ਇਜ਼ਰਾਈਲ-ਹਮਾਸ ਜੰਗ ਦੌਰਾਨ ਹਰ ਪਾਸੇ ਤਬਾਹੀ

ਯੇਰੂਸ਼ਲਮ: ਇਜ਼ਰਾਈਲ-ਹਮਾਸ ਜੰਗ ਦੌਰਾਨ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ। ਇਜ਼ਰਾਇਲੀ ਫੌਜ ਨੇ ਦੇਸ ਦੇ ਦੱਖਣੀ ਹਿੱਸੇ ‘ਚ ਜ਼ਿਆਦਾਤਰ ਥਾਵਾਂ ਉਤੇ ਮੁੜ ਕਬਜ਼ਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਜ਼ਰਾਈਲ ਦੇ ਇਲਾਕੇ ਵਿਚੋਂ ਤਕਰੀਬਨ 1500 ਹਮਾਸ ਅਤਿਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ।

ਇਜ਼ਰਾਈਲ ਦੇ ਸੂਤਰਾਂ ਮੁਤਾਬਕ ਅਚਨਚੇਤ ਹਮਲੇ ਤੋਂ ਬਾਅਦ ਜਾਰੀ ਜੰਗ ਦੌਰਾਨ ਸਰਹੱਦ ਉਤੇ ਪੂਰਾ ਕੰਟਰੋਲ ਹਾਸਲ ਕਰ ਲਿਆ ਗਿਆ ਹੈ। ਹੁਣ ਤੱਕ ਦੋਵਾਂ ਧਿਰਾਂ ਦੇ ਸੈਂਕੜੇ ਆਮ ਨਾਗਰਿਕ ਤੇ ਸੈਨਿਕ ਮਾਰੇ ਜਾ ਚੁੱਕੇ ਹਨ।
ਹਮਾਸ ਲੜਾਕਿਆਂ ਦੀ ਫੌਜੀ ਅਤੇ ਸ਼ਾਸਨ ਸਮਰੱਥਾ ਤਬਾਹ ਕਰਨ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਲਏ ਅਹਿਦ ਦਰਮਿਆਨ ਇਜ਼ਰਾਇਲੀ ਫੌਜ ਨੇ ਗਾਜ਼ਾ ਪੱਟੀ ‘ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ। ਇਜ਼ਰਾਈਲ ਦੇ ਰੱਖਿਆ ਮੰਤਰੀ ਯੁਏਵ ਗੈਲੇਂਟ ਨੇ ਫੌਜ ਨੂੰ ਗਾਜ਼ਾ ਪੱਟੀ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੱਤੇ ਹਨ। ਫਲਸਤੀਨੀ ਦਹਿਸ਼ਤੀ ਗੁੱਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ 130 ਇਜ਼ਰਾਇਲੀਆਂ ਨੂੰ ਬੰਦੀ ਬਣਾਇਆ ਹੈ। ਇਜ਼ਰਾਇਲੀ ਫੌਜ ਨੇ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਰਾਹੀਂ ਸੰਨ੍ਹ ਲਾਉਣ ਦੇ ਖਦਸ਼ਿਆਂ ਨੂੰ ਟਾਲਣ ਲਈ ਉਥੇ ਟੈਂਕ ਤਾਇਨਾਤ ਕਰਦਿਆਂ ਹਮਾਸ ਲੜਾਕਿਆਂ ਦੀ ਭਾਲ ‘ਚ ਆਪਣੇ ਜਵਾਨਾਂ ਨੂੰ ਦੱਖਣ ਵੱਲ ਰਵਾਨਾ ਕਰ ਦਿੱਤਾ ਹੈ। ਉਧਰ ਹਮਾਸ ਦੇ ਲੜਾਕਿਆਂ ਨੇ ਵੀ ਇਜ਼ਰਾਈਲ ‘ਤੇ ਰਾਕੇਟ ਦਾਗਣੇ ਜਾਰੀ ਰੱਖੇ ਹਨ ਜਿਸ ਨਾਲ ਯੇਰੂਸ਼ਲਮ ਤੋਂ ਲੈ ਕੇ ਤਲ ਅਵੀਵ ਤੱਕ ਹਵਾਈ ਹਮਲਿਆਂ ਪ੍ਰਤੀ ਅਲਰਟ ਕਰਨ ਵਾਲੇ ਸਾਇਰਨ ਵੱਜ ਰਹੇ ਹਨ। ਇਜ਼ਰਾਇਲੀ ਰੱਖਿਆ ਮੰਤਰੀ ਯੁਏਵ ਗੈਂਲੇਂਟ ਨੇ ਗਾਜ਼ਾ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੰਦਿਆਂ ਕਿਹਾ ਕਿ ਅਧਿਕਾਰੀ ਖਿੱਤੇ ‘ਚ ਬਿਜਲੀ ਸਪਲਾਈ ਠੱਪ ਕਰ ਦੇਣ ਅਤੇ ਉਥੇ ਭੋਜਨ ਅਤੇ ਈਂਧਣ ਦੀ ਸਪਲਾਈ ਰੋਕ ਦੇਣ। ਫੌਜ ਦੇ ਮੁੱਖ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹੇਗਾਰੀ ਨੇ ਦੱਸਿਆ ਕਿ ਇਜ਼ਰਾਈਲ ਦਾ ਸਰਹੱਦੀ ਫਿਰਕਿਆਂ ‘ਚ ਪੂਰਾ ਕੰਟਰੋਲ ਹੈ।
ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ‘ਚ ਥਾਈਲੈਂਡ ਦੇ 12 ਅਤੇ ਅਮਰੀਕਾ ਦੇ 9 ਨਾਗਰਿਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਨਾਗਰਿਕ ਇਜ਼ਰਾਈਲ ‘ਚ ਲਾਪਤਾ ਹੋ ਸਕਦੇ ਹਨ। ਤਰਜਮਾਨ ਮੈਥਿਊ ਮਿਲਰ ਨੇ ਕਿਹਾ ਕਿ ਮੰਤਰਾਲਾ ਪਰਿਵਾਰਾਂ ਦੇ ਸੰਪਰਕ ‘ਚ ਹੈ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਉਧਰ, ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਯੇਅਰ ਲੈਪਿਡ ਨੇ ਯਹੂਦੀ ਮੁਲਕ ਨੂੰ ਹਮਾਇਤ ਦੇਣ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਹਿਸ਼ਤੀ ਹਮਲੇ ‘ਤੇ ਦੁੱਖ ਜਤਾਉਂਦਿਆਂ ਇਜ਼ਰਾਈਲ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ। ਲੈਪਿਡ ਨੇ ਕਿਹਾ ਕਿ ਇਜ਼ਰਾਈਲ ਯਕੀਨੀ ਬਣਾਏਗਾ ਕਿ ਹਮਾਸ ਵੱਲੋਂ ਮੁੜ ‘ਕਤਲੇਆਮ‘ ਨਾ ਦੁਹਰਾਇਆ ਜਾ ਸਕੇ। ਯੂਰਪੀ ਯੂਨੀਅਨ ਕਮਿਸ਼ਨਰ ਓਲੀਵਰ ਵਰਹੇਲੀ ਨੇ ਕਿਹਾ ਕਿ ਇਜ਼ਰਾਈਲ ਖਿਲਾਫ ਹਮਾਸ ਵੱਲੋਂ ਕੀਤੇ ਗਏ ਦਹਿਸ਼ਤੀ ਹਮਲੇ ਮਗਰੋਂ ਫਲਸਤੀਨੀਆਂ ਲਈ ਸਾਰੀਆਂ ਅਦਾਇਗੀਆਂ ਫੌਰੀ ਰੋਕ ਦਿੱਤੀਆਂ ਗਈਆਂ ਹਨ। ਇਹ ਰਕਮ 69.1 ਕਰੋੜ ਯੂਰੋ ਬਣਦੀ ਹੈ। ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਯੂਰਪੀ ਯੂਨੀਅਨ ਆਗੂਆਂ ਨੇ ਹਮਾਸ ਨੂੰ ਦਿੱਤੇ ਜਾਂਦੇ ਸਾਰੇ ਫੰਡਾਂ ਅਤੇ ਸੰਪਰਕਾਂ ‘ਤੇ 16 ਸਾਲਾਂ ਲਈ ਰੋਕ ਲਾ ਦਿੱਤੀ ਹੈ।