ਪੰਜਾਬ ਨੂੰ ਆਲਮੀ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗੀ ਪੰਜਾਬ ਸਰਕਾਰ

ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਨੂੰ ਆਲਮੀ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇਥੇ ਪਹਿਲੇ ਸੈਰ-ਸਪਾਟਾ ਸੰਮੇਲਨ ਅਤੇ ਟਰੈਵਲ ਮਾਰਟ ਦੇ ਉਦਘਾਟਨੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰਾਂ ਨੂੰ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀਆਂ ਦੁਆਵਾਂ ਅਤੇ ਸ਼ੁੱਭ ਕਾਮਨਾਵਾਂ ਮਿਲ ਸਕਣ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਪੰਜਾਬ ਦੀ ਧਰਤੀ ਸਭ ਤੋਂ ਵੱਧ ਜ਼ਰਖੇਜ਼ ਹੈ ਅਤੇ ਇਸ ਧਰਤੀ ‘ਤੇ ਨਫ਼ਰਤ ਦੇ ਬੀਜ ਤੋਂ ਸਿਵਾਏ ਕੁਝ ਵੀ ਬੀਜਿਆ ਜਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ,”ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦੇ ਹੱਥਾਂ ‘ਚ ਟੀਕੇ ਦੀ ਬਜਾਏ ਟਿਫਿਨ ਦੇਣਾ ਚਾਹੁੰਦੀ ਹੈ ਤਾਂ ਜੋ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਸੈਰ-ਸਪਾਟਾ ਨੂੰ ਹੁਲਾਰਾ ਦੇ ਕੇ ਇਸ ਨੇਕ ਕੰਮ ‘ਚ ਯੋਗਦਾਨ ਪਾਇਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।“ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿਚ 50 ਤੋਂ 100 ਏਕੜ ਜ਼ਮੀਨ ਵਿਚ ‘ਸੈਲੀਬ੍ਰੇਸ਼ਨ ਡੈਸਟੀਨੇਸ਼ਨ‘ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਖ਼ੁਸ਼ੀ ਦੇ ਮੌਕੇ ਜਸ਼ਨ ਮਨਾਉਣ ਲਈ ਇਸ ਸੈਲੀਬ੍ਰੇਸ਼ਨ ਪੁਆਇੰਟ ‘ਤੇ ਬੈਂਕੁਇਟ ਹਾਲਾਂ ਦਾ ਨਿਰਮਾਣ ਕੀਤਾ ਜਾਵੇਗਾ। ਸੂਬੇ ਵਿਚ ਈਕੋ-ਟੂਰਿਜ਼ਮ ਨੂੰ ਵੀ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਕਿਉਂ ਜੋ ਸੂਬੇ ਨੂੰ ਕੁਦਰਤੀ ਸੌਗਾਤਾਂ ਦੀ ਬਖ਼ਸ਼ਿਸ਼ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਚਮਰੋੜ ਪੱਤਣ ਵਰਗੀਆਂ ਥਾਵਾਂ ਨੂੰ ਵੀ ਵਿਕਸਤ ਕਰਨ ਸਮੇਤ ਫ਼ਿਲਮਾਂ ਦੀ ਸ਼ੂਟਿੰਗ, ਪੋਸਟ-ਪ੍ਰੋਡਕਸ਼ਨ ਅਤੇ ਫ਼ਿਲਮਾਂ ਰਿਲੀਜ਼ ਕਰਨ ਲਈ ਪੰਜਾਬ ਵਿਚ ਫ਼ਿਲਮ ਸਿਟੀ ਵਿਕਸਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਦੇਸ਼ ਵਿਚ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਸੈਰ-ਸਪਾਟੇ ਤੋਂ ਇਲਾਵਾ ਸੈਰ-ਸਪਾਟੇ ਦੇ ਬਾਕੀ ਖੇਤਰਾਂ ਨੂੰ ਵੀ ਵਿਕਸਤ ਕੀਤਾ ਜਾਵੇਗਾ।