ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਕੈਨੇਡਾ ਵੱਸਦੇ ਲਿਖਾਰੀ ਹਰਪ੍ਰੀਤ ਸੇਖਾ (ਕੈਨੇਡਾ) ਦਾ ਨਾਵਲ ‘ਹਨੇਰੇ ਰਾਹ’ ਟਰੱਕਿੰਗ ਸਨਅਤ ਨਾਲ ਜੁੜੀਆਂ ਹਕੀਕਤਾਂ ਦੇ ਰੂ-ਬ-ਰੂ ਕਰਵਾਉਂਦਾ ਹੈ। ਬਤੌਰ ਲਿਖਾਰੀ ਉਹਦੀ ਅੱਖ ਉਹ ਹਨੇਰੇ ਖੂੰਜੇ ਵੀ ਫਰੋਲ ਲੈਂਦੀ ਹੈ ਜਿਹੜੇ ਆਮ ਕਰ ਕੇ ਅੱਖਾਂ ਤੋਂ ਓਹਲੇ ਰਹਿ ਜਾਂਦੇ ਹਨ। ਉਸ ਦੀ ਮਾਨਵਤਾਵਾਦੀ ਅਤੇ ਯਥਾਰਥਵਾਦੀ ਪਹੁੰਚ ਉਸ ਦੀਆਂ ਰਚਨਾਵਾਂ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕਰਦੀ ਹੈ। ‘ਹਨੇਰੇ ਰਾਹ’ ਅਸਲ ਵਿਚ ਮੁਸੀਬਤਾਂ ਝਾਗਦੇ ਮਨੁੱਖ ਦੇ ਰਾਹ ਰੁਸ਼ਨਾਉਣ ਵੱਲ ਵਧਾਏ ਕਦਮ ਹਨ।

ਗੁਰਸੀਰ

ਚਾਹ ਦੀ ਆਖਰੀ ਘੁੱਟ ਭਰ ਕੇ ਖਾਲੀ ਗਿਲਾਸ ਮੇਜ਼ ‘ਤੇ ਰੱਖਦਾ ਗੁਰਸੀਰ ਦਾ ਵੱਡਾ ਭਰਾ ਬਲਵੀਰ ਬੋਲਿਆ, “ਚੱਲੀਏ ਫੇਰ?”
“ਢੂਈ ਸਿੱਧੀ ਕਰ ਲੈਂਦਾ। ਸਾਰੇ ਰਾਹ ਬੈਠਾ ਆਇਐਂ।” ਗੁਰਸੀਰ ਨੇ ਜਵਾਬ ‘ਚ ਕਿਹਾ।
ਬਲਵੀਰ ਹਫ਼ਤਾ ਪਹਿਲਾਂ ਹੀ ਗੁਰਸੀਰ ਵਾਲੇ ਰੂਟ, ਵਿਧਵਾ ਹੋਈ ਭੈਣ ਨੂੰ ਸਹਾਰਾ ਦੇਣ, ਵਿਨੀਪੈੱਗ ਪਹੁੰਚਿਆ ਸੀ। ਟਰਾਂਟੋ ਤੋਂ ਵਾਪਸੀ ‘ਤੇ ਅੱਜ ਗੁਰਸੀਰ ਉਸ ਨੂੰ ਆਪਣੇ ਨਾਲ ਹੀ ਟਰੱਕ ਰਾਹੀਂ ਸਰੀ ਲੈ ਆਇਆ ਸੀ। ਉਨ੍ਹਾਂ ਨੇ ਆ ਕੇ ਹਾਲੇ ਚਾਹ ਹੀ ਪੀਤੀ ਸੀ। ਗੁਰਸੀਰ ਨੇ ਤਾਂ ਹਾਲੇ ਚਾਹ ਮੁਕਾਈ ਵੀ ਨਹੀਂ ਸੀ।
“ਢੂਈ ਤਾਂ ਹੁਣ ਆਥਣੇ ਹੀ ਸਿੱਧੀ ਕਰਾਂਗੇ।” ਆਖਦਾ ਬਲਵੀਰ ਉੱਠ ਖਲੋਤਾ। ਗੁਰਸੀਰ ਸੋਫੇ ‘ਤੇ ਹੀ ਬੈਠਾ ਰਿਹਾ। ਉਹ ਬੋਲਿਆ, “ਬਹਿ ਜਾ ਹਾਲੇ। ਮੈਨੂੰ ਚਾਹ ਤਾਂ ਪੀ ਲੈਣ ਦੇ।”
“ਕੰਮ ਤਾਂ ਵੀਰ ਜੀ ਹੁੰਦੇ ਈ ਰਹਿਣੇ ਆ। ਗੁਰਸੀਰ ਨੂੰ ਨਹਾ ਲੈਣ ਦਿਓ। ਕਿੰਨੇ ਦਿਨਾਂ ਬਾਅਦ ਮੁੜੇ ਆ।” ਸਟੋਵ ਨਾਲ ਢਾਸਣਾ ਲਈ ਖੜ੍ਹੀ ਅਮ੍ਰਿਤ ਬੋਲੀ। ਬੇਸਮੈਂਟ ਦੀ ਬੈਠਕ, ਖਾਣੇ ਵਾਲ਼ਾ ਕਮਰਾ ਤੇ ਰਸੋਈ ਲਈ ਇਕ ਹੀ ਕਮਰਾ ਸੀ ਜਿਸ ਵਿਚ ਫ੍ਰਿੱਜ, ਸਟੋਵ, ਸੋਫਾ ਤੇ ਕੌਫ਼ੀ ਟੇਬਲ ਪਏ ਸਨ। ਫ੍ਰਿੱਜ ਤੇ ਸਟੋਵ ਮਕਾਨ ਮਾਲਕ ਦੇ ਸਨ ਅਤੇ ਸੋਫਾ ਤੇ ਕੌਫ਼ੀ ਟੇਬਲ ਗੁਰਸੀਰ ਨੇ ਗੈਰਾਜ ਸੇਲ ਤੋਂ ਪੁਰਾਣੇ ਖਰੀਦੇ ਸਨ। ਪਿਛਲੀ ਵਾਰ ਟਰੱਕ ਦੇ ਗੇੜੇ ਤੋਂ ਮੁੜੇ ਗੁਰਸੀਰ ਨੇ ਬਲਵੀਰ ਦੇ ਆਉਣ ਬਾਰੇ ਸੁਣ ਕੇ ਗੱਦਾ ਖਰੀਦ ਲਿਆਂਦਾ ਸੀ। ਉਹ ਸੋਫੇ ਦੇ ਸਾਹਮਣੀ ਕੰਧ ਨਾਲ ਖੜ੍ਹਾ ਕੀਤਾ ਹੋਇਆ ਸੀ। ਉਸ ਵੱਲ ਹੱਥ ਕਰਦਾ ਗੁਰਸੀਰ ਬੋਲਿਆ, “ਅਹੁ ਐ ਤੇਰਾ ਮੰਜਾ। ਜੇ ਦੋ ਮਿੰਟ ਆਰਾਮ ਕਰਨੈ ਤਾਂ ਗੱਦੇ ਨੂੰ ਸਿੱਧਾ ਕਰ ਲੈ। ਮੈਂ ਓਨੇ ਚਿਰ ‘ਚ ਨਹਾ ਲਵਾਂ।”
ਬਲਵੀਰ ਨੇ ਗੱਦੇ ਵੱਲ ਦੇਖਿਆ, ਫਿਰ ਬੋਲਿਆ, “ਮੇਰਾ ਫ਼ਿਕਰ ਨਾ ਕਰ। ਤੂੰ ਛੇਤੀ ਨਾਲ ਨਹਾ ਲੈ, ਫੇਰ ਚੱਲਦੇ ਆਂ।”
ਚਾਹ ਪੀ ਕੇ ਗੁਰਸੀਰ ਨਹਾਉਣ ਲੱਗ ਪਿਆ। ਜਦ ਉਹ ਨਹਾ ਕੇ ਬੈੱਡਰੂਮ ਵਿਚ ਗਿਆ, ਅਮ੍ਰਿਤ ਨੂੰ ਉੱਥੇ ਬੈਠੀ ਦੇਖ ਕੇ ਪੁੱਛਿਆ, “ਤੂੰ ਅੰਦਰ ਆ ਕੇ ਕਿਉਂ ਬੈਠ ਗਈ?”
“ਹੋਰ ਤੁਸੀਂ ਤਾਂ ਨਹਾਉਣ ਲੱਗ ਪਏ ਸੀ। ਮੈਂ ਵੀਰ ਜੀ ਕੋਲ ‘ਕੱਲੀ ਕਿਵੇਂ ਬਹਿੰਦੀ?” ਅਮ੍ਰਿਤ ਨੇ ਆਵਾਜ਼ ਬਹੁਤ ਹੀ ਨੀਵੀਂ ਕਰ ਕੇ ਕਿਹਾ। ਗੁਰਸੀਰ ਨੇ ਕੋਈ ਜਵਾਬ ਨਾ ਦਿੱਤਾ। ਉਸ ਦੇ ਮਨ ਵਿਚ ਕੁਝ ਦਿਨ ਪਹਿਲਾਂ ਦੀ ਵਾਰਤਾਲਾਪ ਆ ਗਈ। ਬਲਵੀਰ ਦੇ ਆਉਣ ਦੀ ਖ਼ਬਰਸੁਣ ਕੇ ਅਮ੍ਰਿਤ ਨੇ ਪੁੱਛਿਆ ਸੀ, “ਵੀਰ ਜੀ ਰਹਿਣਗੇ ਕਿੱਥੇ?”
