ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਕਰਨਵੀਰ
ਅਗਲੇ ਦਿਨ ਕਰਨਵੀਰ ਜਦ ਚਿੱਟੀ ਦੇ ਦਫ਼ਤਰ ਵਿਚ ਪਹੁੰਚਿਆ ਤਾਂ ਉਹ ਬੜੇ ਉਤਸ਼ਾਹ ਨਾਲ਼ ਬੋਲਿਆ, “ਬੜੇ ਟਾਈਮ ਸਿਰ ਆਏ ਓ। ਬੀ ਸੀ ਸੂਬੇ ‘ਚ ਜੌਬ ਹੈ ਆਪਣੇ ਹੱਥ। ਚਲਾ ਜਾਓਗੇ ਨਾ?” ਤੇ ਝੱਟ ਚਿੱਟੀ ਮੁੜ ਬੋਲਿਆ, “ਚਲੇ ਹੀ ਜਾਓਗੇ।

ਇਹਦੇ ‘ਚ ਕੀ ਐ? ਨਵੇਂ ਸਿਰਿਉਂ ਸ਼ੁਰੂ ਕਰਨੀ ਹੈ ਜ਼ਿੰਦਗੀ, ਜਿੱਥੇ ਮਰਜ਼ੀ ਹੋਵੇ। ਨਾਲ਼ੇ ਠੰਢ ਤੋਂ ਬਚੋਂਗੇ। ਕੈਨੇਡਾ ਦਾ ਸਭ ਤੋਂ ਵਧੀਆ ਸੂਬਾ, ਜੀਹਨੂੰ ਬਿਊਟੀਫੁੱਲ ਬ੍ਰਿਟਿਸ਼ ਕੋਲੰਬੀਆ ਕਹਿੰਦੇ ਆ ਪਰ ਉਹ ਥੋੜ੍ਹੇ ਜਿਹੇ ਪੈਸੇ ਵੱਧ ਮੰਗਦੇ ਆ।”
ਬੀ ਸੀ ‘ਚ ਜਾਣ ਦੀ ਗੱਲ ਸੁਣ ਕੇ ਕਰਨਵੀਰ ਢੈਲਾ ਪੈ ਗਿਆ। ਚਿੱਟੀ ਦੇ ਹੱਲਾਸ਼ੇਰੀ ਦਿੰਦੇ ਬੋਲ ਜਾਰੀ ਸਨ, “ਬਹੁਤੇ ਨੀ ਐਵੇਂ ਪੰਜ ਕੁ ਹਜ਼ਾਰ ਹੋਰ ਮੰਗਦੇ ਆ। ਰੇਟ ਦਿਨੋ-ਦਿਨ ਵਧੀ ਜਾਂਦੇ ਆ। ਡੀਮਾਂਡ ਵਧ ਰਹੀ ਐ ਨਾ ਪਰ ਏਨੇ ਤਾਂ ਮਹੀਨੇ ‘ਚ ਬਣ ਜਾਣੇ ਆ। ਏਥੇ ਕਿਸੇ ਐੱਲ ਐੱਮ ਆਈ ਏ ਦੀ ਉਡੀਕ ‘ਚ ਦੋ ਮਹੀਨੇ ਲੱਗ ਜਾਣ ਕਿ ਤਿੰਨ, ਕੀ ਪਤੈ। ਨਾਲ਼ੇ ਏਥੇ ਟਾਈਮ ਜ਼ਿਆਦਾ ਲੱਗ ਜਾਂਦੈ ਪੀ ਆਰ ਹੋਣ ਲਈ।”
ਕਰਨਵੀਰ ਦੀਆਂ ਅੱਖਾਂ ਅੱਗੇ ਜੀਤੀ ਆ ਗਈ। ਉਹ ਬੋਲਿਆ, “ਘਰਦਿਆਂ ਨਾਲ਼ ਸਲਾਹ ਕਰ ਕੇ ਦੱਸਦਾ ਵਾਂ।”
“ਘਰਦਿਆਂ ਨਾਲ਼ ਕੀ ਸਲਾਹ ਕਰਨੀ ਐ? ਡਰਾਈਵਰ ਨੇ ਤਾਂ ਟਰੱਕ ‘ਚ ਹੀ ਰਹਿਣੈ। ਕੰਪਨੀ ਕਿਤੋਂ ਦੀ ਹੋਵੇ।”
ਇਹ ਗੱਲ ਕਰਨਵੀਰ ਦੇ ਮਨ ਲੱਗ ਗਈ। ਉਸ ਨੇ ਪੁੱਛਿਆ, “ਐੱਲ ਐੱਮ ਆਈ ਏ ਹੱਥ ‘ਚ ਏ ਨਾ ਜੀ?”
“ਹਾਂ ਹਾਂ ਪੱਕੀ। ਤੁਸੀਂ ਬਸ ਵੈਨਕੂਵਰ ਜਾਣ ਦੀ ਤਿਆਰੀ ਕਰੋ। ਅਮਰੀਕਾ ਦਾ ਵੀਜ਼ਾ ਤਾਂ ਤੁਹਾਡਾ ਲੱਗਾ ਹੀ ਹੋਣਾ? ਉਨ੍ਹਾਂ ਦੇ ਵੈਨਕੂਵਰ ਤੋਂ ਕੈਲੇਫੋਰਨੀਆ ਦੇ ਰੂਟ ‘ਤੇ ਟਰੱਕ ਚਲਦੇ ਆ।”
“ਨਾ ਜੀ, ਤੁਸੀਂ ਅਮਰੀਕਾ ਦੇ ਵੀਜ਼ੇ ਬਾਰੇ ਤਾਂ ਕਦੇ ਗੱਲ ਹੀ ਨਹੀਂ ਸੀ ਕੀਤੀ, ਨਹੀਂ ਤਾਂ ਮੈਂ ਚੱਲਣ ਤੋਂ ਪਹਿਲਾਂ ਸਪੇਨ ਤੋਂ ਹੀ ਲਵਾ ਲੈਂਦਾ।”
“ਫੇਰ ਤਾਂ ਗੜਬੜ ਹੋਗੀ।”
“ਹੁਣ ਲੱਗ ਜਾਊ ਜੀ?”
