ਮਿਸ਼ਨ 2024: ਪੰਜਾਬ ‘ਚ ਆਪ ਤੇ ਕਾਂਗਰਸ ਦੇ ਗੱਠਜੋੜ ਤੋਂ ਖਿੱਚੋਤਾਣ

ਚੰਡੀਗੜ੍ਹ: ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਹੁਣ ਸੱਤਾਧਾਰੀ ‘ਆਪ` ਤੇ ਵਿਰੋਧੀ ਧਿਰ ਕਾਂਗਰਸ ਦਰਮਿਆਨ ਸ਼ਬਦੀ ਜੰਗ ਭਖ ਗਈ ਹੈ। ਕੌਮੀ ਪੱਧਰ ਉਤੇ ‘ਇੰਡੀਆ` ਗੱਠਜੋੜ ਵਿਚ ਇਨ੍ਹਾਂ ਦੋਵਾਂ ਧਿਰਾਂ ਵਿਚ ਸਭ ਅੱਛਾ ਜਾਪਦਾ ਹੈ, ਪਰ ਪੰਜਾਬ ਵਿਚ ਕਾਂਗਰਸ ਅਤੇ ‘ਆਪ` ਦੇ ਆਗੂ ਖੁੱਲ੍ਹ ਕੇ ਇਕ ਦੂਜੇ ਖ਼ਿਲਾਫ਼ ਬੋਲਣ ਲੱਗੇ ਹਨ। ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਪੰਜਾਬ ਵਿਚ ਇਕੱਲੇ ਲੜਨ ਦੇ ਬਿਆਨ ਨੂੰ ਲੈ ਕੇ ‘ਆਪ` ਦੀ ਸੂਬਾਈ ਲੀਡਰਸ਼ਿਪ ਨੇ ਕੌਮੀ ਆਗੂਆਂ ਕੋਲ ਸ਼ਿਕਾਇਤ ਕੀਤੀ ਹੈ।

ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲੜਨ ਦੀ ਤਿਆਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਬਾਰੇ ਫੈਸਲਾ ਭਾਵੇਂ ਪਾਰਟੀ ਹਾਈਕਮਾਨ ਕਰੇਗੀ, ਪਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਕੋਈ ਫੈਸਲਾ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਗੱਠਜੋੜ ਹੋਣ ਦੀਆਂ ਅਫਵਾਹਾਂ ਹੀ ਹਨ। ਪੰਜਾਬ ਕਾਂਗਰਸ ਦੇ ਆਗੂਆਂ ਨੇ ਬੈਠਕ ਕਰਕੇ ਸੂਬੇ ਵਿਚ ਆਗਾਮੀ ਲੋਕ ਸਭਾ ਚੋਣਾਂ ਲਈ ‘ਆਪ` ਨਾਲ ਗੱਠਜੋੜ ਕੀਤੇ ਜਾਣ `ਤੇ ਸਖ਼ਤ ਇਤਰਾਜ਼ ਜਤਾਇਆ ਸੀ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਬਿਆਨ `ਤੇ ਵੜਿੰਗ ਨੇ ਕਿਹਾ ਕਿ ਮੰਤਰੀ ਦੇ ਬਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ‘ਆਪ` ਨਾਲ ਗੱਠਜੋੜ ਹੋਣ ਬਾਰੇ ਕੋਈ ਗੱਲ ਨਹੀਂ ਕਹੀ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ‘ਆਪ` ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ 2024 ਦੀਆਂ ਚੋਣਾਂ ਆਪਣੇ ਦਮ `ਤੇ ਲੜਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਾਡਰ ‘ਆਪ` ਨਾਲ ਗੱਠਜੋੜ ਕੀਤੇ ਬਿਨਾਂ 2024 ਦੀਆਂ ਚੋਣਾਂ ਇਕੱਲੇ ਲੜਨ ਦੇ ਹੱਕ ਵਿਚ ਹੈ। ਹਾਈਕਮਾਨ ਨੇ ਪ੍ਰਦੇਸ਼ ਕਾਂਗਰਸ ਨੂੰ ਕਾਡਰ ਅਤੇ ਵਰਕਰਾਂ ਦੇ ਮੂਡ ਦਾ ਮੁਲਾਂਕਣ ਕਰਨ ਦੀ ਖੁੱਲ੍ਹ ਦਿੱਤੀ ਹੈ। ‘ਆਪ` ਡੇਢ ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਵੀ ਕਾਂਗਰਸ ਨਾਲ ਗੱਠਜੋੜ ਕਰਨ ਲਈ ਬੇਤਾਬ ਹੈ। ਕਾਂਗਰਸ ਨੇ ਗੱਠਜੋੜ ਬਾਰੇ ਕੋਈ ਬਿਆਨ ਨਹੀਂ ਦਿੱਤਾ ਜਦੋਂ ਕਿ ‘ਆਪ` ਆਗੂ ਹੀ ਅਜਿਹੇ ਬਿਆਨ ਦਾਗ ਰਹੇ ਹਨ।