“ਐਥੇ ਆਪਣੇ ਕੋਲ ਹੀ ਰਹੂਗਾ। ਹੋਰ ਕਿੱਥੇ?” ਗੁਰਸੀਰ ਨੇ ਜਵਾਬ ਦਿੱਤਾ ਸੀ।
“ਪਰ ਤੁਸੀਂ ਤਾਂ ਟਰੱਕ ‘ਤੇ ਚਲੇ ਜਾਨੇ ਐਂ। ਮੈਂ ‘ਕੱਲੀ ਕਿਵੇਂ—?” ਆਖਦੀ ਅਮ੍ਰਿਤ ਚੁੱਪ ਕਰ ਗਈ ਸੀ।
“ਕੁਛ ਨੀ ਕਹਿੰਦਾ ਤੈਨੂੰ। ਇਉਂ ਹੀ ਸਾਰਨਾ ਪੈਣਾ।”
“ਮੈਨੂੰ ਤਾਂ ਸੋਚ ਕੇ ਈ ਹੋਰੂੰ ਜੇ ਲੱਗਦੈ।”
“ਇੰਡੀਆ ਵੀ ਤਾਂ ਰਹਿੰਦੀ ਸੀ ਨਾਲ਼।”
“ਓਥੇ ਹੋਰ ਗੱਲ ਸੀ। ਘਰ ਦੇ ਹੋਰ ਜੀਅ ਵੀ ਹੁੰਦੇ ਸੀ। ਖੁੱਲ੍ਹਾ ਵਿਹੜਾ ਸੀ। ਆਵਦਾ ਕਮਰਾ ਸੀ ਤੇ ਏਥੇ ਭੋਰਾ ਭਰ ਥਾਂ ਹੈ।”
“ਤੇਰੀ ਆਫ਼ਟਰਨੂਨ ਸ਼ਿਫਟ ਐ। ਜਦੋਂ ਨੂੰ ਤੂੰ ਕੰਮ ਤੋਂ ਮੁੜਿਆ ਕਰਨੈ, ਇਹਨੇ ਸੁੱਤਾ ਹੋਇਆ ਕਰਨੈ। ਸਵੇਰੇ ਇਹਨੇ ਕੰਮ ‘ਤੇ ਹੋਇਆ ਕਰਨੈ।”
“ਉਹ ਗੁਰਪ੍ਰੀਤ ਵੀਰ ਜੀ ਕੇ ਘਰ ਨਹੀਂ ਰਹਿ ਸਕਦੇ?”
“ਪਹਿਲਾਂ ਤਾਂ ਕੁਛ ਦਿਨ ਆਪਣੇ ਕੋਲ ਰਹੂ। ਮੈਂ ਵੀ ਕੁਛ ਦਿਨ ਛੁੱਟੀ ਕਰ ਲਊਂਗਾ। ਫੇਰ ਦੇਖਾਂਗੇ, ਕੀ ਬਣਦੈ।”
ਉਸ ਵਾਰਤਾਲਾਪ ਨੂੰ ਯਾਦ ਕਰਦੇ ਗੁਰਸੀਰ ਨੇ ਕੱਪੜੇ ਪਾਏ ਤੇ ਬੋਲਿਆ, “ਅਮ੍ਰਿਤੇ ਐਵੇਂ ਨਾ ਫਿਕਰਾਂ ‘ਚ ਪੈ ਜਿਆ ਕਰ। ਟੱਪ ਜਾਂਦਾ ਹੁੰਦੈ ਟੈਮ।” ਫਿਰ ਅਮ੍ਰਿਤ ਦੀ ਗੱਲ੍ਹ ‘ਤੇ ਪੋਲੀ ਥਪਕੀ ਦਿੱਤੀ ਤੇ ਕਮਰੇ ‘ਚੋਂ ਬਾਹਰ ਆ ਗਿਆ।
ਗੁਰਸੀਰ ਨੇ ਬਲਵੀਰ ਨੂੰ ਆਪਣੀ ਹਾਂਡਾ ਸਿਵਿਕ ਕਾਰ ‘ਚ ਬਿਠਾਇਆ ਤੇ ਉਹ ਬਲਵੀਰ ਦੇ ਸਾਢੂ ਦੇ ਭਰਾ, ਗੁਰਪ੍ਰੀਤ ਦੇ ਘਰ ਵੱਲ ਚੱਲ ਪਏ। ਅੱਗੇ ਗੁਰਪ੍ਰੀਤ ਨੇ ਉਨ੍ਹਾਂ ਨੂੰ ਆਪਣੀ ਜਾਣ-ਪਛਾਣ ਵਾਲੇ ਇਮੀਗ੍ਰੇਸ਼ਨ ਸਲਾਹਕਾਰ ਕੋਲ ਬਲਵੀਰ ਦੇ ਕੈਨੇਡਾ ਵਿਚ ਪੱਕੇ ਹੋਣ ਦਾ ਰਾਹ ਲੱਭਣ ਲਈ ਲੈ ਕੇ ਜਾਣਾ ਸੀ। ਗੁਰਪ੍ਰੀਤ ਦੇ ਆਲੀਸ਼ਾਨ ਘਰ ਮੂਹਰੇ ਕਾਰ ਰੋਕਦੇ ਗੁਰਸੀਰ ਦੇ ਚਿੱਤ ‘ਚ ਆਈ ਕਿ ਜੇ ਗੁਰਪ੍ਰੀਤ ਆਪ ਹੀ ਆਪਣੀ ਕਾਰ ਵਿਚ ਲੈ ਕੇ ਜਾਣ ਲਈ ਆਖ ਦੇਵੇ ਤਾਂ ਚੰਗਾ ਹੈ। ਗੁਰਸੀਰ ਦੀ ਕਾਰ ਦਾ ਏ ਸੀ ਨਹੀਂ ਸੀ ਚਲਦਾ। ਮੂਹਰਲਾ, ਸਵਾਰੀ ਵਾਲੇ ਪਾਸੇ ਦਾ, ਸ਼ੀਸ਼ਾ ਵੀ ਹੇਠ ਨਹੀਂ ਸੀ ਹੁੰਦਾ। ਗੁਰਪ੍ਰੀਤ ਨੇ ਉਸ ਦੀ ਇਹ ਚਿੰਤਾ ਆਪ ਹੀ ਹੱਲ ਕਰ ਦਿੱਤੀ। ਉਹ ਬੋਲਿਆ, “ਆ ਜੋ, ਮੇਰੀ ਗੱਡੀ ‘ਚ ਚਲਦੇ ਆਂ।”
“ਠੀਕ ਐ ਜੀ।” ਆਖ ਕੇ ਉਹ ਝੱਟ ਉਸ ਦੀ ਮਰਸੀਡੀਜ਼ ਵਿਚ ਜਾ ਬੈਠੇ।
ਪੰਦਰਾਂ ਕੁ ਮਿੰਟਾਂ ਬਾਅਦ ਗੁਰਪ੍ਰੀਤ ਨੇ ਆਪਣੀ ਕਾਰ ਇਕ ਘਰ ਮੂਹਰੇ ਰੋਕੀ ਤੇ ਬੋਲਿਆ, “ਆ ਜੋ।”
“ਇਹ ਤਾਂ ਕਿਸੇ ਦਾ ਘਰ ਲਗਦੈ,” ਗੁਰਸੀਰ ਨੇ ਬਾਹਰ ਦੇਖਦਿਆਂ ਕਿਹਾ।
“ਹਾਂ, ਉਹ ਘਰੋਂ ਹੀ ਕੰਮ ਚਲਾਉਂਦਾ।” ਗੁਰਪ੍ਰੀਤ ਦਾ ਇਹ ਜਵਾਬ ਸੁਣ ਕੇ ਬਲਵੀਰ ਨੇ ਮੁਰਝਾਈ ਆਵਾਜ਼ ’ਚ ਕਿਹਾ, “ਅੱਛਾ!”
ਇਮੀਗ੍ਰੇਸ਼ਨ ਸਲਾਹਕਾਰ ਹਰਵੀਰ ਦੀ ਬੈਠਕ ਦੇ ਕੋਨੇ ਵਿਚ ਮੇਜ਼ ਦੁਆਲੇ ਚਾਰ ਕੁਰਸੀਆਂ ਡਾਹ ਕੇ ਬਣਾਏ ਦਫ਼ਤਰ ਵੱਲ ਦੇਖਦਿਆਂ ਗੁਰਸੀਰ ਦੇ ਦਿਮਾਗ਼ ਵਿਚ ਆਪਣੇ ਇਮੀਗ੍ਰੇਸ਼ਨ ਸਲਾਹਕਾਰ ਰਾਕੇਸ਼ ਜਿਸ ਨਾਲ ਉਸ ਨੂੰ ਵਿਨੀਪੈੱਗ ਵਾਲੇ ਸਲਾਹਕਾਰ ਨੇ ਮਿਲਵਾਇਆ ਸੀ, ਦੇ ਦਫ਼ਤਰ ਦੀ ਚਕਾਚੌਂਧ ਆ ਗਈ। ਗੁਰਸੀਰ ਆਪਣੇ ਅੰਦਰ ਹੀ ਦੋਨਾਂ ਦਫ਼ਤਰਾਂ ਦਾ ਮੁਕਾਬਲਾ ਕਰ ਰਿਹਾ ਸੀ ਕਿ ਉਸ ਦੇ ਕੰਨੀਂ ਹਰਵੀਰ ਦੇ ਬੋਲ ਟਕਰਾਏ। ਉਹ ਗੁਰਪ੍ਰੀਤ ਨਾਲ ਗੱਲੀਂ ਲੱਗਾ ਹੋਇਆ ਆਖ ਰਿਹਾ ਸੀ, “ਮੈਂ ਤਾਂ ਹੁਣ ਮੌਟਗੇਜ ਬਰੋਕਰ ਦਾ ਕੰਮ ਸ਼ੁਰੂ ਕਰਨ ਬਾਰੇ ਸੋਚ ਰਿਹੈਂ।”
“ਵਕੀਲ ਸਾਬ੍ਹ, ਮੇਰੇ ਲਈ ਵੀ ਕੋਈ ਰਾਹ ਦੱਸੋ।” ਬਲਵੀਰ ਵਿਚੋਂ ਹੀ ਬੋਲਿਆ। ਗੁਰਸੀਰ ਨੇ ਉਸ ਵੱਲ ਦੇਖਿਆ। ਉਸ ਦੀ ਇਹ ਕਾਹਲ ਗੁਰਸੀਰ ਨੂੰ ਚੰਗੀ ਨਾ ਲੱਗੀ।
ਹਰਵੀਰ ਮੁਸਕਰਾਇਆ, ਫਿਰ ਬੋਲਿਆ, “ਬਲਵੀਰ ਜੀ, ਮੈਂ ਵਕੀਲ ਨਹੀਂ ਇਮੀਗ੍ਰੇਸ਼ਨ ਕਨਸਲਟੈਂਟ ਹਾਂ। ਸਲਾਹਕਾਰ। ਮੈਂ ਤੁਹਾਡੇ ਪੇਪਰ ਫ਼ਾਈਲ ਕਰ ਸਕਦਾਂ। ਇਹ ਦੱਸ ਸਕਦਾਂ ਕਿ ਤੁਹਾਨੂੰ ਇੱਥੇ ਪੱਕੇ ਹੋਣ ਲਈ ਕਿੰਨੇ ਪੁਆਇੰਟ ਚਾਹੀਦੇ ਹਨ ਤੇ ਉਹ ਪੁਆਇੰਟ ਕਿੱਥੋਂ-ਕਿੱਥੋਂ ਬਣ ਸਕਦੇ ਹਨ ਪਰ ਸਾਰਾ ਕੁਝ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ। ਦੂਜੀ ਗੱਲ, ਜਿਵੇਂ ਗੁਰਪ੍ਰੀਤ ਹੋਰਾਂ ਨੇ ਦੱਸਿਆ ਹੈ ਕਿ ਤੁਸੀਂ ਵਿਜ਼ਟਰ ਵੀਜ਼ੇ ‘ਤੇ ਆਏ ਹੋ ਤੇ ਵਰਕ ਪਰਮਿਟ ਲੱਭਦੇ ਹੋ। ਸੋ, ਗੱਲ ਇਹ ਹੈ ਕਿ ਜਿਵੇਂ ਅੱਜ ਕੱਲ੍ਹ ਪੰਜਾਬ ਤੋਂ ਆਉਣ ਵਾਲੇ ਬਹੁਤੇ ਵਿਜ਼ਟਰ ਕਰ ਰਹੇ ਹਨ, ਜੌਬਾਂ ਖਰੀਦ ਰਹੇ ਹਨ। ਵੇਚਣ ਵਾਲੇ ਵੇਚ ਰਹੇ ਹਨ। ਇਮੀਗ੍ਰੇਸ਼ਨ ਕਨਸਲਟੈਂਟ ਵਿਚੋਲੇ ਬਣੇ ਹੋਏ ਹਨ। ਮੈਂ ਇਹ ਵਿਚੋਲਗੀ ਨਹੀਂ ਕਰਦਾ। ਤੁਸੀਂ ਆਪਣਾ ਕੋਈ ਇੰਪੁਲਾਇਰ ਲੱਭ ਲਵੋ। ਤੁਹਾਡੀ ਫ਼ਾਈਲ ਮੈਂ ਲਾ ਦੇਵਾਂਗਾ।”
“ਤੁਸੀਂ ਨੀ ਜਾਣਦੇ ਕਿਸੇ ਐੱਲ ਐੱਮ ਆਈ ਏ ਵਾਲੇ ਨੂੰ?” ਗੁਰਸੀਰ ਨੇ ਪੁੱਛਿਆ।
“ਨਹੀਂ, ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕੈਂ ਕਿ ਮੈਂ ਦਲਾਲ ਨਹੀਂ। ਮੈਂ ਇਸ ਐੱਲ ਐੱਮ ਆਈ ਏ ਦੇ ਚੱਕਰ ‘ਚ ਪੈਂਦਾ ਹੀ ਨਹੀਂ ਪਰ ਸਾਡੇ ਲੋਕਾਂ ਨੇ ਇਹ ਨਵਾਂ ਰਾਹ ਲੱਭ ਲਿਐ। ਸਰਕਾਰ ਕੋਲ ਝੂਠ ਬੋਲਦੇ ਆ ਕਿ ਸਾਨੂੰ ਕੈਨੇਡਾ ’ਚ ਇਸ ਕੰਮ ਲਈ ਢੁੱਕਵਾਂ ਉਮੀਦਵਾਰ ਨਹੀਂ ਮਿਲਦਾ, ਸਾਨੂੰ ਕਿਸੇ ਵਿਦੇਸ਼ੀ ਨੂੰ ਜੌਬ ਦੇਣ ਦੀ ਮਨਜ਼ੂਰੀ ਦਿੱਤੀ ਜਾਵੇ। ਇਹ ਮਨਜ਼ੂਰੀ ਲੈਣ ਦੇ ਪ੍ਰੌਸਿਸ ‘ਤੇ ਵੱਧ ਤੋਂ ਵੱਧ ਦੋ ਹਜ਼ਾਰ ਖਰਚ ਆਉਂਦੈ। ਥੋਡੇ ਸਾਹਮਣੇ ਐ ਕਿ ਕਿੰਨੇ-ਕਿੰਨੇ ਦੀ ਵੇਚਦੇ ਆ। ਵੇਖੋ, ਜੇ ਕਿਸੇ ਇੰਪੁਲਾਇਰ ਨੂੰ ਸੱਚੀਂ ਵਿਦੇਸ਼ੀ ਕਾਮਾ ਚਾਹੀਦਾ ਹੈ ਤਾਂ ਉਹ ਆਪ ਸਰਕਾਰ ਦੀ ਫ਼ੀਸ ਭਰੇ ਤੇ ਮਨਜ਼ੂਰੀ ਲੈ ਕੇ ਕਾਮਾ ਰੱਖ ਲਵੇ ਪਰ ਨਹੀਂ, ਇਹ ਧੰਦਾ ਬਣ ਗਿਐ। ਇੰਪੁਲਾਇਰ ਪਹਿਲਾਂ ਕਿਸੇ ਜੌਬ ਲਈ ਝੂਠੀ ਐਡਵਰਟਾਈਜ਼ਮੈਂਟ ਕਰਦੇ ਆ। ਕਈ ਵਿਚਾਰੇ ਲੋੜਵੰਦ ਉਸ ਜੌਬ ਲਈ ਅਪਲਾਈ ਕਰ ਦਿੰਦੇ ਆ। ਕਿਸੇ ਨਾ ਕਿਸੇ ਤਰੀਕੇ ਇੰਟਰਵਿਊਆਂ ‘ਤੇ ਵੀ ਜਾਂਦੇ ਆ ਪਰ ਉਨ੍ਹਾਂ ਨੂੰ ਕੀ ਪਤਾ ਹੁੰਦੈ ਕਿ ਇਹ ਜੌਬ ਤਾਂ ਸਰਕਾਰ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਐਡਵਰਟਾਈਜ਼ ਕੀਤੀ ਹੈ—।”
ਇਹ ਸੁਣਦਿਆਂ ਗੁਰਸੀਰ ਦੇ ਚੇਤੇ ਵਿਚ ਉਹ ਦਿਨ ਆ ਗਿਆ ਜਿਸ ਦਿਨ ਉਹ ਅਮ੍ਰਿਤ ਦੀ ਪੀਜ਼ਾ ਸ਼ਾਪ ‘ਤੇ ਇੰਟਰਵਿਊ ਦਿਵਾਉਣ ਲਈ ਬਰਫ਼ਬਾਰੀ ਵਿਚ ਐਡਮਿੰਟਨ ਤੋਂ ਟਰੱਕ ਚਲਾ ਕੇ ਪਹੁੰਚਿਆ ਸੀ। ਗੁਰਸੀਰ ਨੂੰ ਹਰਵੀਰ ਸੱਚਾ-ਸੁੱਚਾ ਬੰਦਾ ਲੱਗਾ। ਉਹ ਹਰਵੀਰ ਦੀਆਂ ਗੱਲਾਂ ਹੋਰ ਵੀ ਧਿਆਨ ਨਾਲ ਸੁਣਨ ਲੱਗਾ। ਉਹ ਆਖ ਰਿਹਾ ਸੀ, “ਇਸ ਸਾਰੇ ਵਰਤਾਰੇ ਨੂੰ ਦੇਖ ਕੇ ਕੋਫਤ ਹੁੰਦੀ ਐ। ਆਪਣੇ ਆਪ ਨੂੰ ਪੰਜਾਬੀ ਅਖਵਾਉਂਦਿਆਂ ਸ਼ਰਮ ਆਉਂਦੀ ਐ। ਹੁਣ ਤਾਂ ਮੈਂ ਇਹ ਕੰਮ ਹੀ ਛੱਡਣ ਲੱਗੈਂ।”
“ਏਦਾਂ ਨਾ ਕਰੋ ਜੀ।” ਗੁਰਸੀਰ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ।
“ਰੋਟੀ ਤਾਂ ਖਾਣੀ ਐ ਭਾਈ ਮੇਰੇ। ਲੋਕ ਮੇਰੇ ਤੋਂ ਸਲਾਹ ਲੈ ਜਾਂਦੇ ਆ, ਮੁੜ ਕੇ ਕੋਈ ਨੀ ਆਉਂਦਾ। ਤੁਸੀਂ ਕਿਹੜਾ ਆਉਣੈ।”
“ਨਹੀਂ ਜੀ, ਅਸੀਂ ਤਾਂ ਹੋਰ ਕਿਤੇ ਜਾ ਹੀ ਨਹੀਂ ਸਕਦੇ। ਤੁਸੀਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ। ਸਾਨੂੰ ਸਲਾਹ ਦਿਓ ਕਿ ਕੀ ਕਰੀਏ?” ਬਲਵੀਰ ਨੇ ਪੁੱਛਿਆ।
“ਸਲਾਹ ਥੋਨੂੰ ਦੇ ਹੀ ਦਿੱਤੀ ਐ ਕਿ ਜੇ ਵਰਕ ਪਰਮਿਟ ਲੈਣਾ ਹੈ ਤਾਂ ਕੋਈ ਇੰਪੁਲਾਇਰ ਲੱਭੋ ਜਿਹੜਾ ਤੁਹਾਨੂੰ ਕੰਮ ਦੇ ਸਕੇ।”
ਵਾਪਸੀ ‘ਤੇ ਗੁਰਪ੍ਰੀਤ ਦੀ ਕਾਰ ਵਿਚ ਬੈਠਦਿਆਂ ਹੀ ਬਲਵੀਰ ਬੋਲਿਆ, “ਬੰਦਾ ਤਾਂ ਇਹ ਖਰਾ ਲੱਗਦੈ।”
“ਤਾਂ ਹੀ ਲੈ ਕੇ ਆਇਐਂ ਇਸ ਕੋਲ।” ਗੁਰਪ੍ਰੀਤ ਨੇ ਜਵਾਬ ਦਿੱਤਾ।
“ਪਰ ਕੰਮ ਵਾਲਾ ਕਿਵੇਂ ਲੱਭਾਂਗੇ?” ਗੁਰਸੀਰ ਨੇ ਪੁੱਛਿਆ।
“ਗੁਰਪ੍ਰੀਤ ਹੋਰੀਂ ਲੱਭ ਕੇ ਦੇਣਗੇ। ਕਿੰਨੇ ਪੁਰਾਣੇ ਆਏ ਵੇ ਆ ਏਥੇ। ਏਨ੍ਹਾਂ ਦੀ ਬਥੇਰੀ ਜਾਣ-ਪਛਾਣ ਹੋਵੇਗੀ।” ਬਲਵੀਰ ਨੇ ਜਵਾਬ ਦਿੱਤਾ।
“ਜਾਣ-ਪਛਾਣ ਤਾਂ ਬਹੁਤ ਐ ਪਰ ਇਹ ਕੰਮ ਵਾਲੇ ਆਪਣੀ ਜਾਣ-ਪਛਾਣ ਵਾਲਿਆਂ ਨੂੰ ਐੱਲ ਐੱਮ ਆਈ ਏ ਨਹੀਂ ਦਿੰਦੇ। ਅਗਲਾ ਕਿੱਥੇ ਛੱਡਦੈ ਜਦੋਂ ਮੁਫਤੀ ‘ਚ ਮਿਲਦੇ ਆ ਹਜ਼ਾਰਾਂ ਡਾਲਰ।” ਗੁਰਪ੍ਰੀਤ ਢਿੱਲੀ ਆਵਾਜ਼ ’ਚ ਬੋਲਿਆ।
“ਮੈਂ ਤਾਂ ਥੋਡੀ ਮਦਦ ਦੀ ਝਾਕ ‘ਚ ਈ ਆਇਐਂ ਕਨੇਡਾ।” ਬਲਵੀਰ ਬੋਲਿਆ।
“ਥੋਡਾ ਰੀਅਲ ਅਸਟੇਟ ਦਾ ਕੰਮ ਐ। ਕਿਸੇ ਕਨਸਟਰੱਕਸ਼ਨ ਵਾਲੇ ਨੂੰ ਪੁੱਛ ਦੇਖੋ, ਬਹੁਤ ਮਕਾਨ ਬਣੀ ਜਾਂਦੇ ਆ ਅੱਜ ਕੱਲ੍ਹ।” ਗੁਰਸੀਰ ਨੇ ਕਿਹਾ।
“ਕਰਦੇ ਆਂ ਕੋਈ ਵਸੀਲਾ।” ਕਿਸੇ ਸੋਚ ‘ਚ ਖੁੱਭੇ ਗੁਰਪ੍ਰੀਤ ਨੇ ਜਵਾਬ ਦਿੱਤਾ।

“ਸ਼ੀਰੇ, ਟਾਈ ਵੀ ਲਾ ਲਵਾਂ?” ਗ਼ੁਸਲਖਾਨੇ ’ਚੋਂ ਬਾਹਰ ਆਉਂਦੇ ਬਲਵੀਰ ਨੇ ਪੁੱਛਿਆ। ਗੁਰਸੀਰ ਨੇ ਚਿਹਰਾ ਘੁਮਾ ਕੇ ਬਲਵੀਰ ਵੱਲ ਦੇਖਿਆ ਤੇ ਉਸ ਨੂੰ ਕੋਟ-ਪੈਂਟ ‘ਚ ਸਜੇ ਨੂੰ ਦੇਖ ਕੇ ਬੋਲਿਆ, “ਨਹੀਂ ਟਾਈ ਰਹਿਣ ਦੇ। ਮੈਂ ਤਾਂ ਕਹਿਨੈ ਕੋਟ-ਪੈਂਟ ਦੀ ਥਾਂ ਵੀ ਸਧਾਰਨ ਕੱਪੜੇ ਈ ਪਾ ਲੈ।”
“ਨਹੀਂ ਕੋਟ-ਪੈਂਟ ਚੰਗਾ ਲਗਦੈ। ਬੰਦੇ ਦਾ ਪਤਾ ਲਗਦੈ ਪੜ੍ਹੇ-ਲਿਖੇ ਹੋਣ ਦਾ।” ਗੁਰਸੀਰ ਨੇ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ। ਉਸ ਨੇ ਹੱਸ ਕੇ ਕਿਹਾ, “ਆਪਾਂ ਤੇਰੇ ਸਕੂਲ ਨਹੀਂ ਚੱਲੇ ਜਿਹੜਾ ਐਨੀ ਟੌਹਰ ਕੱਢੀ ਐ। ਆਪਾਂ ਡਰਾਈਵਾਲ ਤੇ ਟੇਪਿੰਗ ਕਰਨ ਵਾਲੇ ਬੰਦੇ ਨੂੰ ਮਿਲਣ ਚੱਲੇ ਆਂ।”
“ਚੰਗਾ ਜੇ ਟਾਈ ਨਹੀਂ ਲਾਉਣ ਦੇਣੀ ਤਾਂ ਉੱਠ, ਚੱਲੀਏ।” ਬਲਵੀਰ ਦੀ ਇਹ ਗੱਲ ਸੁਣ ਕੇ ਗੁਰਸੀਰ ਸੋਫੇ ਤੋਂ ਉੱਠ ਖਲੋਤਾ।
ਉਹ ਗੁਰਪ੍ਰੀਤ ਦੇ ਘਰ ਵੱਲ ਚੱਲ ਪਏ। ਰਾਤ ਹੀ ਗੁਰਪ੍ਰੀਤ ਦਾ ਫੋਨ ਆ ਗਿਆ ਸੀ। ਉਸ ਨੇ ਕੋਈ ਬੰਦਾ ਲੱਭ ਲਿਆ ਸੀ ਜਿਸ ਨੂੰ ਕਾਮੇ ਦੀ ਜ਼ਰੂਰਤ ਸੀ। ਗੁਰਪ੍ਰੀਤ ਨੇ ਹੀ ਉਨ੍ਹਾਂ ਨੂੰ ਉਸ ਬੰਦੇ ਨਾਲ ਮਿਲਾਉਣ ਲੈ ਕੇ ਜਾਣਾ ਸੀ।
ਗੁਰਪ੍ਰੀਤ ਨੇ ਮਿਲਦਿਆਂ ਹੀ ਬਲਵੀਰ ਵੱਲ ਦੇਖ ਕੇ ਕਿਹਾ, “ਵੀਰ ਜੀ ਤਾਂ ਪੂਰੀ ਤਿਆਰੀ ਕਰ ਕੇ ਚੱਲੇ ਆ!” ਬਲਵੀਰ ਮੁਸਕਰਾ ਪਿਆ ਪਰ ਗੁਰਸੀਰ ਝੇਂਪ ਗਿਆ। ਕਾਰ ਵਿਚ ਬੈਠਦਿਆਂ ਹੀ ਗੁਰਪ੍ਰੀਤ ਬੋਲਿਆ, “ਆਪਾਂ ਜਿੱਥੇ ਚੱਲੇ ਆਂ, ਓਥੇ ਨਵੇਂ ਟਾਊਨ-ਹਾਊਸ ਬਣ ਰਹੇ ਆ। ਓਥੇ ਹੀ ਕੰਮ ਕਰਦੈ ਮੱਖਣ ਜਿਸ ਨੂੰ ਆਪਾਂ ਮਿਲਣੈ। ਇਹ ਪਹਿਲਾਂ ਆਪਣੀ ਬੇਸਮੈਂਟ ‘ਚ ਰਹਿੰਦਾ ਸੀ। ਟੇਪਿੰਗ ਦਾ ਕੰਮ ਕਰਦੈ। ਕੰਮ ਵਧਾ ਲਿਐ ਉਹਨੇ। ਨਾਲ ਦੀ ਨਾਲ ਇਕ ਅੱਧਾ ਘਰ ਵੀ ਬਣਾ ਕੇ ਵੇਚ ਦਿੰਦੈ। ਆਪਣੇ ਥਰੂ ਹੀ ਵੇਚਦਾ। ਚੰਗੈ ਆਪਣੇ ਨਾਲ ਉਹਦਾ।”
“ਗੱਲ ਬਣ ਜਾਊ ਫੇਰ ਤਾਂ।” ਬਲਵੀਰ ਨੇ ਕਿਹਾ।
“ਹਾਂ, ਲੱਗਦਾ ਤਾਂ ਹੈ। ਬਾਕੀ ਦੇਖਦੇ ਹਾਂ ਜਾ ਕੇ, ਕੀ ਕਹਿੰਦੈ। ਤੁਸੀਂ ਸਿੱਧੀ ਗੱਲ ਕਰ ਲਿਓ।” ਗੁਰਪ੍ਰੀਤ ਦੀ ਇਸ ਗੱਲ ਦਾ ਕਿਸੇ ਨੇ ਜਵਾਬ ਨਾ ਦਿੱਤਾ। ਗੁਰਪ੍ਰੀਤ ਮੁੜ ਬੋਲਿਆ, “ਹੁਣ ਟਾਊਨ-ਹਾਊਸ ਬਹੁਤ ਬਣਨ ਲੱਗ ਪਏ ਆ। ਪਿਛਲੇ ਸਾਲਾਂ ‘ਚ ਰੀਅਲ ਅਸਟੇਟ ਦੀਆਂ ਕੀਮਤਾਂ ਬਹੁਤ ਵਧ ਗਈਐਂ। ਪਹਿਲਾਂ ਕੈਨੇਡਾ’ਚ ਨਵੇਂ ਆਏ ਬੇਸਮੈਂਟਾਂ ਤੋਂ ਸਿੱਧੇ ਘਰਾਂ ‘ਚ ਜਾਂਦੇ ਸੀ। ਹੁਣ ਘਰਾਂ ਨੂੰ ਹੱਥ ਨੀ ਪੈਂਦਾ। ਬੇਸਮੈਂਟ ਤੋਂ ਟਾਊਨ-ਹਾਊਸ, ਫੇਰ ਕੁਝ ਸਾਲਾਂ ਬਾਅਦ ਘਰ ਖਰੀਦਦੇ ਆ।”
“ਟਾਊਨ-ਹਾਊਸ ਵੀ ਤਾਂ ਘਰ ਹੀ ਹੁੰਦੇ ਆ ਜੀ।” ਗੁਰਸੀਰ ਬੋਲਿਆ।