“ਕੋਈ ਹੋਰ ਕੰਪਨੀ ਲੱਭਣੀ ਪਊ। ਮੈਨੂੰ ਦਿਓ ਇਕ-ਦੋ ਦਿਨ। ਲੱਭਦੇ ਆਂ ਹੱਲ ਕੋਈ।”
“ਐਥੇ ਹੀ ਦੇਖਿਓ, ਜੇ ਕੋਈ ਕੰਪਨੀ ਮਿਲ ਜਾਵੇ।”
“ਐਥੇ ਡਰਾਈਵਰ ਬਹੁਤ ਹੋਗੇ ਆ। ਰੇਟ ਵੀ ਵੱਧ ਐ। ਵੈਨਕੂਵਰ ਵੱਲੀਂ ਬਹੁਤ ਲੋੜ ਐ ਡਰਾਈਵਰਾਂ ਦੀ। ਵੇਖਦੇ ਆਂ ਕੀ ਬਣਦੈ।”
“ਠੀਕ ਏ ਜੀ।” ਆਖ ਕੇ ਪੈਰ ਘੜੀਸਦਾ ਕਰਨਵੀਰ ਦਫ਼ਤਰ ਵਿਚੋਂ ਬਾਹਰ ਆ ਗਿਆ।
ਚਿੰਤਾ ਵਿਚ ਡੁੱਬਿਆ ਕਰਨਵੀਰ ਘਰ ਜਾਣ ਵਾਲੀ ਬੱਸ ਵਿਚ ਬੈਠਾ ਸੋਚਣ ਲੱਗਾ, ‘ਕੀ ਪਤਾ ਕਦੋਂ ਹੁਣ ਕਿਤੋਂ ਐੱਲ ਐੱਮ ਆਈ ਏ ਮਿਲੇ? ਤੇ ਪੰਜ ਹਜ਼ਾਰ ਡਾਲਰ ਦਾ ਹੋਰ ਕਿੱਥੋਂ ਪ੍ਰਬੰਧ ਕਰੂੰ?’ ਇਨ੍ਹਾਂ ਨਵੀਆਂ ਸਮੱਸਿਆਵਾਂ ‘ਚੋਂ ਨਿਕਲ਼ਣ ਲਈ ਉਸ ਦੇ ਚਿੱਤ ‘ਚ ਆਈ ਕਿ ਉਹ ਆਪਣੇ ਇੰਡੀਆ ਰਹਿੰਦੇ ਛੋਟੇ ਭਰਾ ਨੂੰ ਕਹੇ ਕਿ ਕਿਤੋਂ ਵਿਆਜ ‘ਤੇ ਫੜ ਕੇ ਉਸ ਨੂੰ ਭੇਜ ਦੇਵੇ ਪਰ ਅਗਲੇ ਹੀ ਪਲ ਉਸ ਨੇ ਸੋਚਿਆ, ‘ਜੇ ਪੈਸੇ ਵੀ ਮੰਗਵਾ ਲਏ ਤੇ ਪੱਕਾ ਵੀ ਨਾ ਹੋਇਆ ਗਿਆ ਤਾਂ ਕਿੱਥੋਂ ਵਿਆਜ ਭਰੂੰ?’ ਫਿਰ ਉਸ ਨੂੰ ਖਿਆਲ ਆਇਆ ਕਿ ਉਹ ਚਿੱਟੀ ਨੂੰ ਹੀ ਕਹਿ ਦੇਖੇ ਕਿ ਉਹ ਕਿਸੇ ਅਜਿਹੀ ਕੰਪਨੀ ਵਿਚ ਐੱਲ ਐੱਮ ਆਈ ਏ ਲੈ ਕੇ ਦੇਵੇ ਜਿਹੜੀ ਬਾਕੀ ਰਕਮ ਉਸਦੀ ਤਨਖਾਹ ਵਿਚੋਂ ਹੀ ਕੱਟਣਾ ਮੰਨ ਜਾਵੇ। ਇਸ ਵਿਚਾਰ ਦੇ ਮਨ ਵਿਚ ਆਉਂਦਿਆਂ ਹੀ ਬੱਸ ਦੇ ਅਗਲੇ ਸਟਾਪ ‘ਤੇ ਉੱਤਰ ਗਿਆ ਅਤੇ ਮੁੜ ਚਿੱਟੀ ਦੇ ਦਫ਼ਤਰ ਵੱਲ ਜਾਂਦੀ ਬੱਸ ‘ਤੇ ਸਵਾਰ ਹੋ ਗਿਆ।
“ਇਹ ਸਾਰਾ ਕਾਰੋਬਾਰ ਕੈਸ਼ ਮਨੀ ‘ਤੇ ਹੀ ਚੱਲਦੈ। ਫੇਰ ਵੀ ਮੇਰੇ ‘ਤੇ ਛੱਡ ਦਿਓ। ਕੱਢਦੇ ਆਂ ਤੋੜ ਇਸ ਦਾ ਵੀ ਕੋਈ। ਕੰਪਨੀ ਕੈਨੇਡਾ ਦੇ ਕਿਸੇ ਹੋਰ ਸੂਬੇ ਦੀ ਵੀ ਹੋ ਸਕਦੀ ਹੈ। ਇਸ ਦੀ ਵੀ ਤਿਆਰੀ ਰੱਖਿਓ।”
ਚਿੱਟੀ ਦਾ ਇਹ ਜਵਾਬ ਸੁਣ ਕੇ ਕਰਨਵੀਰ ਬੱਸ ਸਟਾਪ ਵੱਲ ਚੱਲ ਪਿਆ। ਚਿੱਟੀ ਦੇ ਕਹੇ ‘ਕੱਢਦੇ ਆਂ ਤੋੜ’ ਬਾਰੇ ਸੋਚ ਕੇ ਕਰਨਵੀਰ ਦੀ ਚਿੰਤਾ ਕੁਝ ਘਟ ਗਈ ਪਰ ਕਿਸੇ ਹੋਰ ਸੂਬੇ ‘ਚ ਜਾਣ ਵਾਲੀ ਗੱਲ ਨੇ ਉਸ ਨੂੰ ਫ਼ਿਕਰਮੰਦ ਕਰ ਦਿੱਤਾ। ‘ਜੀਤੀ ਤੋਂ ਦੂਰ ਕਿਵੇਂ ਰਹਾਂਗਾ?’ ਸੋਚਦੇ ਉਸ ਦੇ ਦਿਮਾਗ਼ ਵਿਚ ਜੀਤੀ ਨਾਲ਼ ਸਲਾਹ ਕਰਨ ਦਾ ਵਿਚਾਰ ਆ ਗਿਆ। ਉਸ ਨੇ ਸਮਾਂ ਦੇਖਿਆ। ‘ਇਸ ਵੇਲੇ ਉਹ ਕੰਮ ‘ਤੇ ਹੋਵੇਗੀ। ਫੋਨ ਦਾ ਜਵਾਬ ਨਹੀਂ ਦੇਵੇਗੀ। ਕਿਉਂ ਨਾ ਉਸ ਨੂੰ ਮਿਲ ਹੀ ਆਵਾਂ। ਕਿੰਨੇ ਦਿਨ ਹੋ ਗਏ ਦੇਖੀ ਨੂੰ। ਜਦੋਂ ਉਸ ਦੀ ਬ੍ਰੇਕ ਹੋਈ ਬਾਹਰ ਆ ਜਾਵੇਗੀ। ਓਨੀ ਦੇਰ ਉੱਥੇ ਤੁਰਿਆ ਫਿਰੂੰ’, ਸੋਚ ਕੇ ਉਸ ਨੇ ਉਸ ਸਬਵੇਅ ਰੈਸਟੋਰੈਂਟ ਵੱਲ ਜਾਂਦੀ ਬੱਸ ਫੜ ਲਈ ਜਿਸ ਵਿਚ ਜੀਤੀ ਕੰਮ ਕਰਦੀ ਸੀ। ਬੱਸ ਵਿਚ ਬੈਠਾ ਉਹ ਚਿੱਟੀ ਦੀਆਂ ਕਹੀਆਂ ਗੱਲਾਂ ਨੂੰ ਆਪਣੇ ਦਿਮਾਗ਼ ਵਿਚ ਰਿੜਕਣ ਲੱਗਾ। ‘ਕਿਉਂ ਮੈਂ ਦੇ ਰਿਹਾ ਵਾਂ ਨਜਾਇਜ਼ ਹੀ ਐਨੇ ਡਾਲਰ ਕਿਸੇ ਨੂੰ? ਨਾਲ਼ੇ ਜੀਤੀ ਤੋਂ ਦੂਰ ਜਾਵਾਂਗਾ। ਇਹ ਦਿੱਤਿਆਂ ਬਿਨਾਂ ਵੀ ਸਰ ਸਕਦਾ ਏ।’ ਇਹ ਵਿਚਾਰ ਉਸ ਦੇ ਦਿਮਾਗ਼ ਵਿਚ ਭਾਰੂ ਹੋਣ ਲੱਗਾ। ਫਿਰ ਉਸ ਨੇ ਸੋਚਿਆ, ‘ਜੀਤੀ ਨਾਲ਼ ਸਿੱਧੀ ਤੇ ਸਪੱਸ਼ਟ ਗੱਲ ਕਰਾਂਗਾ। ਹੋ ਸਕਦਾ ਏ ਕਿ ਮੇਰੇ ਵੈਨਕੂਵਰ ਮੂਵ ਹੋਣ ਦੀ ਗੱਲ ਸੁਣ ਕੇ ਮੰਨ ਹੀ ਜਾਵੇ।’ ਵਿਉਂਤਾਂ ਬਣਾਉਂਦਾ ਉਹ ਰੈਸਟੋਰੈਂਟ ਪਹੁੰਚ ਗਿਆ।
ਰੈਸਟੋਰੈਂਟ ਵਿਚ ਸੱਬ ਬਣਾ ਰਹੀ ਜੀਤੀ ਦੇ ਚਿਹਰੇ ਵੱਲ ਦੇਖ ਕੇ ਕਰਨਵੀਰ ਨੇ ਆਪਣਾ ਇਰਾਦਾ ਹੋਰ ਵੀ ਪੱਕਾ ਕਰ ਲਿਆ ਕਿ ਉਹ ਜੀਤੀ ਨਾਲ਼ ਜ਼ਰੂਰ ਗੱਲ ਕਰੇਗਾ। ਜੀਤੀ ਦੇ ਬੁੱਲ੍ਹਾਂ ‘ਤੇ ਪੇਪੜੀ ਜੰਮੀ ਹੋਈ ਸੀ। ਉਸ ਦੀਆਂ ਉਨੀਂਦੀਆਂ ਅੱਖਾਂ ਇਸ ਤਰ੍ਹਾਂ ਲੱਗ ਰਹੀਆਂ ਸਨ ਜਿਵੇਂ ਉਹ ਬਹੁਤ ਦਿਨਾਂ ਤੋਂ ਸੁੱਤੀ ਨਾ ਹੋਵੇ। ਜਿੱਥੇ ਜੀਤੀ ਸੱਬ ਬਣਾ ਰਹੀ ਸੀ, ਉਸ ਕਾਊਂਟਰ ਦੇ ਇਕ ਸਿਰੇ ‘ਤੇ ਫੁੱਟ-ਫੁੱਟ ਲੰਬੀਆਂ, ਸੱਬ ਮਾਰੀਨ (ਪਣਡੁੱਬੀ ਕਿਸ਼ਤੀ) ਸ਼ਕਲ ਦੀਆਂ ਕਈ ਕਿਸਮ ਦੀਆਂ ਬ੍ਰੈੱਡਾਂ ਪਈਆਂ ਸਨ। ਜੀਤੀ ਨੇ ਗਾਹਕ ਦੀ ਪਸੰਦ ਦੀ ਬ੍ਰੈੱਡ ਦੇ ਵਿਚਕਾਰ ਚੀਰ ਪਾ ਕੇ ਉਸ ਨੂੰ ਕਾਗਜ਼ ‘ਤੇ ਰੱਖ ਲਿਆ, ਫਿਰ ਗਾਹਕ ਦੇ ਦੱਸੇ ਅਨੁਸਾਰ ਉਸ ਵਿਚ ਚੀਜ਼, ਮੀਟ, ਸਬਜ਼ੀਆਂ ਵਗੈਰਾ ਪਾਉਂਦੀ ਕਾਊਂਟਰ ਦੇ ਦੂਜੇ ਸਿਰੇ ‘ਤੇ ਰੱਖੀ ਕੈਸ਼ ਮਸ਼ੀਨ ਤੱਕ ਪਹੁੰਚ ਗਈ। ਉਸ ਨੇ ਤਿਆਰ ਸੱਬ ਕਾਗ਼ਜ਼ ਵਿਚ ਲਪੇਟ ਕੇ ਗਾਹਕ ਨੂੰ ਫੜਾਉਂਦੀ ਨੇ ਉਸ ਤੋਂ ਭੁਗਤਾਨ ਲਿਆ ਅਤੇ ਮੁੜ ਅਗਲੇ ਗਾਹਕ ਲਈ ਬ੍ਰੈੱਡਾਂ ਕੋਲ ਆਣ ਖੜ੍ਹੀ। ਕਰਨਵੀਰ ਉਸ ਨੂੰ ਇਹ ਸਭ ਕਰਦਿਆਂ ਦੇਖਦਾ ਰਿਹਾ। ਜੀਤੀ ਨੇ ਉਸ ਵੱਲ ਹੈਰਾਨੀ ਨਾਲ਼ ਦੇਖਿਆ। ਕਰਨਵੀਰ ਮੁਸਕਰਾ ਕੇ ਉਸ ਦੇ ਨੇੜੇ ਚਲਾ ਗਿਆ। “ਤੇਰੇ ਨਾਲ਼ ਇਕ ਜ਼ਰੂਰੀ ਗੱਲ ਕਰਨ ਆਇਆ ਵਾਂ। ਆਪਣੇ ਬ੍ਰੇਕ ਟਾਈਮ ‘ਤੇ ਬਾਹਰ ਆ ਜਾਵੀਂ। ਮੈਂ ਉਡੀਕ ਕਰਾਂਗਾ।”
“ਸਭ ਕੁਝ ਠੀਕ ਐ?”
“ਹਾਂ, ਤੈਨੂੰ ਮਿਲਣ ਨੂੰ ਵੀ ਜੀਅ ਕਰਦਾ ਸੀ।”
“ਮੈਂ ਬਸ ਬ੍ਰੇਕ ਲੈਣ ਵਾਲੀ ਹੀ ਸੀ।”
“ਫੇਰ ਤਾਂ ਮੌਕੇ ‘ਤੇ ਹੀ ਆਇਆ ਵਾਂ। ਜੇ ਤਾਂ ਮੇਰੇ ਪੈਸਿਆਂ ਦਾ ਖਾ ਲਵੇਂਗੀ ਤਾਂ ਦੋ ਸੱਬ ਬਣਾ ਲੈ। ਨਹੀਂ ਤਾਂ ਛੇ ਇੰਚ ਆਪਣੀ ਮਰਜ਼ੀ ਦਾ ਮੇਰੇ ਲਈ ਬਣਾ ਦੇ।”
ਸੱਬ ਬਣਾਉਂਦੀ ਜੀਤੀ ਨੂੰ ਉਹ ਨਿਹਾਰਦਾ ਰਿਹਾ। ਜਦੋਂ ਜੀਤੀ ਸੱਬ ਵਾਲੀ ਟ੍ਰੇਅ ਕਰਨਵੀਰ ਨੂੰ ਫੜਾਉਣ ਲੱਗੀ, ਉਹ ਡਾਲਰ ਦਿੰਦਿਆਂ ਬੋਲਿਆ, “ਬਾਹਰ ਨਹੀਂ ਸੀ ਠੀਕ?” ਬਾਹਰ ਲਿਜਾਣ ਲਈ ਜੀਤੀ ਨੇ ਸੱਬ ਲਿਫ਼ਾਫ਼ੇ ਵਿਚ ਪਾ ਕੇ ਦੇਣਾ ਸੀ ਪਰ ਉਸ ਨੇ ਟ੍ਰੇਅ ਵਿਚ ਰੱਖ ਕੇ ਦਿੱਤਾ ਸੀ ਜਿਸ ਦਾ ਮਤਲਬ ਸੀ ਕਿ ਉਹ ਇੱਥੇ ਬੈਠ ਕੇ ਹੀ ਖਾਣ ਲਈ ਆਖ ਰਹੀ ਸੀ।
“ਐਥੇ ਵੀ ਠੀਕ ਐ। ਤੂੰ ਅਹੁ ਕੌਰਨਰ ਵਾਲੇ ਟੇਬਲ ‘ਤੇ ਬੈਠ ਜਾ, ਮੈਂ ਆਉਂਦੀ ਆਂ।”
ਕੋਨੇ ਵਿਚ ਬੈਠਾ ਕਰਨਵੀਰ ਜੀਤੀ ਦੀ ਉਡੀਕ ਕਰਨ ਲੱਗਾ। ਰੈਸਟੋਰੈਂਟ ਵਿਚ ਹੋਰ ਕੋਈ ਵੀ ਗਾਹਕ ਉੱਥੇ ਬੈਠ ਕੇ ਖਾਣ ਵਾਲ਼ਾ ਨਹੀਂ ਸੀ। ਇੱਕੜ-ਦੁੱਕੜ ਗਾਹਕ ਆਉਂਦੇ ਅਤੇ ਆਪਣਾ ਸੱਬ ਲੈ ਕੇ ਤੁਰ ਜਾਂਦੇ। ਜੀਤੀ ਦੀ ਥਾਂ ਕਾਊਂਟਰ ‘ਤੇ ਚਾਲ਼ੀ ਕੁ ਸਾਲ ਦੇ ਗੇੜ ‘ਚ ਲਗਦਾ ਆਦਮੀ ਖੜ੍ਹ ਗਿਆ ਸੀ। ਕਰਨਵੀਰ ਨੂੰ ਲੱਗਾ ਜਿਵੇਂ ਉਹ ਉਸ ਵੱਲ ਘੂਰ ਕੇ ਦੇਖ ਰਿਹਾ ਹੋਵੇ। ਉਸ ਨੇ ਜੀਤੀ ਨੂੰ ਉਸ ਬਾਰੇ ਪੁੱਛਿਆ। ਉਹ ਬੋਲੀ, “ਮਾਲਕ ਐ।”
“ਅੱਛਾ, ਇਹ ਏ ਗੁਰਮੀਤ ਜਿਹੜਾ ਆਪਣੀ ਵਾਈਫ ਤੋਂ ਡਰਦਾ ਰਹਿੰਦਾ ਏ।” ਕਰਨਵੀਰ ਨੇ ਮੁਸਕੜੀਏਂ ਹੱਸਦੇ ਨੇ ਕਿਹਾ।
“ਚੁੱਪ।”
“ਜੀਤੀ, ਤੂੰ ਨਹੀਂ ਖਾਣਾ ਕੁਝ?”
