ਤੁਰ ਗਿਆ ‘ਨਾਥ ਚੌਰੇ’ ਦਾ ਜੋਗੀ – ਦੇਸ ਰਾਜ ਕਾਲੀ

ਬਿੰਦਰ ਬਸਰਾ
ਪੰਜਾਬੀ ਸਾਹਿਤ ਜਗਤ ਵਿਚ ਇਕ ਵਿਲੱਖਣ ਸਾਹਿਤਕਾਰ ਵਜੋਂ ਆਪਣੀ ਹਾਜ਼ਰੀ ਲੁਆਉਣ ਵਾਲੇ ਦੇਸ ਰਾਜ ਕਾਲੀ ਦੇ ਦੇਹਾਂਤ ਨੇ ਉਸ ਦੇ ਪ੍ਰਸ਼ੰਸਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਕ ਤਰ੍ਹਾਂ ਨਾਲ ਝੰਜੋੜ ਸੁੱਟਿਆ ਹੈ। ਉਸ ਨਾਲ ਸਾਂਝ ਰੱਖਣ ਵਾਲਿਆਂ ਨੇ ਆਪੋ-ਆਪਣੇ ਢੰਗ ਨਾਲ ਉਸ ਦੀਆਂ ਯਾਦਾਂ ਦੀ ਲੜੀ ਪਰੋਈ ਹੈ। ਦੇਸ ਰਾਜ ਕਾਲੀ ਦੇ ਸਮਕਾਲੀ ਲੇਖਕ ਬਿੰਦਰ ਬਸਰਾ ਨੇ ਆਪਣੇ ਇਸ ਲੇਖ ਜੋ ਸ਼ਾਇਰ ਅਜੈ ਤਨਵੀਰ ਮਾਰਫ਼ਤ ਹਾਸਲ ਹੋਇਆ ਹੈ, ਵਿਚ ਦੇਸ ਰਾਜ ਕਾਲੀ ਦੇ ਰਚੇ ਵਿਲੱਖਣ ਸਹਿਤ ਅਤੇ ਸ਼ਖਸੀਅਤ ਦੀ ਗੱਲ ਛੋਹੀ ਹੈ।

ਦੇਸ ਰਾਜ ਕਾਲੀ ਦਾ ਨਾਂ ਪੰਜਾਬੀ ਸਾਹਿਤ ’ਚ ਨਵੀਂ ਲੀਹ ਪਾਉਣ ਵਾਲਿਆਂ ’ਚ ਸ਼ੁਮਾਰ ਹੈ। ਅੱਜ ਉਹ ‘ਹੈ’ ਤੋਂ ‘ਸੀ’ ਦਾ ਸਫ਼ਰ ਤੈਅ ਕਰ ‘ਨਾਥ ਚੌਰਾ’ ਸੁੰਨਾ ਕਰ ਗਿਆ। ਫੇਸਬੁੱਕ ’ਤੇ ਪਾਈ ਆਖ਼ਰੀ ਪੋਸਟ ’ਚ ਉਹ ਲਿਖਦਾ ਹੈ,‘ਸਾਰੇ ਦੋਸਤਾਂ ਤੋਂ ਮਾਫ਼ੀ ਸਹਿਤ ਦੱਸ ਰਿਹਾਂ ਕਿ ਸਾਰਾ ਮਹੀਨਾ ਮੈਨੂੰ ਬੁਖ਼ਾਰ ਨੇ ਏਨਾ ਪਰੇਸ਼ਾਨ ਕੀਤਾ ਕਿ ਪੁੱਛੋ ਕੱਝ ਨਾ, ਪਰ ਮੈਂ ਦੁੱਖ ਖਿਲਾਰਨਾ ਨਹੀਂ ਸੀ ਚਾਹੁੰਦਾ। ਇੰਜ ਦੁੱਖ ਭੂਹੇ ਚੜ੍ਹ ਜਾਂਦੈ। ਮੈਂ ਉਹਨੂੰ ਕਿਹਾ ਕਿ ਜਾਹ ਬੁਲਾ ਲੈ ਜਿਹਨੂੰ ਬੁਲਾਉਣਾ, ਮੈਂ ਨਹੀਂ ਤੈਥੋਂ ਹਾਰਦਾ। ਅੱਜ ਬੁਖ਼ਾਰ ਹਾਰ ਗਿਆ! ਤਦੇ ਮੈਂ ਤੁਹਾਨੂੰ ਸਭ ਨੂੰ ਦੱਸ ਰਿਹਾਂ ਕਿ ਹੁਣ ਜਦੋਂ ਮਰਜ਼ੀ ਫੋਨ ਕਰੋ! ਕੱਲ੍ਹ ਤੋਂ ਬਰਕਤਾਂ ਵੀ ਸਾਹਿਤ ਲੈ ਕੇ ਆਉਣਗੀਆਂ!’ ਸਭ ਨੂੰ ਆਉਣ ਦਾ ਸੱਦਾ ਦੇਣ ਵਾਲਾ ਕਾਲੀ ਅੱਜ ਆਪ ਬੂਹਾ ਕੁੰਡਾ ਮਾਰ ਕੇ ਪਤਾ ਨਹੀਂ ਕਿਹੜੇ ਰਾਹੀਂ ਤੁਰ ਗਿਆ। ਉਸ ਨਾਲ ਜੁੜੀਆਂ ਯਾਦਾਂ ਦੀ ਪਟਾਰੀ ਕਿਸ ਕੋਲ ਖੋਲ੍ਹਾਂ, ਸਮਝ ਨਹੀਂ ਆਉਂਦੀ।
ਉਹ ਮੁਹੱਬਤੀ ਬੰਦਾ ਸੀ। ਮੁਹੱਬਤਾਂ ਵੰਡਦਾ ਤੁਰ ਗਿਆ। ਉਹ ਸਭ ਦਾ ਯਾਰ ਸੀ। ਜਿਸ ਨੂੰ ਮਿਲਦਾ, ਉਸ ਦਾ ਆਪਣਾ ਹੋ ਜਾਂਦਾ। ਉਹ ਕਦੇ ਚੰਡੀਗੜ੍ਹ ਪ੍ਰੈਸ ਕਲੱਬ ’ਚ ਜਾਂ ਕਿਸੇ ਹੋਰ ਸਮਾਗਮ ’ਚ ਸਾਂਝੇ ਮਿੱਤਰਾਂ ਨਾਲ ਬੈਠਾ ਅੱਧੀ ਰਾਤ ਨੂੰ ਮੈਨੂੰ ਫੋਨ ਖੜਕਾ ਦਿੰਦਾ। ਮੇਰੇ ਕੁਝ ਕਹਿਣ ਜਾਂ ਗੁੱਸੇ ਹੋਣ ਤਾਂ ਪਹਿਲਾਂ ਹੀ ਉਹ ਕਹਿੰਦਾ,‘ਅਸੀਂ ਤੈਨੂੰ ਮੁਹੱਬਤ ਕਰਦੇ ਆਂ, ਉਹ ਵੀ ਢਿੱਡੋਂ।’
ਉਹ ਸਾਹਿਤਕ ਰਸਾਲੇ ‘ਲਕੀਰ’ ਦਾ ਸੰਪਾਦਕ ਰਿਹਾ। ਜਿੰਨਾ ਨਾਂ ਉਸ ਨੇ ਇਕ ਗਲਪਕਾਰ ਵਜੋਂ ਕਮਾਇਆ ਲਗਪਗ ਓਨਾ ਹੀ ਪੱਤਰਕਾਰ ਦੇ ਤੌਰ ’ਤੇ। ‘ਲਕੀਰ’ ਦੀ ਸੰਪਾਦਨਾ ਕਰਦਿਆਂ ਉਹ ਕਦੇ ਵੀ ਲਕੀਰ ਦਾ ਫ਼ਕੀਰ ਨਹੀਂ ਬਣਿਆ। ਨਵੀਂਆਂ ਪੈੜਾਂ ਪਾਉਂਦਿਆਂ ਉਸ ਨੇ ‘ਲਕੀਰ’ ਦੇ ਕਈ ਯਾਦਗਾਰੀ ਅੰਕ ਕੱਢੇ। ਆਪਣੇ ਬੇਰੁਜ਼ਗਾਰੀ ਦੇ ਦਿਨਾਂ ’ਚ ਉਸ ਨੇ ਬਹੁਤ ਧੰਦ ਪਿੱਟੇ। ਕਦੇ ਉਹ ਦੋਧੀ ਬਣ ਜਾਂਦਾ ਤੇ ਕਦੇ ਹੱਟੀ ਵਾਲਾ ਬਾਣੀਆ। ਅਜਿਹਾ ਕੋਈ ਵੀ ਕਾਰਜ ਉਹਨੂੰ ਰਾਸ ਨਾ ਆਇਆ। ਘਰ ਫੂਕ ਤਮਾਸ਼ਾ ਦੇਖਣ ਦੇ ਰਾਹ ਉਹ ਕਈ ਵਾਰ ਤੁਰਿਆ। ਘਾਟੇ ਵਾਲੇ ਵਣਜ ਕਰ ਕੇ ਵੀ ਉਹ ਕਦੇ ਨਾ ਡੋਲ੍ਹਦਾ। ਉਹ ਆਪਣੇ ਪੈਰੀਂ ਬੇੜੀਆਂ ਪਾਉਂਦਾ ਤੇ ਫੇਰ ਆਪ ਹੀ ਤੋੜ ਕੇ ਬਾਗ਼ੀ ਹੋ ਜਾਂਦਾ।
