ਸਿਨੇਮੇ ਦਾ ਜਾਨੀ ਰਾਜ ਕੁਮਾਰ

ਸੁਖਮਿੰਦਰ ਸਿੰਘ ਸੇਖੋਂ
ਫਿਲਮ ਸਟਾਰ ਰਾਜ ਕੁਮਾਰ ਦਾ ਚਿਹਰਾ ਸਾਹਮਣੇ ਆਉਂਦਿਆਂ ਹੀ ਉਸ ਦੀ ਆਵਾਜ਼, ਅਦਾਕਾਰੀ, ਸ਼ੈਲੀ ਤੇ ਰਾਜ ਕੁਮਾਰਾਨਾ ਸਟਾਈਲ ਅੱਖਾਂ ਅੱਗੇ ਘੁੰਮਣ ਲੱਗਦਾ ਹੈ। ਉਸ ਦਾ ਜਨਮ 8 ਅਕਤੂਬਰ 1926 ਨੂੰ ਕਸ਼ਮੀਰੀ ਪੰਡਿਤ ਪਰਿਵਾਰ ਵਿਚ ਬਲੋਚਿਸਤਾਨ ਵਿਚ ਹੋਇਆ।

ਪੜ੍ਹ ਲਿਖ ਕੇ ਉਹ ਵੱਡਾ ਹੋਇਆ ਤਾਂ ਉਸ ਨੂੰ ਪੁਲਿਸ ਮਹਿਕਮੇ ਵਿਚ ਸਬ ਇੰਸਪੈਕਟਰ ਦੀ ਨੌਕਰੀ ਮਿਲ ਗਈ ਅਤੇ ਫਿਰ ਉਸ ਦੀ ਪੋਸਟਿੰਗ ਬੰਬਈ ਦੀ ਹੋ ਗਈ। ਇੱਥੇ ਉਸ ਦੇ ਇੱਕ ਨੇੜਲੇ ਫਿਲਮੀ ਮਿੱਤਰ ਨੇ ਉਸ ਨੂੰ ਫਿਲਮਾਂ ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਸਾਫ਼ ਨਾਂਹ ਕਰ ਦਿੱਤੀ ਕਿ ਉਹ ਫਿਲਮਾਂ ਨਹੀਂ ਦੇਖਦਾ, ਫਿਲਮਾਂ ਵਿਚ ਅਦਾਕਾਰੀ ਤਾਂ ਦੂਰ ਦੀ ਗੱਲ ਹੈ। ਫਿਰ ਦੋਸਤ ਅਤੇ ਕੁਝ ਹੋਰਨਾਂ ਨੇੜਲਿਆਂ ਦੇ ਦਬਾਅ ਹੇਠ ਉਸ ਨੇ ਆਪਣੀ ਫੋਟੋ ਭੇਜ ਦਿੱਤੀ। ਨਿਰਮਾਤਾ ਨੂੰ ਉਸ ਦੀ ਤਸਵੀਰ ਪਸੰਦ ਆ ਗਈ ਤੇ ਉਸ ਨੇ ਰਾਜ ਕੁਮਾਰ ਨੂੰ ਫਿਲਮ ‘ਰੰਗੀਲੀ` (1952) ਦਾ ਹੀਰੋ ਬਣਾ ਦਿੱਤਾ।
ਇਸ ਤਰ੍ਹਾਂ ਕੁਲਭੂਸ਼ਨ ਪੰਡਿਤ ਫਿਲਮਾਂ ਦਾ ਰਾਜ ਕੁਮਾਰ ਹੋ ਗਿਆ। ਉਸ ਦੇ ਫਿਲਮੀ ਸਫ਼ਰ ਦਾ ਆਗਾਜ਼ ਚੰਗਾ ਰਿਹਾ ਅਤੇ ਹੋਰ ਫਿਲਮਸਾਜ਼ਾਂ ਨੇ ਵੀ ਉਸ ਨੂੰ ਆਪਣੀਆਂ ਫਿਲਮਾਂ ਵਿਚ ਨਾਇਕ ਜਾਂ ਸਹਿ ਨਾਇਕ ਦੀਆਂ ਭੂਮਿਕਾਵਾਂ ਦੇਣੀਆਂ ਆਰੰਭ ਕਰ ਦਿੱਤੀਆਂ। ਬਲੈਕ ਐਂਡ ਵ੍ਹਾਈਟ ਫਿਲਮ ‘ਉਜਾਲਾ` ਵਿਚ ਬੇਸ਼ੱਕ ਸ਼ੰਮੀ ਕਪੂਰ ਹੀਰੋ ਸੀ ਪਰ ਆਵਾਰਾ ਕਿਸਮ ਦੇ ਕਿਰਦਾਰ ਵਿਚ ਰਾਜ ਕੁਮਾਰ ਵੀ ਹਾਜ਼ਰ ਸੀ। ਗੀਤ ਬੇਸ਼ੱਕ ਸ਼ੰਮੀ ਦੇ ਹਿੱਸੇ ਆਏ ਪਰ ਤਾੜੀਆਂ ਰਾਜ ਕੁਮਾਰ ਦੇ ਡਾਇਲਾਗ ਅਤੇ ਅੰਦਾਜ਼ ਦੇ ਹਿੱਸੇ ਆਈਆਂ। ਫਿਲਮ ‘ਮਦਰ ਇੰਡੀਆ` ਉਸ ਦੀ ਯਾਦਗਾਰੀ ਫਿਲਮ ਹੈ। ਇਸ ਫਿਲਮ ਵਿਚ ਉਹ ਨਰਗਿਸ ਦਾ ਪਤੀ ਬਣਿਆ। ਇੱਕ ਕਿਸਾਨ ਦੀ ਬੇਵਸੀ ਅਤੇ ਲਾਚਾਰੀ ਨੂੰ ਦਰਸਾਉਂਦੇ ਇਸ ਕਿਰਦਾਰ ਵਿਚ ਰਾਜ ਕੁਮਾਰ ਐਕਟਰ ਵਜੋਂ ਦਰਸ਼ਕਾਂ ਨੇ ਪ੍ਰਵਾਨ ਕੀਤਾ। ‘ਨਵੀਂ ਰੌਸ਼ਨੀ’ ਵਿਚ ਵੀ ਉਸ ਨੇ ਆਪਣੇ ਕਿਰਦਾਰ ਨੂੰ ਆਪਣੀ ਅਦਾਕਾਰੀ ਨਾਲ ਰੁਸ਼ਨਾ ਦਿੱਤਾ ਪਰ ਰਾਮ ਮਹੇਸ਼ਵਰੀ ਦੀ ਫਿਲਮ ‘ਕਾਜਲ` ਵਿਚ ਬੇਸ਼ੱਕ ਧਰਮਿੰਦਰ ਹੀਰੋਇਨ ਪਦਮਨੀ ਨਾਲ ਰੁਮਾਂਟਿਕ ਹੀਰੋ ਸੀ ਪਰ ਰਾਜ ਕੁਮਾਰ ਨੇ ਮੀਨਾ ਕੁਮਾਰੀ ਦੇ ਪਤੀ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ। ਸਾਹਿਰ ਦੇ ਗੀਤਾਂ ਅਤੇ ਰਵੀ ਦੇ ਸੰਗੀਤ ਨਾਲ ਸਜੀ ਇਸ ਫਿਲਮ ਵਿਚ ਜਿੱਥੇ ਰਾਜ ਕੁਮਾਰ ਆਪਣੇ `ਤੇ ਫਿਲਮਾਏ ਗੀਤਾਂ ਵਿਚ ਜਾਨ ਪਾਉਣ ਦਾ ਜ਼ਰੀਆ ਬਣਿਆ, ਉੱਥੇ ਆਪਣੀ ਨਿਰਾਲੀ ਅਦਾਕਾਰੀ ਦਾ ਲੋਹਾ ਵੀ ਸਹਿਜੇ ਹੀ ਮਨਵਾ ਗਿਆ। ਉਸ `ਤੇ ਫਿਲਮਾਏ ਮੁਹੰਮਦ ਰਫੀ ਦੇ ਦੋ ਗੀਤ ਧਿਆਨ ਦੀ ਮੰਗ ਕਰਦੇ ਹਨ ਜਿਨ੍ਹਾਂ ਵਿਚ ਰਾਜ ਦੀਆਂ ਅਦਾਵਾਂ ਨੇ ਦਰਸ਼ਕ ਕੀਲ ਛੱਡੇ ਸਨ: ‘ਯੇ ਜ਼ੁਲਫ ਅਗਰ ਬਿਖਰ ਜਾਏ ਤੋ ਅੱਛਾ` ਜਾਂ ਫਿਰ ‘ਛੂ ਲੇਨੇ ਦੋ ਨਾਜ਼ੁਕ ਹੋਂਠੋ ਕੋ-ਕੁਛ ਔਰ ਨਹੀਂ ਜਾਮ ਹੈ ਯੇ`।
ਇੱਕ ਹੋਰ ਫਿਲਮ ‘ਮੇਰੇ ਹਜ਼ੂਰ` ਵਿਚ ਉਸ ਨਾਲ ਜਤਿੰਦਰ ਵੀ ਸੀ ਪਰ ਉਸ ਦਾ ਕਿਰਦਾਰ ਨਵਾਬੀ ਸ਼ਾਨ ਦਾ ਪ੍ਰਤੀਕ ਸੀ। ਫਿਲਮ ਦੀ ਨਾਇਕਾ ਜਦੋਂ ਆਪਣੇ ਪਤੀ (ਜਤਿੰਦਰ) ਦਾ ਵਾਸਤਾ ਪਾਉਂਦੀ ਹੈ ਤਾਂ ਰਾਜ ਕੁਮਾਰ ਗਰਦਨ `ਤੇ ਹੱਥ ਫੇਰ ਕੇ ਨਵਾਬੀ ਅੰਦਾਜ਼ ਵਿਚ ਕਹਿੰਦਾ ਹੈ, “ਲਖਨਊ ਸ਼ਹਿਰ ਮੇਂ ਐਸੀ ਕੌਨ ਸੀ ਫਿਰਦੌਸ ਹੈ ਜਿਸੇ ਹਮ ਨਹੀਂ ਜਾਨਤੇ?” ਦਿਲੀਪ ਕੁਮਾਰ ਨਾਲ ਉਸ ਨੇ ਫਿਲਮ ‘ਪੁਕਾਰ` ਕੀਤੀ ਜਿਸ ਵਿਚ ਰਾਜ ਕੁਮਾਰ ਨੂੰ ਦਿਲੀਪ ਕੁਮਾਰ `ਤੇ ਭਾਰੂ ਹੋਣ ਦੀ ਚਰਚਾ ਰਹੀ। ‘ਦਿਲ ਅਪਨਾ ਔਰ ਪ੍ਰੀਤ ਪਰਾਈ` ਵਿਚ ਉਸ ਨਾਲ ਮੀਨਾ ਕੁਮਾਰੀ ਅਤੇ ਰਾਜ ਕਪੂਰ ਸਨ। ਉਸ ਦੀਆਂ ਹੋਰ ਫਿਲਮਾਂ ਵਿਚ ‘ਨੀਲ ਕਮਲ`, ‘ਮਰਯਾਦਾ`, ‘ਚੰਬਲ ਕੀ ਕਸਮ`, ‘ਜ਼ਿੰਦਗੀ`, ‘ਗੋਦਾਨ`, ‘ਵਾਸਨਾ`, ‘ਰਾਜ ਤਿਲਕ`, ‘ਕੁਦਰਤ`, ‘ਬੇਤਾਜ਼ ਬਾਦਸ਼ਾਹ`, ‘ਮਰਤੇ ਦਮ ਤਕ` ਵੀ ਆਪੋ-ਆਪਣੀ ਥਾਂ ਮਹੱਤਵ ਰੱਖਦੀਆਂ ਹਨ ਪਰ ਫਿਲਮ ‘ਲਾਲ ਪੱਥਰ` ਵਿਚ ਉਸ ਦੀ ਅਦਾਕਾਰੀ ਦੇਖਣਯੋਗ ਸੀ। ਫਿਲਮ ‘ਕਰਮਯੋਗੀ` ਅਤੇ ‘ਦਿਲ ਕਾ ਰਾਜਾ` ਵਿਚ ਉਸ ਨੇ ਦੋਹਰੇ ਕਿਰਦਾਰ ਨਿਭਾ ਕੇ ਦਰਸ਼ਕਾਂ ਨੂੰ ਨਿਹਾਲ ਕਰ ਦਿੱਤਾ। ਮੁਨਸ਼ੀ ਪ੍ਰੇਮ ਚੰਦ ਦੇ ਨਾਵਲ `ਤੇ ਆਧਾਰਿਤ ‘ਗੋਦਾਨ` ਵਿਚ ਕਿਸਾਨ ਹੋਰੀ ਦੀ ਭੂਮਿਕਾ ਹਰ ਵਰਗ ਦੇ ਦਰਸ਼ਕ ਵੱਲੋਂ ਸਲਾਹੀ ਗਈ। ਉਸ ਦੀ ਫਿਲਮ ‘ਵਾਸਨਾ` ਵੀ ਜ਼ਿਕਰਯੋਗ ਹੈ।
ਫਿਲਮ ‘ਤਿਰੰਗਾ` ਵਿਚ ਬੇਸ਼ੱਕ ਉਸ ਨਾਲ ਉੱਘਾ ਅਦਾਕਾਰ ਨਾਨਾ ਪਾਟੇਕਟਰ ਵੀ ਕੋਈ ਘੱਟ ਨਹੀਂ ਰਿਹਾ ਪਰ ਦਰਸ਼ਕਾਂ ਨੇ ਉਸ ਦਾ ਵਧੇਰੇ ਤਾੜੀਆਂ ਨਾਲ ਸਵਾਗਤ ਕੀਤਾ। ਕਮਾਲ ਅਮਰੋਹੀ ਦੀ ‘ਪਾਕੀਜ਼ਾ` (ਨਾਇਕਾ ਮੀਨਾ ਕੁਮਾਰੀ) ਨੂੰ ਭਲਾ ਕੋਈ ਕਿਵੇਂ ਭੁੱਲ ਸਕਦਾ ਹੈ। ਉਨ੍ਹਾਂ ਵੇਲਿਆਂ ਵਿਚ ਵੀ ਪੁਰਾਤਨ ਜਾਪਦੇ ਗੀਤਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਰੇਲ ਗੱਡੀ ਦੇ ਸਫ਼ਰ ਵਿਚ ਰਾਜ ਕੁਮਾਰ ਜਦੋਂ ਮੀਨਾ ਕੁਮਾਰੀ ਦੇ ਸੁੱਤੀ ਪਈ ਦੇ ਗੋਰੇ ਪੈਰਾਂ ਨੂੰ ਨਿਹਾਰਦਾ ਹੈ ਤਾਂ ਇਸ ਹੱਦ ਤੱਕ ਕਾਇਲ ਹੋ ਜਾਂਦਾ ਹੈ ਕਿ ਦੋ ਸ਼ਬਦ ਲਿਖ ਕੇ ਹੀ ਉੱਥੋਂ ਰੁਖ਼ਸਤ ਹੁੰਦਾ ਹੈ, ‘ਆਪਕੇ ਪਾਉਂ ਬਹੁਤ ਸੁੰਦਰ ਹੈਂ, ਇਨਹੇਂ ਜ਼ਮੀਨ ਪਰ ਮੱਤ ਉਤਾਰੀਏਗਾ- ਮੈਲੇ ਹੋ ਜਾਏਂਗੇ।` ਫਿਲਮਸਾਜ਼ ਬੀ.ਆਰ. ਚੋਪੜਾ ਦੀਆਂ ਫਿਲਮਾਂ ‘ਹਮਰਾਜ਼` ਤੇ ‘ਵਕਤ` ਵੀ ਯਾਦ ਆਉਂਦੀਆਂ ਹਨ ਜਿਨ੍ਹਾਂ ਵਿਚ ਬੇਸ਼ੱਕ ਹੋਰ ਵੀ ਕੁਸ਼ਲ ਐਕਟਰ ਮੌਜੂਦ ਸਨ ਪਰ ਰਾਜ ਕੁਮਾਰ ਦਾ ਅੰਦਾਜ਼ ਹੀ ਨਿਰਾਲਾ ਸੀ।
ਫਿਲਮ ‘ਵਕਤ` ਦਾ ਇੱਕ ਡਾਇਲਾਗ ਤਾਂ ਬਹੁਤ ਹੀ ਮਸ਼ਹੂਰ ਹੋਇਆ: ‘ਜਿਨ ਕੇ ਘਰ ਸ਼ੀਸ਼ੇ ਕੇ ਹੋਤੇ ਹੈਂ, ਵੋ ਦੂਸਰੋਂ ਪਰ ਪੱਥਰ ਨਹੀਂ ਫੇਂਕਾ ਕਰਤੇ`। ਪੁਰਾਣੀ ਕਾਲੀ ਚਿੱਟੀ ਫਿਲਮ ‘ਪੁਕਾਰ` ਤੋਂ ਬਾਅਦ ਸ਼ੋਅ ਮੈਨ ਸੁਭਾਸ਼ ਘਈ ਨੇ ਫਿਲਮ ‘ਸੌਦਾਗਰ` ਵਿਚ ਦਿਲੀਪ ਕੁਮਾਰ ਨਾਲ ਫੇਰ ਟੱਕਰ ਦਾ ਕਿਰਦਾਰ ਨਿਭਾਉਣ ਨੂੰ ਦਿੱਤਾ। ਦਿਲੀਪ ਦੇ ਬਰਾਬਰ ਹੀ ਰਾਜ ਕੁਮਾਰ ਆਪਣੇ ਪੁਰੇ ਦਮ-ਖ਼ਮ ਨਾਲ ਹਾਜ਼ਰ ਸੀ। ਦਰਸ਼ਕਾਂ ਨੇ ਦੋਹਾਂ ਦੀਆਂ ਭੂਮਿਕਾਵਾਂ ਅਤੇ ਅਦਾਕਾਰੀ ਨੂੰ ਆਪੋ-ਆਪਣੇ ਹਿਸਾਬ ਨਾਲ ਨੰਬਰ ਦਿੱਤੇ ਪਰ ਨਿਰਪੱਖਤਾ ਦੇ ਮੱਦੇਨਜ਼ਰ ਦੋਹਾਂ ਦੀ ਅਦਾਕਾਰੀ ਬਰਾਬਰ ਹੀ ਰਹੀ। ਬੇਸ਼ੱਕ ਸਾਡਾ ਇਹ ਰਾਜ ਕੁਮਾਰ ਕਿਸੇ ਫਿਲਮ ਵਿਚ ਹੀਰੋ ਰਿਹਾ ਜਾਂ ਸਾਈਡ ਹੀਰੋ ਜਾਂ ਖ਼ਲਨਾਇਕ, ਉਸ ਨੇ ਆਪਣੇ ਹਰ ਇੱਕ ਕਿਰਦਾਰ ਨੂੰ ਰਾਜ ਕੁਮਾਰ ਵਾਲੀ ਆਨ ਸ਼ਾਨ ਨਾਲ ਜੀਵਿਆ।
