ਪਾਟੇ ਪੰਨਿਆਂ ਦੀ ਅਧੂਰੀ ਇਬਾਰਤ – ਗਿਆਨੀ ਕੇਸਰ ਸਿੰਘ

ਜਸਬੀਰ ਭੁੱਲਰ
ਬਨੇਰੇ ਦੱਸ ਦਿੰਦੇ ਨੇ ਘਰਾਂ ਦੀ ਦਾਸਤਾਂ ਸਾਰੀ,
ਤੁਹਾਨੂੰ ਕੀ ਦਿਆਂ ਪਰਮਾਣ ਮੈਂ ਆਪਣੀ ਸ਼ਨਾਖ਼ਤ ਦਾ।

ਅਜੈ ਤਨਵੀਰ
ਪਾੜ ਕੇ ਸੁੱਟੇ ਪੰਨਿਆਂ ਦੀ ਇਬਾਰਤ ਕੌਣ ਪੜ੍ਹਦਾ ਹੈ! ਕੋਈ ਪੜ੍ਹੇ ਵੀ ਕਿਉਂ? ਜਿਹੜੇ ਪੰਨੇ ਪਾੜ ਕੇ ਸੁੱਟ ਦਿੱਤੇ ਗਏ, ਉਹ ਜ਼ਰੂਰ ਫ਼ਜ਼ੂਲ ਹੋਣਗੇ। ਉਹ ਤਾਂਹੀਓਂ ਪਾੜੇ ਗਏ ਹੋਣਗੇ!
ਜਦੋਂ ਮੈਂ ਗਿਆਨੀ ਕੇਸਰ ਸਿੰਘ ਨੂੰ ਜਾਣਿਆ, ਕੁਝ ਭੰਮੱਤਰ ਗਿਆ ਸਾਂ। ਉਹ ਪਾਟੇ ਹੋਏ ਪੰਨੇ ਤਵਾਰੀਖ ਦੇ ਵੀ ਸਨ ਤੇ ਸਾਹਿਤ ਦੇ ਵੀ। ਉਹ ਪੰਨੇ ਸਾਡੀ ਅਮੀਰੀ ਸਨ, ਪਰ ਅਸੀਂ ਕੇਸਰ ਸਿੰਘ ਨੂੰ ਗੌਲਿਆ ਹੀ ਨਹੀਂ ਸੀ। ਨਾ ਸਾਹਿਤਕਾਰ ਵਜੋਂ, ਨਾ ਖੋਜੀ ਇਤਿਹਾਸਕਾਰ ਵਜੋਂ ਅਤੇ ਨਾ ਹੀ ਆਜ਼ਾਦੀ ਸੰਗਰਾਮ ਦੇ ਯੋਧੇ ਵਜੋਂ।
ਕੇਸਰ ਸਿੰਘ ਨੇ ਜੰਗ-ਏ-ਆਜ਼ਾਦੀ ਦੇ ਇਤਿਹਾਸ ਦੀ ਪਿੱਠਭੂਮੀ ਵਿਚ ਇੱਕੀ ਤੋਂ ਵੱਧ ਨਾਵਲ ਲਿਖੇ। ਉਸ ਦੇ ਨਾਵਲ ਹਿੰਦੀ, ਅੰਗਰੇਜ਼ੀ ਅਤੇ ਹੋਰ ਕਈ ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਛਪੇ। ਆਲੋਚਕ ਡਾਕਟਰ ਅਤਰ ਸਿੰਘ ਨੇ ਦੱਸਿਆ ਸੀ ਕਿ ਕੇਸਰ ਸਿੰਘ ਦਾ ਨਾਵਲ ‘ਜੰਗੀ ਕੈਦੀ’ ਰੂਸ ਵਿਚ ਪੰਜ ਲੱਖ ਛਪਿਆ ਸੀ, ਪਰ ਕੇਸਰ ਸਿੰਘ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ। ਜਦੋਂ ਉਹ ਚੈਕੋਸਲਵਾਕੀਆ ਗਿਆ ਤਾਂ ਇਹਦੇ ਬਾਰੇ ਪੁੱਛਿਆ। ਪਤਾ ਲੱਗਿਆ ਕਿ ‘ਜੰਗੀ ਕੈਦੀ’ ਉਥੇ ਵੱਡੀ ਗਿਣਤੀ ਵਿਚ ਸਿਰਫ਼ ਛਪਿਆ ਹੀ ਨਹੀਂ, ਉਸ ਨਾਵਲ ਦੀ ਕੇਸਰ ਸਿੰਘ ਲਈ ਛੇ ਹਜ਼ਾਰ ਰੂਬਲ ਰਾਇਲਟੀ ਵੀ ਉਨ੍ਹਾਂ ਕੋਲ ਪਈ ਸੀ। ਉਨ੍ਹਾਂ ਦੀ ਸ਼ਰਤ ਸੀ ਕਿ ਉਹ ਰਕਮ ਕੇਸਰ ਸਿੰਘ ਰੂਸ ਆ ਕੇ ਹੀ ਪ੍ਰਾਪਤ ਕਰ ਸਕਦਾ ਸੀ। ਬਣਦੇ ਮਿਹਨਤਾਨੇ ਲਈ ਕੇਸਰ ਸਿੰਘ ਨੇ ਬਾਅਦ ਵਿਚ ਰੂਸੀਆਂ ਨੂੰ ਚਿੱਠੀਆਂ ਵੀ ਲਿਖੀਆਂ, ਪਰ ਉਨ੍ਹਾਂ ਨੇ ਰਾਇਲਟੀ ਦੀ ਰਕਮ ਨਹੀਂ ਭੇਜੀ।
ਨਾਵਲ ‘ਜੰਗੀ ਕੈਦੀ’ ਮੈਂ ਉਚੇਚਾ ਲੱਭ ਕੇ ਪੜ੍ਹਿਆ। ਨਾਵਲ ਦਾ ਕੈਨਵਸ ਬਹੁਤ ਵੱਡਾ ਹੈ ਤੇ ਕਥਾਨਕ ਵਿਲੱਖਣ। ਉਹ ਨਾਵਲ ਸਿਰਫ਼ ਤੇ ਸਿਰਫ਼ ਕੇਸਰ ਸਿੰਘ ਹੀ ਲਿਖ ਸਕਦਾ ਸੀ। ਵਿਸ਼ੇ ਦੇ ਪੱਖ ਤੋਂ ਉਹੋ ਜਿਹਾ ਨਾਵਲ ਲਿਖਣਾ ਪੰਜਾਬੀ ਦੇ ਕਿਸੇ ਵੀ ਹੋਰ ਨਾਵਲਕਾਰ ਦੇ ਵੱਸ ਦੀ ਗੱਲ ਨਹੀਂ ਸੀ।
ਜਦੋਂ ਮੈਂ ਕੇਸਰ ਸਿੰਘ ਨੂੰ ਪਹਿਲੀ ਵਾਰ ਮਿਲਿਆ ਸਾਂ ਤਾਂ ਸ਼ਖ਼ਸੀਅਤ ਦਾ ਜਲੌਅ ਵੇਖ ਕੇ ਹੈਰਾਨ ਹੋਇਆ ਸਾਂ। ਉਹਦੀ ਉਮਰ ਉਸ ਵੇਲੇ ਨੱਬਿਆਂ ਨੂੰ ਢੁੱਕੀ ਹੋਈ ਸੀ। ਖੁੱਲ੍ਹਾ ਦਾਹੜਾ, ਸਿਰ ਉਤੇ ਚਿੱਟੀ ਪੋਚਵੀਂ ਪੱਗ, ਨਰੋਈ ਦਿੱਖ, ਕੱਦ ਦਰਮਿਆਨਾ। ਜੀਅ ਕਰਦਾ ਸੀ ਕਿ ਉਸ ਸੁਹਣੇ ਮਨੁੱਖ ਨੂੰ ਵੇਖੀ ਜਾਈਏ। ਨਰੋਆ ਦਿਸਦਾ ਸਰੀਰ ਦਰਅਸਲ ਬਿਮਾਰ ਵੀ ਸੀ। ਵੱਡਾ ਰੋਗ ਬੁਢਾਪਾ ਸੀ ਤੇ ਉਸ ਬੁਢਾਪੇ ਨੇ ਕੁਝ ਹੋਰ ਬਿਮਾਰੀਆਂ ਨੂੰ ਵੀ ਆਪਣੇ ਘੇਰੇ ਵਿਚ ਲਿਆ ਹੋਇਆ ਸੀ।
ਕੇਸਰ ਸਿੰਘ ਨੇ ਦੱਸਿਆ, “ਹੁਣ ਜਦੋਂ ਰਾਤੀਂ ਸੌਨਾ ਵਾਂ ਤਾਂ ਇਹ ਲੱਗਦਾ ਹੈ, ਸਵੇਰੇ ਜਾਗਣਾ ਨਹੀਂ। ਹੁਣ ਤੁਹਾਡੇ ਨਾਲ ਗੱਲਾਂ ਕਰ ਰਿਹਾ ਵਾਂ, ਪਰ ਮੇਰਾ ਸਰੀਰ ਪੰਜਾਹ ਪਰਸੈਂਟ ਤੋਂ ਵੀ ਵੱਧ ਲਾਸ਼ ਬਣਿਆ ਹੋਇਆ ਹੈ। ਮੈਨੂੰ ਨਹੀਂ ਪਤਾ, ਕਿਹੜੇ ਵੇਲੇ ਮੈਂ ਤੁਰ ਜਾਣਾ ਹੈ। ਕੱਲ੍ਹ ਦੀ ਗੱਲ ਐ…।” ਕੇਸਰ ਸਿੰਘ ਤੋਂ ਜਾਣਨ ਅਤੇ ਪੁੱਛਣ ਵਾਲੀਆਂ ਗੱਲਾਂ ਹੋਰ ਬਹੁਤ ਸਨ। ਮੈਂ ਤਾਂ ਗੱਲ ਅਗਾਂਹ ਤੋਰਨ ਖ਼ਾਤਰ ਹੀ ਸਿਹਤ ਦਾ ਹਾਲ ਪੁੱਛਿਆ ਸੀ। ਮੈਂ ਮਨ ਹੀ ਮਨ ਧਾਰ ਲਿਆ ਕਿ ਅਗਲੀ ਮੁਲਾਕਾਤ ਵੇਲੇ ਸਿਹਤ ਦੇ ਹਾਲ ਨੂੰ ਛੱਡ ਕੇ ਕੁਝ ਵੀ ਹੋਰ ਪੁੱਛਾਂਗਾ।

ਛੇਤੀ ਹੀ ਕਿਸੇ ਵਿਆਹ ਸਮਾਗਮ ਉਤੇ ਅਸੀਂ ਮੁੜ ਮਿਲ ਪਏ। ਸਬੱਬ ਹੀ ਸੀ ਕਿ ਅਸੀਂ ਦੋਵੇਂ, ਵਕਤ ਤੋਂ ਬਹੁਤ ਪਹਿਲਾਂ ਪਹੁੰਚ ਗਏ ਸਾਂ। ਪੰਡਾਲ ਵਿਚ ਸ਼ਾਂਤੀ ਸੀ। ਉਦੋਂ ਤਕ ਡੀ.ਜੇ. ਵਾਲਿਆਂ ਨੇ ਕੰਨ ਖਾਣੇ ਸ਼ੁਰੂ ਨਹੀਂ ਸਨ ਕੀਤੇ। ਅਸੀਂ ਗੱਲੀਂ ਰੁੱਝ ਗਏ। ਮੈਂ ‘ਜੰਗੀ ਕੈਦੀ’ ਦੀ ਪੂਣੀ ਕੇਸਰ ਸਿੰਘ ਦੇ ਹੱਥ ਫੜਾ ਦਿੱਤੀ। ਉਹਨੇ ਪੂਣੀ ਕੱਤਣੀ ਸ਼ੁਰੂ ਕਰ ਦਿੱਤੀ: “ਸਿੰਗਾਪੁਰ-ਮਲਾਇਆ ਵਿਚ ਤਕਰੀਬਨ ਚਾਲੀ ਕੁ ਹਜ਼ਾਰ ਹਿੰਦੁਸਤਾਨੀ ਸਨ। ਉਨ੍ਹਾਂ ਵਿਚ ਪੈਂਤੀ ਕੁ ਹਜ਼ਾਰ ਸਿੱਖ ਹੋਣਗੇ। ਉਨ੍ਹਾਂ ਹਿੰਦੁਸਤਾਨੀਆਂ ਦੇ ਦੋ ਧੜੇ ਬਣ ਗਏ। ਇਕ ਧੜਾ ਤਾਂ ਆਜ਼ਾਦ ਹਿੰਦ ਫ਼ੌਜ ਵਿਚ ਸ਼ਾਮਲ ਹੋ ਗਿਆ। ਉਹ ਤਾਂ ਵੱਖਰੇ ਰਹਿ ਗਏ। ਜਿਹੜੇ ਆਜ਼ਾਦ ਹਿੰਦ ਫ਼ੌਜ ਵਿਚ ਸ਼ਾਮਲ ਨਹੀਂ ਹੋਏ, ਉਹ ਜੰਗੀ ਕੈਦੀ ਹੋ ਗਏ। ਉਨ੍ਹਾਂ ਜੰਗੀ ਕੈਦੀਆਂ ਉਤੇ ਜਾਪਾਨ ਸਰਕਾਰ ਨੇ ਬਹੁਤ ਜ਼ੋਰ-ਜ਼ੁਲਮ ਕੀਤਾ। ਉਨ੍ਹਾਂ ਕੋਲੋਂ ਬੈਂਕਾਕ, ਥਾਈਲੈਂਡ ਤੋਂ ਲੈ ਕੇ ਹਿੰਦੁਸਤਾਨ ਦੀ ਹੱਦ ਤਕ ਰੇਲਵੇ ਲਾਈਨ ਬਣਵਾਈ। ਉਨ੍ਹਾਂ ਜੰਗੀ ਕੈਦੀਆਂ ਵਿਚ ਮਲਾਇਆ, ਇੰਡੋਨੇਸ਼ੀਆ ਅਤੇ ਉਨ੍ਹਾਂ ਸਾਰੇ ਮੁਲਕਾਂ ਦੇ ਜੰਗੀ ਕੈਦੀ ਵੀ ਸ਼ਾਮਲ ਸਨ ਜਿਨ੍ਹਾਂ ਮੁਲਕਾਂ ਉਤੇ ਜਾਪਾਨੀਆਂ ਦਾ ਕਬਜ਼ਾ ਹੋ ਚੁੱਕਿਆ ਸੀ। ਉਨ੍ਹਾਂ ਜੰਗੀ ਕੈਦੀਆਂ ਦੀ ਗਿਣਤੀ ਬਹੁਤ ਵੱਡੀ ਸੀ। ਉਨ੍ਹਾਂ ਵਿਚੋਂ ਉਥੇ ਤਕਰੀਬਨ ਤਿੰਨ ਲੱਖ ਜੰਗੀ ਕੈਦੀ ਤਾਂ ਮਰ ਗਏ ਸਨ।”
ਵਿਆਹ ਦੇ ਜਸ਼ਨ ਦਾ ਰੌਲਾ-ਰੱਪਾ ਸ਼ੁਰੂ ਹੋਣ ਤੋਂ ਪਹਿਲਾਂ ਇਤਿਹਾਸ ਦੇ ਪਾਟੇ ਵਰਕਿਆਂ ਦੀ ਸੁਰ ਬਹੁਤ ਉਦਾਸ ਹੋ ਗਈ। ਕੇਸਰ ਸਿੰਘ ਨੇ ਇਕ ਹੋਰ ਵਰਕਾ ਫਰੋਲਿਆ: “ਇਕ ਬਰ੍ਹਮਾ ਕੇਸ ਸੀ। ਵੈਨਕੂਵਰ ਤੋਂ ਗ਼ਦਰੀ ਗਏ ਸਨ। ਸੋਹਨ ਲਾਲ ਉਨ੍ਹਾਂ ਦਾ ਲੀਡਰ ਸੀ। ਉਸ ਕੇਸ ਵਿਚ ਦਸ ਆਦਮੀਆਂ ਨੂੰ ਫਾਂਸੀ ਲੱਗੀ ਤੇ ਸੱਤ ਜਣਿਆਂ ਨੂੰ ਉਮਰ ਕੈਦ ਹੋਈ। ਉਨ੍ਹਾਂ ਉਤੇ ਮੈਂ ਨਾਵਲ ਲਿਖਿਆ ਸੀ: ਜੰਞ ਲਾੜਿਆਂ ਦੀ।…ਤੇ ਹੁਣ ਜਿਹੜੀ ਅਖ਼ੀਰਲੀ ਕਿਤਾਬ ਲਿਖੀ ਐ ‘ਹਥਿਆਰਬੰਦ ਇਨਕਲਾਬ’, ਉਸ ਵਿਚ 1905 ਤੋਂ 1945 ਤਕ ਦਾ ਸਮਾਂ ਹੈ ਜਦੋਂ ਹੀਰੋਸ਼ੀਮਾ ਖ਼ਤਮ ਹੁੰਦਾ ਹੈ। ਇਸ ਦਾ ਸ਼ੁਰੂ ਮੈਂ ਮਦਨ ਲਾਲ ਢੀਂਗਰਾ ਦੀ ਸ਼ਹੀਦੀ ਤੋਂ ਕੀਤਾ ਸੀ। ਇਹ ਸੱਤ ਨਾਵਲਾਂ ਦੀ ਲੜੀ ਹੈ। ਗਾਂਧੀ ਅਤੇ ਨਹਿਰੂ ਨੇ ਜਿਹੜਾ ‘ਸਪਲਿਟ ਇੰਡੀਆ’ (ਭਾਰਤ ਵੰਡੋ) ਮੰਨ ਕੇ ਸਾਨੂੰ ਆਜ਼ਾਦੀ-ਬਰਬਾਦੀ ਲੈ ਕੇ ਦਿੱਤੀ ਹੈ, ਮੈਂ ਉਸ ਦੇ ਖ਼ਿਲਾਫ਼ ਲਿਖਿਆ ਹੈ। ਆਜ਼ਾਦੀ ਗਾਂਧੀ ਦੇ ਚਰਖੇ ਕਰ ਕੇ ਨਹੀਂ ਮਿਲੀ। ਆਜ਼ਾਦੀ ਹਥਿਆਰਬੰਦ ਲੋਕਾਂ ਕਰ ਕੇ ਮਿਲੀ ਹੈ।
ਉਥੇ ਗਏ ਗ਼ਦਰੀਆਂ ਵਿਚੋਂ ਇਕ ਬਾਬਾ ਅਮਰ ਸਿੰਘ ਸੀ ਜਿਹੜਾ ਵੀਹ ਸਾਲ ਜੇਲ੍ਹ ਕੱਟ ਕੇ ਆਇਆ ਸੀ। ਅਸੀਂ ਦੋਵੇਂ ਬੈਂਕਾਕ ਤੋਂ ਚੱਲ ਕੇ ਹਿੰਦੁਸਤਾਨ ਦੀ ਹੱਦ ਤਕ ਚੌਦਾਂ ਸੌ ਕਿਲੋਮੀਟਰ ਤੁਰ ਕੇ ਗਏ ਸਾਂ। ਰਾਹ ਵਿਚ ਅਸੀਂ ਉਹ ਥਾਂ ਵੀ ਵੇਖੀ ਜਿਥੇ ਨਾਮਧਾਰੀਆਂ ਦਾ ਗੁਰੂ ਰਾਮ ਸਿੰਘ ਕੈਦ ਕੱਟ ਰਿਹਾ ਸੀ। ਉਹ ਥਾਂ ਉਜਾੜ ਪਈ ਸੀ। ਲੜਾਈ ਖ਼ਤਮ ਹੋਣ ਤੋਂ ਪਹਿਲਾਂ ਮੈਂ ਵੱਡੇ ਪੁੱਤਰ ਗੁਰਚਰਨ ਅਤੇ ਛੋਟੇ ਪੁੱਤਰ ਕੁਲਦੀਪ (ਜੋ ਉਥੇ ਹੀ ਪੈਦਾ ਹੋਇਆ ਸੀ) ਨੂੰ ਅਤੇ ਉਨ੍ਹਾਂ ਦੀ ਮਾਂ ਹਰਨਾਮ ਕੌਰ ਨੂੰ ਹਿੰਦੁਸਤਾਨ ਭੇਜ ਦਿੱਤਾ ਸੀ। ਫਿਰ ਉਥੇ ਕੋਈ ਹੋਰ ਕੇਸਰ ਸਿੰਘ ਮਰ ਗਿਆ। ਹਰਨਾਮ ਕੌਰ ਨੇ ਸੋਚਿਆ, ਉਹ ਮੈਂ ਸਾਂ। ਉਸ ਦਾ ਦਿਮਾਗ਼ ਖ਼ਰਾਬ ਹੋ ਗਿਆ। ਫਿਰ ਜਦੋਂ ਦੁਬਾਰਾ ਸਾਡਾ ਮੇਲ ਹੋਇਆ ਤਾਂ ਉਹ ਠੀਕ ਹੋ ਗਈ।”