ਉਹ ਸਾਹਿਤ ਦੇ ਖੇਤਰ ’ਚ ਹੀ ਨਹੀਂ ਸਗੋਂ ਪੱਤਰਕਾਰੀ ’ਚ ਵੀ ਨਵੇਂ ਤਜਰਬੇ ਕਰਦਾ ਰਹਿੰਦਾ ਸੀ। ਉਸ ਨੇ ਆਪਣਾ ਵੈੱਬ ਚੈਨਲ ‘ਬਰਕਤਾਂ’ ਸ਼ੁਰੂ ਕੀਤਾ ਜਿਸ ’ਤੇ ਉਹ ਬੇਖ਼ੌਫ ਹੋ ਕੇ ਬੋਲਦਾ। ਭਾਵੇਂ ਉਸ ਨੂੰ ਪਤਾ ਹੁੰਦਾ ਕਿ ਇਸ ਨਿਡਰਤਾ ਦਾ ਉਸ ਨੂੰ ‘ਨਤੀਜਾ’ ਵੀ ਭੁਗਤਣਾ ਪੈ ਸਕਦਾ ਫਿਰ ਵੀ ਉਹ ਕਦੇ ਸਮਝੌਤਾ ਨਾ ਕਰਦਾ। ਭ੍ਰਿਸ਼ਟ ਨੇਤਾਵਾਂ ਨੂੰ ਲੰਮੇ ਹੱਥੀਂ ਲੈਂਦਾ। ਚੰਗਾ ਬੁਲਾਰਾ ਹੋਣ ਕਾਰਨ ਉਹ ਸਭ ਦਾ ਧਿਆਨ ਖਿੱਚਦਾ। ਉਸ ਦੀ ਤਰਕਪੂਰਨ ਗੱਲਬਾਤ ਸਭ ਨੂੰ ਪ੍ਰਭਾਵਿਤ ਕਰਦੀ। ਸਾਹਿਤ ਅਤੇ ਸਮਾਜ ਵਿਗਿਆਨ ਬਾਰੇ ਲੈਕਚਰ ਦੇਣ ਜੇ ਉਹ ਅੱਜ ਚੰਡੀਗੜ੍ਹ ਹੈ ਤੇ ਕੱਲ੍ਹ ਦਿੱਲੀ ਹੁੰਦਾ। ਉਹ ਵਧੀਆ ਸੰਪਾਦਕ ਹੀ ਨਹੀਂ ਸਗੋਂ ਸਫ਼ਲ ਪ੍ਰਬੰਧਕ ਵੀ ਸੀ। ਉਹ ਵੱਡੇ-ਵੱਡੇ ਸਾਹਿਤਕ ਸਮਾਗਮ ਕਰਨ- ਕਰਵਾਉਣ ਦਾ ਜ਼ਿੰਮਾ ਓਟ ਲੈਂਦਾ ਤੇ ਫਿਰ ਉਨ੍ਹਾਂ ਨੂੰ ਬਾਖ਼ੂਬੀ ਸਿਰੇ ਵੀ ਚਾੜ੍ਹਦਾ। ਲੇਖਕ ਸਭਾਵਾਂ ਅਤੇ ਅਕਾਦਮੀ ’ਚ ਉਹ ਸਲਾਹਕਾਰ ਜਾਂ ਅਹੁਦੇਦਾਰ ਵਜੋਂ ਵਿਚਰਦਾ।
ਉਸ ਦੀ ਸਿਰਜਣਾ ਦੇ ਬੀਜ ਸਿੱਧਾਂ ਨਾਥਾਂ ਦੇ ਸਾਹਿਤ ’ਚ ਪਏ ਹਨ। ਉਸ ਦਾ ਬਚਪਨ ਸਿੱਧਾਂ ਨਾਥਾਂ ਦੀਆਂ ਦਾਰਸ਼ਨਿਕ ਪ੍ਰੰਪਰਾਵਾਂ ਦੇ ਮੌਖਿਕ ਸਾਹਿਤ ’ਚ ਬੀਤਿਆ ਹੋਣ ਕਾਰਨ ਇਨ੍ਹਾਂ ਦੀ ਝਲਕ ਉਸ ਦੀਆਂ ਰਚਨਾਵਾਂ ’ਚੋਂ ਦਿਖਾਈ ਦਿੰਦੀ ਹੈ। ਉਹ ਗੱਲਬਾਤ ਕਰਦਿਆਂ ਅਕਸਰ ਕਹਿੰਦਾ,‘ਮੇਰੇ ਵਿਹੜੇ ਦੇ ਲੋਕ ਜੋ ਸਨ, ਉਹ ਗੁੱਗਾ ਗਾਉਂਦੇ। ਸਾਰੀ-ਸਾਰੀ ਰਾਤ ਗੁੱਗੇ ਦੀ ਕਥਾ ਚੱਲਦੀ। ਇਸ ਕਥਾ ਰਾਹੀਂ ਗੋਰਖ ਨਾਥ ਦੀ ਬਾਣੀ ਦੇ ਹਵਾਲਿਆਂ ਨਾਲ ਮੈਨੂੰ ਸਾਹਿਤ ਰਾਹੀਂ ਇਤਿਹਾਸ ਦੀ ਜਾਣਕਾਰੀ ਵੀ ਮਿਲਦੀ ਰਹੀ ਹੈ।’ ਉਹ ਕਹਿੰਦਾ,‘ਮੇਰਾ ਜਨਮ ਭਾਵੇਂ ਗ਼ਰੀਬ ਪਰਿਵਾਰ ’ਚ ਹੋਇਆ ਪਰ ਸੱਭਿਆਚਾਰਕ ਤੌਰ ਉੱਤੇ ਮੈਂ ਬਹੁਤ ਹੀ ਅਮੀਰ ਹਾਂ। ਮੇਰੇ ਸਾਹਿਤ ਵਿਚੋਂ ਤੁਸੀਂ ਸਿੱਧਾਂ/ਨਾਥਾਂ ਦੇ ਧੂਣੇ ਦਾ ਸੇਕ ਮਹਿਸੂਸ ਕਰ ਸਕਦੇ ਹੋ।’ ਉਹ ਆਪਣੇ ਸਾਹਿਤ ’ਚੋਂ ਹਵਾਲੇ ਦਿੰਦਿਆਂ ਆਪਣੀ ਮਾਂ ਤੇ ਬਾਪੂ ਦਾ ਜ਼ਿਕਰ ਜ਼ਰੂਰ ਕਰਦਾ।
ਉਸ ਦੇ ਨਾਵਲਾਂ ਦੇ ਨਾਂ ਮਿੱਥਾਂ ਤੋਂ ਪ੍ਰਭਾਵਿਤ ਹਨ। ਇਸ ਦਾ ਕਾਰਨ ਉਹ ਆਪਣੇ ਬਚਪਨ ਦੀ ਸੱਭਿਆਚਾਰਕ ਅਮੀਰੀ ਨੂੰ ਮੰਨਦਾ। ਉਸ ਦੇ ਇਕ ਨਾਵਲ ਦਾ ਨਾਂ ‘ਪਰਣੇਸ਼ਵਰੀ’ ਹੈ, ਦੂਜੇ ਦਾ ਨਾਂ ‘ਪ੍ਰਥਮ ਪੌਰਾਣ’, ਤੀਸਰੇ ਦਾ ਨਾਂ ‘ਸ਼ਾਂਤੀ ਪਰਵ’ ਹੈ। ਇਸੇ ਤਰ੍ਹਾਂ ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ’ਚ ਮਿੱਥਕ ਪਾਤਰ ਤੁਰਦੇ-ਫਿਰਦੇ ਨਜ਼ਰ ਆ ਜਾਂਦੇ ਹਨ। ਇਸੇ ਕਰਕੇ ਹੀ ਉਸ ਦੇ ਦਫ਼ਤਰ ਦਾ ਨਾਂ ‘ਨਾਥ ਚੌਰਾ’ ਹੈ। ਕੁਝ ਥਾਵਾਂ ਦੀ ਪਛਾਣ ਬੰਦਿਆਂ ਨਾਲ ਹੁੰਦੀ ਹੈ। ਜਲੰਧਰ ਦੇ ਧੋਬੀ ਘਾਟ ਨੇੜਲੇ ਉਸ ਦੇ ਦਫ਼ਤਰ ਨਾਥ ਚੌਰਾ ਦੀ ਪਛਾਣ ਕਾਲੀ ਕਰਕੇ ਹੀ ਹੈ।
