਼ਟਰੀ ਕੰਪਨੀਆਂ ਵਲੋਂ ਬੱਚਿਆਂ ਲਈ ਮਾਪਿਆਂ ਦੇ ਮੋਹ ਨੂੰ ਕੁਸ਼ਲਤਾ ਨਾਲ ਕੈਸ਼ ਕਰਨ ਦੀ ਕੋਸਿ਼ਸ਼ ਵਿਚ ਬਾਰਬੀ ਦਾ ਸਿਲਸਿਲਾ ਸ਼ੁਰੂ ਕਰਨ ਦੀ ਪਰੋਖ ਸਾਜਿਸ਼ ਦਾ ਪਰਦਾ ਫ਼ਾਸ਼ ਕੀਤਾ ਹੈ। ਹਰ ਸਾਲ ਕਿਸੇ ਸਚੀਂ-ਮੁਚੀਂ ਦੀ ਕੁੜੀ ਨੂੰ ਬਾਰਬੀ ਬਨਾਉਣ ਲਈ ਚੁਣਿਆ ਜਾਂਦਾ ਹ।ੈ ਫਿਰ ਉਸ ਦੀ ਸ਼ਕਲ ਦੀਆਂ ਗੁਡੀਆਂ ਤਿਆਰ ਕੀਤੀਆਂ ਅਤੇ ਵੇਚੀਆਂ ਜਾਂਦੀਆਂ ਹਨ। ਫਿਰ ਇਨ੍ਹਾਂ ਦੇ ਡਰੈਸਾਂ ਨੂੰ ਬਾਜਾਰ ਵਿਚ ਲਿਆ ਕੇ ਹੋਰ ਪੈਸੇ ਵਸੂਲ ਕੀਤੇ ਜਾਂਦੇ ਹਨ ਅਤੇ ਫਿਰ ਬਾਰਬੀ ਲਈ ਫਰਨੀਚਰ, ਭਾਡੇਂ, ਦਿਲ ਲਾਉਣ ਲਈ ਸੁਹਣਾ ਮੁੰਡਾ ਅਤੇ ਫਿਰ ਉਨ੍ਹਾਂ ਦਾ ਘਰ, ਕਾਰਾਂ, ਗੱਲ ਕੀ ਨਿੱਤ ਨਵੀਂ ਮੰਗ ਪੈਦਾ ਕਰਨ ਲਈ ਪਹਿਲਾਂ ਇਨ੍ਹਾਂ ਵਸਤਾਂ ਨੂੰ ਬਾਜ਼ਾਰ ਵਿਚ ਸੁਟਿਆ ਜਾਂਦਾ ਹੈ। ਇਸ ਕਹਾਣੀ ਨੂੰ ਜਿੰਨਾ ਵੀ ਵਧਾ ਲਵੋ ਇਹ ਖ਼ਤਮ ਹੋਣ ਵਾਲਾ ਨਹੀਂ। ਅਸਲ ਵਿਚ ਬਾਰਬੀ ਆਪਣੇ ਆਪ ਵਿਚ ਵੀ ਪ੍ਰਤੀਕ ਹੈ ਅਜੇਹੀ ਲੁਟ ਖਸੁਟ ਦਾ। ‘ਹੋਰ ਅਤੇ ਹੋਰ’ ਇਹ ਅਮਰੀਕਾ ਰਾਹੀਂ ਪ੍ਰਚਾਰੀ ਜਿੰਦਗੀ ਦਾ ਇਕੋ ਇਕ ਜਨੂੰਨ ਬਣ ਗਿਆ ਹੈ, ਜਿਸਦਾ ਜਿ਼ਕਰ ਇਟਾਲਵੀ ਚਿੰਤਕ ਅਤੇ ਨਾਵਲਿਸਟ ਇੰਬਾਰਟੋ ਈਕੋ ਨੇ ਵੀ ਆਪਣੀ ਪੁਸਤਕ , ‘ਟਰੈਵਲਜ਼ ਇਨ ਹਾਈਪਰ ਰਿਐਲਿਟੀ’ ਵਿਚ ਕੀਤਾ ਹੈ ਜਿਹੜੀ ਅਚੇਤੇ ਹੀ ਜ਼ੀਰਵੀ ਦੀ ਇਸ ਪੁਸਤਕ ਦੀ ਯਾਦ ਤਾਜ਼ਾ ਕਰ ਦਿੰਦੀ ਹੈ। ਇਸ ਕਥਨ ਦਾ ਉਲਟਾ ਰੂਪ ਵੀ ਉਤਨਾ ਹੀ ਸੱਚ ਹੈ।