ਕੇਸਰ ਸਿੰਘ ਦੀਆਂ ਗੱਲਾਂ ਵਿਚ ਕਿਧਰੇ ਕਿਧਰੇ ਅਸਪਸ਼ਟਤਾ ਵੀ ਸੀ ਤੇ ਖੱਪੇ ਵੀ। ਮੈਂ ਉਹਨੂੰ ਟੋਕਣਾ ਨਹੀਂ ਸਾਂ ਚਾਹੁੰਦਾ, ਪਰ ਗਾਂਧੀ ਅਤੇ ਨਹਿਰੂ ਬਾਰੇ ਟਿੱਪਣੀ ਸੁਣ ਕੇ ਮੈਂ ਚੌਂਕ ਗਿਆ ਤੇ ਬੋਲ ਪਿਆ, “ਗਾਂਧੀ ਅਤੇ ਨਹਿਰੂ ਬਾਰੇ ਤੁਹਾਡੇ ਵਿਚਾਰ ਬੜੇ ਵੱਖਰੇ ਨੇ।”
ਉਹਦਾ ਚਿਹਰਾ ਕੁਝ ਤਪ ਗਿਆ ਜਾਪਿਆ। ਹਰਖਿਆ ਹੋਇਆ ਬੋਲਿਆ, “ਸਾਡਾ ਆਜ਼ਾਦੀ ਦਾ ਸੁਪਨਾ ਬਰਬਾਦ ਕਰ ਦਿੱਤਾ ਏ ਉਨ੍ਹਾਂ। ਨਹਿਰੂ ਨੇ ਕਿਹਾ ਸੀ ਕਿ ਵੰਡ ਧਰਮ ਦੇ ਆਧਾਰ ਉਤੇ ਨਹੀਂ ਹੋ ਰਹੀ, ਵੰਡ ਇਨਸਾਫ਼ ਦੇ ਆਧਾਰ ਉਤੇ ਹੋ ਰਹੀ ਹੈ। ਉਸ ਨੇ ਜਿਹੜੀ ਵੰਡ ਕੀਤੀ, ਉਹ ਤੁਸੀਂ ਵੇਖ ਹੀ ਰਹੇ ਹੋ। ਹਿੰਦੂ ਤੇ ਮੁਸਲਮਾਨ, ਉਸ ਨੇ ਦੋ ਮੁਲਕ ਐਸੇ ਪੈਦਾ ਕਰ ਦਿੱਤੇ ਜਿਹੜੇ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਵੰਡ ਤੋਂ ਪਹਿਲਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਇਸ ਬਾਰੇ ਮੀਟਿੰਗ ਵੀ ਕੀਤੀ ਸੀ ਜਿਸ ਵਿਚ ਵੱਡੇ-ਵੱਡੇ ਜਰਨੈਲ ਬੈਠੇ ਸੀ।…ਹਿੰਦੂ, ਸਿੱਖ ਅਤੇ ਮੁਸਲਮਾਨਾਂ ਦਾ ਜਿਹੜਾ ਕਤਲੇਆਮ ਹੋਇਐ (1947 ਵੇਲੇ), ਉਸ ਲਈ ਸਭ ਤੋਂ ਵੱਧ ਨਹਿਰੂ ਜ਼ਿੰਮੇਵਾਰ ਐ ਤੇ ਦੂਜੇ ਨੰਬਰ ਉਤੇ ਜਿਨਾਹ। ਮਲਾਇਆ ਵਿਚ ਮੈਂ ਨਹਿਰੂ ਨਾਲ ਸਫ਼ਰ ਕੀਤੈ। ਨਹਿਰੂ ਦਾ ਭਣਵੱਈਆ ਕ੍ਰਿਸ਼ਨਾ ਹਾਥੀ ਸਿੰਘ ਮੈਨੂੰ ਕਹਿਣ ਲੱਗਾ ਕਿ ਨਹਿਰੂ ਤੇਰੇ ਕੋਲੋਂ ਸਾਰੀਆਂ ਗੱਲਾਂ ਪੁੱਛੂ। ਤੂੰ ਦੱਸੀਂ ਨਾ ਕੋਈ। ਮੈਂ ਕਿਹਾ ਕਿਉਂ? ਕਹਿੰਦਾ, ਇਹ ਬਹੁਤ ਵੱਡਾ ਰਾਸਕਲ ਐ। ਇਹ ਭਾਵੇਂ ਮੇਰਾ ਸਾਲਾ ਈ ਐ, ਪਰ ਮੈਂ ਉਹਨੂੰ ਨਫ਼ਰਤ ਕਰਦਾ ਹਾਂ। ਮੈਨੂੰ ਇਥੇ ਆਉਣਾ ਪਿਆ। ਇਹਦਾ ਹੋਰ ਕਾਰਨ ਹੈ। ਮੈਂ ਜਾਣਨਾ ਚਾਹੁੰਦਾ ਸਾਂ ਕਿ ਉਹ ਮੁਲਕ ਨਾਲ ਹੋਰ ਕਿੰਨੀ ਕੁ ਗਦਾਰੀ ਕਰ ਸਕਦਾ ਹੈ।”
ਕੇਸਰ ਸਿੰਘ ਦੀਆਂ ਗੱਲਾਂ ਕਾਤਰਾਂ ਵਾਂਗੂੰ ਸਨ। ਮੈਂ ਜੋੜ ਕੇ ਝੱਗਾ ਬਣਾਉਣ ਦੀ ਕੋਸ਼ਿਸ਼ ਵਿਚ ਸਾਂ। ਵਿਆਹ ਵਾਲਾ ਪੰਡਾਲ ਸੁੰਨਾ ਨਹੀਂ ਸੀ ਰਿਹਾ। ਰੌਣਕ ਵਧ ਰਹੀ ਸੀ। ਗੱਲਾਂ ਰੌਲੇ ਵਿਚ ਗੁਆਚਣ ਲੱਗ ਪਈਆਂ ਸਨ।

ਗਿਆਨੀ ਕੇਸਰ ਸਿੰਘ ਅਤੇ ਗੁਰਚਰਨ (ਪੁੱਤਰ) ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿਚ ਡਾਕਟਰ ਕੇਸਰ ਸਿੰਘ ਕੇਸਰ ਦੇ ਘਰ ਠਹਿਰੇ ਹੋਏ ਸਨ। ਮੈਂ ਕੇਸਰ ਸਿੰਘ ਕੋਲੋਂ ਅਗਲੇਰੇ ਦਿਨੀਂ ਮਿਲਣ ਦਾ ਵਾਅਦਾ ਲੈ ਲਿਆ। ਦਸੰਬਰ 1999 ਦੇ ਉਸ ਮਿੱਥੇ ਹੋਏ ਦਿਨ ਤੇ ਵੇਲੇ ਅਨੁਸਾਰ ਮੈਂ ਡਾ. ਕੇਸਰ ਦੇ ਘਰ ਪਹੁੰਚ ਗਿਆ।
ਗਿਆਨੀ ਕੇਸਰ ਸਿੰਘ ਦੀਆਂ ਗੱਲਾਂ ਵਿਚ ਬੜਾ ਕੁਝ ਅਣਕਿਹਾ ਰਹਿ ਜਾਂਦਾ ਸੀ। ਕਈ ਵਾਰ ਗੱਲ ਕਿਧਰੇ ਹੋਰ ਪਹੁੰਚ ਜਾਂਦੀ ਸੀ। ਸੋਚਿਆ, ਗੱਲ ਮੁੱਢੋਂ-ਸੁੱਢੋਂ ਸ਼ੁਰੂ ਕਰਾਂ। ਮੈਂ ਪੁੱਛਿਆ ਸੀ, “ਤੁਸੀਂ ਆਖਦੇ ਓ, ਜਨਮ ਤਰੀਕ ਦਾ ਕੁਝ ਪਤਾ ਹੀ ਨਹੀਂ। ਇਹ ਵੀ ਨਹੀਂ ਪਤਾ ਨਾਨਕੇ ਜੰਮਿਆ ਸਾਂ ਕਿ ਦਾਦਕੇ, ਪਰ ਵੇਰਵਿਆਂ ਵਿਚ ਤੁਹਾਡੀ ਜਨਮ ਮਿਤੀ ਪਹਿਲੀ ਜਨਵਰੀ 1912 ਲਿਖੀ ਹੋਈ ਹੈ।”