ਜੀਤੀ ਨੇ ਆਪਣੇ ਲਿਫ਼ਾਫ਼ੇ ਵਿਚੋਂ ਕੇਲਾ ਕੱਢ ਲਿਆ।
“ਜੀਤੀ, ਕੀ ਲੋੜ ਏ ਐਨਾ ਕੰਮ ਕਰਨ ਦੀ? ਦੇਖ ਆਪਣੀ ਹਾਲਤ।”
“ਕੰਮ ਕਰਨ ਤੋਂ ਬਿਨਾਂ ਕਿੱਥੇ ਸਰਦੈ! ਤੂੰ ਦੱਸ ਕੀ ਗੱਲ ਕਰਨੀ ਸੀ?”
“ਮੈਨੂੰ ਐੱਲ ਐੱਮ ਆਈ ਏ ਮਿਲਦੀ ਏ।”
“ਚੰਗੀ ਖ਼ਬਰ ਐ।”
“ਹਾਲੇ ਪੱਕਾ ਨਹੀਂ ਦੱਸਿਆ ਪਰ ਵੈਨਕੂਵਰ ਵੱਲ ਦੀ ਹੋਵੇਗੀ। ਤੇਰੀ ਸਲਾਹ ਲੈਣ ਆਇਆ ਵਾਂ।”
“ਇੱਥੋਂ ਦੀ ਨਹੀਂ ਮਿਲਦੀ?”
“ਵਕੀਲ ਸਲਾਹ ਦਿੰਦਾ ਏ ਕਿ ਜਿੱਥੋਂ ਦੀ ਛੇਤੀ ਮਿਲਦੀ ਏ, ਲੈ ਲਵਾਂ ਪਰ ਮੇਰਾ ਤੇਰੇ ਤੋਂ ਪਾਸੇ ਜਾਣ ਲਈ ਦਿਲ ਨਹੀਂ ਮੰਨਦਾ।”
“ਕੀ ਸੋਚਿਐ ਫਿਰ?”
“ਤੈਥੋਂ ਪੁੱਛਣ ਆਇਆ ਵਾਂ।”
ਜੀਤੀ ਚੁੱਪ ਕਰ ਗਈ। ਫਿਰ ਉਸ ਨੇ ਕਾਊਂਟਰ ਵੱਲ ਨਿਗ੍ਹਾ ਮਾਰੀ ਤੇ ਬੋਲੀ, “ਮੈਨੂੰ ਤਾਂ ਆਪ ਪਤਾ ਨਹੀਂ ਲਗਦਾ ਕਿ ਕੀ ਕਹਾਂ।”
“ਮੈਂ ਸੋਚਦਾ ਵਾਂ ਕਿ ਇਹ ਵੀਹ-ਪੱਚੀ ਹਜ਼ਾਰ ਕਿਸੇ ਨੂੰ ਵਾਧੂ ਦਾ ਹੀ ਕਿਉਂ ਦੇਣਾ। ਇਸ ਨਾਲ਼ ਘਰਦੀ ਕੋਈ ਚੀਜ਼ ਬਣਾਵਾਂਗੇ। ਨਾਲ਼ੇ ਇੰਪੁਲਾਇਰ ਐੱਲ ਐੱਮ ਆਈ ਏ ਵਾਲੇ ਨੂੰ ਤਨਖਾਹ ਘੱਟ ਦਿੰਦੇ ਨੇ।” ਆਖ ਕੇ ਕਰਨਵੀਰ ਨੇ ਜੀਤੀ ਦਾ ਪ੍ਰਤੀਕਰਮ ਦੇਖਣ ਲਈ ਉਸ ਦੇ ਚਿਹਰੇ ‘ਤੇ ਨਿਗ੍ਹਾ ਗੱਡ ਦਿੱਤੀ। ਉਹ ਕੁਝ ਨਾ ਬੋਲੀ। ਕਰਨਵੀਰ ਨੇ ਅੱਗੇ ਕਿਹਾ, “ਨਾਲ਼ੇ ਤੈਨੂੰ ਐਨਾ ਕੰਮ ਨਾ ਕਰਨਾ ਪਵੇਗਾ। ਮੈਂ ਕੰਮ ਕਰੀ ਜਾਵਾਂਗਾ, ਤੂੰ ਪੜ੍ਹੀ ਜਾਈਂ। ਐੱਲ ਐੱਮ ਆਈ ਏ ‘ਤੇ ਵਾਧੂ ਖਰਚ ਕਰਨਾ ਮੈਨੂੰ ਬੇਵਕੂਫ਼ੀ ਲਗਦੀ ਏ, ਜਦੋਂ ਆਪਣਾ ਇਸ ਬਿਨਾਂ ਵੀ ਸਰ ਸਕਦਾ ਏ।” ਜੀਤੀ ਨੇ ਕੋਈ ਹੁੰਗਾਰਾ ਨਾ ਭਰਿਆ। ਕਰਨਵੀਰ ਨੇ ਫਿਰ ਕਿਹਾ, “ਵਿਆਹ ਆਪਾਂ ਕਰਵਾਉਣਾ ਹੀ ਏ। ਦੋ-ਤਿੰਨ ਸਾਲਾਂ ਬਾਅਦ ਵੀ ਕਰਵਾਉਣੇ ਹੀ ਏ ਤਾਂ ਹੁਣ ਕਿਉਂ ਨਹੀਂ?” ਜੀਤੀ ਨੇ ਫਿਰ ਕਾਊਂਟਰ ਵੱਲ ਦੇਖਿਆ ਤੇ ਮੁੜ ਨਿਗ੍ਹਾ ਕਰਨਵੀਰ ਵੱਲ ਕਰ ਲਈ। ਉਹ ਬੋਲਿਆ, “ਟਰੱਕ ਦਾ ਲਾਈਸੰਸ ਮੇਰੇ ਕੋਲ ਹੈਗਾ ਏ। ਤੂੰ ਸਟੂਡੈਂਟ ਏਂ। ਮੈਨੂੰ ਸਪਾਊਸਲ ਵਰਕ ਪਰਮਿਟ ਮਿਲ ਸਕਦਾ ਏ। ਐੱਲ ਐੱਮ ਆਈ ਏ ਦੀ ਲੋੜ ਨਹੀਂ ਪੈਣੀ।”
“ਮੈਨੂੰ ਕੁਝ ਟਾਈਮ ਦੇ। ਸੋਚ ਲਵਾਂ।”
“ਹਾਂ ਹਾਂ, ਸੋਚ ਲੈ। ਮੈਂ ਤਾਂ ਕਹਿਨਾ ਵਾਂ ਕਿ ਆਪਣੇ ਪੇਰੈਂਟਸ ਨਾਲ਼ ਵੀ ਸਲਾਹ ਕਰ ਲੈ।” ਆਖ ਕੇ ਕਰਨਵੀਰ ਨੇ ਕਾਊਂਟਰ ਵੱਲ ਦੇਖਿਆ। ਗੁਰਮੀਤ ਉਨ੍ਹਾਂ ਵੱਲ ਹੀ ਦੇਖ ਰਿਹਾ ਸੀ। ਕਰਨਵੀਰ ਉੱਥੋਂ ਉੱਠ ਖਲੋਤਾ ਤੇ ਰੈਸਟੋਰੈਂਟ ‘ਚੋਂ ਬਾਹਰ ਆ ਗਿਆ।
ਜੀਤੀ ਦੇ ਹੁੰਗਾਰੇ ਦੀ ਕਰਨਵੀਰ ਬੇਸਬਰੀ ਨਾਲ਼ ਉਡੀਕ ਕਰਨ ਲੱਗਾ। ਅਗਲੇ ਦਿਨ ਜੀਤੀ ਦਾ ਫੋਨ ਆਇਆ। ਉਸ ਨੇ ਕਿਹਾ, “ਕਰਨ, ਮੈਂ ਹਾਲੇ ਵਿਆਹ ਲਈ ਤਿਆਰ ਨਹੀਂ। ਮੈਨੂੰ ਲਗਦੈ ਕਿ ਵਿਆਹ ਦੀ ਸਾਨੂੰ ਐਨੀ ਜਲਦੀ ਨਹੀਂ ਕਰਨੀ ਚਾਹੀਦੀ।”
“ਤੈਨੂੰ ਮੈਂ ਪਸੰਦ ਨਹੀਂ?” ਕਰਨਵੀਰ ਨੇ ਪੁੱਛਿਆ।
“ਮੈਂ ਏਦਾਂ ਤਾਂ ਨਹੀਂ ਕਹਿੰਦੀ।”
“ਫੇਰ?”
“ਫੇਰ ਕੀ? ਹਾਲੇ ਮੈਂ ਵਿਆਹ ਨਹੀਂ ਕਰਵਾਉਣਾ। ਪੜ੍ਹਨਾ ਹੈ।”
“ਪੜ੍ਹਨੋਂ ਤੈਨੂੰ ਮੈਂ ਕਦੋਂ ਰੋਕਦਾ ਵਾਂ। ਮੈਂ ਤਾਂ ਆਪ ਚਾਹੁੰਨਾ ਵਾਂ ਕਿ ਤੂੰ ਪੜ੍ਹੇਂ। ਸਿਰਫ ਪੜ੍ਹੇਂ। ਮੈਂ ਕੰਮ ਕਰਾਂ।”
“ਮੈਂ ਆਪਣੇ ਤੌਰ ‘ਤੇ ਪੜ੍ਹ ਸਕਦੀ ਆਂ। ਵੀਹਾਂ ਸਾਲਾਂ ਦੀ ਹਾਂ ਹਾਲੇ ਮੈਂ। ਆਪਾਂ ਨੂੰ ਹਾਲੇ ਹੋਰ ਸਮਝਣਾ ਚਾਹੀਦੈ ਇਕ-ਦੂਜੇ ਨੂੰ।”
“ਕੀ ਸਮਝਣਾ ਏ ਮੈਨੂੰ? ਪੁੱਛ ਜਿਹੜਾ ਕੁਝ ਜਾਨਣਾ ਚਾਹੁੰਨੀ ਏਂ ਮੇਰੇ ਬਾਰੇ?”
“ਇਹ ਕੋਈ ਐਗਜ਼ਾਮ ਐ, ਜਿਹੜਾ ਸਵਾਲਾਂ ਦੇ ਜਵਾਬ ਪੁੱਛ ਕੇ ਲੈ ਲਵੋਂਗੇ?”
“ਹੋਰ ਫਿਰ ਤੈਨੂੰ ਕਿਵੇਂ ਯਕੀਨ ਦਵਾਵਾਂ ਕਿ ਤੈਨੂੰ ਪਿਆਰ ਕਰਦਾ ਵਾਂ। ਤੇਰੀ ਕੇਅਰ ਕਰਦਾ ਵਾਂ।”
“ਮੈਨੂੰ ਵੀ ਤੂੰ ਚੰਗਾ ਲੱਗਦੈਂ ਪਰ ਵਿਆਹ ਵਾਸਤੇ ਤੂੰ ਐਨੀ ਕਾਹਲੀ ਕਿਉਂ ਕਰਦੈਂ? ਮੈਨੂੰ ਲਗਦੈ ਵਿਆਹ ਨਾਲ਼ ਕੋਈ ਲਾਲਚ ਨਹੀਂ ਜੁੜਿਆ ਹੋਣਾ ਚਾਹੀਦਾ। ਪੱਕੇ ਤਾਂ ਆਪਾਂ ਸਾਰਿਆਂ ਨੇ ਹੋ ਈ ਜਾਣੈ, ਜਿਹੜੇ ਇੱਥੇ ਆ ਗਏ। ਸਾਲ-ਦੋ ਸਾਲ ਵੱਧ ਲੱਗ ਜਾਣਗੇ, ਜਾਂ ਵਾਧੂ ਖਰਚ ਆ ਜਾਊ।”
“ਤੈਨੂੰ ਮੈਂ ਲਾਲਚੀ ਲੱਗਦਾ ਵਾਂ? ਤੈਨੂੰ ਮੇਰੀ ਗੱਲ ਸਮਝ ਕਿਉਂ ਨਹੀਂ ਲਗਦੀ ਕਿ ਕਿਉਂ ਕਿਸੇ ਨੂੰ ਵਾਧੂ ਡਾਲਰ ਦੇਈਏ, ਜਦੋਂ ਇਹ ਦਿੱਤਿਆਂ ਬਿਨਾਂ ਸਰ ਸਕਦਾ ਏ।” ਕਰਨਵੀਰ ਦੇ ਸਾਹ ਤੇਜ਼ ਹੋ ਗਏ। ਉਸ ਦੇ ਬੋਲ ਉੱਚੇ ਹੋ ਗਏ।
“ਤੈਨੂੰ ਮੇਰੀ ਗੱਲ ਕਿਉਂ ਨਹੀਂ ਸਮਝ ਆਉਂਦੀ? ਕਿਉਂ ਵਾਧੂ ਪ੍ਰੈਸ਼ਰ ਪਾਉਨੈਂ ਮੇਰੇ ‘ਤੇ?”
“ਮੈਂ ਕਦੋਂ ਪ੍ਰੈਸ਼ਰ ਪਾਉਨਾ ਵਾਂ?”
“ਹੋਰ ਆਹ ਕੀ ਕਰਦੈਂ?”
“ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾਂ।”
“ਮੈਨੂੰ ਸਮਝਾਉਣ ਦੀ ਥਾਂ ਆਪ ਕਿਉਂ ਨਹੀਂ ਸਮਝਣ ਦੀ ਕੋਸ਼ਿਸ਼ ਕਰਦਾ?”
“ਚੰਗਾ, ਕਰ ਮਰਜ਼ੀ ਆਪਣੀ। ਜੇ ਮੈਨੂੰ ਮਿਲ ਗਈ ਵੈਨਕੂਵਰ ਦੀ ਐੱਲ ਐੱਮ ਆਈ ਏ, ਮੈਂ ਚਲਿਆ ਜਾਣਾ ਵਾਂ।” ਕਰਨਵੀਰ ਨੇ ਆਪਣੇ ਬੋਝੇ ਵਿਚਲਾ ਆਖਰੀ ਤੀਰ ਛੱਡਿਆ।
“ਫਿਰ ਤੇਰੀ ਮਰਜ਼ੀ।”
“ਮਰਜ਼ੀ ਤਾਂ ਫਿਰ ਮਰਜ਼ੀ ਸਹੀ।”
ਫੋਨ ਬੰਦ ਕਰ ਕੇ ਵੀ ਕਰਨਵੀਰ ਜੀਤੀ ‘ਤੇ ਕਰਿੱਝਦਾ ਰਿਹਾ ਕਿ ਉਸ ਨੂੰ ਉਸ ਦੀ ਗੱਲ ਸਮਝ ਕਿਉਂ ਨਹੀਂ ਪੈਂਦੀ।

ਅਗਲੇ ਹੀ ਦਿਨ ਚਿੱਟੀ ਦਾ ਫੋਨ ਆ ਗਿਆ। ਉਸ ਨੇ ਕਿਹਾ, “ਗੁੱਡ ਨਿਊਜ਼ ਐ, ਆ ਜਾਓ ਦਫ਼ਤਰ। ਫੀਸ ਲੈਂਦੇ ਆਣਾ।” ਕਰਨਵੀਰ ਝੱਟ ਤਿਆਰ ਹੋ ਕੇ ਦਫ਼ਤਰ ਪਹੁੰਚ ਗਿਆ। ਮਿਲਦਿਆਂ ਹੀ ਚਿੱਟੀ ਬੋਲਿਆ, “ਤੁਹਾਡੀ ਲੱਕ ਬਹੁਤ ਤੇਜ਼ ਐ। ਇਕ ਕੰਪਨੀ ਨੂੰ ਹੁਣੇ ਹੀ ਟਰੱਕ ਡਰਾਈਵਰ ਚਾਹੀਦੈ ਤੇ ਉਨ੍ਹਾਂ ਨੂੰ ਕੁਝ ਡਾਲਰ ਕਿਸ਼ਤਾਂ ਰਾਹੀਂ ਦੇਣ ਲਈ ਵੀ ਮਨਾ ਲਿਆ। ਮੈਂ ਆਪਣੀ ਗਰੰਟੀ ਦਿੱਤੀ ਐ ਕਿ ਕੋਈ ਉਲਾਂਭਾ ਨਹੀਂ ਆਉਂਦਾ।” ਆਖ ਕੇ ਚਿੱਟੀ ਇਕ ਪਲ ਰੁਕ ਗਿਆ ਫਿਰ ਬੋਲਿਆ, “ਕਦੋਂ ਜਾ ਸਕਦੇ ਹੋ ਸਰੀ?”