ਇਰਾਕ ਉੱਤੇ ਅਮਰੀਕੀ ਜੰਗ ਦੇ ਅਗੇ ਪਿੱਛੇ ਕੀ ਸੀ? ਇਸੇ ਤਰ੍ਹਾਂ ਨੈਟੋ ਦੇ ਹਮਲੇ ਪਿੱਛੇ ਵੀ। ਮਹਾਂ ਸ਼ਕਤੀ ਕਿਵੇਂ ਉਲਾਰ ਹੋ ਜਾਂਦੀ ਹੈ? ਇਹ ਪੁਸਤਕ ਇਨ੍ਹਾਂ ਪ੍ਰਸ਼ਨਾਂ ਅਤੇ ਅਜੇਹੇ ਸੰਦੇਹਾਂ ਉੱਤੋਂ ਗਰਦ ਝਾੜਦੀ ਹੈ। ਪਿਕਾਸੋ ਦਾ ਚਿਤਰ ਗੁਇਰਨਿਕਾ ਸਪੇਨੀ ਖਾਨਾਜੰਗੀ ਵੇਲੇ ਇਸ ਨਾਂ ਦੇ ਪਿੰਡ ਵਿਚ ਹੋਏ ਭਿਆਨਕ ਨਰਸਿੰਹਾਰ ਅਤੇ ਤਬਾਹੀ ਨੂੰ ਮੂਰਤੀਮਾਨ ਕਰਦਾ ਹੈ। ਜਦ ਅਮਰੀਕਾ ਇਰਾਕ ਉੱਤੇ ਹਮਲਾ ਕਰਨ ਜਾ ਰਿਹਾ ਸੀ ਤਦ ਯੂ ਐਨ ਦੇ ਸੁਰੱਖਿਆ ਕੌਂਸਲ ਵਿਚ ਅਮਰੀਕੀ ਬਿਦੇਸ਼ ਸਕੱਤਰ ਕੋਲਿਨ ਪਾਵਲ ਵਲੋਂ ਇਰਾਕ ਖਿਲਾ਼ਫ਼ ਦੋਸ਼ ਪਤਰ ਪੇਸ਼ ਕਰਨ ਸਮੇਂ ਉੱਸ ਦਫ਼ਤਰ ਵਿਚ ਟੰਗੀ ਤਸਵੀਰ ਉੱਤੇ ਪਰਦਾ ਦੇ ਦਿੱਤਾ ਗਿਆ ਸੀ ਕਿਉਂਕਿ ਇਸ ਤਸਵੀਰ ਦੀ ਹਾਜ਼ਰੀ ਵਿਚ ਕੌਲਨ ਕਿਵੇਂ ਝੂਠ ਬੋਲ ਕੇ ਹਮਲਾ ਕਰਨ ਤਜ਼ਵੀਜ਼ ਰਖ ਸਕਦਾ ਸੀ। ਕਲਾ ਅਤੇ ਸਾਹਿਤ ਦੀ ਤਾਕਤ ਨੂੰ ਉਘਾੜਣ ਲਈ ਅਜੇਹੀਆਂ ਮਿਸਾਲਾਂ ਨੂੰ ਆਧਾਰ ਬਣਾ ਕੇ ਲੇਖ ਲਿਖਣਾ, ਇਹ ਕੇਵਲ ਸੁਰਜਨ ਜ਼ੀਰਵੀ ਹੀ ਕਰ ਸਕਦਾ ਹੈ। ‘ਮਾਮਲਾ ਉਮਰਾਂ ਦਾ’ ਵਿਚ ਉਹ ਜਵਾਨੀ ਨੂੰ ਰੋਕਣ ਵਾਲੀਆਂ ਦਵਾਵਾਂ ਉਤੇ ਵਿਅੰਗ ਕੱਸਦਾ ਹੈ। ‘ਰੈਚਲ ਕੋਰੀ ਦੇ ਲਹੂ ਦੀ ਪੁਕਾਰ’ ਵਿਚ 23 ਸਾਲਾ ਅਮਰੀਕਨ ਅਮਨ ਵਲੰਟੀਅਰ ਕੁੜੀ ਦਾ ਜਿ਼ਕਰ ਹੈ, ਜਿਸਨੂੰ ਗਾਜ਼ਾ ਪੱਟੀ ਵਿਚ ਇਕ ਇਸਰਾਈਲੀ ਨੇ ਆਪਣੇ ਬੁਲਡੋਜ਼ਰ ਹੇਠ ਦੇ ਕੇ ਮਾਰ ਦਿੱਤਾ ਸੀ। ਇਸ ਦਰਦਨਾਕ ਘਟਨਾ ਨੇ ਲੱਖਾਂ ਦਿਲ ਹਿਲਾ ਕੇ ਰੱਖ ਦਿੱਤੇ ਸਨ। ਸੋ ਇਹ ਪੁਸਤਕ ਨਵੀਂ ਸਦੀ ਵਿਚ ਮਨੁੱਖ ਨੂੰ ਦਰਪੇਸ਼ ਮਸਲਿਆਂ ਨੂੰ ਇਸੇ ਸਦੀ ਦੀ ਸ਼ਬਦਾਵਲੀ ਅਤੇ ਅੰਦਾਜ਼ੇ ਬਿਆਨ ਵਿਚ ਅਗਰਭੂਮਿਤ ਕਰਦੀ ਹੈ।
ਦੋ ਕੁ ਮਹੀਨੇ ਪਹਿਲਾਂ ਇਕ ਸ਼ਾਮ ਅਸੀਂ ਉਸਦੇ ਘਰ ਬੈਠੇ ਸਾਂ ਕਿ ਜੀਰਵੀ ਨੇ ਪੁੱਛਿਆ, ਕੀ ਪੀਣਾ ਹੈ। ਮੈਂ ਸੁਭਾਵਨ ਕਿਹਾ ਕਿ ਕੁਝ ਨਹੀਂ। ਜ਼ੀਰਵੀ ਕਹਿਣ ਲਗਾ ਕਿ ਵੇਖੋ ਸ਼ਰਾਬ ਪੀਣੀ ਮਾੜੀ ਹੈ। ਇਸ ਵਿਚ ਕੋਈ ਸ਼ੱਕ ਨਹੀਂ। ਪਰ ਨਾ ਪੀਣੀ ਹੋਰ ਵੀ ਮਾੜੀ ਹੈ।
ਪਿਛਲੇ ਮਹੀਨੇ ਜ਼ੀਰਵੀ ਦੀ ਇਹੀ ਪੁਸਤਕ ਕਲਮਾਂ ਦੇ ਕਾਫਲਾ ਦੀ ਸਾਲਾਨਾ ਮੀਟਿੰਗ ਵਿਚ ਰੀਲੀਜ਼ ਕੀਤੀ ਗਈ। ਜਦ ਉਸ ਨੂੰ ਕੁਝ ਬੋਲਣ ਲਈ ਕਿਹਾ ਗਿਆ ਤਾਂ ਉਹ ਮਿੰਦਰ ਜਿਸ ਨੂੰ ਵੀ ਉਸੇ ਦਿਨ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ ਸੀ, ਵਲ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਇਕ ਦਿਨ ਮੈਂ ਤੇ ਮਿੰਦਰ ਬੈਠੇ ਸ਼ਰਾਬ ਪੀ ਰਹੇ ਸਾਂ ਕਿ…ਸ਼ਰਾਬ ਦਾ ਸ਼ਬਦ ਅਜੇ ਜ਼ੀਰਵੀ ਦੇ ਮੂੰਹ ਵਿਚ ਹੀ ਸੀ ਕਿ ਚੀਮਾ ਝੱਟ ਬੋਲ ਪਿਆ ‘ਨਹੀਂ ਇੱਥੇ ਸ਼ਰਾਬ ਦੀ ਗਲ ਨਹੀਂ ਕਰਨੀ।’ ਭਾਵੇਂ ਕਿਹਾ ਤਾਂ ਬਲਰਾਜ ਨੇ ਹੌਲੀ ਹੀ ਸੀ ਕਿ ਕਿਸੇ ਨੂੰ ਨਾ ਸੁਣ ਸਕੇ ਪਰ ਇਹ ਸਭ ਨੂੰ ਸੁਣ ਗਿਆ ਸੀ। ਜ਼ੀਰਵੀ ਝਟ ਕਹਿਣ ਲੱਗਾ, ‘ਉਹ ਸੱਚ ਯਾਦ ਆਇਆ ਅਸੀਂ ਸ਼ਕੰਜਵੀ ਪੀ ਰਹੇ ਸਾਂ’…ਅਤੇ ਅਗੇ ਜੋ ਕੁਝ ਕਹਿਣਾ ਸੀ ਉਹ ਕਹਿਣ ਲਗ ਪਿਆ। ਪਰ ਇਸ ਵਿਚਕਾਰ ਸਾਰੇ ਸਰੋਤਿਆਂ ਵਿਚ ਹਾਸੇ ਦੀ ਫ਼ੁਹਾਰ ਫ਼ੁੱਟ ਪਈ ਸੀ!
ਨਿਰਸੰਦੇਹ ਸੁਰਜਨ ਜ਼ੀਰਵੀ ਪੰਜਾਬੀ ਸਾਹਿਤ ਦੇ ਰਾਜਦਰਬਾਰ ਦਾ ਇਕੋ ਵੇਲੇ ਅਕਬਰ ਅਤੇ ਬੀਰਬਲ ਹੈ।
(ਇਹ ਲੇਖ ਕਈ ਸਾਲ ਪਹਿਲਾਂ ਕੈਨੇਡਾ ਅਤੇ ਭਾਰਤ ਦੀਆਂ ਪੰਜਾਬੀ ਅਖ਼ਬਾਰਾਂ ਵਿਚ, ਅਤੇ ਮੇਰੀ 2009 ਵਿਚ ਪ੍ਰਕਾਸ਼ਿਤ ਵਾਰਤਕ ਪੁਸਤਕ, ‘ਚਸ਼ਮਦੀਦ’ ਵਿਚ ਸ਼ਾਮਿਲ ਹੈ)