ਕੇਸਰ ਸਿੰਘ ਨੇ ਦੱਸਿਆ, “1939 ਵਿਚ ਮੈਂ ਪੀਨਾਂਗ ਰਹਿੰਦਾ ਸਾਂ। ਉਦੋਂ ਹਿੰਦੁਸਤਾਨ ਤੋਂ ਮਲਾਇਆ ਜਾਣ ਲਈ ਪਾਸਪੋਰਟ ਦੀ ਲੋੜ ਨਹੀਂ ਸੀ ਪੈਂਦੀ। ਮੈਂ ਉਥੋਂ ਸਿਆਮ ਜਾਣਾ ਸੀ। ਸਿਆਮ ਜਾਣ ਲਈ ਪਾਸਪੋਰਟ ਚਾਹੀਦਾ ਸੀ। ਮੈਂ ਫਾਰਮ ਭਰਿਆ, ਪਰ ਫਾਰਮ ਵਿਚ ਜਨਮ ਤਰੀਕ ਵਾਲਾ ਖਾਨਾ ਖਾਲੀ ਛੱਡ ਦਿੱਤਾ। ਪਾਸਪੋਰਟ ਦੇਣ ਵਾਲੇ ਆਇਰਿਸ਼ ਅਧਿਕਾਰੀ ਦਾ ਨਾਂ ਮਿਸਟਰ ਮੈਕਾਰਥੀ ਸੀ। ਉਹਨੇ ਮੈਨੂੰ ਪਾਸਪੋਰਟ ਦੇਣ ਤੋਂ ਨਾਂਹ ਕਰ ਦਿੱਤੀ। ਖ਼ੁਫ਼ੀਆ ਵਿਭਾਗ ਦੇ ਜਾਸੂਸਾਂ ਨੇ ਮੇਰੇ ਖਿਲਾਫ਼ ਰਿਪੋਰਟ ਕੀਤੀ ਹੋਈ ਸੀ ਕਿ ਮੈਂ ਸਿੱਖ ਰਜਮੈਂਟਾਂ ਵਿਚ ਜਾ ਕੇ ਸਿੱਖ ਫ਼ੌਜੀਆਂ ਨੂੰ ਸਰਕਾਰ ਖਿਲਾਫ਼ ਭੜਕਾਉਂਦਾ ਸਾਂ। ਮੈਂ ਮਿਸਟਰ ਮੈਕਾਰਥੀ ਨਾਲ ਲੜ ਪਿਆ। ਮੈਂ ਆਖਿਆ, ਮੈਨੂੰ ਪਤਾ ਹੈ ਕਿ ਤੂੰ ਆਇਰਿਸ਼ ਹੈ। ਤੇਰਾ ਦੇਸ਼ ਵੀ ਗੁਲਾਮ ਹੈ ਤੇ ਮੇਰਾ ਵੀ। ਤੇਰੇ ਵਿਚ ਆਪਣੇ ਦੇਸ਼ ਦੀ ਆਜ਼ਾਦੀ ਲਈ ਕੁਝ ਕਰਨ ਦਾ ਹੌਸਲਾ ਨਹੀਂ। ਤੂੰ ਅੰਗਰੇਜ਼ਾਂ ਦੀ ਨੌਕਰੀ ਕਰਦਾ ਹੈਂ। ਮੈਂ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹਾਂ ਤਾਂ ਤੂੰ ਮੇਰੇ ਰਾਹ ਵਿਚ ਰੋੜੇ ਅਟਕਾਉਂਦਾ ਹੈਂ। ਜੇ ਮੈਂ ਜਾਣਾ ਹੋਇਆ ਤਾਂ ਬਿਨਾਂ ਪਾਸਪੋਰਟ ਦੇ ਹੀ ਚਲਿਆ ਜਾਊਂ। ਮਿਸਟਰ ਮੈਕਾਰਥੀ ਨੇ ਗੁੱਸੇ ਵਿਚ ਮੈਨੂੰ ਦਫ਼ਤਰੋਂ ਬਾਹਰ ਕੱਢ ਦਿੱਤਾ, ਪਰ ਮੇਰੀਆਂ ਖਰੀਆਂ-ਖਰੀਆਂ ਸੁਣ ਕੇ ਉਹਦੀ ਜ਼ਮੀਰ ਜਾਗ ਪਈ। ਅਗਲੇ ਦਿਨ ਉਹਨੇ ਮੈਨੂੰ ਦਫ਼ਤਰ ਬੁਲਾ ਕੇ ਪਾਸਪੋਰਟ ਦੇ ਦਿੱਤਾ।”
“…ਤੇ ਜਨਮ ਤਾਰੀਕ ਦਾ ਕੀ ਬਣਿਆ?” ਮੈਂ ਮੁਸਕਰਾਇਆ।
“ਜਨਮ ਤਰੀਕ! ਓ ਹਾਂ…।” ਕੇਸਰ ਸਿੰਘ ਵੀ ਮੁਸਕਰਾਇਆ, “ਮਹੀਨੇ ਪਿੱਛੋਂ ਮੈਂ ਸਿਆਮ ਤੋਂ ਵਾਪਸ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਜਨਮ ਤਰੀਕ ਮਿਸਟਰ ਮੈਕਾਰਥੀ ਦੀ ਪਤਨੀ ਲਿਜ਼ਾ ਨੇ ਬਣਾਈ ਸੀ। ਝੂਠੀ-ਮੂਠੀ ਦੀ ਇਹੀ ਤਰੀਕ ਹੁਣ ਮੇਰੀ ਜਨਮ ਤਰੀਕ ਹੋ ਗਈ ਹੈ।”
ਜਨਮ ਤਰੀਕ ਦੱਸਣ ਲੱਗਿਆਂ ਹੀ ਕੇਸਰ ਸਿੰਘ ਨੇ ਜਨਮ ਤੋਂ ਪਿੱਛੋਂ ਦੇ ਕਈ ਵਰ੍ਹੇ ਛਾਲ ਮਾਰ ਕੇ ਟੱਪ ਲਏ ਸਨ। ਮੈਂ ਮੁੜ ਉਹਨੂੰ ਬਚਪਨ ਵੱਲ ਲੈ ਆਇਆ, “ਗਿਆਨੀ ਜੀ, ਆਪਣੀ ਪੜ੍ਹਾਈ-ਲਿਖਾਈ ਅਤੇ ਮੁੱਢਲੇ ਵਰਿ੍ਹਆਂ ਬਾਰੇ ਵੀ ਤਾਂ ਕੁਝ ਦੱਸੋ!”
“ਪੰਜਵੀਂ ਤਕ ਮੈਂ ਪਿੰਡ ਦੇ ਸਕੂਲ ਵਿਚ ਹੀ ਪੜ੍ਹਿਆ ਸਾਂ। ਫਿਰ ਮੈਂ ਰਾਵਲਪਿੰਡੀ ਦੇ ਅਮਰੀਕਨ ਮਿਸ਼ਨ ਸਕੂਲ ਵਿਚ ਦਾਖ਼ਲਾ ਲੈ ਲਿਆ। ਨੌਵੀਂ ਵਿਚ ਪੜ੍ਹਦਿਆਂ ਮੇਰੇ ਦਿਮਾਗ ਵਿਚ ਪਤਾ ਨਹੀਂ ਕੀ ਆਈ, ਮੈਂ ਉਥੋਂ ਨੱਸ ਕੇ ਅੰਮ੍ਰਿਤਸਰ ਸੰਤ ਗੁਲਾਬ ਸਿੰਘ ਦੇ ਡੇਰੇ ਪਹੁੰਚ ਗਿਆ। ਡੇਰੇ ਵਾਲਿਆਂ ਮੈਨੂੰ ਯਤੀਮਖਾਨੇ ਦਾਖ਼ਲ ਕਰਵਾ ਦਿੱਤਾ। ਯਤੀਮਖਾਨੇ ਵਿਚ ਮੈਂ ਕੀਰਤਨ ਵੀ ਸਿੱਖਿਆ ਤੇ ਗੁਰਬਾਣੀ ਦੀ ਵਿੱਦਿਆ ਵੀ ਲਈ। ਅੰਮ੍ਰਿਤਸਰ ਰਹਿੰਦਿਆਂ ਹੀ ਮੈਨੂੰ ਆਜ਼ਾਦੀ ਦੀ ਜੰਗ ਬਾਰੇ ਜਾਣਕਾਰੀ ਹੋਈ। ਉਥੇ ਹੀ ਪਹਿਲੀ ਵਾਰੀ ਮੈਂ ਮਦਨ ਲਾਲ ਢੀਂਗਰਾ ਦਾ ਨਾਂ ਸੁਣਿਆ। ਮੈਨੂੰ ਬੱਸ ਏਨਾ ਕੁ ਪਤਾ ਲੱਗਿਆ ਸੀ ਕਿ ਮਦਨ ਲਾਲ ਢੀਂਗਰਾ ਨੇ ਕਿਸੇ ਅੰਗਰੇਜ਼ ਅਫ਼ਸਰ ਨੂੰ ਗੋਲੀ ਮਾਰੀ ਸੀ ਤੇ ਅੰਗਰੇਜ਼ਾਂ ਨੇ ਉਹਨੂੰ ਲੰਡਨ ਵਿਚ ਫਾਂਸੀ ਦੇ ਦਿੱਤੀ ਸੀ।
ਇਕ ਦਿਨ ਮੈਂ ਬਾਜ਼ਾਰ ਮਾਈ ਸੇਵਾਂ ਵਿਚ ਮਦਨ ਲਾਲ ਢੀਂਗਰਾ ਦੀ ਫੋਟੋ ਲੱਭਣ ਪਹੁੰਚ ਗਿਆ। ਉਥੇ ਮੈਨੂੰ ਇਕ ਬਜ਼ੁਰਗ ਮਿਲਿਆ। ਉਹ ਮੈਨੂੰ ਦੁਕਾਨ ਦੇ ਪਿਛਲੇ ਪਾਸੇ ਲੈ ਗਿਆ ਤੇ ਲੁਕੋ ਕੇ ਕਿਤਾਬ ਦੇ ਦਿੱਤੀ। ਕਿਤਾਬ ਹਿੰਦੀ ਵਿਚ ਸੀ। ਮੈਂ ਹਿੰਦੀ ਸਿੱਖੀ ਤੇ ਦੋ-ਢਾਈ ਮਹੀਨੇ ਲਾ ਕੇ ਮਸਾਂ ਉਹ ਕਿਤਾਬ ਪੜ੍ਹੀ। ਉਹ ਕਿਤਾਬ ਸਰਕਾਰ ਨੇ ਜ਼ਬਤ ਕੀਤੀ ਹੋਈ ਸੀ। ਬਾਅਦ ਵਿਚ ਉਸੇ ਬਜ਼ੁਰਗ ਨੇ ਮੈਨੂੰ ਸਚਿੰਦਰਨਾਥ ਸਾਨਿਆਲ ਦੀ ‘ਬੰਦੀ ਜੀਵਨ’ ਦਿੱਤੀ। ਉਹ ਕਿਤਾਬ ਪੜ੍ਹ ਕੇ ਮੇਰੀ ਗ਼ਦਰੀਆਂ ਲਈ ਸ਼ਰਧਾ ਪੈਦਾ ਹੋ ਗਈ।
ਅੰਮ੍ਰਿਤਸਰ ਦਾ ਉਸ ਵੇਲੇ ਦਾ ਮਾਹੌਲ ਮੈਂ ਆਪਣੇ ਨਾਵਲ ‘ਸ਼ਹੀਦ ਊਧਮ ਸਿੰਘ’ ਵਿਚ ਦਿੱਤਾ ਹੋਇਆ ਏ।”
“ਸਾਹਿਤ ਦੀ ਚੇਟਕ ਕਿਵੇਂ ਲੱਗ ਗਈ? ਨਾਵਲ ਤੁਸੀਂ ਕਦੋਂ ਲਿਖਣੇ ਸ਼ੁਰੂ ਕੀਤੇ?”
