ਰਿਸ਼ਤਾ ਕਾਲੇਪਾਣੀ ਅਤੇ ਪੰਜਾਬੀਆਂ ਦਾ…

ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਪੰਜਾਬ ਦੇ ਜੁਝਾਰੂਆਂ ਦਾ ਕਾਲੇਪਾਣੀਆਂ ਨਾਲ ਰਿਸ਼ਤਾ ਬੜਾ ਗੂੜ੍ਹਾ ਰਿਹਾ ਹੈ। ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਤੇ ਗੁਰਦਰਸ਼ਨ ਸਿੰਘ ਬਾਹੀਆ ਨੇ ਆਪਣੀ ਕਿਤਾਬ ‘ਕਾਲਾਪਾਣੀ: ਪੰਜਾਬ`ਜ਼ ਰੋਲ ਇਨ ਫਰੀਡਮ ਸਟ੍ਰਗਲ` ਇਸ ਦਾ ਭਰਪੂਰ ਜ਼ਿਕਰ ਕੀਤਾ ਹੈ। ਇਸ ਬਾਰੇ ਚਰਚਾ ਇਸ ਲੇਖ ਵਿਚ ਕੀਤੀ ਗਈ ਹੈ।

ਕਾਲਾਪਾਣੀ ਕੀ ਸੀ, ਇਸ ਦਾ ਪਤਾ ਪੰਜਵੀਂ ਜਮਾਤ ਵਿਚ ਲੱਗਾ। ਉਹ ਵੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ‘ਜੇਲ੍ਹ ਚਿੱਠੀਆਂ` ਤੋਂ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣ ਦੀ ਮਨਾਹੀ ਸੀ। ਲਿਹਾਜ਼ਾ, ਸਮਾਂ ਬਿਤਾਉਣ ਲਈ ਪਿਤਾ ਜੀ ਦੀ ਲਾਇਬਰੇਰੀ ਦੀ ਫਰੋਲਾ-ਫਰਾਲੀ ਕਰਨੀ ਮੇਰੀ ਰੁਟੀਨ ਬਣ ਗਈ ਸੀ। ‘ਜੇਲ੍ਹ ਚਿੱਠੀਆਂ` ਤੋਂ ਜੋ ਕੁਝ ਵੀ ਪੱਲੇ ਪਿਆ, ਉਹ ਮੇਰੇ ਚੇਤਿਆਂ `ਚ ਉੱਕਰ ਗਿਆ। ਨਾਲ ਹੀ ਉੱਕਰ ਗਏ ਉਹ ਚਿਹਰੇ ਜਿਹੜੇ ਅਗਲੀ ਕਿਤਾਬ ‘ਬੰਦੀ ਜੀਵਨ` ਵਿਚ ਸ਼ਾਮਲ ਸਨ। ਇਹ ਕਿਤਾਬ ਬੰਗਾਲੀ ਇਨਕਲਾਬੀ ਸਚਿੰਦ੍ਰਨਾਥ ਸਾਨਿਆਲ ਦੀ ਆਤਮ-ਕਥਾ ਸੀ। ਇਸ ਦੇ ਪੰਜਾਬੀ ਐਡੀਸ਼ਨ ਵਿਚ ਕਾਲੇਪਾਣੀਆਂ ਦਾ ਜ਼ਿਕਰ ਅਤੇ ਸੈਲੂਲਰ ਜੇਲ੍ਹ ਦਾ ਨਕਸ਼ਾ ਵੀ ਸ਼ਾਮਲ ਸੀ ਅਤੇ ਨਾਲ ਹੀ ਚਾਰ ਪੰਨਿਆਂ `ਤੇ ਗ਼ਦਰ ਲਹਿਰ ਤੇ ਉਸ ਤੋਂ ਬਾਅਦ ਦੇ ਇਨਕਲਾਬੀ ਘੋਲਾਂ ਦੇ ਨਾਇਕਾਂ ਦੀਆਂ ਨਿੱਕੀਆਂ-ਨਿੱਕੀਆਂ ਤਸਵੀਰਾਂ ਵੀ ਦਰਜ ਸਨ। ਕਰਤਾਰ ਸਿੰਘ ਸਰਾਭਾ ਤੇ ਬਾਬਾ ਸੋਹਨ ਸਿੰਘ ਭਕਨਾ ਤੋਂ ਇਲਾਵਾ ਜਿਹੜੇ ਚਿਹਰੇ ਹੁਣ ਵੀ ਯਾਦ ਹਨ, ਉਨ੍ਹਾਂ ਵਿਚ ਬਾਬਾ ਹਰਨਾਮ ਸਿੰਘ ਟੁੰਡੀਲਾਟ, ਡਾ. ਮਥਰਾ ਸਿੰਘ, ਭਾਈ ਜਵਾਲਾ ਸਿੰਘ ਠੱਠੀਆਂ, ਭਾਈ ਗੁਰਦਿੱਤ ਸਿੰਘ ਸੁਰਸਿੰਘੀਆ, ਦਫ਼ੇਦਾਰ ਜਗਤ ਸਿੰਘ ਆਦਿ ਦੇ ਨਾਮ ਸਹਿਜੇ ਹੀ ਲਏ ਜਾ ਸਕਦੇ ਹਨ।
ਇਹ ਚਿਹਰੇ ਤੇ ਇਨ੍ਹਾਂ ਨਾਲ ਜੁੜੇ ਵੇਰਵਿਆਂ ਦੀਆਂ ਯਾਦਾਂ ਹੁਣ ਸੀਨੀਅਰ ਪੱਤਰਕਾਰਾਂ ਜਗਤਾਰ ਸਿੰਘ ਅਤੇ ਗੁਰਦਰਸ਼ਨ ਸਿੰਘ ਬਾਹੀਆ ਦੀ ਖੋਜਪੁੂਰਨ ਕਿਤਾਬ ‘ਕਾਲਾਪਾਣੀ: ਪੰਜਾਬ`ਜ਼ ਰੋਲ ਇਨ ਫਰੀਡਮ ਸਟ੍ਰਗਲ` ਪੜ੍ਹਦਿਆਂ ਨਵੇਂ ਸਿਰਿਓਂ ਤਾਜ਼ਾ ਹੋ ਗਈਆਂ ਹਨ। ਦੋਵੇਂ ਲੇਖਕ ਕਸਬ ਤੇ ਸਿਖਲਾਈ ਪੱਖੋਂ ਇਤਿਹਾਸਕਾਰ ਨਹੀਂ ਪਰ ਕਿਤਾਬ ਇਤਿਹਾਸਕਾਰੀ ਪੱਖੋਂ ਜ਼ਰਾ ਵੀ ਊਣੀ ਨਹੀਂ। ਪੰਜਾਬ ਵਿਚੋਂ ਉਭਰੀਆਂ ਆਜ਼ਾਦੀ ਲਹਿਰਾਂ ਨੂੰ ਸਹੀ ਪ੍ਰਸੰਗ `ਚ ਪੇਸ਼ ਕਰਨ ਤੋਂ ਇਲਾਵਾ ਇਹ ਕਿਤਾਬ ਸਿੱਖ ਇਨਕਲਾਬੀਆਂ ਦੇ ਯੋਗਦਾਨ ਦੀ ਸੁਚੱਜੀ ਨਿਸ਼ਾਨਦੇਹੀ ਕਰਦੀ ਹੈ। ਇਕ ਅਹਿਮ ਪੱਖ ਇਹ ਵੀ ਹੈ ਕਿ ਇਹ ਪੰਜਾਬੀ ਇਨਕਲਾਬੀਆਂ ਉੱਤੇ ਬ੍ਰਿਟਿਸ਼-ਭਾਰਤ ਸਰਕਾਰ ਵੱਲੋਂ ਢਾਹੇ ਜ਼ੁਲਮ-ਤਸ਼ੱਦਦ ਤੱਕ ਸੀਮਤ ਨਾ ਰਹਿ ਕੇ ਦੂਜੇ ਮਹਾਂਯੁੱਧ ਵੇਲੇ ਅੰਡਮਾਨ-ਨਿਕੋਬਾਰ ਟਾਪੂਆਂ ਉੱਪਰ ਜਾਪਾਨੀ ਕਬਜ਼ੇ ਦੌਰਾਨ ਸਿੱਖਾਂ ਤੇ ਹੋਰ ਧਰਮਾਂ ਦੇ ਪੰਜਾਬੀਆਂ ਦੇ ਦਮਨ ਦੀ ਕਥਾ-ਵਿਅਥਾ ਵੀ ਵੇਰਵਿਆਂ ਸਹਿਤ ਪੇਸ਼ ਕਰਦੀ ਹੈ।
ਕਿਤਾਬ ਦੇ 10 ਅਧਿਆਇ ਹਨ ਅਤੇ ਇਨ੍ਹਾਂ ਮਗਰੋਂ (ਅੰਤਿਕਾ ਦੇ ਰੂਪ ਵਿਚ) ਕਾਲਾਪਾਣੀ ਦੇ ਹਰ ਪੰਜਾਬੀ ਸਿਆਸੀ ਕੈਦੀ ਬਾਰੇ ਸੰਖੇਪ ਪਰ ਅਹਿਮ ਜਾਣਕਾਰੀ ਮੌਜੂਦ ਹੈ ਜੋ ਭਵਿੱਖ ਦੇ ਖੋਜਕਾਰਾਂ ਦੇ ਬਹੁਤ ਕੰਮ ਆਉਣ ਵਾਲੀ ਹੈ। ਪਹਿਲਾ ਅਧਿਆਇ ‘ਪੰਜਾਬ: ਆਜ਼ਾਦੀ ਸੰਗ੍ਰਾਮਾਂ ਦਾ ਜਨਮ-ਸਥਾਨ` ਆਪਣੇ ਆਪ ਵਿਚ ਭਰਪੂਰ ਜਾਣਕਾਰੀ ਦੇਣ ਵਾਲਾ ਹੈ। ਇਹ ਪੰਜਾਬ ਵਿਚੋਂ ਉੱਗੀਆਂ ਲਹਿਰਾਂ ਬਾਰੇ ਵੀ ਹੈ ਅਤੇ ਇਨ੍ਹਾਂ ਲਹਿਰਾਂ ਦੇ ਖੇਵਟਹਾਰਾਂ ਬਾਰੇ ਵੀ। ਅਗਲੇ ਅੱਠ ਅਧਿਆਇ ਸੈਲੂਲਰ ਜੇਲ੍ਹ, ਭਾਈ ਮਹਾਰਾਜ ਸਿੰਘ ਦੇ ਸੰਘਰਸ਼ ਤੇ ਜਲਾਵਤਨੀ, ਕੂਕਾ ਅੰਦੋਲਨ, ਗ਼ਦਰ ਪਾਰਟੀ, ਜਲਿ੍ਹਆਂਵਾਲਾ ਬਾਗ਼ ਦੁਖਾਂਤ, ਬੱਬਰ ਅਕਾਲੀ ਲਹਿਰ ਅਤੇ ਇਨਕਲਾਬੀਆਂ ਦਾ ਸਾਥ ਦੇਣ ਵਾਲੇ ਫ਼ੌਜੀਆਂ ਬਾਰੇ ਹਨ। ਪਹਿਲੇ ਵਾਂਗ ਨੌਵਾਂ ਅਧਿਆਇ ਵੀ ਖ਼ਾਸ ਤੌਰ `ਤੇ ਅਹਿਮ ਹੈ। ਇਹ ਜਪਾਨੀਆਂ ਦੀ ਹਕੂਮਤ ਦੌਰਾਨ ਇਨਕਲਾਬੀਆਂ ਤੇ ਹੋਰ ਹਠੀਲੇ ਪੰਜਾਬੀਆਂ ਉੱਤੇ ਹੋਏ ਜਬਰ-ਜ਼ੁਲਮ ਬਾਰੇ ਹੈ। ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਸ਼ਹੀਦੀ ਗਾਥਾ ਇਸੇ ਛੋਟੇ ਜਿਹੇ ਕਾਲਕ੍ਰਮ ਦੌਰਾਨ ਹੀ ਵਾਪਰੀ ਜਿਸ ਨੂੰ ਤਕਨੀਕੀ ਤੌਰ `ਤੇ ਤਾਂ ਹਕੂਮਤ-ਇ-ਆਜ਼ਾਦ ਹਿੰਦ ਕਿਹਾ ਗਿਆ ਸੀ ਪਰ ਜੋ ਅਸਲ ਤੇ ਨਸਲ ਪੱਖੋਂ ਜਾਪਾਨੀਆਂ ਦੀ ਜੁੱਗਗ਼ਰਦੀ ਸੀ।
ਕਿਤਾਬ ਬਹੁਤੇ ਪੰਜਾਬੀ ਇਤਿਹਾਸਕਾਰਾਂ ਦੇ ਇਸ ਵਿਚਾਰ ਦੀ ਤਾਈਦ ਕਰਦੀ ਹੈ ਕਿ ਈਸਟ ਇੰਡੀਆ ਕੰਪਨੀ ਦੀ ਸਰਕਾਰ ਖਿਲਾਫ਼ ਪਹਿਲੀ ਜਥੇਬੰਦ ਜੱਦੋ-ਜਹਿਦ 1857 ਵਿਚ ਨਹੀਂ ਬਲਕਿ 1849 ਵਿਚ ਭਾਈ ਮਹਾਰਾਜ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਈ। ਉਹ ਪਹਿਲੇ ਭਾਰਤੀ ਆਗੂ ਸਨ ਜਿਸ ਨੂੰ ਕੰਪਨੀ ਸਰਕਾਰ ਨੇ ਭਾਰਤੀ ਉਪ-ਮਹਾਂਦੀਪ ਦੇ ਅੰਦਰ ਹੀ ਨਜ਼ਰਬੰਦ ਕਰਨ ਦੀ ਥਾਂ ਜਲਾਵਤਨ ਕਰਨ ਦਾ ਰਾਹ ਅਖ਼ਤਿਆਰ ਕੀਤਾ। ਉਨ੍ਹਾਂ ਨੂੰ ਸਿੰਗਾਪੁਰ ਸਥਿਤ ਕੈਦਗਾਹ ਵਿਚ ਭੇਜਿਆ ਗਿਆ ਜਿੱਥੇ 1856 `ਚ ਉਹ ਵਫ਼ਾਤ ਪਾ ਗਏ। ਇਹੋ ਰੀਤੀ 1858 ਵਿਚ ਆਖ਼ਰੀ ਮੁਗ਼ਲ (20ਵੇਂ ਮੁਗ਼ਲ ਬਾਦਸ਼ਾਹ) ਬਹਾਦੁਰ ਸ਼ਾਹ ਜ਼ਫ਼ਰ ਅਤੇ 1872 ਵਿਚ ਨਾਮਧਾਰੀ ਸਤਿਗੁਰੂ, ਬਾਬਾ ਰਾਮ ਸਿੰਘ ਦੇ ਮਾਮਲਿਆਂ ਵਿਚ ਵੀ ਅਪਣਾਈ ਗਈ। ਉਨ੍ਹਾਂ ਦੋਵਾਂ ਨੂੰ ਰੰਗੂਨ (ਬਰਮਾ) ਭੇਜਿਆ ਗਿਆ। ਬਾਬਾ ਰਾਮ ਸਿੰਘ ਨੂੰ ਬਾਅਦ ਵਿਚ ਬਰਮਾ ਦੇ ਹੀ ਮੇਗੂਈ ਟਾਪੂ ਵਿਚ ਵੀ ਰੱਖਿਆ ਗਿਆ।