“ਹੁੰਦੇ ਤਾਂ ਘਰ ਈ ਐ ਪਰ ਛੋਟੇ ਹੁੰਦੇ ਆ। ਨਾਲ਼-ਨਾਲ਼। ਸਮਝ ਲਓ ਜਿਵੇਂ ਕਵਾਟਰ ਹੋਣ। ਆਪਣੇ ਬੰਦਿਆਂ ਕੋਲ ਜਿੰਨਾ ਚਿਰ ਆਵਦੀ ਵਲ਼ਗਣ ਵਾਲ਼ਾ ਪੂਰਾ ਘਰ ਨਾ ਹੋਵੇ, ਤਸੱਲੀ ਨਹੀਂ ਮਿਲਦੀ।” ਗੁਰਪ੍ਰੀਤ ਨੇ ਕਾਰ ਰੋਕਦਿਆਂ ਕਿਹਾ। ਉਹ ਕਾਰ ਵਿਚੋਂ ਬਾਹਰ ਆ ਗਏ। ਗੁਰਸੀਰ ਨੇ ਬਣ ਰਹੀਆਂ ਇਮਾਰਤਾਂ ਦੀ ਲੰਮੀ ਕਤਾਰ ਵੱਲ ਦੇਖਿਆ ਤੇ ਗੁਰਪ੍ਰੀਤ ਦੇ ਮਗਰ ਤੁਰ ਪਿਆ। ਮੀਂਹ ਪੈ ਕੇ ਹਟਿਆ ਸੀ। ਧਰਤੀ ‘ਤੇ ਚਿੱਕੜ ਸੀ। ਆਪਣੇ ਪਾਲਿਸ਼ ਕੀਤੇ ਚਮੜੇ ਦੇ ਬੂਟਾਂ ਨੂੰ ਬੋਚ-ਬੋਚ ਰੱਖਦੇ ਬਲਵੀਰ ਵੱਲ ਦੇਖ ਕੇ ਗੁਰਸੀਰ ਬੋਲਿਆ, “ਬਲਵੀਰ, ਡਿੱਗ ਨਾ ਪਵੀਂ।”
“ਗੁਰਪ੍ਰੀਤ ਦੇ ਮਗਰ ਤੁਰ ਪਏ ਆਂ, ਇਹ ਨੀ ਡਿੱਗਣ ਦਿੰਦਾ ਆਪਾਂ ਨੂੰ।”
“ਆ ਜੋ, ਆ ਜੋ। ਆਪਾਂ ਏਸ ਬਿਲਡਿੰਗ ‘ਚ ਜਾਣੈ। ਹਾਲੇ ਏਥੇ ਖੜ੍ਹੋ, ਮੈਂ ਦੇਖਦਾਂ।” ਆਖਦਿਆਂ ਗੁਰਪ੍ਰੀਤ ਨੇ ਖੁੱਲ੍ਹੇ ਬੂਹੇ ‘ਤੇ ਹੱਥ ਮਾਰਿਆ, ਫਿਰ ਉੱਚੀ ਆਵਾਜ਼ ’ਚ ਬੋਲਿਆ, “ਮੱਖਣ ਸਿਆਂ।” ਅੰਦਰੋਂ ਕੋਈ ਹੁੰਗਾਰਾ ਨਾ ਆਇਆ। ਅੰਦਰ ਧੂੜ ਨਾਲ ਭਰਿਆ ਪਿਆ ਸੀ। ਬਲਵੀਰ ਧੂੜ ਵੱਲ ਦੇਖ ਕੇ ਗੁਰਸੀਰ ਦੇ ਪਿੱਛੇ ਖੜ੍ਹ ਗਿਆ। “ਕਿਸੇ ਨਾਲ ਫੋਨ ’ਤੇ ਗੱਲੀਂ ਲੱਗਾ ਲੱਗਦੈ।” ਗੁਰਪ੍ਰੀਤ ਨੇ ਆ ਰਹੀ ਆਵਾਜ਼ ਵੱਲ ਧਿਆਨ ਦਿਵਾਉਂਦਿਆਂ ਕਿਹਾ। “ਆਪ ਹੀ ਆ ਜੂ ਬਾਹਰ ਉਹ। ਆਪਾਂ ਕਿਉਂ ਜਾਣੈ ਅੰਦਰ ਧੂੜ ‘ਚ। ਮੈਂ ਮੈਸੇਜ ਛੱਡ ਦਿੰਨੈ ਫੋਨ’ਤੇ।” ਆਖਦਿਆਂ ਗੁਰਪ੍ਰੀਤ ਆਪਣੇ ਫੋਨ’ਤੇ ਉਂਗਲਾਂ ਚਲਾਉਣ ਲੱਗਾ। ਉਧਰੋਂ ਵਿਹਲਾ ਹੋ ਕੇ ਉਹ ਬੋਲਿਆ, “ਘਰਾਂ ਬਾਰੇ ਥੋੜ੍ਹਾ ਜਿਹਾ ਦੱਸ ਦਿੰਨਾ ਥੋਨੂੰ ਓਨਾ ਚਿਰ। ਲੱਕੜ ਦੀ ਫਰੇਮਿੰਗ ਹੁੰਦੀ ਐ ਪਹਿਲਾਂ। ਸੋਲਾਂ ਇੰਚ ਦੀ ਵਿੱਥ ‘ਤੇ ਟੂ ਬਾਏ ਫੋਰ ਲੱਕੜਾਂ ਦੇ ਬਾਲੇ ਖੜ੍ਹੇ ਕੀਤੇ ਹੁੰਦੇ ਆ। ਉਨ੍ਹਾਂ ਵਿਚਦੀ ਹੀ ਸਾਰੀਆਂ ਪਲੰਬਿੰਗ, ਹੀਟਿੰਗ, ਵਗੈਰਾ ਦੀਆਂ ਪਾਈਪਾਂ ਤੇ ਬਿਜਲੀ ਦੀਆਂ ਤਾਰਾਂ ਵਗਾਉਂਦੇ ਆ। ਜਦੋਂ ਉਹ ਸਾਰੀ ‘ਰਫ-ਇਨ’ ਮੁਕੰਮਲ ਹੋ ਜਾਂਦੀ ਐ, ਫੇਰ ਫਰੇਮ ਨੂੰ ਸ਼ੀਟਾਂ ਨਾਲ ਕਵਰ ਕਰ ਦਿੰਦੇ ਆ। ਇਹ ਸ਼ੀਟਾਂ ਚੂਨੇ ਜਿਹੇ ਦੀਆਂ ਹੁੰਦੀਐ। ਡਰਾਈਵਾਲ ਕਹਿੰਦੇ ਓਹਨਾਂ ਨੂੰ। ਜਦੋਂ ਉਹ ਲੱਗ ਜਾਂਦੀਐ, ਫੇਰ ਆਪਣੇ ਬੰਦੇ ਦਾ ਕੰਮ ਸ਼ੁਰੂ ਹੁੰਦੈ ਜੀਹਨੂੰ ਆਪਾਂ ਮਿਲਣ ਆਏ ਆਂ। ਇਹ ਸ਼ੀਟਾਂ ਦੇ ਜੋੜਾਂ ਵਗੈਰਾ ਨੂੰ, ਮੇਖਾਂ ਵਾਲੇ ਥਾਵਾਂ ਨੂੰ ਤੇ ਕੋਨਿਆਂ ਨੂੰ ਮੱਡ ਤੇ ਟੇਪ ਨਾਲ ਭਰ ਦਿੰਦੇ ਆ। ਫੇਰ ਸੈਂਡ ਮਾਰ ਕੇ ਸਮੂਥ ਕਰ ਦਿੰਦੇ ਆ। ਆਹ ਓਹਦੀ ਈ ਧੂੜ ਐ।” ਇਹ ਆਖ ਕੇ ਗੁਰਪ੍ਰੀਤ ਨੇ ਬਲਵੀਰ ਵੱਲ ਦੇਖਿਆ।
ਬਲਵੀਰ ਦੇ ਬੋਲਣ ਤੋਂ ਪਹਿਲਾਂ ਹੀ ਗੁਰਸੀਰ ਬੋਲ ਪਿਆ, “ਬੰਦਾ ਓਹੋ ਜਿਹਾ ਹੋ ਜਾਂਦੈ। ਪਹਿਲਾਂ ਥੋੜ੍ਹੇ ਜਿਹੇ ਦਿਨ ਔਖਾ ਲਗਦਾ ਹੁੰਦੈ।”
“ਹਾਂ, ਇਹ ਤਾਂ ਹੈ।” ਬਲਵੀਰ ਨੇ ਢਿੱਲੀ ਆਵਾਜ਼ ’ਚ ਕਿਹਾ।
“ਚੰਗਾ, ਤੁਸੀਂ ਖੜ੍ਹੋ ਏਥੇ, ਮੈਂ ਨਾਲ ਦੇ ਟਾਊਨ-ਹਾਊਸਾਂ ‘ਚ ਆਪਣੇ ਬਿਜ਼ਨਸ ਕਾਰਡ ਰੱਖ ਆਵਾਂ। ਆਏ ਤਾਂ ਹਾਂ ਹੁਣ।” ਆਖ ਕੇ ਗੁਰਪ੍ਰੀਤ ਤੁਰ ਗਿਆ।
ਉਸ ਦੇ ਜਾਂਦਿਆਂ ਹੀ ਗੁਰਸੀਰ ਬੋਲਿਆ, “ਐਵੇਂ ਨਾ ਡੋਲ ਜਾਈਂ।”
“ਨਹੀਂ ਡੋਲਣਾ ਕਾਹਦੈ, ਜਦੋਂ ਆ ਹੀ ਗਏ ਏਥੇ।”
ਗੁਰਸੀਰ ਨੇ ਅੱਗੋਂ ਕੁਝ ਨਾ ਕਿਹਾ। ਉਨ੍ਹਾਂ ਵਿਚ ਚੁੱਪ ਵਰਤ ਗਈ। ਕਿਸੇ ਦੀ ਫੋਨ ’ਤੇ ਹੋ ਰਹੀ ਗੱਲ-ਬਾਤ ਉਨ੍ਹਾਂ ਦੇ ਕੰਨਾਂ ਵਿਚ ਪੈਣ ਲੱਗੀ। ਕੋਈ ਆਖ ਰਿਹਾ ਸੀ, “ਤੂੰ ਪਰਾਈਸ ਹੋਰ ਘੱਟ ਕਰਦੇ। ਆਪਾਂ ਇਹ ਕਨਟ੍ਰੈਕਟ ਲੈਣਾ ਹੀ ਲੈਣਾ।— ਹੈਂ? ਕੋਈ ਨਾ ਬਚ ਜਾਣਗੇ, ਜਿੰਨੇ ਵੀ ਬਚਣ। ਬਥੇਰੇ ਆਏ ਹੋਏ ਆ ਵਿਜ਼ਟਰ।— ਹੈਂ? ਹੋਰ ਲੈ ਲਵਾਂਗੇ। ਇਹ ਕੰਮ ਨਾ ਹੱਥੋਂ ਜਾਣ ਦੇਈਂ। ਚੰਗਾ ਮੇਰਾ ਵੀਰ।” ਆਵਾਜ਼ ਬੰਦ ਹੋ ਗਈ। ਕੁਝ ਪਲਾਂ ਬਾਅਦ ਇਕ ਆਦਮੀ ਬਾਹਰ ਆਇਆ ਤੇ ਬੋਲਿਆ, “ਹਾਂ ਬਈ?”
“ਗੁਰਪ੍ਰੀਤ ਨਾਲ ਆਏ ਆਂ।” ਬਲਵੀਰ ਨੇ ਜਵਾਬ ਦਿੱਤਾ। ਬੰਦੇ ਨੇ ਬਲਵੀਰ ਵੱਲ ਦੇਖਿਆ, ਫਿਰ ਉਸ ਵੱਲੋਂ ਨਿਗ੍ਹਾ ਹਟਾ ਕੇ ਗੁਰਸੀਰ ਵੱਲ ਦੇਖਦਾ ਬੋਲਿਆ, “ਹਾਂ? ਤੈਨੂੰ ਚਾਹੀਦੈ ਕੰਮ?”
