ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਬਾਰੇ ਦਾਅਵਾ ਕਰਨ ਮਗਰੋਂ ਦੁਨੀਆ ਭਰ ਵਿਚ ਇਸ ਬਾਰੇ ਚਰਚਾ ਛਿੜ ਗਈ ਹੈ। ਇਸ ਦਾਅਵੇ ਪਿੱਛੋਂ ਜਿਥੇ ਦੋਵੇਂ ਦੇਸ਼ ਆਹਮੋ-ਸਾਹਮਣੇ ਆ ਗਏ ਹਨ, ਉਥੇ ਪੰਜਾਬ ਸਮੇਤ ਪੂਰੇ ਮੁਲਕ ਵਿਚ ਸਿੱਖ ਜਥੇਬੰਦੀਆਂ ਨੇ ਭਾਰਤ ਸਰਕਾਰ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨ ਦੀ ਮੰਗ ਚੁੱਕ ਦਿੱਤੀ ਹੈ।
ਚਰਚਾ ਹੈ ਕਿ ਇਸ ਹੱਤਿਆ ਪਿੱਛੇ ਕਥਿਤ ਤੌਰ ਉਤੇ ਭਾਰਤ ਦੇ ਇਕ ਚੋਟੀ ਦੇ ਡਿਪਲੋਮੈਟ ਦਾ ਹੱਥ ਹੈ ਜਿਸ ਨੂੰ ਪਹਿਲਾਂ ਹੀ ਭਾਰਤ ਵਾਪਸ ਸੱਦ ਲਿਆ ਗਿਆ ਸੀ; ਹਾਲਾਂਕਿ ਭਾਰਤ ਦਾ ਦਾਅਵਾ ਹੈ ਕਿ ਕੈਨੇਡਾ ਨੇ ਉਸ ਦੇ ਡਿਪਲੋਮੈਟ ਨੂੰ ਕੱਢਿਆ ਹੈ। ਇਸ ਪਿੱਛੋਂ ਜਵਾਬੀ ਕਾਰਵਾਈ ਕਰਦੇ ਹੋਏ ਭਾਰਤ ਨੇ ਵੀ ਕੈਨੇਡਾ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਕੱਢ ਦਿੱਤਾ ਹੈ।
ਚੇਤੇ ਰਹੇ ਕਿ ਵਿਦੇਸ਼ਾਂ ਵਿਚ ਖਾਲਿਸਤਾਨ ਦੇ ਹਮਾਇਤੀਆਂ ਦੀ ਇਕ ਤੋਂ ਬਾਅਦ ਇਕ ਹੱਤਿਆਵਾਂ ਪਿੱਛੋਂ ਸ਼ੱਕ ਦੀ ਸੂਈ ਭਾਰਤੀ ਏਜੰਸੀਆਂ ਵੱਲ ਗਈ ਸੀ। ਖਾਲਿਸਤਾਨ ਕਮਾਂਡੋ ਫੋਰਸ (ਕੇ.ਸੀ.ਐਫ.) ਦੇ ਖਾੜਕੂ ਪਰਮਜੀਤ ਸਿੰਘ ਪੰਜਵੜ ਦੀ ਪਾਕਿਸਤਾਨ ਵਿਚ ਕੁਝ ਅਣਪਛਾਤਿਆਂ ਨੇ ਗੋਲੀਆਂ ਮਾਰ ਦਿੱਤੀ ਸੀ। ਇਸ ਤੋਂ ਬਾਅਦ ਇਕ ਹੋਰ ਖਾਲਿਸਤਾਨ ਹਮਾਇਤੀ ਅਵਤਾਰ ਸਿੰਘ ਪੁਰਬਾ ਉਰਫ ਖੰਡਾ ਦੀ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਇਕ ਹਸਪਤਾਲ ‘ਚ ਮੌਤ ਹੋ ਗਈ। ਉਸ ਦੀ ਮੌਤ ਬਾਰੇ ਇਹ ਦੋਸ਼ ਵੀ ਲੱਗੇ ਸਨ ਕਿ ਉਸ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਇਸ ਦੇ ਕੁਝ ਦਿਨ ਬਾਅਦ ਹਰਦੀਪ ਸਿੰਘ ਨਿੱਝਰ ਦੀ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਿੱਝਰ ਭਾਰਤ ਵਿਚ ਅਤਿ-ਲੋੜੀਂਦਿਆਂ ਵਿਚੋਂ ਇਕ ਸੀ ਤੇ ਉਸ ਦੇ ਸਿਰ ‘ਤੇ ਦਸ ਲੱਖ ਰੁਪਏ ਦਾ ਇਨਾਮ ਸੀ। ਇਨ੍ਹਾਂ ਮੌਤਾਂ ਪਿੱਛੋਂ ਭਾਰਤੀ ਕੌਂਸਲਖਾਨਿਆਂ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਸਨ।