ਕਿਤਾਬ ਵਿਚ ਉਭਾਰੇ ਗਏ ਕੁਝ ਹੋਰ ਅਹਿਮ ਨੁਕਤੇ ਇਸ ਤਰ੍ਹਾਂ ਹਨ:
ਪੰਜਾਬ ਤੋਂ ਅੰਡਮਾਨ-ਨਿਕੋਬਾਰ ਭੇਜੇ ਗਏ ਪਹਿਲੇ ਛੇ ਸਿਆਸੀ ਕੈਦੀ ਕੂਕੇ (ਨਾਮਧਾਰੀ) ਸਨ। 1872 ਵਿਚ 66 ਕੂਕਿਆਂ ਨੂੰ ਤੋਪਾਂ ਨਾਲ ਉਡਾਉਣ ਅਤੇ ਕਈ ਹੋਰਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਤੋਂ ਇਲਾਵਾ ਜਿਨ੍ਹਾਂ 6 ਕੂਕਿਆਂ ਨੂੰ ਕਾਲੇਪਾਣੀ ਭੇਜਿਆ ਗਿਆ, ਉਨ੍ਹਾਂ ਦੇ ਨਾਮ ਸਨ: ਲਾਲ ਸਿੰਘ, ਲਹਿਣਾ ਸਿੰਘ (ਦੂਜਾ), ਭਗਵਾਨ ਸਿੰਘ, ਗਿਆਨ ਸਿੰਘ, ਥੰਮਣ ਸਿੰਘ ਤੇ ਮਿਹਰ ਸਿੰਘ।
ਅੰਡਮਾਨ ਦੀ ਸੈਲੂਲਰ ਜੇਲ੍ਹ ਭਾਵੇਂ 1906 ਵਿਚ ਮੁਕੰਮਲ ਹੋਈ, ਪਰ ਇਸ ਟਾਪੂ ਦਾ ਕੈਦਗਾਹ ਵਾਲਾ ਵਜੂਦ 1858 ਵਿਚ ਕਾਇਮ ਹੋ ਗਿਆ ਸੀ। 1859 ਵਿਚ ਉੱਥੇ ਪੰਜਾਬੀ ਬੰਦੀਆਂ ਵੱਲੋਂ ਡਾ. ਜੇਮਜ਼ ਪੈਟੀਸਨ ਵਾਕਰ ਤੇ ਹੋਰਨਾਂ ਉੱਪਰ ਹਮਲੇ ਦਾ ਜiLਕਰ ਸਰਕਾਰੀ ਰਿਕਾਰਡ ਦਾ ਹਿੱਸਾ ਹੈ।ਉਂਜ, ਇਹ ਸਪਸ਼ਟ ਨਹੀਂ ਕਿ ਪੰਜਾਬੀ ਉੱਥੇ ਕਿਸ ਜੁਰਮ ਕਾਰਨ ਕੈਦ ਸਨ।
ਸਵਦੇਸ਼ੀ ਅੰਦੋਲਨ ਤੇ ਨਾਮਿਲਵਰਤਨ ਲਹਿਰ ਨੂੰ ਮਹਾਤਮਾ ਗਾਂਧੀ ਤੇ ਕਾਂਗਰਸ ਨਾਲ ਜੋੜਿਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਵਿਦੇਸ਼ੀ ਵਸਤਾਂ ਦੇ ਬਾਈਕਾਟ ਤੇ ਸਰਕਾਰੀ ਟੈਕਸ ਅਦਾ ਨਾ ਕਰਨ ਦੀ ਤਹਿਰੀਕ, ਨਾਮਧਾਰੀ ਮੁਖੀ ਬਾਬਾ ਰਾਮ ਸਿੰਘ ਨੇ 1862 ਵਿਚ ਸ਼ੁਰੂ ਕੀਤੀ। ਉਨ੍ਹਾਂ ਨੇ ਸਰਕਾਰੀ ਡਾਕ-ਤੰਤਰ ਦਾ ਬਾਈਕਾਟ ਕਰਕੇ ਵੱਖਰੀ ਡਾਕ ਪ੍ਰਣਾਲੀ ਵੀ ਆਰੰਭ ਕੀਤੀ।
ਇਕ ਪਾਸੇ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਸਿੱਖ ਭਾਈਚਾਰੇ ਨੇ ਜਿੱਥੇ ਪੁਰਅਮਨ ਸਤਿਆਗ੍ਰਹਿਆਂ ਦੇ ਰਾਹ `ਤੇ ਚਲਦਿਆਂ ਹਜ਼ਾਰਾਂ ਦੀ ਗਿਣਤੀ ਵਿਚ ਗ੍ਰਿਫ਼ਤਾਰੀਆਂ ਦਿੱਤੀਆਂ, ਉੱਥੇ ਇਨਕਲਾਬੀ ਸਰਗਰਮੀਆਂ ਰਾਹੀਂ ਸਿਰ-ਧੜ ਦੀ ਬਾਜ਼ੀ ਲਾਉਣ ਵਾਲਿਆਂ ਦੀ ਤਾਦਾਦ ਵੀ ਘੱਟ ਨਹੀਂ ਰਹੀ। ਸੈਲੂਲਰ ਜੇਲ੍ਹ ਦਾ 1910 ਤੋਂ 1920 ਤੱਕ ਦਾ ਰਿਕਾਰਡ ਦੱਸਦਾ ਹੈ ਕਿ ਇਸ ਅਰਸੇ ਦੌਰਾਨ ਉੱਥੇ ਕੈਦ 133 ਸਿਆਸੀ ਬੰਦੀਆਂ ਵਿਚੋਂ 81 ਪੰਜਾਬ ਤੋਂ, 38 ਬੰਗਾਲ ਤੋਂ, 11 ਯੂ.ਪੀ. ਅਤੇ ਤਿੰਨ ਮਹਾਂਰਾਸ਼ਟਰ ਤੋਂਸਨ। 1932-38 ਦੇ 366 ਸਿਆਸੀ ਬੰਦੀਆਂ ਵਿਚੋਂ 332 ਬੰਗਾਲੀ ਸਨ ਅਤੇ ਤਿੰਨ ਪੰਜਾਬੀ। ਇਹ ਉਹ ਸਮਾਂ ਸੀ ਜਦੋਂ ਅੰਡਮਾਨ-ਨਿਕੋਬਾਰ ਦੇ ਪ੍ਰਸ਼ਾਸਨ ਨੇ ਸਿਆਸੀ ਕੈਦੀਆਂ ਦੀ ਬਹੁਤਾਤ ਕਾਰਨ ਨਵੇਂ ਕੈਦੀ, ਖ਼ਾਸ ਤੌਰ `ਤੇ ਪੰਜਾਬੀ ਕੈਦੀ ਲੈਣੇ ਬੰਦ ਕਰ ਦਿੱਤੇ ਸਨ ਕਿਉਂਕਿ ਉਹ ਆਪਣੇ ਹਠੀਲੇ ਵਿਹਾਰ ਕਰਕੇ ‘ਅੰਤਾਂ ਦੀ ਗੜਬੜ ਪੈਦਾ ਕਰਦੇ ਸਨ`।
ਗ਼ਦਰੀਆਂ ਤੋਂ ਬਾਅਦ 21 ਬੱਬਰ ਅਕਾਲੀ ਵੀ ਕਾਲੇਪਾਣੀ ਭੇਜੇ ਗਏ। ਸੈਲੂਲਰ ਜੇਲ੍ਹ ਆਪਣੀਆਂ ਕੋਠੜੀਆਂ ਤੋਂ ਇਲਾਵਾ ਪਿੰਜਰਿਆਂ ਲਈ ਵੀ ਬਦਨਾਮ ਸੀ। ਇਨ੍ਹਾਂ ਪਿੰਜਰਿਆਂ ਵਿਚ ਨਾ ਲੰਮਾ ਪੈਣ ਦੀ ਥਾਂ ਸੀ, ਨਾ ਸਿੱਧਾ ਖੜ੍ਹੇ ਹੋਣ ਦੀ। ਜਿਨ੍ਹਾਂ ਸਿਆਸੀ ਕੈਦੀਆਂ ਨੂੰਪਿੰਜਰਿਆਂ ਵਿਚ ਬੰਦ ਰੱਖਿਆ ਗਿਆ, ਉਨ੍ਹਾਂ ਵਿਚ ਮਾਸਟਰ ਚਤਰ ਸਿੰਘ, ਭਾਈ ਅਮਰ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਲਾਭ ਸਿੰਘ ਦੇ ਨਾਮ ਵਿਸ਼ੇਸ਼ ਤੌਰ `ਤੇ ਜ਼ਿਕਰਯੋਗ ਸਨ।
ਨਿੱਕੀਆਂ ਨਿੱਕੀਆਂ ਗੱਲਾਂ ਜਾਂ ਨਾਫ਼ਰਮਾਨੀਆਂ ਤੋਂ ਕੈਦੀਆਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਸਨ। ਬਾਬਾ ਭਾਨ ਸਿੰਘ ਦੀ 1917 ਵਿਚ ਸ਼ਹਾਦਤ, ਤਸੀਹਿਆਂ ਕਾਰਨ ਹੀ ਹੋਈ। ਉਨ੍ਹਾਂ ਤੋਂ ਇਲਾਵਾ ਤਸੀਹਿਆਂ ਕਾਰਨ ਮੌਤ ਦਾ ਸ਼ਿਕਾਰ ਹੋਣ ਵਾਲੇ ਪੰਜਾਬੀਆਂ ਵਿਚ ਪੰਡਿਤ ਰਾਮ ਰੱਖਾ ਬਾਲੀ, ਰੁਲੀਆ ਸਿੰਘ ਸਰਾਭਾ, ਨੰਦ ਸਿੰਘ ਬੁਰਜ, ਕੇਹਰ ਸਿੰਘ ਮੜ੍ਹਾਣਾ, ਭਾਈ ਰੋਡਾ ਸਿੰਘ, ਬੁੱਢਾ ਸਿੰਘ ਫਿੱਲੋਕੇ (ਗੁੱਜਰਾਂਵਾਲਾ), ਨੱਥਾ ਸਿੰਘ ਢੋਟੀਆਂ ਤੇ ਸੁਰੈਣ ਸਿੰਘ ਸ਼ਾਮਲ ਸਨ।
