ਜੀ-20: ਸਲਾਮਤੀ ਕੌਂਸਲ ਸਣੇ ਆਲਮੀ ਸੰਸਥਾਵਾਂ ਦੇ ਵਿਸਥਾਰ ਉਤੇ ਜ਼ੋਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਅਤੇ ਸਾਰੀਆਂ ਆਲਮੀ ਸੰਸਥਾਵਾਂ ਦੇ ਵਿਸਥਾਰ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਨ੍ਹਾਂ ‘ਚ ਦੁਨੀਆ ਦੀ ਨਵੀਂ ਹਕੀਕਤ ਝਲਕਣੀ ਚਾਹੀਦੀ ਹੈ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜੋ ਸਮੇਂ ਦੇ ਨਾਲ ਨਹੀਂ ਬਦਲਦੇ,

ਉਹ ਆਪਣੀ ਪ੍ਰਸੰਗਿਕਤਾ ਗੁਆ ਬੈਠਦੇ ਹਨ। ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਮੋਦੀ ਨੇ ਨਵੰਬਰ ਦੇ ਅਖੀਰ ‘ਚ ਗਰੁੱਪ ਦੇ ਵਰਚੁਅਲ ਸੈਸ਼ਨ ਦੀ ਤਜਵੀਜ਼ ਵੀ ਪੇਸ਼ ਕੀਤੀ ਤਾਂ ਜੋ ਲੀਡਰਜ ਸਮਿਟ ਦੌਰਾਨ ਦਿੱਤੇ ਗਏ ਸੁਝਾਵਾਂ ਅਤੇ ਫੈਸਲਿਆਂ ‘ਤੇ ਅਮਲ ਦਾ ਜਾਇਜ਼ਾ ਲਿਆ ਜਾ ਸਕੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ ਸਮੇਤ ਹੋਰ ਆਲਮੀ ਆਗੂਆਂ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਦੀ ਸਮਾਧ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਰੇ ਆਗੂਆਂ ਨੂੰ ਮੋਦੀ ਨੇ ‘ਅੰਗਵਸਤਰਮ‘ ਜਾਂ ਸ਼ਾਲ ਦੇ ਕੇ ਸਨਮਾਨਿਤ ਕੀਤਾ। ਸਾਰੇ ਆਗੂਆਂ ਨੇ ‘ਅਮਨ ਕੰਧ‘ ‘ਤੇ ਆਪਣੇ ਦਸਤਖ਼ਤ ਵੀ ਕੀਤੇ।
ਜੀ-20 ਸਿਖਰ ਸੰਮੇਲਨ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਈ ਖੇਤਰੀ ਗਰੁੱਪ ਉਭਰ ਕੇ ਆਏ ਹਨ ਅਤੇ ਉਹ ਕਈ ਸਾਲਾਂ ਤੋਂ ਅਸਰਦਾਰ ਸਾਬਤ ਹੋਏ ਹਨ। ਉਨ੍ਹਾਂ ਆਲਮੀ ਸੰਸਥਾਵਾਂ ‘ਚ ਸੁਧਾਰਾਂ ਦੀ ਵਕਾਲਤ ਕਰਦਿਆਂ ਕਿਹਾ,”ਅਫਰੀਕੀ ਯੂਨੀਅਨ ਨੂੰ ਜੀ-20 ਦਾ ਮੈਂਬਰ ਬਣਾ ਕੇ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਇਸੇ ਤਰ੍ਹਾਂ ਸਾਨੂੰ ਬਹੁਧਿਰੀ ਵਿਕਾਸ ਬੈਂਕਾਂ ਦੇ ਵਿਸਥਾਰ ਦੀ ਲੋੜ ਹੈ। ਇਸ ਦਿਸ਼ਾ ਵੱਲ ਸਾਡੇ ਫੈਸਲੇ ਫੌਰੀ ਅਤੇ ਢੁਕਵੇਂ ਹੋਣੇ ਚਾਹੀਦੇ ਹਨ।