“ਸਬਰ ਕਰੋ!” ਕੇਸਰ ਸਿੰਘ ਨੇ ਮੇਰਾ ਮੋਢਾ ਥਾਪੜਿਆ, “ਮੈਂ ਹੌਲੀ ਹੌਲੀ ਉਸੇ ਪਾਸੇ ਆ ਰਿਹਾ ਵਾਂ। 1931 ਵਿਚ ਮੇਰੀ ਪ੍ਰਾਇਮਰੀ ਸਕੂਲ ਵਿਚ ਨੌਕਰੀ ਲੱਗ ਗਈ ਸੀ। ਮੈਂ ਪੜ੍ਹਿਆ ਤਾਂ ਬਹੁਤਾ ਨਹੀਂ ਸਾਂ, ਪਰ ਮੇਰੀ ਸੰਗੀਤ ਵਿੱਦਿਆ ਨੂੰ ਧਿਆਨ ਵਿਚ ਰੱਖਦਿਆਂ ਬੱਚਿਆਂ ਨੂੰ ਕੀਰਤਨ ਸਿਖਾਉਣ ਤੇ ਪੰਜਾਬੀ ਪੜ੍ਹਾਉਣ ਲਈ ਮੈਨੂੰ ਪੰਦਰਾਂ ਰੁਪਏ ਮਹੀਨਾਵਾਰ ਤਨਖ਼ਾਹ ਉਤੇ ਅਧਿਆਪਕ ਰੱਖ ਲਿਆ ਗਿਆ। ਉਥੇ ਰਹਿੰਦਿਆਂ ਮੈਂ ਗੁਰੂ ਰਾਮਦਾਸ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਐਸ.ਐਸ. ਅਮੋਲ ਕੋਲ ਵੀ ਕੰਮ ਕੀਤਾ। 1937 ਵਿਚ ਮੇਰਾ ਵਿਆਹ ਹੋ ਗਿਆ ਤੇ 1938 ਵਿਚ ਮੈਂ ਪੀਨਾਂਗ ਦੇ ਗੁਰਦੁਆਰੇ ਦਾ ਸਕੱਤਰ ਬਣ ਕੇ ਉਥੇ ਪਹੁੰਚ ਗਿਆ।”
“… ਤੇ ਨਾਵਲ ਲਿਖਣੇ…।”
“ਦੱਸਦਾਂ!…ਮਿੰਟਗੁਮਰੀ ਵਿਚ ਚੀਫ਼ ਖਾਲਸਾ ਦੀਵਾਨ ਵੱਲੋਂ ਕਾਨਫਰੰਸ ਸੀ। ਮੈਂ ਪ੍ਰੋਫ਼ੈਸਰ ਪੂਰਨ ਸਿੰਘ ਨੂੰ ਪਹਿਲੀ ਵਾਰੀ ਉਥੇ ਵੇਖਿਆ ਸੀ। 1928-29 ਦੀ ਗੱਲ ਹੈ। ਉਨ੍ਹਾਂ ਡੇਢ-ਦੋ ਘੰਟੇ ਲੈਕਚਰ ਦਿੱਤਾ ਤੇ ਆਖ਼ਰ ਵਿਚ ਬੁਰਜੀ ਨੂੰ ਹੱਥ ਪਾ ਲਿਆ ਤੇ ਉਚਾਰਨ ਲੱਗ ਪਏ, “… ਨਾਨਕ ਨਾਮੁ ਮਿਲੇ ਤਾਂ ਜੀਵਾਂ।” ਉਨ੍ਹਾਂ ਅਗਲੀ ਤੁਕ ਨਹੀਂ ਬੋਲੀ। ਲਗਾਤਾਰ ਇਕੋ ਤੁਕ ਬੋਲੀ ਗਏ, ਸ਼ਾਇਦ ਇਕ-ਡੇਢ ਘੰਟਾ। ਉਥੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪੋਤਰੇ ਸਰਦਾਰ ਹਰਬੰਸ ਸਿੰਘ ਅਟਾਰੀ ਬੈਠੇ ਹੋਏ ਸਨ। ਉਥੇ ਸਰਦਾਰ ਸੁੰਦਰ ਸਿੰਘ ਮਜੀਠੀਆ ਅਤੇ ਭਾਈ ਵੀਰ ਸਿੰਘ ਵੀ ਸਨ। ਉਨ੍ਹਾਂ ਰਲ ਕੇ ਪ੍ਰੋਫ਼ੈਸਰ ਪੂਰਨ ਸਿੰਘ ਨੂੰ ਉਥੋਂ ਉਠਾਇਆ। ਮੇਰੇ ਉਤੇ ਪ੍ਰੋਫ਼ੈਸਰ ਪੂਰਨ ਸਿੰਘ ਦਾ ਏਨਾ ਅਸਰ ਹੋਇਆ ਕਿ ਮੈਂ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨ ਲੱਗ ਪਿਆ। ਪ੍ਰੋਫ਼ੈਸਰ ਤੇਜਾ ਸਿੰਘ ਅੰਮ੍ਰਿਤਸਰ ਵਾਲੇ ਨੇ ਆਖਿਆ ਕਿ ਮੈਂ ਉਨ੍ਹਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹਾਂ।”
‘ਖੁੱਲ੍ਹ ਜਾ ਸਿਮ ਸਿਮ’ ਦੇ ਮੰਤਰ ਤੋਂ ਬਿਨਾਂ ਹੀ ਕੇਸਰ ਸਿੰਘ ਨੇ ਮੇਰੇ ਸਨਮੁੱਖ ਕੀਮਤੀ ਖ਼ਜ਼ਾਨੇ ਦੇ ਬੂਹੇ ਖੋਲ੍ਹੇ ਹੋਏ ਹਨ, ਪਰ ਮੈਂ ਪਹਿਲੇ ਸੁਆਲ ਉਤੇ ਹੀ ਅਟਕਿਆ ਹੋਇਆ ਸਾਂ। ਉਹੀ ਗੱਲ ਦੂਜੀ ਤਰ੍ਹਾਂ ਪੁੱਛ ਲਈ, “ਲਿਖਣਾ ਉਸ ਤੋਂ ਬਾਅਦ ਹੀ ਸ਼ੁਰੂ ਕੀਤਾ?”
ਗਿਆਨੀ ਕੇਸਰ ਸਿੰਘ ਨੇ ਦੱਸਿਆ, “ਮੈਂ 1934 ਵਿਚ ਗਿਆਨੀ ਪਾਸ ਕੀਤੀ ਸੀ। ਪ੍ਰਿੰਸੀਪਲ ਅਮੋਲ ਪੜ੍ਹਾਉਣ ਤੋਂ ਇਲਾਵਾ ਰਸਾਲਾ ਵੀ ਕੱਢਦੇ ਸਨ। ਉਸ ਰਸਾਲੇ ਦਾ ਨਾਂ ‘ਲਿਖਾਰੀ’ ਸੀ। ਇਹ 1936 ਦੀ ਗੱਲ ਹੈ। ਮੈਂ ਕਵਿਤਾ ਲਿਖੀ ਸੀ ਜਿਹੜੀ ਪ੍ਰੋਫ਼ੈਸਰ ਪੂਰਨ ਸਿੰਘ ਨੂੰ ਭੇਟ ਕੀਤੀ ਸੀ। ਅਮੋਲ ਨੇ ਇਹ ਕਵਿਤਾ ਮੈਨੂੰ ਬਗੈਰ ਦੱਸੇ ‘ਲਿਖਾਰੀ’ ਵਿਚ ਛਾਪ ਦਿੱਤੀ। ਇਹ ਕਵਿਤਾ ਉਹਨੂੰ ਭਾਈ ਸੇਵਾ ਸਿੰਘ ਨੇ ਮੇਰੇ ਕਾਗਜ਼ਾਂ ਵਿਚੋਂ ਕੱਢ ਕੇ ਦਿੱਤੀ ਸੀ।”
“ਉਸ ਵੇਲੇ ਤੁਸਾਂ ਹੋਰ ਕੀ ਕੁਝ ਲਿਖਿਆ, ਪੜ੍ਹਿਆ?” ਮੇਰੇ ਪਹਿਲੇ ਸੁਆਲ ਦਾ ਜੁਆਬ ਅਜੇ ਤਕ ਵੀ ਗਿਆਨੀ ਕੇਸਰ ਸਿੰਘ ਕੋਲ ਹੀ ਸੀ।
ਉਸ ਸਾਫ਼ ਜੁਆਬ ਦਿੱਤਾ, “ਮੈਂ ਉਦੋਂ ਅਸਲ ਵਿਚ ਕੁਝ ਨਹੀਂ ਸਾਂ ਲਿਖਦਾ, ਨਾ ਮੈਨੂੰ ਕਵਿਤਾ ਦੀ ਹੀ ਕੁਝ ਸਮਝ ਸੀ। ਨਾਨਕ ਸਿੰਘ ਨਾਵਲਿਸਟ ਨੇ ਅਮੋਲ ਹੋਰਾਂ ਕੋਲੋਂ ਸਾਲ ਪਹਿਲਾਂ ਹੀ ਗਿਆਨੀ ਪਾਸ ਕੀਤੀ ਸੀ। ਉਦੋਂ ਉਨ੍ਹਾਂ ਨਵਾਂ ਨਾਵਲ ‘ਚਿੱਟਾ ਲਹੂ’ ਲਿਖਿਆ ਸੀ। ਉਹ ਨਾਵਲ ਟਾਈਪ ਹੁੰਦਾ ਸੀ। ਸਿੰਘ ਬ੍ਰਦਰਜ਼ ਦਾ ਮਾਲਕ ਭਾਈ ਸੇਵਾ ਸਿੰਘ ਉਸ ਨਾਵਲ ਨੂੰ ਟਾਈਪ ਕਰਦਾ ਸੀ, ਪਰੂਫ਼ ਰੀਡਿੰਗ ਅਮੋਲ ਹੋਰੀਂ ਕਰਦੇ ਸਨ। ਮੈਂ ਸਾਈਕਲ ਉਤੇ ਚੜ੍ਹ ਕੇ, ਟਾਈਪ ਹੋਏ ਕਾਗਜ਼ ਲੈ ਕੇ ਪ੍ਰੋਫ਼ੈਸਰ ਤੇਜਾ ਸਿੰਘ ਕੋਲ ਪਹੁੰਚ ਜਾਂਦਾ ਸਾਂ। ਉਹ ਨਾਵਲ ਪੜ੍ਹਦੇ ਸਨ। ਮੈਂ ਉਨ੍ਹਾਂ ਕੋਲ ਜਾਣ ਲੱਗਾ ਵੀ ਨਾਵਲ ਦੇ ਵਰਕੇ ਪੜ੍ਹਦਾ ਸਾਂ ਤੇ ਉਥੋਂ ਨਾਵਲ ਵਾਪਸ ਲਿਆਉਣ ਵੇਲੇ ਵੀ ਪੜ੍ਹਦਾ ਸਾਂ। ‘ਚਿੱਟਾ ਲਹੂ’ ਦਾ ਮੇਰੇ ਉਤੇ ਕਾਫ਼ੀ ਅਸਰ ਹੋ ਰਿਹਾ ਸੀ। ਉਨ੍ਹਾਂ ਦਿਨਾਂ ਵਿਚ ਭਾਈ ਵੀਰ ਸਿੰਘ ਨੂੰ ਲੋਕੀਂ ਬਹੁਤ ਪੜ੍ਹਦੇ ਸਨ, ਪਰ ਮੈਂ ਭਾਈ ਵੀਰ ਸਿੰਘ ਨੂੰ ਨਹੀਂ ਸਾਂ ਪੜ੍ਹਦਾ। ਮੈਂ ਪੂਰਨ ਸਿੰਘ ਨੂੰ ਜ਼ਿਆਦਾ ਪੜ੍ਹਦਾ ਸਾਂ।”
ਮੇਰੇ ਸਾਹਵੇਂ ਇਤਿਹਾਸ ਦਾ ਇਕ ਵੇਲਾ ਮਨੁੱਖੀ ਜਾਮੇ ਵਿਚ ਬੈਠਾ ਹੋਇਆ ਸੀ। ਉਹਨੇ ਉਸ ਵੇਲੇ ਦੇ ਤਲਿਸਮ ਵਿਚ ਮੈਨੂੰ ਘੇਰਿਆ ਹੋਇਆ ਸੀ। ਡਾਕਟਰ ਕੇਸਰ ਅਤੇ ਉਸ ਦਾ ਪਰਿਵਾਰ ਵੀ ਉਸ ਤਲਿਸਮ ਤੋਂ ਬਾਹਰ ਨਹੀਂ ਸਨ। ਮੇਰਾ ਇਕੋ ਸੁਆਲ ਹੀ ਉਸ ਵੇਲੇ ਦੇ ਵਰਕੇ ਫਰੋਲ ਰਿਹਾ ਸੀ। ਮੈਂ ਢੀਠਪੁਣੇ ਦੇ ਤਾਣ ਫਿਰ ਪੁੱਛ ਲਿਆ, “ਫੇਰ ਨਾਵਲਕਾਰੀ ਵੱਲ ਕਦੋਂ ਆਏ?”