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ‘ਆਪ` ਨਾਲ ਲੋਕ ਸਭਾ ਚੋਣਾਂ-2024 ਵਿਚ ਗੱਠਜੋੜ ਦਾ ਵਿਰੋਧ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਸਮਝੌਤਾ ਨਾ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ‘ਆਪ` ਵੱਲੋਂ ਕਾਂਗਰਸ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ` ਪੰਜਾਬ ਵਿਚ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ `ਤੇ ਇਕੱਲੀ ਚੋਣ ਲੜੇਗੀ ਤੇ ਜਿੱਤ ਹਾਸਲ ਕਰੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਟੈਂਡ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਕੌਮੀ ਪੱਧਰ `ਤੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਇਕੱਠੇ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਮਾਨਦਾਰ ਪਾਰਟੀ ਨੂੰ ਚੁਣ ਕੇ ਭੇਜਿਆ ਹੈ ਅਤੇ ਪੰਜਾਬ ਦੇ ਲੋਕ ‘ਆਪ` ਦਾ ਕਾਂਗਰਸ ਨਾਲ ਗੱਠਜੋੜ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਨਕਾਰੀ ਹੋਈ ਕਾਂਗਰਸ ਨਾਲ ‘ਆਪ` ਗੱਠਜੋੜ ਨਹੀਂ ਕਰੇਗੀ। ਚੇਤੇ ਰਹੇ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੇ ਸੰਸਦੀ ਚੋਣਾਂ ਲਈ ਪੰਜਾਬ ਵਿਚ ‘ਆਪ` ਨਾਲ ਗੱਠਜੋੜ ਕਰਨ ਦਾ ਵਿਰੋਧ ਕੀਤਾ ਸੀ। ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਹਿ ਚੁੱਕੇ ਹਨ ਕਿ ‘ਆਪ` ਤੇ ਕਾਂਗਰਸ ਦੇ ਗੱਠਜੋੜ ਲਈ ਮਾਮੂਲੀ ਗੱਲਾਂ ਨੂੰ ਭੁਲਾਉਣਾ ਪਵੇਗਾ।
ਅਨੁਸ਼ਾਸਨ ਭੰਗ ਕਰਨ ਵਾਲਿਆਂ ਲਈ ਕਾਂਗਰਸ ‘ਚ ਕੋਈ ਥਾਂ ਨਹੀਂ: ਸਿੱਧੂ
ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਇੰਡੀਆ ਗੱਠਜੋੜ ਦੀ ਆਲੋਚਨਾ ਕਰ ਰਹੇ ਕਾਂਗਰਸੀਆਂ ਨੂੰ ਕਿਹਾ ਕਿ ਜੋ ਅਨੁਸ਼ਾਸਨ ਵਿਚ ਰਹੇਗਾ ਉਹ ਹੀ ਕਾਂਗਰਸ ਵਿਚ ਟਿਕ ਸਕੇਗਾ। ਹਾਲਾਂ ਕਿ ਉਨ੍ਹਾਂ ਨਾਮ ਲਏ ਬਗੈਰ ਮੁੜ ਕਿਹਾ ਕਿ ਕਾਂਗਰਸੀ ਹਮੇਸ਼ਾ ਅਨੁਸ਼ਾਸਨ ਵਿਚ ਰਹਿ ਕੇ ਆਪਣੀ ਹਾਈਕਮਾਂਡ ਦੇ ਕਹਿਣ ‘ਤੇ ਚੱਲਦੇ ਹਨ ਪਰ ਜੋ ਵੀ ਪੰਜਾਬ ਵਿਚ ਇੰਡੀਆ ਗੱਠਜੋੜ ਦੀ ਨੁਕਤਾਚੀਨੀ ਕਰ ਰਹੇ ਹਨ, ਉਹ ਆਪਣੇ ਆਪ ਹੀ ਸਿੱਧੇ ਰਾਹ ਪੈ ਜਾਣਗੇ। ਉਨ੍ਹਾਂ ਕਿਹਾ ਕਿ ਤਿੰਨ ਕਰੋੜ ਪੰਜਾਬੀਆਂ ਨੂੰ ਸੱਚ ਦੇ ਮਾਰਗ ‘ਤੇ ਚੱਲ ਕੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਪੰਜਾਬ ਦਾ ਭਲਾ ਹੋ ਸਕੇਗਾ।