“ਨਹੀਂ, ਮੇਰੇ ਕੋਲ ਤਾਂ ਹੈ। ਇਹ ਮੇਰਾ ਭਰਾ ਆਇਆ ਇੰਡੀਆ ਤੋਂ।”
“ਮੱਖਣ ਐ ਮੇਰਾ ਨਾਂ। ਆ ਜੋ ਅੰਦਰ।” ਮੱਖਣ ਨੇ ਇਕ ਵਾਰ ਫਿਰ ਬਲਵੀਰ ਵੱਲ ਦੇਖਿਆ ਤੇ ਅੰਦਰ ਵੱਲ ਮੁੜ ਗਿਆ।
ਗੁਰਸੀਰ ਤੇ ਬਲਵੀਰ ਉਸ ਦੇ ਮਗਰ ਤੁਰ ਪਏ। ਮੱਖਣ ਦੇ ਪਿੱਛੇ ਪੌੜੀਆਂ ਚੜ੍ਹਦਿਆਂ ਧੂੜ ਕਾਰਨ ਗੁਰਸੀਰ ਨੂੰ ਆਪਣਾ ਸਾਹ ਘੁੱਟ ਹੁੰਦਾ ਲੱਗਾ। ਮੱਖਣ ਇਕ ਕਮਰੇ ਮੂਹਰੇ ਖੜ੍ਹ ਗਿਆ ਤੇ ਬੋਲਿਆ, “ਆਹ ਕੰਮ ਐ।” ਗੁਰਸੀਰ ਤੇ ਬਲਵੀਰ ਨੇ ਕਮਰੇ ਅੰਦਰ ਕੰਮ ਕਰ ਰਹੇ ਬੰਦੇ ਵੱਲ ਦੇਖਿਆ। ਉਸ ਦੇ ਚਿਹਰੇ ‘ਤੇ ਮਾਸਕ ਲੱਗਾ ਹੋਇਆ ਸੀ। ਉਹ ਡੰਡੇ ਜਿਸ ਦੇ ਸਿਰੇ ‘ਤੇ ਨੌ ਬਾਏ ਤਿੰਨ ਇੰਚ ਦਾ ਸੈਂਡਰ ਜੁੜਿਆ ਹੋਇਆ ਸੀ, ਨੂੰ ਕੰਧ ਉੱਪਰ ਫੇਰ ਰਿਹਾ ਸੀ। ਰੇਗਮਾਰ ਫੇਰ ਰਿਹਾ ਬੰਦਾ ਸਫੈਦ ਧੂੜ ਨਾਲ ਅੱਟਿਆ ਪਿਆ ਸੀ। “ਪਹਿਲਾਂ ਅਸੀਂ ਮੱਡ ਨਾਲ ਜੋੜ ਭਰਦੇ ਆਂ, ਫੇਰ ਰਫ ਸੈਂਡ ਕਰਦੇ ਹਾਂ। ਫੇਰ ਫਾਈਨ ਸੈਂਡ ਕਰਦੇ ਹਾਂ। ਹੁਣ ਰਫ ਸੈਂਡ ਹੋ ਰਹੀ ਐ, ਤਾਂ ਹੀ ਐਨੀ ਡਸਟ ਐ।” ਮੱਖਣ ਨੇ ਦੱਸਿਆ। ਫੇਰ ਦੋ ਹੋਰ ਕਮਰਿਆਂ ਜਿਨ੍ਹਾਂ ਵਿਚ ਹੋਰ ਬੰਦੇ ਰੇਗਮਾਰ ਫੇਰ ਰਹੇ ਸਨ, ਦਾ ਗੇੜਾ ਕਢਾ ਕੇ ਮੱਖਣ ਬੋਲਿਆ, “ਕਿਉਂ ਕਰ ਲਵੇਂਗਾ?” ਤੇ ਬਿਨਾ ਬਲਵੀਰ ਦਾ ਜਵਾਬ ਉਡੀਕੇ ਹੀ ਫਿਰ ਬੋਲਿਆ, “ਸਾਡੇ ਕੋਲ ਦੋ ਟੀਮਾਂ ਐ ਚਾਰ-ਚਾਰ ਬੰਦਿਆਂ ਦੀਆਂ। ਇਕ ਮੇਰੇ ਕੋਲ ਐ ਤੇ ਦੂਜੀ ਮੇਰੇ ਪਾਰਟਨਰ ਕੋਲ। ਮੇਰਾ ਪਾਰਟਨਰ ਕਿਤੇ ਐਸਟੀਮੇਟ ਦੇਣ ਗਿਐ।” ਇਹ ਆਖਦਾ ਮੱਖਣ ਉਨ੍ਹਾਂ ਨੂੰ ਫਿਰ ਪੌੜੀਆਂ ਕੋਲ ਲੈ ਆਇਆ ਤੇ ਬਲਵੀਰ ਵੱਲ ਦੇਖ ਕੇ ਮੁਸਕੜੀਏਂ ਹੱਸਦਾ ਬੋਲਿਆ, “ਐਥੇ ਹੀ ਗੱਲ ਕਰਨੀ ਐ ਕਿ ਬਾਹਰ ਖੜ੍ਹੀਏ?”
ਗੁਰਸੀਰ ਨੂੰ ਲੱਗਿਆ ਕਿ ਬਲਵੀਰ ਨੂੰ ਜੋਹਣ ਲਈ ਹੀ ਮੱਖਣ ਨੇ ਇਸ ਤਰ੍ਹਾਂ ਪੁੱਛਿਆ ਸੀ। ਉਸ ਨੇ ਬਲਵੀਰ ਦੇ ਬੋਲਣ ਤੋਂ ਪਹਿਲਾਂ ਹੀ ਕਿਹਾ, “ਜਿੱਥੇ ਤੁਸੀਂ ਕਹੋਂ, ਜੱਟਾਂ ਦੇ ਮੁੰਡੇ ਆਂ, ਬਥੇਰੇ ਵਾਹਣ ਵਾਹੇ ਐ।”
“ਠੀਕ ਐ ਫਿਰ, ਆ ਜੋ।” ਆਖਦਾ ਮੱਖਣ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਆਇਆ ਤੇ ਬੋਲਿਆ, “ਗੱਲ ਏਦਾਂ ਬਈ ਕੰਮ ਸਾਡੇ ਕੋਲ ਬਹੁਤ ਐ। ਮੈਂ ਸਿੱਧੀ ਗੱਲ ਕਰਦਾ ਹੁੰਨੈ। ਹਾਂ। ਵਿਜ਼ਟਰ ਆਉਣ ਵਾਲੇ ਬਹੁਤੇ ਪੜ੍ਹੇ-ਲਿਖੇ ਬੰਦੇ ਹੁੰਦੇ ਐ। ਪਿੱਛੇ ਨੌਕਰੀਆਂ ਕਰਦੇ ਆਏ ਹੁੰਦੇ ਆ। ਆਦਤਾਂ ਹੁੰਦੀਐ ਵਿਗੜੀਆਂ। ਮਾੜਾ ਜਾ ਜ਼ੁਕਾਮ ਹੋਇਆ ਤੇ ਛੁੱਟੀ। ਛੁੱਟੀ ਨੀ ਸਾਡੇ ਕੰਮ ‘ਤੇ ਪੁੱਗਦੀ। ਕੰਮ ਦੀ ਮਾਰੋ-ਮਾਰ ਐ। ਅਸੀਂ ਪੇਂਟ ਵਾਸਤੇ ਤਿਆਰ ਕਰਨੀ ਹੁੰਦੀ ਐ ਕੰਧ। ਜੇ ਪੇਂਟ ਵਾਲਿਆਂ ਨੂੰ ਸੋਮਵਾਰ ਨੂੰ ਤਿਆਰ ਚਾਹੀਦੀ ਐ ਤਾਂ ਸਾਨੂੰ ਹਰ ਹਾਲਤ ‘ਚ ਤਿਆਰ ਕਰ ਕੇ ਦੇਣੀ ਹੁੰਦੀ ਐ। ਭਾਵੇਂ ਬਿਮਾਰ ਹੋਈਏ, ਭਾਵੇਂ ਐਤਵਾਰ ਆ ਜੇ, ਭਾਵੇਂ ਰਾਤ ਪੈ ਜੇ। ਹਾਂ। ਬਾਕੀ ਘੰਟੇ ਕੰਮ ਦੇ ਬਹੁਤ ਬਣ ਜਾਂਦੇ ਆ। ਕਮਾਈ ਪੂਰੀ ਹੋਊ ਤੇਰੀ ਪਰ ਓਵਰਟੈਮ ਦੇਣਾ ਨੀ ਸਾਨੂੰ ਪੁੱਗਦਾ। ਨਾ ਸਾਨੂੰ ਕਿਸੇ ਨੇ ਦਿੱਤਾ, ਜਦੋਂ ਅਸੀਂ ਕਿਸੇ ਨਾਲ ਕੰਮ ਕਰਦੇ ਸੀ, ਨਾ ਅਸੀਂ ਕਿਸੇ ਨੂੰ ਦੇਈਏ। ਪੁੱਗਦਾ ਈ ਨੀ। ਕੰਪੀਟੀਸ਼ਨ ਬਹੁਤ ਐ। ਜੇ ਗੱਲ ਪੁੱਗਦੀ ਐ ਤਾਂ ਹਾਂ ਕਰੀਂ, ਪਿੱਛੋਂ ਨਾ ਬਦਨਾਮ ਕਰਿਓ ਬਈ ਐਕਸਪਲੈਟ ਕਰਦੈ। ਇਹ ਨੀ ਅਸੀਂ ਕਰਦੇ। ਅਸੀਂ ਵੀ ਏਵੇਂ ਹੀ ਕੰਮ ਕਰਦੇ ਆਂ। ਅਸੀਂ ਅਣਸਰਦੇ ਨੂੰ ਛੁੱਟੀ ਕਰਦੇ ਆਂ। ਸਾਨੂੰ ਕਿਹੜਾ ਕੋਈ ਓਵਰਟੈਮ ਦਿੰਦੈ। ਅਸੀਂ ਤਾਂ ਸਗੋਂ ਆਪਣੇ ਭਾਈਬੰਦਾਂ ਨੂੰ ਜੌਬਾਂ ਦੇਣ ਲਈ ਰੇਟ ਘਟਾ ਕੇ ਕੰਮ ਹਾਸਲ ਕਰਦੇ ਆਂ। ਠੀਕ ਐ ਨਾ? ਬਾਕੀ ਰਹੀ ਡਾਲਿਆਂ ਦੀ ਗੱਲ। ਦਸ ਡਾਲੇ ਦੇਵਾਂਗੇ ਘੰਟੇ ਦੇ। ਕਾਗ਼ਜ਼ਾਂ ‘ਚ ‘ਠਾਰਾਂ ਹੋਣਗੇ। ਸਾਰਾ ਟੈਕਸ ਤੁਸੀਂ ਦੇਣਾ। ਕਰ ਲਿਓ ਰੈਅ। ਜੇ ਪੁੱਗਦੈ ਤਾਂ ਦੱਸ ਦਿਓ, ਕੱਲ੍ਹ ਤੋਂ ਹੀ ਚੁੱਕ ਲਿਆਇਆ ਕਰਾਂਗੇ। ਕੰਮ ਲਈ ਚੁੱਕਣ-ਛੱਡਣ ਦੀ ਜ਼ਿੰਮੇਵਾਰੀ ਸਾਡੀ ਪਰ ਸਾਡੇ ਪਹੁੰਚਣ ਤੋਂ ਪਹਿਲਾਂ ਖੜ੍ਹੇ ਹੋਵੋਂ ਬਾਹਰ।”
