ਜਲੰਧਰ: ਕੈਨੇਡਾ ਦੇ ਨੌਰਥ ਬੇਅ ਦੇ ਕੈਨਡੋਰ ਕਾਲਜ ‘ਚ ਰਿਹਾਇਸ਼ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ 300 ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਹੋ ਗਈ ਹੈ। ਕਿਉਂਕਿ ਰਿਹਾਇਸ਼ ਦਾ ਵਾਅਦਾ ਕਰਕੇ ਮੁੱਕਰੇ ਕਾਲਜ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਮੰਗ ਨੂੰ ਮੰਨ ਲਿਆ ਹੈ ਅਤੇ ਰਿਹਾਇਸ਼ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
ਕਾਲਜ ਨੇ ਆਪਣੀ ਰਿਹਾਇਸ਼ੀ ਸਮਰੱਥਾ ਤੋਂ ਵੱਧ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਹੋਏ ਸਨ, ਜਿਸ ਕਰਕੇ ਰਿਹਾਇਸ਼ ਦਾ ਇਹ ਸੰਕਟ ਖੜ੍ਹਾ ਹੋਇਆ। ਵੇਰਵਿਆਂ ਮੁਤਾਬਕ ਸਤੰਬਰ 2023 ਦੇ ਬੈਚ ਲਈ ਕੈਨਡੋਰ ਕਾਲਜ ਨੇ ਤਕਰੀਬਨ 3500 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ। ਨੌਰਥ ਬੇਅ ਕੈਨੇਡਾ ਦੇ ਇਸ ਘੱਟ ਵਸੋਂ ਵਾਲੇ ਸ਼ਹਿਰ ਵਿਚ ਪਹਿਲਾਂ ਹੀ ਰਿਹਾਇਸ਼ੀ ਮਕਾਨਾਂ ਦੀ ਕਮੀ ਰਹਿੰਦੀ ਰਹੀ ਹੈ। ਪਬਲਿਕ ਪ੍ਰਾਈਵੇਟ ਹਿੱਸੇਦਾਰੀ (ਪੀ.ਪੀ.ਪੀ.) ਦੀ ਨੀਤੀ ਤਹਿਤ ਕਾਲਜ ਨੂੰ ਸਰਕਾਰ ਵੱਲੋਂ ਪੂਰੀ ਤਰ੍ਹਾਂ ਰੈਗੂਲੇਟ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਵਿਦਿਆਰਥੀਆਂ ਨੂੰ ਕਾਲਜ ਦੇ ਰਹਿਮੋ-ਕਰਮ ‘ਤੇ ਹੀ ਛੱਡ ਦਿੱਤਾ ਗਿਆ।
ਵਿਦਿਆਰਥੀਆਂ ਨੇ ਕਿਹਾ ਕਿ ਜੇ ਦਾਖ਼ਲੇ ਵੇਲੇ ਕਾਲਜ ਰਿਹਾਇਸ਼ ਦਾ ਵਾਅਦਾ ਕਰਦਾ ਹੈ ਤਾਂ ਇਸ ਨੂੰ ਪੂਰਾ ਵੀ ਕਰਨਾ ਚਾਹੀਦਾ ਹੈ ਕਿਉਂਕਿ ਵੱਖ-ਵੱਖ ਮੁਲਕਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਇਸੇ ਭਰੋਸੇ ‘ਤੇ ਇਥੇ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ ਤੇ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ਕਰਕੇ ਵਿਦਿਆਰਥੀਆਂ ਨੂੰ ਪੱਕਾ ਮੋਰਚਾ ਲਾਉਣਾ ਪਿਆ।
ਉਨ੍ਹਾਂ ਕਿਹਾ ਕਿ ਸਾਡੇ ਇਸ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਕਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ, ਪਰ ਭਾਰੀ ਮੀਂਹ ਅਤੇ ਸਾਰੀਆਂ ਔਕੜਾਂ ਦੇ ਬਾਵਜੂਦ ਅਸੀਂ ਆਪਣਾ ਸੰਘਰਸ਼ ਜਾਰੀ ਰੱਖਿਆ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ ਦੀ ਆਰਥਿਕਤਾ ‘ਚ ਵੱਡਾ ਯੋਗਦਾਨ ਹੈ, ਪਰ ਮੁਨਾਫੇ ਦਾ ਸਾਧਨ ਬਣੀ ਸਿੱਖਿਆ ਨੀਤੀ ਤਹਿਤ ਸਭ ਤੋਂ ਵੱਧ ਮਾਰ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਹੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਪੱਕੇ ਮੋਰਚੇ ਦੇ ਚੌਵੀ ਘੰਟੇ ਬੀਤਣ ਮਗਰੋਂ ਅਖੀਰ ਕਾਲਜ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਿਆ ਹੈ। ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਵਿਦਿਆਰਥੀਆਂ ਲਈ ਸਸਤੇ ਰੇਟ ‘ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ, ਬਿਨਾਂ ਕਟੌਤੀ ਪੂਰੀ ਫੀਸ ਵਾਪਸ ਕੀਤੀ ਜਾਵੇਗੀ ਤੇ ਆਈ.ਆਰ.ਸੀ.ਸੀ. ਦੇ ਨਿਯਮਾਂ ਅਨੁਸਾਰ ਵਿਦਿਆਰਥੀਆਂ ਦੀਆਂ ਕਲਾਸਾਂ ਆਨਲਾਈਨ ਕੀਤੀਆਂ ਜਾਣਗੀਆਂ।
ਇਸ ਮੌਕੇ ਇਕ ਹੋਰ ਵਿਦਿਆਰਥੀ ਆਗੂ ਮਨਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਵੱਲੋਂ ਕਾਲਜ ਵਿਚ ਰਹਿਣ ਵਾਲੇ, ਇਥੋਂ ਜਾਣ ਦੇ ਇਛੁੱਕ ਅਤੇ ਰਿਫੰਡ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਮੰਗੀ ਗਈ ਸੀ, ਜੋ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ।
ਅਮਰੀਕਾ ਗਏ ਪੰਜਾਬੀ ਦੀ ਸੜਕ ਹਾਦਸੇ ‘ਚ ਮੌਤ
ਗੁਰਦਾਸਪੁਰ: ਦੀਨਾਨਗਰ ਦੇ ਪਿੰਡ ਬਹਾਦਰ ਦੇ ਜੰਮਪਲ ਜਗਜੋਤ ਸਿੰਘ (30) ਦੀ ਅਮਰੀਕਾ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜਗਜੋਤ ਸਿੰਘ 2017 ਵਿਚ ਅਮਰੀਕਾ ਗਿਆ ਸੀ। ਉਹ ਡਰਾਈਵਰੀ ਕਰ ਕੇ ਆਪਣੀ ਰੋਜ਼ੀ ਰੋਟੀ ਚਲਾ ਰਿਹਾ ਸੀ। ਇਨ੍ਹੀਂ ਦਿਨੀਂ ਉਹ ਨਿਊ ਯਾਰਕ ਤੋਂ ਕੈਲੀਫੋਰਨੀਆ ਤੱਕ ਟਰੱਕ ਚਲਾ ਰਿਹਾ ਸੀ। ਉਹ ਪਿਛਲੇ ਦਿਨੀਂ ਲਾਸ ਏਂਜਲਸ ਸ਼ਹਿਰ ਵਿਚ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਉਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਜਿੱਥੇ ਬੀਤੇ ਦਿਨੀਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।