ਡਾਕਟਰ ਕੇਸਰ ਹੱਸਣ ਲੱਗ ਪਿਆ। ਬਾਕੀ ਜਣੇ ਵੀ ਮੁਸਕਰਾਏ।
ਨਾਵਲਕਾਰ ਕੇਸਰ ਸਿੰਘ ਨਾ ਮੇਰੇ ਵੱਲ ਵੇਖ ਰਿਹਾ ਸੀ ਅਤੇ ਨਾ ਕਿਸੇ ਹੋਰ ਵੱਲ। ਉਹ ਆਪਣੇ ਧੁਰ ਅੰਦਰ ਉਸ ਵੇਲੇ ਨੂੰ ਪੜ੍ਹ ਰਿਹਾ ਸੀ। ਉਹਨੇ ਅੱਗੇ ਦੱਸਣਾ ਸ਼ੁਰੂ ਕੀਤਾ: “1937 ਵਿਚ ਮੈਂ ਕੀਰਤਨੀਆ ਬਣ ਕੇ ਮਲਾਇਆ ਚਲਿਆ ਗਿਆ ਸਾਂ। ਉਥੇ ਆਜ਼ਾਦ ਹਿੰਦ ਫ਼ੌਜ ਦੀ ਆਜ਼ਾਦੀ ਲਈ ਜਿਹੜੀ ਮੂਵਮੈਂਟ ਚੱਲ ਰਹੀ ਸੀ, ਗ਼ਦਰੀਆਂ ਵੱਲੋਂ ਮੈਨੂੰ ਉਹਦੇ ਵਿਚ ਸ਼ਾਮਲ ਕਰ ਲਿਆ ਗਿਆ। ਮੈਂ 1938 ਵਿਚ ਆਪਣੇ ਪੁੱਤਰ ਅਤੇ ਉਹਦੀ ਮਾਂ ਨੂੰ ਵੀ ਉਥੇ ਮੰਗਵਾ ਲਿਆ। ਗ਼ਦਰੀਆਂ ਵੱਲੋਂ ਮੈਨੂੰ ਬਰ੍ਹਮਾ, ਥਾਈਲੈਂਡ, ਹਾਂਗਕਾਂਗ, ਸਿੰਗਾਪੁਰ ਆਦਿ ਕਈ ਥਾਵਾਂ ਉਤੇ ਭੇਜਿਆ ਗਿਆ। ਉਥੇ ਮੈਂ ਭਾਰਤੀਆਂ ਵਿਚ ਇਹ ਪ੍ਰਚਾਰ ਕਰਨਾ ਸੀ ਕਿ ਸਾਨੂੰ ਆਜ਼ਾਦੀ ਹਾਸਲ ਕਰਨ ਲਈ ਹਥਿਆਰਬੰਦ ਲੜਾਈ ਲੜਨੀ ਚਾਹੀਦੀ ਹੈ। ਸਾਨੂੰ ਆਜ਼ਾਦੀ ਗਾਂਧੀ ਟੋਪੀ ਨਾਲ ਨਹੀਂ ਮਿਲਣੀ। ਫਿਰ 1941 ਦੀ ਅੱਠ ਦਸੰਬਰ ਨੂੰ ਜੰਗ ਲੱਗ ਗਈ। ਜਨਰਲ ਮੋਹਨ ਸਿੰਘ ਅਤੇ ਪ੍ਰੀਤਮ ਸਿੰਘ ਆਜ਼ਾਦ ਹਿੰਦ ਫ਼ੌਜ ਨਾਲ ਸਰਗਰਮ ਹੋ ਗਏ। ਜਨਰਲ ਮੋਹਨ ਸਿੰਘ ਦੀ ਜਾਪਾਨੀਆਂ ਨਾਲ ਗੜਬੜ ਹੋ ਗਈ ਤੇ ਪ੍ਰੀਤਮ ਸਿੰਘ ਹਵਾਈ ਹਾਦਸੇ ਵਿਚ ਮਾਰਿਆ ਗਿਆ। ਉਸ ਪਿੱਛੋਂ ਰਾਸ ਬਿਹਾਰੀ ਬੋਸ (ਜੀਹਨੇ 1912 ਵਿਚ ਲਾਰਡ ਹਾਰਡਿੰਗ ਉਤੇ ਬੰਬ ਮਾਰਿਆ ਸੀ, ਜਾਂ ਸ਼ਾਇਦ ਮਰਵਾਇਆ ਸੀ), ਸਮਝੋ ਉਹ ਆਜ਼ਾਦ ਹਿੰਦ ਫ਼ੌਜ ਦੇ ਬੰਬ ਬਣਾਉਣ ਵਾਲੇ ਚੀਫ਼ ਬਣ ਗਏ। ਆਜ਼ਾਦ ਹਿੰਦ ਫ਼ੌਜ ਵਿਚ ਮੈਂ ਡਾਇਰੈਕਟਰ ਆਫ ਗਾਈਡੈਂਸ ਸੀ। ਮੈਨੂੰ ਜਾਪਾਨੀ ਵੀ ਆਉਂਦੀ ਸੀ। ਮੈਂ ਆਜ਼ਾਦ ਹਿੰਦ ਫ਼ੌਜ ਵਾਲਿਆਂ ਨੂੰ ਜਾਪਾਨੀ ਵੀ ਪੜ੍ਹਾਉਂਦਾ ਸੀ। ਜਦੋਂ ਜਾਪਾਨ ਗਿਆ ਤਾਂ ਉਥੇ ਛੇ ਮਹੀਨੇ ਲਾਏ ਸੀ। ਮਲਾਇਆ ਜਾ ਕੇ ਤਾਂ ਮੈਂ ਕਵਿਤਾ ਲਿਖਦਾ ਰਿਹਾ ਸਾਂ ਤੇ…।”
ਸ਼ਾਇਦ ਉਦੋਂ ਕੇਸਰ ਸਿੰਘ ਨੇ ਆਪਣੀ ਨਾਵਲਨਿਗਾਰੀ ਦੀ ਗੱਲ ਸ਼ੁਰੂ ਕਰਨੀ ਸੀ ਕਿ ਹਿੰਦੀ ਦੇ ਨਾਵਲਕਾਰ ਭੀਸ਼ਮ ਸਾਹਨੀ ਨੇ ਡਾਕਟਰ ਕੇਸਰ ਦੇ ਬੂਹੇ ਉਤੇ ਦਸਤਕ ਦੇ ਦਿੱਤੀ। ਦਸੰਬਰ ਦੇ ਨਿੱਘੇ ਦਿਨੀਂ ਯੂਨੀਵਰਸਿਟੀ ਵਿਚ ਕੋਈ ਕਾਨਫਰੰਸ ਸੀ। ਉਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਭੀਸ਼ਮ ਸਾਹਨੀ ਉਥੇ ਆਏ ਸਨ। ਉਹ ਸੈਰ ਕਰਦੇ ਹੋਏ ਉਧਰ ਆ ਗਏ ਸਨ। ਸਾਡੀ ਗੱਲਬਾਤ ਗੱਪ-ਸ਼ੱਪ ਵਿਚ ਬਦਲ ਗਈ।
ਭੀਸ਼ਮ ਸਾਹਨੀ ਦੇ ਜਾਣ ਤੋਂ ਬਾਅਦ ਮੈਂ ਟੇਪ-ਰਿਕਾਰਡਰ ਚੈੱਕ ਕੀਤਾ। ਗੱਲਬਾਤ ਠੀਕ ਰਿਕਾਰਡ ਹੋ ਰਹੀ ਸੀ।
“ਫਿਰ ਤੁਸੀਂ ਨਾਵਲਕਾਰੀ ਵੱਲ ਕਦੋਂ ਆਏ?” ਵਾਰ ਵਾਰ ਮੁਲਤਵੀ ਹੋ ਰਿਹਾ ਸੁਆਲ ਮੈਂ ਇਸ ਵਾਰ ਨਹੀਂ ਸੀ ਪੁੱਛਿਆ, ਪਰ ਕਮਾਲ ਇਹ ਹੋਈ ਕਿ ਕੇਸਰ ਸਿੰਘ ਨੇ ਜੁਆਬ ਦੇ ਦਿੱਤਾ।
“1953 ਵਿਚ ਮੈਂ ਆਪਣਾ ਪਹਿਲਾ ਨਾਵਲ ‘ਲਹਿਰ ਵਧਦੀ ਗਈ’ ਲਿਖਿਆ ਸੀ। ਇਹ ਨਾਵਲ ਆਜ਼ਾਦ ਹਿੰਦ ਫ਼ੌਜ ਬਾਰੇ ਸੀ। ‘ਜੰਗੀ ਕੈਦੀ’ ਨਾਵਲ ਮੈਂ ਇੰਗਲੈਂਡ ਜਾ ਕੇ ਲਿਖਿਆ ਸੀ। ਉਸ ਤੋਂ ਪਿੱਛੋਂ ‘ਸ਼ਹੀਦ ਊਧਮ ਸਿੰਘ’ ਤੇ ‘ਮਦਨ ਲਾਲ ਢੀਂਗਰਾ’ ਨਾਵਲ ਲਿਖੇ। ‘ਹੀਰੋਸ਼ੀਮਾ’ ਮੈਂ ਜਾਪਾਨ ਵਿਚ ਲਿਖਿਆ ਸੀ।…ਪਤਾ ਨਹੀਂ ਹੁਣ ਕਿੰਨੇ ਕੁ ਨਾਵਲ ਬਣਦੇ ਆ!”