“ ਉਨ੍ਹਾਂ ਨਵੰਬਰ ਦੇ ਅਖੀਰ ‘ਚ ਵਰਚੁਅਲੀ ਸੈਸ਼ਨ ਦੀ ਤਜਵੀਜ਼ ਪੇਸ਼ ਕਰਦਿਆਂ ਕਿਹਾ ਕਿ ਇਸ ਸੰਮੇਲਨ ‘ਚ ਲਏ ਗਏ ਫੈਸਲਿਆਂ ਦੀ ਉਸ ਸਮੇਂ ਸਮੀਖਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਸਾਰਿਆਂ ਨਾਲ ਵੇਰਵੇ ਸਾਂਝੇ ਕਰਨਗੀਆਂ ਅਤੇ ਆਸ ਜਤਾਈ ਕਿ ਉਹ ਸਾਰੇ ਵਰਚੁਅਲੀ ਇਜਲਾਸ ‘ਚ ਸ਼ਾਮਲ ਹੋਣਗੇ। ਇਸ ਮਗਰੋਂ ਮੋਦੀ ਨੇ ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਦਾ ਐਲਾਨ ਕੀਤਾ। ‘ਇਕ ਭਵਿੱਖ‘ ਸੈਸ਼ਨ ਦੌਰਾਨ ਮੋਦੀ ਨੇ ਸਾਈਬਰ ਸੁਰੱਖਿਆ ਅਤੇ ਕ੍ਰਿਪਟੋ ਕੰਰਸੀਆਂ ਨੂੰ ਭਖਦੇ ਮੁੱਦੇ ਦੱਸਿਆ ਜੋ ਦੁਨੀਆ ਦੇ ਮੌਜੂਦਾ ਅਤੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਕ੍ਰਿਪਟੋ ਕਰੰਸੀ ਨੂੰ ਸਮਾਜ, ਮਾਲੀ ਅਤੇ ਵਿੱਤੀ ਸਥਿਰਤਾ ਲਈ ਨਵਾਂ ਵਿਸ਼ਾ ਕਰਾਰ ਦਿੱਤਾ ਅਤੇ ਇਸ ਨੂੰ ਨਿਯਮਤ ਬਣਾਉਣ ਲਈ ਆਲਮੀ ਮਾਪਦੰਡ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਈਬਰ ਸਪੇਸ ਅਤਿਵਾਦ ਦੀ ਫੰਡਿੰਗ ਦਾ ਨਵਾਂ ਸਰੋਤ ਬਣ ਗਿਆ ਹੈ ਅਤੇ ਇਸ ਦੀ ਸੁਰੱਖਿਆ ਲਈ ਆਲਮੀ ਸਹਿਯੋਗ ਅਤੇ ਢਾਂਚਾ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਹਰੇਕ ਮੁਲਕ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਬਹੁਤ ਅਹਿਮ ਵਿਸ਼ਾ ਹੈ। ‘ਜਦੋਂ ਅਸੀਂ ਹਰੇਕ ਮੁਲਕ ਦੀ ਸੁਰੱਖਿਆ ਅਤੇ ਸੰਵੇਦਨਸ਼ੀਲਤਾ ਦਾ ਧਿਆਨ ਰੱਖਾਂਗੇ ਤਾਂ ‘ਇਕ ਭਵਿੱਖ‘ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ।‘ ਉਨ੍ਹਾਂ ਮਸਨੂਈ ਬੌਧਿਕਤਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਹ ਮਨੁੱਖ ਕੇਂਦਰਿਤ ਹੋਣੀ ਚਾਹੀਦੀ ਹੈ। ਮੋਦੀ ਨੇ ‘ਐਕਸ‘ ‘ਤੇ ਪੋਸਟ ਕੀਤਾ ਕਿ ਜੀ.ਡੀ.ਪੀ. ਕੇਂਦਰਿਤ ਪਹੁੰਚ ਹੁਣ ਪੁਰਾਣੀ ਹੋ ਗਈ ਹੈ ਅਤੇ ਸਮਾਂ ਆ ਗਿਆ ਹੈ ਕਿ ਤਰੱਕੀ ਲਈ ਮਨੁੱਖ ਕੇਂਦਰਿਤ ਨਜ਼ਰੀਆ ਅਪਣਾਇਆ ਜਾਵੇ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪਿਆ ਪ੍ਰਧਾਨਗੀ ਦਾ ਚਿੰਨ੍ਹ