ਬਲਵੀਰ ਜਿਵੇਂ ਉਸ ਦੇ ਚੁੱਪ ਕਰਨ ਦੀ ਹੀ ਉਡੀਕ ਕਰ ਰਿਹਾ ਹੋਵੇ। ਉਹ ਝੱਟ ਬੋਲਿਆ, “ਏਦਾਂ ਦਾ ‘ਲਾਂਭਾ ਨੀ ਆਉਣ ਦਿੰਦਾ।”
ਮੱਖਣ ਹੱਸਿਆ ਫਿਰ ਬੋਲਿਆ, “ਏਹੋ ਜਿਹੇ ‘ਲਾਂਭੇ ਤਾਂ ਕਨੇਡੇ ਦੀ ਪੱਕੀ ਮੋਹਰ ਲੱਗਣ ਤੋਂ ਬਾਅਦ ਸ਼ੁਰੂ ਹੁੰਦੇ ਆ। ਜਿੰਨਾ ਚਿਰ ਮੋਹਰ ਨੀ ਲਗਦੀ, ਓਨਾ ਚਿਰ ਤਾਂ ਸਾਰੇ ਸਤਿ ਬਚਨ ਹੀ ਆਖਦੇ ਆ। ਸਟੂਡੈਂਟ ਨਿੱਤ ਆਉਂਦੇ ਆ ਜੌਬ ਮੰਗਣ ਪਰ ਮੈਂ ਨੇੜੇ ਨੀ ਲੱਗਣ ਦਿੰਦਾ ਓਨ੍ਹਾਂ ਨੂੰ। ਓਹ ਟਿਕ ਕੇ ਨੀ ਕੰਮ ਕਰਦੇ। ਸਾਨੂੰ ਤਾਂ ਫੈਮਿਲੀ ਪਰਸਨ ਚਾਹੀਦੇ ਆ ਜਿਹੜੇ ਪਿੱਛੋਂ ਵੀ ਗੁਣ ਨਾ ਭੁਲਾਉਣ।”
“ਮੈਂ ਕਿੱਥੇ ਜਾਣੈ ਕੰਮ ਛੱਡ ਕੇ। ਤੁਸੀਂ ਦਿਓ ਸਹੀ ਕੰਮ।” ਬਲਵੀਰ ਨੇ ਕਿਹਾ।
“ਠੀਕ ਐ। ਗੁਰਪ੍ਰੀਤ ਭਾਅ ਨੂੰ ਆ ਜਾਣ ਦਿਓ। ਓਹਦੇ ਸਾਹਮਣੇ ਹੀ ਗੱਲ ਕਰਦੇ ਆਂ।” ਆਖ ਕੇ ਮੱਖਣ ਆਪਣੇ ਫੋਨ ’ਤੇ ਉਂਗਲਾਂ ਮਾਰਨ ਲੱਗਾ। ਉਦੋਂ ਹੀ ਗੁਰਪ੍ਰੀਤ ਆ ਗਿਆ। ਉਸ ਵੱਲ ਦੇਖਦਾ ਮੱਖਣ ਬੋਲਿਆ, “ਮੈਂ ਥੋਨੂੰ ਹੀ ਫੋਨ ਕਰਨ ਲੱਗਾ ਸੀ। ਭਾਅ, ਮੈਂ ਦੱਸ’ਤਾ ਕੰਮ ਬਾਰੇ ਏਨ੍ਹਾਂ ਨੂੰ। ਐੱਲ ਐੱਮ ਆਈ ਬਾਰੇ ਪੁੱਛਦੇ ਆ ਇਹ।”
“ਅੱਛਾ ਦੱਸੋ ਫੇਰ।”
“ਗੱਲ ਏਦਾਂ ਭਾਅ ਕਿ ਰੇਟ ਚੱਲਦੈ ਪੈਂਤੀ ਹਜ਼ਾਰ। ਥੋਡੇ ਕਰ ਕੇ ਤੀਹ ਕਰਦੂੰ।”
“ਜੇ ਇਮੀਗ੍ਰੇਸ਼ਨ ਵਾਲਾ ਸਾਡਾ ਆਪਣਾ ਬੰਦਾ ਹੋਵੇ ਫੇਰ?” ਬਲਵੀਰ ਨੇ ਵਿਚੋਂ ਹੀ ਪੁੱਛਿਆ।
“ਨਾ ਨਾ। ਇਹ ਜਵਾਂ ਈ ਨਹੀਂ ਹੋਣਾ। ਹੋਰ ਇਮੀਗ੍ਰੇਸ਼ਨ ਵਾਲਾ ਨੀ ਵਾੜਨਾ ਵਿਚ। ਸਾਡੀ ਇਕ ਨਾਲ ਗੱਲ ਖੁੱਲ੍ਹੀ ਐ, ਉਹੀ ਰੱਖਣੈ। ਉਸ ਨੇ ਹੀ ਸਾਰਾ ਪੇਪਰ ਵਰਕ ਕਰਨੈ।” ਮੱਖਣ ਦੀ ਇਸ ਗੱਲ ਪਿੱਛੋਂ ਸਾਰੇ ਚੁੱਪ ਕਰ ਗਏ। ਫਿਰ ਬਲਵੀਰ ਹੀ ਬੋਲਿਆ, “ਮੈਂ ਤਾਂ ਦਸ ਹਜ਼ਾਰ ਹੀ ਲਿਆਇਆ ਸੀ।”
“ਮੈਂ ਕਿਹੜਾ ਹੁਣੇ ਮੰਗਦੈਂ। ਜਦੋਂ ਤਕ ਐੱਲ ਐੱਮ ਆਈ ‘ਚ ਨਾਂ ਪੈ ਕੇ ਆਉਣੈ, ਉਦੋਂ ਤਕ ਕਰ ਲਿਓ। ਜੇ ਇੰਡੀਆ ਤੋਂ ਮੰਗਵਾਉਣੇ ਐ ਤਾਂ ਮੇਰਾ ਇਮੀਗ੍ਰੇਸ਼ਨ ਵਾਲਾ ਉਹ ਵੀ ਕਰਵਾ ਦਿੰਦੈ। ਹੈਗੇ ਐ ਬੰਦੇ ਉਹਦੇ ਕੋਲ ਐਥੇ।” ਮੱਖਣ ਦੀ ਇਹ ਗੱਲ ਸੁਣ ਕੇ ਬਲਵੀਰ ਨੇ ਗੁਰਸੀਰ ਵੱਲ ਦੇਖਿਆ। ਉਹ ਚੁੱਪ ਹੀ ਰਿਹਾ।
ਮੱਖਣ ਫਿਰ ਬੋਲਿਆ, “ਮੈਂ ‘ਠਾਰਾਂ ਸਾਲ ਪਹਿਲਾਂ ਬਾਈ ਲੱਖ ਰੁਪਈਆ ਦੇ ਕੇ ਲੰਘਿਆ ਸੀ, ਰਫੂਜੀ। ਹੁਣ ਦੇਖ ਲਓ ਮੌਜਾਂ ਕਰੀਦੀਐ। ਤੁਸੀਂ ਸਲਾਹ ਕਰ ਲਓ।”
ਸੋਚਾਂ ਵਿਚ ਡੁੱਬੇ ਖੜ੍ਹੇ ਬਲਵੀਰ ਵੱਲ ਦੇਖ ਕੇ ਗੁਰਪ੍ਰੀਤ ਨੇ ਕਿਹਾ, “ਕਿਵੇਂ? ਚੱਲੀਏ ਫੇਰ?”
“ਹੈਂ? ਹਾਂ, ਚੱਲੋ।” ਬਲਵੀਰ ਬੋਲਿਆ ਅਤੇ ਉਹ ਗੁਰਪ੍ਰੀਤ ਦੇ ਪਿੱਛੇ ਉਸ ਦੀ ਕਾਰ ਵੱਲ ਤੁਰ ਪਏ।
ਕਾਰ ਵਿਚ ਬੈਠਦਿਆਂ ਹੀ ਗੁਰਸੀਰ ਬੋਲਿਆ, “ਦੇਖ ਲੋ, ਐਂ ਬੋਲਦਾ ਸੀ ਜਿਵੇਂ ਇਹਦੇ ਹੱਥ ‘ਚ ਹੀ ਇਮੀਗ੍ਰੇਸ਼ਨ ਦੀ ਮੋਹਰ ਫੜੀ ਹੋਵੇ।”
“ਬੋਲਣਾ ਈ ਐ। ਗੌਰਮਿੰਟ ਨੇ ਸੱਚੀਂ ਇਹਨਾਂ ਦੇ ਹੱਥ ਮੋਹਰ ਦੇਤੀ ਐੱਲ ਐੱਮ ਆਈ ਏ ਦੇ ਕੇ।” ਗੁਰਪ੍ਰੀਤ ਨੇ ਹੁੰਗਾਰਾ ਭਰਿਆ ਪਰ ਬਲਵੀਰ ਚੁੱਪ ਹੀ ਰਿਹਾ। ਗੁਰਸੀਰ ਨੂੰ ਉਹ ਸੋਚਾਂ ਵਿਚ ਡੁੱਬਿਆ ਹੋਇਆ ਲੱਗਾ। ਗੁਰਸੀਰ ਆਪ ਵੀ ਚੁੱਪ ਕਰ ਗਿਆ। ਗੁਰਪ੍ਰੀਤ ਨੇ ਚੁੱਪ ਨੂੰ ਤੋੜਿਆ, “ਵੀਰ ਜੀ, ਜੇ ਇਹ ਕੰਮ ਔਖਾ ਲੱਗਦੈ ਤਾਂ ਕਿਸੇ ਗੁਰਦੁਆਰੇ ਦੇ ਗਰੰਥੀ ਵਜੋਂ ਪੁੱਛ ਕੇ ਦੇਖੀਏ ਕਿਤੋਂ?”