“ਮੇਰੇ ਹਿਸਾਬ ਨਾਲ ਤਾਂ ਹੁਣ ਤਕ ਤੁਹਾਡੇ ਛੱਬੀ ਨਾਵਲ ਹੋ ਜਾਂਦੇ ਨੇ, ਜੇ ਸੱਤ ਨਾਵਲਾਂ ਦੀ ਲੜੀ ‘ਹਥਿਆਰਬੰਦ ਇਨਕਲਾਬ’ ਨੂੰ ਆਪਾਂ ਸੱਤ ਨਾਵਲ ਗਿਣੀਏ ਤਾਂ।” ਮੈਂ ਜੋੜ ਲਾ ਕੇ ਦੱਸਿਆ। ਅੰਗਰੇਜ਼ੀ ਕਿਤਾਬਾਂ ਦੀ ਗਿਣਤੀ ਇਸ ਤੋਂ ਬਾਹਰ ਸੀ।
“ਹਾਂ, ਇੰਨੇ ਕੁ ਹੀ ਹੋਣਗੇ।…ਜਿਹੋ ਜਿਹੇ ਨਾਵਲ ਮੈਂ ਲਿਖਦਾ ਵਾਂ, ਇਹੋ ਜਿਹੇ ਨਾਵਲਾਂ ਲਈ ਖੋਜ ਦਾ ਕੰਮ ਬਹੁਤ ਔਖਾ ਹੁੰਦਾ ਏ। ਮੈਂ ਮਦਨ ਲਾਲ ਢੀਂਗਰਾ ਅਤੇ ਸ਼ਹੀਦ ਊਧਮ ਸਿੰਘ ਉਤੇ ਨਾਵਲ ਲਿਖਣਾ ਚਾਹੁੰਦਾ ਸਾਂ, ਪਰ ਉਸ ਵੇਲੇ ਦੇ ਦਸਤਾਵੇਜ਼ ਹਰ ਕੋਈ ਨਹੀਂ ਸੀ ਵੇਖ ਸਕਦਾ। ਕਿਸੇ ਅੰਗਰੇਜ਼ ਦੀ ਮਦਦ ਨਾਲ ਮੈਂ ਬਾਰ-ਐਟ-ਲਾਅ ਵਿਚ ਦਾਖ਼ਲਾ ਲੈ ਲਿਆ। ਕਾਨੂੰਨ ਦੇ ਵਿਦਿਆਰਥੀਆਂ ਨੂੰ ਉਹ ਦਸਤਾਵੇਜ਼ ਵੇਖਣ ਦੀ ਮਨਾਹੀ ਨਹੀਂ ਸੀ। ਉਥੇ ਖੋਜ ਕਰਦਿਆਂ ਮੈਨੂੰ ਸੱਤ ਸਾਲ ਲੱਗ ਗਏ। ਉਸ ਖੋਜ ਦੇ ਆਧਾਰ ਉਤੇ ਹੀ ਮੈਂ ਉਹ ਦੋਵੇਂ ਨਾਵਲ ਲਿਖੇ ਸਨ।”
“ਏਨੀ ਮਿਹਨਤ!…ਤੌਬਾ।”
“ਇਨ੍ਹਾਂ ਨਾਵਲਾਂ ਲਈ ਖੋਜ ਦਾ ਕੰਮ ਵੱਡਾ ਸੀ ਤੇ ਲਿਖਣ ਵਾਲਾ ਥੋੜ੍ਹਾ। ‘ਸ਼ਹੀਦ ਊਧਮ ਸਿੰਘ’ ਨਾਵਲ ਨੂੰ ਅੰਗਰੇਜ਼ੀ ਵਿਚ ਵੀ ਲਿਖਿਆ ਏ। ਇਸ ਵਿਚ ਸੁਜਾਨ ਸਿੰਘ ਨੇ ਵੀ ਮਦਦ ਕੀਤੀ ਸੀ। ਸੁਜਾਨ ਸਿੰਘ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ?”
“ਹਾਂ ਜੀ!…ਮੈਂ ਜਾਣਨਾਂ।”
“ਬਾਬਾ ਭਕਨਾ ਨਾਲ ਮੈਨੂੰ ਸੁਜਾਨ ਸਿੰਘ ਨੇ ਹੀ ਮਿਲਾਇਆ ਸੀ। ਇਹ ਗੱਲ 1955-56 ਦੀ ਹੈ। ਬਾਬੇ ਨੇ ਆਪਣਾ ਘਰ-ਘੁਰ ਵੇਚ ਕੇ ਸਕੂਲ ਖੋਲਿ੍ਹਆ ਸੀ। ਸੁਜਾਨ ਸਿੰਘ ਭਕਨੇ ਦੇ ਸਕੂਲ ਦਾ ਪ੍ਰਿੰਸੀਪਲ ਸੀ। ਬਾਬਾ ਭਕਨਾ ਨੇ ਸਾਨੂੰ ਦੁੱਧ ਪਿਆਇਆ ਤੇ ਮੈਨੂੰ ਆਖਿਆ, ‘ਤੂੰ ਇਥੋਂ ਨਿਕਲ ਜਾ, ਵਿਦੇਸ਼ ਚਲਿਆ ਜਾ।’ ਮੈਂ ਤੁਹਾਨੂੰ ਨਾਵਲ ਲਿਖਣ ਲਈ ਕੀਤੀ ਖੋਜ ਬਾਰੇ ਦੱਸਦਾ ਵਾਂ। ਮਲਾਇਆ ਰਹਿੰਦਿਆਂ ਮੈਂ ਹਰ ਸਾਲ ਹਫ਼ਤੇ ਵਾਸਤੇ ਬੈਂਕਾਕ ਤੋਂ ਮੈਕਸੀਕੋ ਦੀ ਹੱਦ ਤਕ ਜਾਂਦਾ ਸੀ। ਉਥੇ ਘਰ ਘਰ ਫਿਰ ਕੇ ਪ੍ਰਚਾਰ ਕਰਦਾ ਸੀ ਤੇ ਜਾਣਕਾਰੀ ਵੀ ਇਕੱਠੀ ਕਰਦਾ ਸੀ। ਇਹ ਸਾਰਾ ਕੁਝ ਮੈਂ ਬਾਬਾ ਚਰਨ ਸਿੰਘ ਭਡਿਆਣਾ ਅਤੇ ਬਾਬਾ ਭਕਨਾ ਦੇ ਕਹਿਣਾ ਉਤੇ ਕੀਤਾ।…ਉਥੇ ਇਕ ਕੇਸ ਹੈ ਜੀਹਦੇ ਅੱਠ ਹਜ਼ਾਰ ਸਫ਼ੇ ਨੇ। ਉਸ ਕੇਸ ਦੀ ਕਾਪੀ ਕਰਨ ਲਈ ਮੈਨੂੰ ਪੰਜ ਹਜ਼ਾਰ ਡਾਲਰ ਦੇਣੇ ਪਏ। ਉਹਦੀ ਕਾਪੀ ਇਥੇ ਕਿਸੇ ਕੋਲ ਨਹੀਂ। ਦੇਸ਼ ਭਗਤ ਯਾਦਗਾਰ ਵਾਲਿਆਂ ਕੋਲ ਵੀ ਨਹੀਂ, ਕਿਉਂਕਿ ਕੋਈ ਪੈਸੇ ਖਰਚ ਨਹੀਂ ਕਰਨਾ ਚਾਹੁੰਦਾ। ਕੋਈ ਟਾਈਮ ਖਰਚ ਨਹੀਂ ਕਰਦਾ, ਪਰ ਮੈਂ ਤਾਂ ਸਾਰਾ ਜ਼ੋਰ ਏਸੇ ਪਾਸੇ ਲਾ ਦਿੱਤਾ ਹੈ।…ਬਾਬਾ ਉਸਮਾਨ ਦੇ ਸਾਥੀ ਚਰਨ ਸਿੰਘ ਸੰਧੂ ਭਡਿਆਣਾ ਦੀ ਜੀਵਨੀ ਉਤੇ ਵੀ ਮੈਂ ਨਾਵਲ ਲਿਖਿਆ ਹੈ (ਵਾਰੇ ਸ਼ਾਹ ਦੀ ਮੌਤ)। ਉਹ 1947 ਤੋਂ ਬਾਅਦ ਵੀ ਭਾਰਤ ਨਹੀਂ ਸੀ ਜਾ ਸਕਿਆ ਤੇ ਕੈਲੀਫੋਰਨੀਆ ਵਿਚ ਵਸ ਗਿਆ ਸੀ। ਉਹ ਅਨਪੜ੍ਹ ਸੀ ਤੇ ਮੇਰਾ ਗੁਰੂ ਸੀ। ਦੇਸ਼ ਭਗਤ ਯਾਦਗਾਰ ਹਾਲ ਵਿਚ ਉਹਦੀ ਫੋਟੋ ਲੱਗੀ ਹੋਈ ਐ। ਜਿਹੜਾ ਸੰਗਮਰਮਰ ਲੱਗਾ ਹੋਇਆ ਹੈ, ਸਭ ਤੋਂ ਉਤੇ ਉਹਦਾ ਨਾਂ ਏ। ਦੇਸ਼ ਭਗਤ ਯਾਦਗਾਰ ਹਾਲ ਬਣਾਉਣ ਲਈ ਸਭ ਤੋਂ ਪਹਿਲਾਂ ਉਹਨੇ ਪੰਜ ਹਜ਼ਾਰ ਰੁਪਈਆ ਦਿੱਤਾ ਸੀ।…ਉਸ ਅਨਪੜ੍ਹ ਬੰਦੇ ਨੇ ਕੋਈ ਜਗ੍ਹਾ ਇਹੋ ਜਿਹੀ ਨਹੀਂ ਛੱਡੀ ਜਿਥੇ ਮੈਨੂੰ ਨਹੀਂ ਲੈ ਕੇ ਗਿਆ। ਮੇਰੀ ਇਕ ਲੱਤ ਨਿਊਯਾਰਕ ਹੁੰਦੀ ਸੀ ਤੇ ਦੂਜੀ ਵਾਸ਼ਿੰਗਟਨ। ਮੈਂ ਆਪਣਾ ਮਜ਼ਹਬ ਬਣਾ ਲਿਆ ਸੀ ਕਿ ਗ਼ਦਰ ਪਾਰਟੀ ਬਾਰੇ ਪੂਰਾ ਜਾਣਨਾ ਏ ਤੇ ਲਿਖਣਾ ਏ। ਮੈਂ ਉਨ੍ਹਾਂ ਬੰਦਿਆਂ ਨੂੰ ਵੀ ਮਿਲਿਆ ਸਾਂ ਜਿਨ੍ਹਾਂ ਨੂੰ ਬਾਅਦ ਵਿਚ ਫਾਂਸੀ ਲੱਗੀ ਸੀ। ਕੱਲ੍ਹ ਮੈਨੂੰ ਵੜੈਚ ਮਿਲਿਆ ਸੀ, ਅਖੇ ਅਹਿ ਅਹਿ ਬਾਕੀ ਐ, ਕੌਣ ਲਿਖੂ? ਵੜੈਚ ਨੇ ਮੈਨੂੰ ਅੱਗ ਲਾ ਦਿੱਤੀ। ਮੈਂ ਆਖਿਆ, ਜਿੰਨਾ ਚਿਰ ਜਿਊਨਾ ਵਾਂ, ਲਿਖਾਂਗਾ। ਗੱਲ ਇਹ ਐ ਕਿ ਸਿਹਤ ਬਹੁਤ ਖ਼ਰਾਬ ਐ, ਲੇਕਿਨ ਆਤਮਾ ਨਰੋਈ ਐ। ਹੁਣ ਸਫ਼ਰ ਨਹੀਂ ਹੁੰਦਾ। ਪੁੱਤਰ ਹੁਣ ਲੈ ਆਇਆ ਏ ਇਥੇ, ਜੇ ਸਾਬਤ-ਸਬੂਤ ਲੈ ਗਿਆ ਕੈਨੇਡਾ ਤਾਂ ਫਿਰ ਬਾਕੀ ਰਹਿੰਦਾ ਵੀ ਲਿਖੂੰ।”