ਉਸ ਦੀ ਪਤਨੀ ਦਾ ਨਾਂ ਜੈਨਿਫਰ (ਗਾਇਤਰੀ) ਸੀ ਅਤੇ ਪੁਰੂ ਰਾਜ ਕੁਮਾਰ ਉਸ ਦਾ ਪੁੱਤਰ ਹੈ। ਉਸ ਦੀ ਧੀ ਨੇ ਵੀ ਫਿਲਮਾਂ ਵਿਚ ਕਿਸਮਤ ਅਜ਼ਮਾਈ ਪਰ ਕਾਮਯਾਬ ਨਾ ਹੋਈ। ਉਸ ਦੇ ਪੁੱਤਰ ਪੁਰੂ ਨੇ ਵੀ ਬਤੌਰ ਹੀਰੋ ‘ਬਾਲ ਬ੍ਰਹਮਚਾਰੀ` ਤੇ ਦੋ-ਤਿੰਨ ਹੋਰ ਫਿਲਮਾਂ ਵਿਚ ਕੰਮ ਕੀਤਾ ਪਰ ਉਹ ਆਪਣੇ ਪਿਤਾ ਵਾਂਗ ਰਾਜ ਕੁਮਾਰ ਨਹੀਂ ਸੀ, ਕੇਵਲ ਪੁਰੂ ਹੀ ਸੀ। ਆਪਣੇ ਵੱਖਰੇ ਸਟਾਈਲ ਤੇ ਦਮਦਾਰ ਆਵਾਜ਼ ਵਿਚ ਡਾਇਲਾਗ ਉਚਾਰਨ ਵਾਲਾ ਇਹ ਸਟਾਰ ਐਕਟਰ ਅੰਤ ਡਾਇਲਾਗ ਕਹਿਣਾ ਤਾਂ ਦੂਰ ਬੋਲਣ ਲਈ ਵੀ ਲਾਚਾਰ ਸੀ ਕਿਉਂਕਿ ਉਸ ਨੂੰ ਗਲੇ ਦਾ ਕੈਂਸਰ ਹੋ ਗਿਆ ਤੇ ਉਹ ਇਸ ਨਾਮੁਰਾਦ ਬਿਮਾਰੀ ਨਾਲ ਜੂਝਦਾ ਅਖੀਰ 3 ਜੁਲਾਈ 1996 ਨੂੰ ਰੁਖ਼ਸਤ ਹੋ ਗਿਆ। ਬੇਸ਼ੱਕ ਉਸ ਦਾ ਵਿਛੋੜਾ ਦੁਖਦਾਈ ਰਿਹਾ ਪਰ ਆਪਣੇ ਫਿਲਮਾਂ ਵਿਚ ਨਿਭਾਏ ਕਿਰਦਾਰਾਂ ਤੇ ਸ਼ਾਨਦਾਰ ਤੇ ਜਾਨਦਾਰ ਅਦਾਕਾਰੀ ਕਰਕੇ ਇਉਂ ਜਾਪਦਾ ਹੈ ਜਿਵੇਂ ਉਹ ਅੱਜ ਵੀ ਜ਼ਿੰਦਾ ਹੋਵੇ ਅਤੇ ਦਰਸ਼ਕਾਂ ਨੂੰ ਮੁਖਾਤਿਬ ਹੋ ਰਿਹਾ ਹੋਵੇ, ‘ਹਮਾਰੇ ਤੋ ਜੂਤੋਂ ਪਰ ਵੀ ਤਾਲੀਆਂ ਵਜਤੀ ਹੈਂ ਜਾਨੀ।`