ਓਸਲੋ: ਮਹਿਲਾਵਾਂ ਦੇ ਹੱਕਾਂ, ਲੋਕਤੰਤਰ ਤੇ ਇਰਾਨ ‘ਚ ਮੌਤ ਦੀ ਸਜਾ ਖ਼ਿਲਾਫ਼ ਸਾਲਾਂ ਤੱਕ ਸੰਘਰਸ਼ ਕਰਨ ਕਾਰਨ ਜੇਲ੍ਹ ‘ਚ ਬੰਦ ਸਮਾਜਿਕ ਕਾਰਕੁਨ ਨਰਗਿਸ ਮੁਹੰਮਦੀ ਨੂੰ ਨੋਬੇਲ ਦਾ ਸ਼ਾਂਤੀ ਪੁਰਸਰਕਾਰ ਦਿੱਤਾ ਗਿਆ ਹੈ। 51 ਸਾਲਾ ਮੁਹੰਮਦੀ ਨੇ ਆਪਣੀਆਂ ਸਰਗਰਮੀਆਂ ਲਈ ਕਈ ਵਾਰ ਗ੍ਰਿਫਤਾਰੀਆਂ ਝੱਲਣ ਤੇ ਸਾਲਾਂ ਤੱਕ ਜੇਲ੍ਹ ‘ਚ ਬੰਦ ਰਹਿਣ ਦੇ ਬਾਵਜੂਦ ਆਪਣਾ ਕੰਮ ਕੀਤਾ ਹੈ।
ਨਾਰਵੇ ਨੋਬੇਲ ਕਮੇਟੀ ਦੇ ਚੇਅਰਮੈਨ ਬੈਰਿਟ ਰੀਸ ਐਂਡਰਸਨ ਨੇ ਓਸਲੋ ‘ਚ ਪੁਰਸਕਾਰ ਦਾ ਐਲਾਨ ਕਰਦਿਆਂ ਕਿਹਾ, ‘ਸਭ ਤੋਂ ਪਹਿਲਾਂ ਇਹ ਪੁਰਸਕਾਰ ਇਰਾਨ ‘ਚ ਪੂਰੇ ਅੰਦੋਲਨ ਲਈ ਬਹੁਤ ਅਹਿਮ ਕੰਮ ਅਤੇ ਉਸ ਦੀ ਨੇਤਾ ਨਰਗਿਸ ਮੁਹੰਮਦੀ ਨੂੰ ਮਾਨਤਾ ਦੇਣ ਲਈ ਹੈ।‘
ਉਨ੍ਹਾਂ ਕਿਹਾ, ‘ਪੁਰਸਕਾਰ ਦੇ ਪ੍ਰਭਾਵ ਦਾ ਫੈਸਲਾ ਕਰਨਾ ਨੋਬੇਲ ਕਮੇਟੀ ਦਾ ਕੰਮ ਨਹੀਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਇਹ ਅੰਦੋਲਨ ਕਿਸੇ ਵੀ ਰੂਪ ਵਿਚ ਜਾਰੀ ਰੱਖਣ ਵਿੱਚ ਮਦਦ ਮਿਲੇਗੀ।‘ ਮੁਹੰਮਦੀ ਨੇ 2019 ‘ਚ ਹੋਏ ਹਿੰਸਕ ਮੁਜ਼ਾਹਰੇ ਦੇ ਪੀੜਤਾਂ ਲਈ ਕਰਵਾਏ ਸਮਾਗਮ ‘ਚ ਹਿੱਸਾ ਲਿਆ ਸੀ ਜਿਸ ਮਗਰੋਂ ਅਧਿਕਾਰੀਆਂ ਨੇ ਉਸ ਨੂੰ ਪਿਛਲੇ ਸਾਲ ਨਵੰਬਰ ਨੂੰ ਗ੍ਰਿਫਤਾਰ ਕਰ ਲਿਆ ਸੀ। ਰੀਸ ਐਂਡਰਸਨ ਨੇ ਦੱਸਿਆ ਕਿ ਮੁਹੰਮਦੀ 13 ਵਾਰ ਜੇਲ੍ਹ ਗਈ ਅਤੇ ਉਸ ਨੂੰ ਪੰਜ ਵਾਰ ਦੋਸ਼ੀ ਕਰਾਰ ਦਿੱਤਾ ਗਿਆ। ਉਸ ਨੂੰ ਕੁੱਲ 31 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ।
ਮੁਹੰਮਦੀ 19ਵੀਂ ਮਹਿਲਾ ਹੈ ਜਿਸ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਜਦਕਿ ਉਹ ਇਹ ਪ੍ਰਾਪਤੀ ਕਰਨ ਵਾਲੀ ਦੂਜੀ ਇਰਾਨੀ ਮਹਿਲਾ ਹੈ। ਮੁਹੰਮਦੀ ਤੋਂ ਪਹਿਲਾਂ 2003 ‘ਚ ਸ਼ਿਰੀਨ ਇਬਾਦੀ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।