“ਬਾਕੀ ਰਹਿੰਦਾ ਵੀ ਜ਼ਰੂਰ ਲਿਖੋਗੇ ਤੁਸੀਂ। ਰੱਬ ਤੁਹਾਡੀ ਉਮਰ ਲੰਮੀ ਕਰੇ।” ਮੈਂ ਕਿਹਾ।
“ਜ਼ਿਆਦਾ ਨਹੀਂ। ਬਸ ਤੀਹ ਕੁ ਵਰ੍ਹੇ ਹੋਰ ਮਿਲ ਜਾਣ ਤਾਂ ਮੈਂ ਆਪਣਾ ਕੰਮ ਪੂਰਾ ਕਰ ਲਊਂ। ਸਾਰਾ ਕੁਝ ਲਿਖ ਲਊਂ।” ਗਿਆਨੀ ਕੇਸਰ ਸਿੰਘ ਦੀਆਂ ਅੱਖਾਂ ਵਿਚ ਸ਼ਰਾਰਤ ਚਮਕੀ।
ਮੈਂ ਮੁਸਕਰਾਇਆ। ਮੈਂ ਟੇਪ ਰਿਕਾਰਡਰ ਵੱਲ ਧਿਆਨ ਮੋੜਿਆ। ਜਿਹੜੀ ਕੈਸਟ ਵਿਚ ਗੱਲਬਾਤ ਰਿਕਾਰਡ ਹੋ ਰਹੀ ਸੀ, ਉਹ ਮੁੱਕਣ ਵਾਲੀ ਸੀ। ਇਸ ਤੋਂ ਪਹਿਲਾਂ ਡਾਕਟਰ ਕੇਸਰ ਕੋਲੋਂ ਇਕ ਕੈਸਟ ਲੈ ਕੇ ਮੈਂ ਵਰਤ ਚੁੱਕਿਆ ਸਾਂ। ਇਕ ਹੋਰ ਕੈਸਟ ਮੰਗਣ ਦਾ ਮੇਰੇ ਵਿਚ ਹੀਆ ਨਹੀਂ ਸੀ। ਮੰਗਿਆਂ ਇਕ ਹੋਰ ਕੈਸਟ ਮਿਲਣ ਦੀ ਸੰਭਾਵਨਾ ਵੀ ਨਹੀਂ ਸੀ।
ਗਿਆਨੀ ਕੇਸਰ ਸਿੰਘ ਨੇ ਇਸ ਮੁਲਾਕਾਤ ਲਈ ਆਪਣੇ ਆਪ ਨੂੰ ਬਥੇਰਾ ਤੋੜ ਲਿਆ ਸੀ। ਥੱਕੇ ਹੋਏ ਨੇ ਰਾਤ ਦਾ ਲਿਬਾਸ ਪਹਿਨ ਲਿਆ ਸੀ।
ਗਿਆਨੀ ਕੇਸਰ ਸਿੰਘ ਨੂੰ ਹੁਣ ਆਰਾਮ ਕਰਨਾ ਚਾਹੀਦਾ ਸੀ। ਮੈਂ ਆਖਿਆ, “ਹੁਣ ਆਪਾਂ ਇਸ ਮੁਲਾਕਾਤ ਸਾਹਵੇਂ ਵਿਰਾਮ ਲਾ ਦੇਈਏ, ਪਰ ਇਸ ਤੋਂ ਪਹਿਲਾਂ ਕੋਈ ਜ਼ਰੂਰੀ ਗੱਲ ਜਿਹੜੀ ਕਹਿਣ ਨੂੰ ਤੁਹਾਡਾ ਮਨ ਕਰਦਾ ਹੋਵੇ, ਜ਼ਰੂਰ ਕਹਿ ਲਵੋ।”
ਗਿਆਨੀ ਕੇਸਰ ਸਿੰਘ ਨੇ ਲੰਮਾ ਸਾਹ ਭਰਿਆ ਤੇ ਆਪਣੀ ਗੱਲ ਕਹੀ, “ਵੇਖੋ ਜੀ! ਸਾਹਿਤ ਦੀ ਰਚਨਾ ਮੇਰਾ ਆਦਰਸ਼ ਨਹੀਂ। ਇਹ ਮੇਰਾ ਹਥਿਆਰ ਹੈ ਲੋਕ ਸੇਵਾ ਲਈ। ਲੋਕ ਸੇਵਾ ਕਰਨ ਵਾਲੇ ਯੋਧਿਆਂ ਦੇ ਪਾਏ ਪੂਰਨਿਆਂ ਉਤੇ ਕਰਮਯੋਗੀਆਂ ਦੀਆਂ ਕਥਾਵਾਂ ਨੂੰ ਨਵੀਆਂ ਕਰਨ ਲਈ ਸਾਹਿਤ ਰਚਨਾ ਇਕ ਰਾਹ ਹੈ। ਕਰਮਯੋਗ ਦੇ ਬੀਜ ਪੁੰਗਰਦੇ ਰਹਿਣ, ਸਿੱਟੇ ਲੱਗਦੇ ਰਹਿਣ। ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਯੋਧੇ ਪੈਦਾ ਹੁੰਦੇ ਰਹਿਣ ਤਾਂ ਕਿ ਕੋਈ ਜਰਵਾਣਾ ਚਿੱਟੇ ਦਿਨ, ਸਿਖਰ ਦੁਪਹਿਰੇ ਲੋਕਾਂ ਨੂੰ ਅਫ਼ੀਮੀ ਲੋਰੀਆਂ ਦੇ ਕੇ ਸੁਆ ਨਾ ਸਕੇ ਤੇ ਲੋਕ ਜਾਗਰਤ ਅਵਸਥਾ ਵਿਚ ਆਪਣਾ-ਆਪ ਪਛਾਣ ਸਕਣ। ਮੇਰੀ ਪ੍ਰਤੀਬੱਧਤਾ, ਮੇਰਾ ਮਜ਼ਹਬ ਤਾਂ ਲੋਕ ਹਨ। ਦਲਿਤ, ਨਿਤਾਣੇ, ਨਿਮਾਣੇ, ਕਿਰਤੀ ਲੋਕ ਅਤੇ ਉਹ ਲੋਕ ਜੋ ਆਪਣੇ ਤੇ ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸੀਸ ਨੂੰ ਤਲੀ ਉਤੇ ਧਰੀ ਫਿਰਦੇ ਹਨ।”
ਕੇਸਰ ਸਿੰਘ ਨੇ ਅਚਨਚੇਤੀ ਚੁੱਪ ਵੱਟ ਲਈ। ਉਸ ਚੁੱਪ ਵਿਚ ਪਤਾ ਨਹੀਂ, ਕੀ ਕੁਝ ਖੌਲ ਰਿਹਾ ਸੀ। ਉਸ ਹਉਕੇ ਵਰਗਾ ਸਾਹ ਭਰਿਆ, ਤੇ ਫਿਰ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ, “ਪਤਾ ਨਹੀਂ ਲੋਕ ਸ਼ਹੀਦਾਂ ਨੂੰ ਸ਼ਹੀਦ ਕਿਉਂ ਨਹੀਂ ਰਹਿਣ ਦਿੰਦੇ। ਸੋਹਣ ਲਾਲ ਪਾਠਕ ਸ਼ਹੀਦ ਹੈ, ਉਸ ਨੂੰ ਲੋਕਾਂ ਨੇ ਆਰੀਆ ਸਮਾਜੀ ਬਣਾ ਕੇ ਰੱਖ ਦਿੱਤਾ ਹੈ। ਊਧਮ ਸਿੰਘ ਸ਼ਹੀਦ ਹੈ, ਉਸ ਨੂੰ ਕੰਬੋਜ ਬਣਾ ਕੇ ਰੱਖ ਦਿੱਤਾ ਹੈ। ਭਗਤ ਸਿੰਘ ਨੂੰ ਕੋਈ ਸਿੱਖੀ ਵੱਲ ਖਿੱਚਦਾ ਹੈ, ਕੋਈ ਆਰੀਆ ਸਮਾਜੀ ਦੱਸਦਾ ਹੈ। ਕੋਈ ਕਹਿੰਦਾ ਹੈ, ਉਹ ਪੂਰਾ ਸੋਸ਼ਲਿਸਟ ਬਣ ਚੁੱਕਾ ਸੀ। ਹਰ ਕੋਈ ਸ਼ਹੀਦ ਉਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦਾ ਹੈ। ਸ਼ਹੀਦ ਦਾ ਫ਼ਲਸਫ਼ਾ ਜ਼ੁਲਮ ਦਾ ਟਾਕਰਾ ਕਰਨਾ ਹੁੰਦਾ ਹੈ। ਸ਼ਹੀਦ ਨੂੰ ਇਨਸਾਨ ਕਿਉਂ ਨਹੀਂ ਰਹਿਣ ਦਿੰਦੇ ਦੁਨੀਆਂ ਦੇ ਭੁੱਲੜ ਤੇ ਖ਼ੁਦਰਗਜ਼ ਲੋਕ?”

ਕੇਸਰ ਸਿੰਘ ਨਾਲ ਮੇਰੀ ਉਹ ਆਖ਼ਰੀ ਮੁਲਾਕਾਤ ਸੀ। ਖੋਜਬੀਨ ਦੇ ਪੁਲੰਦੇ ਸਾਰੇ ਕਿਤਾਬਾਂ ਨਹੀਂ ਬਣੇ। ਰੱਬ ਤੋਂ ਮੰਗੇ ਹੋਏ ਉਹ ਤੀਹ ਵਰ੍ਹੇ ਕੇਸਰ ਸਿੰਘ ਦੀ ਉਮਰ ਵਿਚ ਜਮ੍ਹਾਂ ਹੋ ਜਾਂਦੇ ਤਾਂ ਗੱਲ ਹੋਰ ਹੋਣੀ ਸੀ। ਅਣਫਰੋਲਿਆ ਇਤਿਹਾਸ ਕੋਰੇ ਵਰਕਿਆਂ ਉਤੇ ਛਪ ਜਾਂਦਾ ਤਾਂ ਅਸੀਂ ਆਪਣੀ ਆਜ਼ਾਦੀ ਦਾ ਬੜਾ ਕੁਝ ਅੰਦਰਲਾ ਵੀ ਜਾਣ ਲੈਂਦੇ।
ਮੈਨੂੰ ਵੀ ਚਾਹੀਦਾ ਸੀ, ਵਾਧੂ ਕੈਸਟ ਆਪਣੇ ਕੋਲ ਰੱਖਦਾ। ਕੁਝ ਲੁਕਵੀਆਂ ਗੱਲਾਂ ਹੋਰ ਉਜਾਗਰ ਹੋ ਜਾਂਦੀਆਂ।
ਹੁਣ ਤਾਂ ਬਹੁਤ ਦੇਰ ਹੋ ਗਈ ਹੈ।