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਭਵਿੱਖ` ਸੈਸ਼ਨ ਦੀ ਸਮਾਪਤੀ `ਤੇ ਬ੍ਰਾਜੀਲ ਦੇ ਰਾਸ਼ਟਰਪਤੀ ਲੂਈਜ ਇਨਾਸੀਓ ਲੂਲਾ ਦਾ ਸਿਲਵਾ ਨੂੰ ਜੀ-20 ਦੀ ਪ੍ਰਧਾਨਗੀ ਦਾ ਪ੍ਰਤੀਕ ਚਿੰਨ੍ਹ ਸੌਂਪਿਆ ਅਤੇ ਸ਼ੁੱਭ ਇਛਾਵਾਂ ਦਿੱਤੀਆਂ। ਬ੍ਰਾਜ਼ੀਲ ਇਸ ਸਾਲ ਸਰਕਾਰੀ ਤੌਰ `ਤੇ ਪਹਿਲੀ ਦਸੰਬਰ ਨੂੰ ਵੱਕਾਰੀ ਗਰੁੱਪ ਦੀ ਪ੍ਰਧਾਨਗੀ ਸੰਭਾਲੇਗਾ। ਬਾਅਦ `ਚ ਸਮਾਪਤੀ ਸੈਸ਼ਨ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜੀਲ ਨੂੰ ਪੂਰੀ ਹਮਾਇਤ ਦਿੰਦਿਆਂ ਆਸ ਪ੍ਰਗਟਾਈ ਕਿ ਜੀ-20 ਦੀ ਬ੍ਰਾਜੀਲ ਨੂੰ ਪ੍ਰਧਾਨਗੀ ਨਾਲ ਗਰੁੱਪ ਦੇ ਸਾਂਝੇ ਨਿਸ਼ਾਨਿਆਂ ਨੂੰ ਅੱਗੇ ਵਧਾਇਆ ਜਾਵੇਗਾ। ‘ਭਾਰਤ ਪ੍ਰਧਾਨਗੀ ਦਾ ਪ੍ਰਤੀਕ ਚਿੰਨ੍ਹ ਬ੍ਰਾਜੀਲ ਨੂੰ ਸੌਂਪਦਾ ਹੈ। ਸਾਨੂੰ ਭਰੋਸਾ ਹੈ ਕਿ ਉਹ ਪੂਰੇ ਸਮਰਪਣ ਅਤੇ ਨਜ਼ਰੀਏ ਨਾਲ ਆਲਮੀ ਏਕਤਾ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਣਗੇ।`
ਰੂਸ ਵੱਲੋਂ ਜੀ-20 ਐਲਾਨਨਾਮਾ ‘ਸੰਤੁਲਿਤ` ਕਰਾਰ
ਨਵੀਂ ਦਿੱਲੀ: ਰੂਸ ਨੇ ਜੀ-20 ਐਲਾਨਨਾਮੇ ਨੂੰ ‘ਸੰਤੁਲਿਤ` ਕਰਾਰ ਦਿੱਤਾ ਹੈ। ਰੂਸ ਨੇ ਐਲਾਨਨਾਮੇ ਦੀ ਸ਼ਲਾਘਾ ਕੀਤੀ ਹੈ ਜਿਸ ਵਿਚ ਯੂਕਰੇਨ ਨਾਲ ਜੰਗ ਲਈ ਮਾਸਕੋ ਦੀ ਸਿੱਧੇ ਤੌਰ `ਤੇ ਨੁਕਤਾਚੀਨੀ ਤੋਂ ਪਰਹੇਜ਼ ਕੀਤਾ ਗਿਆ ਹੈ। ਰੂਸ ਨੇ ਕਿਹਾ ਕਿ ਜੀ-20 ਆਗੂਆਂ ਨੇ ਰੂਸ-ਯੂਕਰੇਨ ਵਿਵਾਦ ਨੂੰ ਸੁਲਝਾਉਣ ਦੇ ਹਿੱਤ ਵਿਚ ਕੰਮ ਕੀਤਾ ਹੈ। ਜੀ-20 ਸਿਖਰ ਸੰਮੇਲਨ ਦੇ ਦੂਜੇ ਦਿਨ ਵੀ ਇਸ ਮੁੱਦੇ `ਤੇ ਵਿਚਾਰ ਚਰਚਾ ਜਾਰੀ ਰਹੀ। ਦੱਸ ਦਈਏ ਕਿ ਜੀ-20 ਨੇ ਨਵੀਂ ਦਿੱਲੀ ਵਿਚ ਸਰਬਸੰਮਤੀ ਨਾਲ ਐਲਾਨਨਾਮੇ ਨੂੰ ਅਪਣਾਇਆ ਸੀ ਜਿਸ ਵਿਚ ਜੰਗ ਲਈ ਰੂਸ ਦੀ ਨਿਖੇਧੀ ਤੋਂ ਪਰਹੇਜ਼ ਕੀਤਾ ਗਿਆ ਸੀ ਪਰ ਯੂਕਰੇਨੀ ਖੇਤਰਾਂ `ਤੇ ਕਬਜ਼ੇ ਲਈ ਤਾਕਤ ਦੀ ਵਰਤੋਂ ਨਾ ਕਰਨ ਦਾ ਸੱਦਾ ਦਿੱਤਾ ਗਿਆ ਸੀ।