ਜਪਾਨੀਆਂ ਦੀ ਹਕੂਮਤ ਵੇਲੇ ਕਾਲੇਪਾਣੀ ਵਿਚ ਉੱਥੋਂ ਦੇ ਭਾਰਤੀ ਬਾਸ਼ਿੰਦਿਆਂ ਦੇ ਦੋ ਵੱਡੇ ਕਤਲੇਆਮ ਹੋਏ। ਇਨ੍ਹਾਂ ਨੂੰਹੈਵਲੌਕ ਕਤਲੇਆਮ ਤੇ ਹੌਮਫਰੇਅਗੰਜ ਕਤਲੇਆਮ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਵਿਚ ਮਰਨ ਵਾਲੇ ਪੰਜਾਬੀਆਂ ਦੇ ਨਾਮ ਤੇ ਵੇਰਵੇ ਵੀ ਕਿਤਾਬ ਵਿਚ ਦਰਜ ਹਨ।
ਜਪਾਨੀਆਂ ਵੱਲੋਂ ਪੰਜਾਬੀ ਇਸਤਰੀ ਕੇਸਰ ਕੌਰ ਨੂੰ ਸੈਲੂਲਰ ਜੇਲ੍ਹ ਵਿਚ ਨਜ਼ਰਬੰਦ ਕੀਤਾ ਗਿਆ। ਉਹ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਕਾਰਕੁਨ ਸੀ। ਉਸ ਦੇ ਪਤੀ ਤੇ ਦਿਉਰ ਨੂੰ ਜਪਾਨੀ ਫਾਇਰਿੰਗ ਸਕੁਐਡ ਨੇ ਹੌਮਫਰੇਅਗੰਜ ਕਤਲੇਆਮ ਦੌਰਾਨ ਮੌਤ ਦੇ ਘਾਟ ਉਤਾਰ ਦਿੱਤਾ।
ਸ਼੍ਰੋਮਣੀ ਕਮੇਟੀ ਦੀ ਪ੍ਰਕਾਸ਼ਨਾ ਹੋਣ ਕਰਕੇ ਕਿਤਾਬ ਵਿਚ ਭਾਵੇਂ ਸਿੱਖਾਂ ਪ੍ਰਤੀ ਕੁਝ ਉਲਾਰ ਹੈ, ਫਿਰ ਵੀ ਲੇਖਕਾਂ ਨੇ ਸੁਰ ਸੰਜਮੀ ਹੀ ਰੱਖੀ ਹੈ। ਇਹੋ ਸੰਜਮ ਅਤੇ ਤੱਥਾਂ ਪ੍ਰਤੀ ਵਫ਼ਾਦਾਰੀ ਹੀ ਕਿਤਾਬ ਨੂੰ ਸਹੀ ਅਰਥਾਂ ਵਿਚ ਸਵਾਗਤਯੋਗ ਬਣਾਉਂਦੀ ਹੈ।

ਖਵਾਜਾ ਅਹਿਮਦ ਅੱਬਾਸ: ਖਵਾਜਾ ਅਹਿਮਦ ਅੱਬਾਸ ਦੀ ਕਹਾਣੀ ‘ਸਰਦਾਰ ਜੀ` 1948 ਵਿਚ ਛਪੀ ਸੀ; ਉਰਦੂ `ਚ ਪਾਕਿਸਤਾਨੀ ਰਸਾਲੇ ‘ਅਦਬ-ਇ-ਲਤੀਫ਼` ਅਤੇ ਨਾਗਰੀ ਲਿੱਪੀ ਵਿਚ ਅਲਾਹਾਬਾਦ ਤੋਂ ਪ੍ਰਕਾਸ਼ਿਤ ਪ੍ਰਤਿਕਾ ‘ਮਾਯਾ` ਵਿਚ। ਕਹਾਣੀ ਦਾ ਅਸਲ ਨਾਮ ‘ਬਾਰਹ ਬਜੇ` ਸੀ ਜੋ ਦੋ ਉਰਦੂ ਅਦੀਬਾਂ (ਤੇ ਫਿਲਮ ਲੇਖਕਾਂ) ਕ੍ਰਿਸ਼ਨ ਚੰਦਰ ਤੇ ਰਾਜਿੰਦਰ ਸਿੰਘ ਬੇਦੀ ਦੀ ਨੇਕ ਸਲਾਹ `ਤੇ ਅੱਬਾਸ ਨੇ ਬਦਲ ਕੇ ‘ਸਰਦਾਰ ਜੀ` ਕਰ ਦਿੱਤਾ। ਬੜਾ ਵਾਵੇਲਾ ਮਚਿਆ ਇਸ ਕਹਾਣੀ ਤੋਂ। ਪਾਕਿਸਤਾਨ ਵਿਚ ਵੀ ਤੇ ਭਾਰਤ ਵਿਚ ਵੀ। ਪਾਕਿਸਤਾਨ `ਚ ਇਸ ਕਰਕੇ ਕਿ ਕਹਾਣੀ ਵਿਚ ਇਕ ਬਜ਼ੁਰਗ ਸਰਦਾਰ (ਤੇ ਉਸ ਦੇ ਪਰਿਵਾਰ) ਨੂੰ ਦਲੇਰ ਤੇ ਇਨਸਾਨਪ੍ਰਸਤ ਦਿਖਾਇਆ ਗਿਆ ਸੀ। ਉਸ ਮੁਤੱਸਬੀ ਆਲਮ ਵਿਚ ਇਕ ਸਰਦਾਰ ਵੱਲੋਂ ਆਪਣੀ ਜਾਨ ਖ਼ਤਰੇ ਵਿਚ ਪਾ ਕੇ (ਪਾਕਿਸਤਾਨ ਪੱਖੀ) ਗੁਆਂਢੀ ਮੁਸਲਿਮ ਪਰਿਵਾਰ ਨੂੰ ਬਚਾਉਣ ਵਿਚ ਕਈ ਪਾਕਿਸਤਾਨੀ ਧਿਰਾਂ ਨੂੰ ਭਾਰਤ ਪੱਖੀ ਪ੍ਰਚਾਰ ਨਜ਼ਰ ਆਇਆ ਸੀ। ਦੂਜੇ ਪਾਸੇ, ਕਹਾਣੀ ਵਿਚ ਬਾਰਾਂ ਵਰ੍ਹੇ ਦੇ ਜ਼ਿਕਰ ਦਾ ਸੰਦਰਭ ਸਮਝੇ (ਜਾਂ ਕਹਾਣੀ ਪੜ੍ਹੇ) ਬਿਨਾਂ ਹੀ ਸ਼੍ਰੋਮਣੀ ਕਮੇਟੀ ਨੇ ਪੰਡਿਤ ਨਹਿਰੂ ਨੂੰ ਖ਼ਤ ਲਿਖ ਦਿੱਤਾ ਕਿ ਅੱਬਾਸ ਖਿਲਾਫ਼ ਫ਼ੌਜਦਾਰੀ ਕਾਰਵਾਈ ਹੋਵੇ (ਖ਼ਤ ਵਿਚ ਕਹਾਣੀ ਨੂੰ ਇਕ ਨਹੀਂ, ਤਿੰਨ ਥਾਈਂ ‘ਮਜ਼ਮੂਨ` ਦੱਸਿਆ ਗਿਆ)। ਅੱਬਾਸ ਦੀ ਆਤਮ-ਕਥਾ ਦੱਸਦੀ ਹੈ ਕਿ ਕਹਾਣੀ, ਦਿੱਲੀ ਵਿਚ ਉਸ ਦੇ ਕਰੀਬੀਆਂ ਨਾਲ ਵਾਪਰੀ ਸੱਚੀ ਘਟਨਾ ਉੱਤੇ ਆਧਾਰਿਤ ਸੀ। ਇਸ ਆਤਮ-ਕਥਾ ਦਾ ਪੰਜਾਬੀ ਤਰਜਮਾ ਹੁਣ ਉੱਘੇ ਸਾਹਿਤ-ਚਿੰਤਕ ਡਾ. ਨਰੇਸ਼ ਨੇ ‘ਟਾਪੂ ਨਹੀਂ ਹਾਂ ਮੈਂ` ਦੇ ਉਨਵਾਨ ਹੇਠ ਕੀਤਾ ਹੈ। ਸ਼ਲਾਘਾਯੋਗ ਹੈ ਇਹ ਉੱਦਮ।
ਬਹੁ-ਪ੍ਰਤਿਭਾਈ, ਬਹੁ-ਵਿਧਾਈ ਤੇ ਬਹੁ-ਭਾਸ਼ਾਈ ਹਸਤੀ ਸੀ ਅੱਬਾਸ। ਫਿਲਮਸਾਜ਼, ਪਟਕਥਾ ਲੇਖਕ, ਕਹਾਣੀਕਾਰ ਤੇ ਨਾਵਲਕਾਰ, ਪੱਤਰਕਾਰ ਤੇ ਨਾਮਵਰ ਕਾਲਮਨਵੀਸ। ਉਸ ਦਾ ਮਸ਼ਹੂਰ-ਓ-ਮਾਰੂਫ਼ ਕਾਲਮ ‘ਦਿ ਲਾਸਟ ਪੇਜ` ਪਹਿਲਾਂ ‘ਬਾਂਬੇ ਕ੍ਰੌਨੀਕਲ` ਤੇ ਫਿਰ ਹਫ਼ਤਾਵਾਰੀ ‘ਬਲਿਟਜ਼` ਵਿਚ ਚਾਰ ਦਹਾਈਆਂ ਤੋਂ ਵੱਧ ਸਮਾਂ ਛਪਦਾ ਰਿਹਾ। (‘ਬਲਿਟਜ਼` ਦੇ ਉਰਦੂ ਤੇ ਹਿੰਦੀ ਐਡੀਸ਼ਨਾਂ ਵਿਚ ਇਸ ਦਾ ਨਾਮ ‘ਆਜ਼ਾਦ ਕਲਮ` ਸੀ)। ਮਿਰਜ਼ਾ ਗ਼ਾਲਿਬ ਦੇ ਸ਼ਾਗਿਰਦ ਅਲਤਾਫ਼ ਹੁਸੈਨ ਹਾਲੀ ਦਾ ਪੜਪੋਤਾ, ਅੱਬਾਸ ਸੋਚ-ਸੁਹਜ ਪੱਖੋਂ ਸਾਮਵਾਦੀ ਅਤੇ ਸੀਰਤ ਪੱਖੋਂ ਮਾਨਵਵਾਦੀ ਸੀ। ਬੰਬਈ (ਮੁੰਬਈ) ਵਿਚ ਉਸ ਦੇ ਫਿਲਮੀ ਜੀਵਨ ਦਾ ਆਗਾਜ਼ 1941 ਵਿਚ ਪਟਕਥਾ ਲੇਖਣ ਤੋਂ ਹੋਇਆ। ਵੀ. ਸ਼ਾਂਤਾਰਾਮ ਦੀ ਮਹਾਨ ਕ੍ਰਿਤੀ ‘ਡਾ. ਕੋਟਨੀਸ ਕੀ ਅਮਰ ਕਹਾਨੀ` (1945) ਦੀ ਕਹਾਣੀ ਤੇ ਪਟਕਥਾ, ਅੱਬਾਸ ਦੀ ਸੀ। ਇਸੇ ਤਰ੍ਹਾਂ ਚੇਤਨ ਆਨੰਦ ਦੀ ‘ਨੀਚਾ ਨਗਰ` (1946) ਦੀ ਪਟਕਥਾ ਵੀ ਅੱਬਾਸ ਨੇ ਲਿਖੀ। ਇਸ ਫਿਲਮ ਨੂੰ ਪਹਿਲੇ ਕਾਨ ਕੌਮਾਂਤਰੀ ਫ਼ਿਲਮ ਮੇਲੇ ਵਿਚ ਬਿਹਤਰੀਨ ਫਿਲਮ ਦਾ ‘ਸੁਨਹਿਰੀ ਪਾਮ` ਪੁਰਸਕਾਰ ਮਿਲਿਆ। ਭਾਰਤ ਵਿਚ ਯਥਾਰਥਕ ਸਿਨਮਾ ਦਾ ਜਨਮ-ਦਾਤਾ ਸੀ ਅੱਬਾਸ। 1951 ਵਿਚ ਉਸ ਵੱਲੋਂ ਸਥਾਪਿਤ ਫਿਲਮ ਨਿਰਮਾਣ ਕੰਪਨੀ ‘ਨਯਾ ਸੰਸਾਰ` ਨੇ 20 ਦੇ ਕਰੀਬ ਯਥਾਰਥਵਾਦੀ ਫਿਲਮਾਂ ਬਣਾਈਆਂ ਜੋ ਭਾਵੇਂ ਟਿਕਟ ਖਿੜਕੀ `ਤੇ ਨਹੀਂ ਚੱਲੀਆਂ ਪਰ ਤਿੰਨ ਕੌਮੀ ਫਿਲਮ ਪੁਰਸਕਾਰਾਂ ਤੋਂ ਇਲਾਵਾ ਹੋਰ ਕਈ ਇਨਾਮਾਂ-ਸਨਮਾਨਾਂ ਦੀਆਂ ਹੱਕਦਾਰ ਬਣੀਆਂ। ਇਨ੍ਹਾਂ ਫ਼ਿਲਮਾਂ ਵਾਸਤੇ ਵਿੱਤ, ਉਹ ਵੀ.ਪੀ. ਸਾਠੇ ਨਾਲ ਮਿਲ ਕੇ ਰਾਜ ਕਪੂਰ ਦੀਆਂ ਫਿਲਮਾਂ ਦੇ ਪਟਕਥਾ ਲੇਖਣ ਰਾਹੀਂ ਜੁਟਾਉਂਦਾ ਰਿਹਾ। ‘ਆਵਾਰਾ` (1951) ਤੋਂ ਲੈ ਕੇ ‘ਬੌਬੀ` (1973) ਤੱਕ ਸਾਰੀਆਂ ਫਿਲਮਾਂ ਦੀਆਂ ਪਟਕਥਾਵਾਂ ਅੱਬਾਸ-ਸਾਠੇ ਦੀ ਜੋੜੀ ਨੇ ਲਿਖੀਆਂ। ‘ਹਿਨਾ` ਵੀ ਅੱਬਾਸ ਦੀ ਕਹਾਣੀ ਉੱਤੇ ਹੀ ਆਧਾਰਿਤ ਸੀ। ਇਸੇ ਤਰ੍ਹਾਂ ਗੁਲਜ਼ਾਰ ਦੀ ਬਿਹਤਰੀਨ (ਪਰ ਫਲੌਪ) ਫਿਲਮ ‘ਅਚਾਨਕ` ਦੀ ਕਹਾਣੀ ਵੀ ਅੱਬਾਸ ਦੀ ਸੀ।
ਅੱਬਾਸ ਨੇ ਆਪਣੀ ਆਤਮ-ਕਥਾ ਉਮਰ ਦੇ 60ਵੇਂ ਵਰ੍ਹੇ ਵਿਚ ਲਿਖਣੀ ਸ਼ੁਰੂ ਕੀਤੀ। ਦੋ ਵਰ੍ਹੇ ਲੱਗੇ ਸੰਪੂਰਨ ਹੁੰਦਿਆਂ। ਇਹ ਪਹਿਲਾਂ ਅੰਗਰੇਜ਼ੀ ਤੇ ਫਿਰ ਉਰਦੂ ਵਿਚ ਛਪੀ। ਇਸ ਦੇ ਲੇਖਣ ਅੰਦਰ ਜੋ ਰਵਾਨੀ ਹੈ, ਉਹ ਡਾ. ਨਰੇਸ਼ ਦੇ ਤਰਜਮੇ ਵਿਚ ਵੀ ਉਸੇ ਸ਼ਿੱਦਤ ਨਾਲ ਬਰਕਰਾਰ ਹੈ। ਇਕ ਵਾਰ ਫਿਰ: ਕਾਬਿਲੇ ਤਾਰੀਫ਼ ਹੈ ਇਹ ਉੱਦਮ।