“ਮੈਂ ਤਾਂ ਕਿਤੇ ਪਾਠ ਕੀਤਾ ਨਹੀਂ।” ਬਲਵੀਰ ਨੇ ਜਵਾਬ ਦਿੱਤਾ।
“ਅਗਲਿਆਂ ਨੂੰ ਕਿਹੜਾ ਅਸਲੀ ਗਰੰਥੀ ਚਾਹੀਦੈ ਹੁੰਦੈ। ਐੱਲ ਐੱਮ ਆਈ ਏਆਂ ਵੇਚਣ ਲਈ ਕਈ ਫਰਜ਼ੀ ਗੁਰਦੁਆਰਾ ਸੁਸਾਇਟੀਆਂ ਬਣ ਗਈਐਂ।”
“ਫਰਜ਼ੀ ਗੁਰਦੁਆਰੇ ਵਿਚ ਕੰਮ ਤਾਂ ਨਹੀਂ ਹੋਣਾ? ਫੇਰ ਕੰਮ ਕਿਤੇ ਹੋਰ ਲੱਭਣਾ ਪਊਗਾ। ਜੇ ਐੱਲ ਐੱਮ ਆਈ ਏ ਖਰੀਦਣੀ ਈ ਐ, ਫਿਰ ਇਹੀ ਮੱਖਣ ਆਲਾ ਕੰਮ ਕੀ ਮਾੜਾ?” ਗੁਰਸੀਰ ਬੋਲਿਆ।
“ਕੱਲ੍ਹ ਜਿਵੇਂ ਹਰਵੀਰ ਕਹਿੰਦਾ ਸੀ ਕਿ ਉਹ ਕੰਮ ਆਲਾ ਲੱਭੋ ਜੀਹਨੂੰ ਸੱਚੀਂ ਕੋਈ ਕਾਮਾ ਚਾਹੀਦਾ ਹੋਵੇ। ਉਹ ਨਹੀਂ ਪੈਸੇ ਲੈਂਦੇ।” ਬਲਵੀਰ ਬੋਲਿਆ।
“ਵੀਰ ਜੀ, ਬਹੁਤ ਪੁੱਛ-ਪੜਤਾਲ ਕੀਤੀ ਐ ਮੈਂ। ਕੋਈ ਨਹੀਂ ਐਹੋ ਜਿਹਾ ਲੱਭਿਆ।” ਗੁਰਪ੍ਰੀਤ ਨੇ ਜਵਾਬ ਦਿੱਤਾ।
“ਇਕ ਪਾਰਦਰਸ਼ੀ ਇਮੀਗ੍ਰੇਸ਼ਨ ਵਾਲਾ ਸੁਣਦੇ ਆਂ। ਉਹਦੀ ਪ੍ਰਧਾਨ ਮੰਤਰੀ ਨਾਲ ਫੋਟੋ ਛਪਦੀ ਐ ਇੰਡੀਆ ਦੇ ਅਖ਼ਬਾਰਾਂ ’ਚ। ਉਹ ਕਹਿੰਦੇ ਕਰਵਾ ਦਿੰਦੈ ਕੰਮ।” ਬਲਵੀਰ ਨੇ ਕਿਹਾ।
“ਏਥੇ ਪ੍ਰਧਾਨ ਮੰਤਰੀ ਨਾਲ ਫੋਟੋ ਖਿਚਵਾਉਣੀ ਵੱਡੀ ਗੱਲ ਨਹੀਂ। ਪਾਰਟੀ ਆਲੇ ਜਦੋਂ ਫੰਡ-ਰੇਜ਼ਿੰਗ ਡਿਨਰ ਕਰਦੇ ਆ, ਜਿਹੜਾ ਮਰਜ਼ੀ ਫੰਡ ਦੇ ਕੇ ਚਲਿਆ ਜਾਵੇ ਤੇ ਫੋਟੋਆਂ ਖਿਚਵਾਈ ਜਾਏ।” ਗੁਰਪ੍ਰੀਤ ਨੇ ਜਵਾਬ ਦਿੱਤਾ।
“ਨਾਲੇ ਉਹਨੇ ਕਿਹੜਾ ਮੁਫਤੀ ਦਿਵਾ ਦੇਣੀ ਐ। ਰੋਜ਼ ਉਹਦੀ ਰੇਡੀਓ ‘ਤੇ ਐਡ ਆਉਂਦੀ ਆ।” ਗੁਰਸੀਰ ਨੇ ਦੱਸਿਆ। ਕਾਰ ਵਿਚ ਫਿਰ ਚੁੱਪ ਪਸਰ ਗਈ। ਕੁਝ ਪਲਾਂ ਬਾਅਦ ਗੁਰਸੀਰ ਨੇ ਚੁੱਪ ਤੋੜਦਿਆਂ ਕਿਹਾ, “ਭਲਾ ਇਹ ਟੇਪਿੰਗ ਦਾ ਕੰਮ ਸ਼ੁਰੂ ਕਰਨ ਲਈ ਕੋਈ ਕੋਰਸ-ਕਾਰਸ ਵੀ ਕਰਨਾ ਪੈਂਦਾ?”
“ਨਾ, ਕੋਰਸ ਕਾਹਦਾ? ਮੋਟਾ-ਠੁੱਲ੍ਹਾ ਕੰਮ ਐ। ਐ ਈਂ ਬੰਦੇ ਕੰਮ ਕਰਦਿਆਂ ਸਿੱਖ ਜਾਂਦੇ ਆ।” ਗੁਰਪ੍ਰੀਤ ਨੇ ਦੱਸਿਆ।
“ਤੇ ਏਸ ਕੰਮ ਦੀ ਆਵਦੀ ਕੰਪਨੀ ਖੋਲ੍ਹਣ ‘ਤੇ ਕਿੰਨਾ ਕੁ ਖਰਚਾ ਆ ਜਾਂਦਾ ਹੋਊ?” ਗੁਰਸੀਰ ਨੇ ਪੁੱਛਿਆ।
“ਖਰਚ ਵੀ ਕੋਈ ਖ਼ਾਸ ਨਹੀਂ ਹੁੰਦਾ। ਮਾੜਾ-ਮੋਟਾ ਟੂਲ ਵਗੈਰਾ ਖਰੀਦਣ ‘ਤੇ ਆਉਂਦਾ ਹੋਣਾ। ਉਹ ਵੀ ਕੋਈ ਮਹਿੰਗੇ ਨਹੀਂ ਹੁੰਦੇ। ਕੋਈ ਮਸ਼ੀਨਰੀ ਨੀ ਖਰੀਦਣੀ, ਕੋਈ ਥਾਂ ਨਹੀਂ ਰੈਂਟ ਕਰਨੀ। ਬੱਸ ਕੰਮ ਆਉਂਦਾ ਹੋਣਾ ਚਾਹੀਦਾ।” ਇਹ ਸੁਣ ਕੇ ਗੁਰਸੀਰ ਨੇ ਬਲਵੀਰ ਵੱਲ ਦੇਖਿਆ। ਉਹ ਸ਼ੀਸ਼ੇ ਰਾਹੀਂ ਬਾਹਰ ਵੱਲ ਦੇਖ ਰਿਹਾ ਸੀ। ਗੁਰਸੀਰ ਨੇ ਉਸ ਨੂੰ ਸੋਚਾਂ ਵਿਚੋਂ ਕੱਢਣਾ ਠੀਕ ਨਾ ਸਮਝਿਆ। ਉਸ ਨੇ ਸੋਚਿਆ ਕਿ ਉਹ ਕੰਮ ਬਾਰੇ ਵਿਚਾਰ ਕਰ ਰਿਹਾ ਹੋਵੇਗਾ। ਗੁਰਸੀਰ ਆਪ ਵੀ ਚੁੱਪ ਕਰ ਗਿਆ ਅਤੇ ਬਲਵੀਰ ਬਾਰੇ ਸੋਚਣ ਲੱਗਾ।
ਫਿਰ ਆਪਣੀ ਕਾਰ ਵਿਚ ਬੈਠਦਿਆਂ ਗੁਰਸੀਰ ਨੇ ਬਲਵੀਰ ਦੀ ਰਾਇ ਜਾਣਨ ਲਈ ਉਸ ਤੋਂ ਪੁੱਛ ਲਿਆ, “ਕਿਉਂ, ਕੀ ਬਣਦੈ ਇਰਾਦਾ?”
“ਕੰਮ ਤਾਂ ਔਖਾ-ਸੌਖਾ ਕਰ ਲਊਂ ਪਰ ਡਾਲਰ ਜ਼ਿਆਦਾ ਮੰਗਦੈ। ਮੈਂ ਤਾਂ ਸੋਚਦਾ ਸੀ ਕਿ ਵੀਹ ਕੁ ਹਜ਼ਾਰ ਨਾਲ ਸਰ ਜਾਊ। ਤੂੰ ਏਨੇ ਹੀ ਦਿੱਤੇ ਸੀ।”
“ਰੇਟ ਚੱਕੀ ਤੁਰੇ ਜਾਂਦੇ ਆ ਦਿਨੋ-ਦਿਨ। ਮੇਰੇ ਦਿਮਾਗ਼ ‘ਚ ਹੋਰ ਸਕੀਮ ਆਉਂਦੀ ਐ।”
“ਕੀ?”
“ਦੋ ਕੁ ਸਾਲਾਂ ਨੂੰ ਜਦੋਂ ਨੂੰ ਮੈਂ ਪੱਕਾ ਹੋਣਾ, ਤੈਨੂੰ ਓਪਨ ਵਰਕ ਪਰਮਿਟ ਮਿਲ ਜਾਊ। ਤੂੰ ਓਦੋਂ ਤੱਕ ਕੰਮ ਵੀ ਸਿੱਖ ਜਾਏਂਗਾ।”
“ਫੇਰ?”
“ਆਪਾਂ ਆਪਣੀ ਕੰਪਨੀ ਖੋਲ੍ਹ ਲਵਾਂਗੇ। ਓਦੋਂ ਤਕ ਐੱਲ ਐੱਮ ਆਈ ਏਆਂ ਦੇ ਰੇਟ ਵੀ ਵਧ ਜਾਣਗੇ। ਆਪਣੇ ਖਰਚੇ ਤਾਂ ਛੇਤੀ ਮੁੜ ਆਉਣਗੇ। ਕਰਦੇ ਹਾਂ ਚੁੱਪ ਕਰ ਕੇ।” ਆਖ ਕੇ ਗੁਰਸੀਰ ਨੇ ਬਲਵੀਰ ਵੱਲ ਦੇਖਿਆ। ਉਸ ਦੇ ਚਿਹਰੇ ‘ਤੇ ਰੌਣਕ ਪਰਤ ਆਈ ਸੀ। (ਚੱਲਦਾ)