“ਜਦੋਂ ਕਹੋਂ।”
“ਠੀਕ ਐ ਫਿਰ ਕਰੋ ਟਿਕਟ ਬੁੱਕ। ਛੇ ਹਜ਼ਾਰ ਤੁਹਾਡਾ ਮੇਰੇ ਕੋਲ ਆਇਆ ਹੋਇਆ। ਚਾਰ ਹੋਰ ਦੇ ਦਿਓ। ਗਿਆਰਾਂ ਹਜ਼ਾਰ ਤੁਸੀਂ ਸਰੀ ਪਹੁੰਚ ਕੇ ਬਾਰਡਰ ‘ਤੇ ਜਾਣ ਤੋਂ ਪਹਿਲਾਂ ਟਰੱਕ ਕੰਪਨੀ ਨੂੰ ਕੈਸ਼ ਦੇਣਾ ਤੇ ਬਾਕੀ ਸਾਲ ਵਾਸਤੇ ਹਰ ਮਹੀਨੇ ਸੱਤ ਸੌ ਪੰਜਾਹ ਡਾਲਰ ਦੇਣੇ ਆ ਕੰਪਨੀ ਨੂੰ।”
ਚਾਰ ਹਜ਼ਾਰ ਚਿੱਟੀ ਨੂੰ ਫੜਾਉਂਦਾ ਕਰਨਵੀਰ ਬੋਲਿਆ, “ਸਰ, ਕੋਈ ਗੜਬੜ ਤਾਂ ਨਹੀਂ ਹੁੰਦੀ…?”
“ਬੇਫ਼ਿਕਰ ਹੋ ਕੇ ਕਰ ਦਿਓ ਬੁੱਕ ਟਿਕਟ ਵੈਨਕੂਵਰ ਦੀ। ਦੁੱਖ ਕੱਟੇ ਗਏ ਸਾਰੇ। ਕਰੋ ਕਮਾਈਆਂ।” ਖੁਸ਼ੀ ਅਤੇ ਸੰਸੇ ਦੇ ਰਲਵੇਂ-ਮਿਲਵੇਂ ਭਾਵਾਂ ਨਾਲ਼ ਕਰਨਵੀਰ ਨੇ ਵੈਨਕੂਵਰ ਜਾਣ ਲਈ ਜਹਾਜ਼ ਦੀ ਟਿਕਟ ਬੁੱਕ ਕਰਵਾ ਲਈ। ਉਸ ਨੂੰ ਲੱਗਣ ਲੱਗਾ ਸੀ ਜਿਵੇਂ ਕਮਾਈ ਕੀਤੀ ਨੂੰ ਵਰ੍ਹੇ ਹੀ ਬੀਤ ਗਏ ਹੋਣ। ਨੌਕਰੀ ਮਿਲਣ ਦੀ ਖ਼ਬਰ ਨਾਲ਼ ਉਸ ਨੇ ਸੋਚਿਆ ਕਿ ਉਹ ਕਮਾਈ ਕਰਨ ਵਾਲੀਆਂ ਹਨੇਰੀਆਂ ਵਗਾ ਦੇਵੇਗਾ। ਸੰਸਾ ਉਸ ਨੂੰ ਇਸ ਗੱਲ ਦਾ ਸੀ ਕਿ ਉਸ ਦੀ ਪਹਿਲਾਂ ਕੀਤੀ ਕਮਾਈ ਵਿਚੋਂ ਪਾਈ ਪਾਈ ਜੋੜ ਕੇ ਰੱਖੀ ਕਿਤੇ ਅਜਾਈਂ ਹੀ ਨਾ ਚਲੀ ਜਾਵੇ। ਨੌਕਰੀ ਮਿਲਣ ਦੀ ਖੁਸ਼ੀ ਦੀ ਖ਼ਬਰ ਜਦੋਂ ਕੁਝ ਆਠਰ ਗਈ ਤਾਂ ਉਸ ਨੇ ਸੱਤ ਸੌ ਪੰਜਾਹ ਡਾਲਰ ਹਰ ਮਹੀਨੇ ਤਨਖਾਹ ਵਿਚੋਂ ਕਟਾਉਣ ਦਾ ਹਿਸਾਬ ਲਾਇਆ ਤਾਂ ਨੌਕਰੀ ਉਸ ਨੂੰ ਤੀਹ ਹਜ਼ਾਰ ਡਾਲਰ ਵਿਚ ਮਿਲੀ ਸੀ। ਉਸ ਅੰਦਰ ਫਿਰ ਜੀਤੀ ਪ੍ਰਤੀ ਰੋਸ ਜਾਗ ਪਿਆ। ‘ਜੇ ਜੀਤੀ ਦੇ ਦਿਮਾਗ਼ ‘ਚ ਗੱਲ ਵੜ ਜਾਂਦੀ ਤਾਂ ਇਹ ਨਾਜਾਇਜ਼ ਨਹੀਂ ਸੀ ਦੇਣੇ ਪੈਣੇ।’ ਉਸ ਨੇ ਸੋਚਿਆ ਤੇ ਬਿਨਾਂ ਜੀਤੀ ਨੂੰ ਦੱਸਿਆਂ ਤਿੰਨ ਦਿਨਾਂ ਬਾਅਦ ਜਹਾਜ਼ ਚੜ੍ਹ ਗਿਆ। (ਚੱਲਦਾ)