ਪਿਛਲੇ ਕੁਝ ਸਮੇਂ ਤੋਂ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿਚ ਖਾਲਿਸਤਾਨੀਆਂ ਦੇ ਸਰਗਰਮ ਹੋਣ ਅਤੇ ਭਾਰਤ ਖਿਲਾਫ ਸਾਜ਼ਿਸ਼ ਰਚਣ ਦਾ ਦੋੋਸ਼ ਲਾਇਆ ਜਾ ਰਿਹਾ ਹੈ। ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਵਿਦੇਸ਼ਾਂ ਵਿਚ ਸਰਗਰਮ ਖਾਲਿਸਤਾਨੀਆਂ ਅਤੇ ਉਨ੍ਹਾਂ ਦੇ ਪੰਜਾਬ ਰਹਿੰਦੇ ਪਰਿਵਾਰਾਂ ਉਤੇ ਸ਼ਿਕੰਜਾ ਕੱਸਿਆ ਹੋਇਆ ਹੈ। ਇਸ ਬਾਰੇ ਸਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਕੋਲ ਪਹੁੰਚ ਕਰਕੇ ਸਖਤੀ ਵਰਤਣ ਲਈ ਵੀ ਆਖਿਆ ਗਿਆ ਸੀ ਪਰ ਅਜਿਹੇ ਕੋਈ ਸਬੂਤ ਨਹੀਂ ਮਿਲੇ। ਇਥੋਂ ਤੱਕ ਕਿ ਆਸਟਰੇਲੀਆ ਵਿਚ ਹਿੰਦੂ ਮੰਦਰਾਂ ਉੱਪਰ ਖਾਲਿਸਤਾਨੀ ਨਾਅਰੇ ਲਿਖਣ ਪਿੱਛੇ ਵੀ ਮੰਦਰ ਪ੍ਰਬੰਧਕਾਂ ਦੀ ਮਿਲੀਭੁਗਤ ਦਾ ਖੁਲਾਸਾ ਹੋਇਆ ਹੈ ਅਤੇ ਇਥੇ ਵੀ ਸ਼ੱਕ ਦੀ ਸੂਈ ਭਾਰਤੀ ਏਜੰਸੀਆਂ ਵੱਲ ਘੁੰਮੀ ਹੈ। ਇਥੋਂ ਦੀ ਸਰਕਾਰ ਨੇ ਖਾਲਿਸਤਾਨੀ ਨਾਅਰੇ ਲਿਖਣ ਲਈ ਸਿੱਖਾਂ ਦੀ ਸ਼ਮੂਲੀਅਤ ਤੋਂ ਸਾਫ ਇਨਕਾਰ ਕੀਤਾ ਹੈ।
ਸਿੱਖ ਜਥੇਬੰਦੀਆਂ ਦਾ ਦੋਸ਼ ਹੈ ਕਿ ਭਾਰਤੀ ਹਕੂਮਤ ਵਿਦੇਸ਼ਾਂ ਵਿਚ ਆਪਣੀ ਸਫਲਤਾ ਦੇ ਝੰਡੇ ਗੱਡਣ ਵਾਲੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਦਬਾਉਣ ਤੇ ਬਦਨਾਮ ਕਰਨ ਲਈ ਅਜਿਹੀਆਂ ਚਾਲਾਂ ਚੱਲ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਟਰੂਡੋ ਵੱਲੋਂ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਵੱਲ ਇਸ਼ਾਰਾ ਕੀਤਾ ਗਿਆ ਹੈ। ਸਿੱਖਾਂ ਨਾਲ ਸਬੰਧਤ ਕਈ ਮੁੱਦਿਆਂ ਉੱਪਰ ਮੋਦੀ ਸਰਕਾਰ ਦੀ ਚੁੱਪ ਦੇਸ਼ ਤੇ ਵਿਦੇਸ਼ ਅੰਦਰ ਵੱਸਦੇ ਸਿੱਖਾਂ ਲਈ ਭਾਰੀ ਚਿੰਤਾ ਦਾ ਵਿਸ਼ਾ ਹੈ। ਬ੍ਰਿਟਿਸ਼ ਸਿੱਖ ਨਾਗਰਿਕ ਜੱਗੀ ਜੌਹਲ ਦੀ ਨਾਜਾਇਜ਼ ਗ੍ਰਿਫਤਾਰੀ ਬਾਰੇ ਮੋਦੀ ਸਰਕਾਰ ਦੀ ਚੁੱਪ ਵਰਗੇ ਮਾਮਲੇ ਦੇਸ਼ ਤੇ ਵਿਦੇਸ਼ ਅੰਦਰ ਵੱਸਦੇ ਸਿੱਖਾਂ ਲਈ ਭਾਰੀ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਮਾਮਲਿਆਂ ਬਾਰੇ ਸਿੱਖ ਸੰਸਥਾਵਾਂ ਮੌਜੂਦਾ ਸਰਕਾਰ ਤੋਂ ਜਵਾਬਦੇਹੀ ਮੰਗਣ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਆਖਿਆ ਹੈ, “ਸਾਨੂੰ ਭਾਰਤੀ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡਾ ਦੀ ਧਰਤੀ ਉੱਤੇ ਇਥੋਂ ਦੇ ਵਸਨੀਕ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਪਤਾ ਲੱਗਾ ਹੈ, ਮੈ ਨਿਆਂ ਪ੍ਰਾਪਤੀ ਲਈ ਕੋਈ ਕਸਰ ਨਹੀਂ ਛੱਡਾਂਗਾ ਜਿਸ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਵਾਬਦੇਹੀ ਵੀ ਸ਼ਾਮਲ ਹੈ।”
ਯਾਦ ਰਹੇ ਕਿ ਔਟਵਾ ਵਿਚ ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ ਕਿ ਆਖਿਆ ਹੈ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਰਮਿਆਨ ਸੰਭਾਵੀ ਸਬੰਧਾਂ ਦੇ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ। ਟਰੂਡੋ ਨੇ ਕਿਹਾ ਕਿ ਆਪਣੀ ਧਰਤੀ ਉਤੇ ਕੈਨੇਡੀਅਨ ਨਾਗਰਿਕ ਦੇ ਕਤਲ ‘ਚ ਕਿਸੇ ਹੋਰ ਦੇਸ਼ ਜਾਂ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਹੈ, ਜੋ ਕਿ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।
ਕਿਸਾਨ ਅੰਦੋਲਨ ਤੋਂ ਲੈ ਕੇ ‘ਵਾਰਿਸ ਪੰਜਾਬ ਦੇ` ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਹਾਨੇ ਭਾਰਤ ਵਿਚ ਸਿੱਖ ਨੌਜਵਾਨਾਂ ਦੀ ਫੜ-ਫੜਾਈ ਲਈ ਛੇੜੀ ਮੁਹਿੰਮ ਦਾ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਡਟ ਕੇ ਵਿਰੋਧ ਕੀਤਾ ਸੀ। ਇਸ ਦੌਰਾਨ ਕੈਨੇਡਾ, ਅਮਰੀਕਾ, ਇੰਗਲੈਂਡ ਸਥਿਤ ਭਾਰਤੀ ਦੂਤਘਰਾਂ ਅੱਗੇ ਪ੍ਰਦਰਸ਼ਨ ਕੀਤੇ ਗਏ ਸਨ। ਇਨ੍ਹਾਂ ਪ੍ਰਦਰਸ਼ਨਾਂ ਵਿਚ ਹੋਏ ਇਕੱਠ ਤੇ ਪੰਜਾਬੀਆਂ ਨੇ ਏਕੇ ਨੇ ਭਾਰਤੀ ਏਜੰਸੀਆਂ ਨੂੰ ਵੀ ਸੋਚੀਂ ਪਾ ਦਿੱਤਾ ਸੀ ਜਿਸ ਪਿੱਛੋਂ ਭਾਰਤ ਦਾ ਖ਼ੁਫ਼ੀਆ ਤੰਤਰ ਇਸ ਦਾ ਤੋੜ ਲੱਭਣ ਵਿਚ ਜੁਟ ਗਿਆ ਸੀ।
ਇਸ ਤੋਂ ਬਾਅਦ ਕੌਮੀ ਜਾਂਚ ਏਜੰਸੀ ਨੇ ਸਬੰਧਿਤ ਮੁਲਕਾਂ ਕੋਲ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਉਥੇ ਉਨ੍ਹਾਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਵਿਦੇਸ਼ਾਂ ਵਿਚ ਖਾਲਿਸਤਾਨੀਆਂ ਦੇ ਇਕ ਤੋਂ ਬਾਅਦ ਇਕ ਕਤਲ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਸਿੱਖ ਜਥੇਬੰਦੀਆਂ ਨੇ ਸ਼ੱਕ ਦੀ ਸੂਈ ਭਾਰਤੀ ਏਜੰਸੀਆਂ ਵੱਲ ਕਰ ਦਿੱਤੀ। ਇਸ ਤੋਂ ਬਾਅਦ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਇਸ ਦੀ ਨਿਰਪੱਖ ਜਾਂਚ ਹੋਵੇ। ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਬਿਆਨ ਨੇ ਇਸ ਮੁੱਦੇ ਨੂੰ ਹੋਰ ਹਵਾ ਦੇ ਦਿੱਤੀ ਹੈ।
ਭਾਰਤ ਦੀ ਭਾਜਪਾ ਹਕੂਮਤ ਵਲੋਂ ਇਸ ਸਬੰਧੀ ਕੋਈ ਸਪਸ਼ਟ ਜਵਾਬ ਦੇਣ ਦੀ ਬਜਾਇ ਆਪਣੇ ਹਮਾਇਤੀ ਸਿੱਖ ਆਗੂਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ ਅਤੇ ਤਾਜ਼ਾ ਘਟਨਾਕ੍ਰਮ ਦਾ ਭਾਰਤ ਖਿਲਾਫ ਸਾਜ਼ਿਸ਼ ਵਜੋਂ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਏਜੰਸੀਆਂ ਵੀ ਨਿੱਝਰ ਦਾ ਰਿਕਾਰਡ ਕੱਢ ਕੇ ਬੈਠੀ ਗਈਆਂ ਹਨ ਕਿ ਉਹ ਪੰਜਾਬ ‘ਚ ਨੌਜਵਾਨਾਂ ਨੂੰ ਲੁਭਾਉਣ ਅਤੇ ਅਤਿਵਾਦੀ ਗਰੋਹ ਬਣਾ ਕੇ ਫੰਡ ਇਕੱਠਾ ਕਰਨ ਅਤੇ ਵਪਾਰੀਆਂ ਅਤੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਕੁੱਲ ਮਿਲਾ ਕੇ ਸਿੱੱਖਾਂ ਦੀ ‘ਸੱਚੀ ਸ਼ੁਭਚਿੰਤਕ‘ ਹੋਣ ਬਾਰੇ ਪ੍ਰਚਾਰ ਕਰ ਰਹੀ ਭਾਜਪਾ ਸਰਕਾਰ ਇਸ ਸਮੇਂ ਕਸੂਤੀ ਸਥਿਤੀ ਵਿਚ ਫਸੀ ਨਜ਼ਰ ਆ ਰਹੀ ਹੈ।
ਇਸੇ ਦੌਰਾਨ ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਅਤੇ ਬੇਬੁਨਿਆਦ ਕਰਾਰ ਦਿੱਤਾ। ਨਵੀਂ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਨੇ ਬਿਆਨ ਵਿਚ ਕਿਹਾ, “ਕੈਨੇਡਾ ਵਿਚ ਕਿਸੇ ਵੀ ਹਿੰਸਾ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਬੇਤੁਕੇ ਅਤੇ ਬੇਬੁਨਿਆਦ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਾਡੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਵਿਚ ਇਹੀ ਦੋਸ਼ ਲਗਾਏ ਸਨ ਜਿਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਭਾਰਤ ਜਮਹੂਰੀ ਮੁਲਕ ਹੈ ਜੋ ਕਾਨੂੰਨ ਦੇ ਸ਼ਾਸਨ ਲਈ ਵਚਨਬੱਧ ਹੈ।”