ਉਸ ਦੇ ਨਾਵਲ ‘ਪਰਣੇਸ਼ਵਰੀ’ ’ਚ ਦੁਆਬੇ ਦੇ ਦਲਿਤ ਪਰਿਵਾਰਾਂ ਦੀ ਜ਼ਿੰਦਗੀ, ਉਨ੍ਹਾਂ ਦਾ ਇਤਿਹਾਸ, ਸੱਭਿਆਚਾਰ, ਫਲਸਫ਼ਾ ਸਭ ਕੁਝ ਸੁਣਾਈ ਦਿੰਦਾ ਹੈ, ਉੱਥੇ ਇਕ ਹੋਰ ਨਾਵਲ ‘ਸ਼ਹਿਰ ਵਿਚ ਸਾਨ੍ਹ ਹੋਣ ਦਾ ਮਤਲਬ’ ’ਚ ਵਿੱਤੀ ਪੂੰਜੀ ਤੋਂ ਬਾਅਦ ਅਸੁਰੱਖਿਆ ਦੀ ਭਾਵਨਾ ਦਾ ਝੰਬਿਆ ਪੰਜਾਬੀ ਮਨੁੱਖ ਜਾਂ ਵਿਸ਼ਵ ਮਨੁੱਖ ਵਿਸ਼ੇ ਦਾ ਕਾਰਨ ਬਣਦਾ ਹੈ। ਉਸ ਨੇ ਆਪਣੇ ਨਾਵਲ ‘ਅੰਤਹੀਣ’ ’ਚ ਅੱਤਵਾਦ ਤੋਂ ਬਾਅਦ ਪੰਜਾਬ ਦੀ ਮੁਰਦੇਹਾਣ ਨੌਜਵਾਨ ਪੀੜ੍ਹੀ ਦੇ ਦਰਦ ਨੂੰ ਬਿਆਨ ਕੀਤਾ ਹੈ। ‘ਸ਼ਾਂਤੀ-ਪਰਵ’ ਨਾਵਲ ’ਚ ਜਿੱਥੇ ਤਕਨੀਕ ਦੇ ਪੱਖ ਤੋਂ ਪ੍ਰਯੋਗ ਹਨ, ਉੱਥੇ ਵਿਸ਼ੇ ਦੇ ਤੌਰ ’ਤੇ ਦਲਿਤ, ਕਮਿਊੁਨਿਸਟ ਤੇ ਬੁੱਧੀਜੀਵੀ ਵਰਗ ਦੇ ਸਮਾਜ ’ਚੋਂ ਖ਼ਾਰਜ ਕਰ ਦਿੱਤੇ ਜਾਣ ਜਾਂ ਹਾਸ਼ੀਏ ਉੱਤੇ ਚਲੇ ਜਾਣ ਨੂੰ ਵੀ ਚਿਤਰਿਆ ਹੈ ਤੇ ਸਟੇਟ ਦੇ ਟੈਰੋਰਿਜ਼ਮ ਨੂੰ ਵੀ ਖੰਗਾਲਿਆ ਹੈ। ‘ਤਸੀਹੇ ਕਦੇ ਬੁੱਢੇ ਨਹੀਂ ਹੁੰਦੇ’ ਨਾਵਲ ਮਾਨਸਿਕ ਅਤੇ ਸਰੀਰਕ ਤਸੀਹਿਆਂ ਦੀ ਬਾਤ ਪਾਉਂਦਾ ਹੈ।
ਉਹ ਮੌਲਿਕ ਰੂਪ ’ਚ ਭਾਵੇਂ ਗਲਪਕਾਰ ਸੀ ਪਰ ਉਹ ਕਿਤਾਬਾਂ ਹਮੇਸ਼ਾ ਪੰਜਾਬੀ ਕਵਿਤਾ ਦੀਆਂ ਸੰਪਾਦਤ ਕਰਦਾ। ਕਵਿਤਾ ਨਾਲ ਆਪਣੀ ਰੂਹ ਦੇ ਜੁੜੇ ਹੋਣ ਦੇ ਕਾਰਨ ਬਿਆਨਦਿਆਂ ਉਹ ਕਿਹਾ ਕਰਦਾ ਸੀ, ‘ਮੇਰੇ ਜ਼ਿਹਨ ’ਚ ਸਾਹਿਤ ਦਾ ਜੋ ਬੀਜ ਹੈ, ਉਹ ਕਵਿਤਾ ਰਾਹੀਂ ਹੀ ਪਿਆ। ਮੇਰੇ ਪਿਤਾ ਜੀ ਕਿੱਸਾ-ਕਾਵਿ ਦੇ ਮੁਰੀਦ ਸਨ। ਉਹ ਗਾ ਕੇ ਕਿੱਸੇ ਪੜ੍ਹਦੇ ਹੁੰਦੇ ਸਨ। ਮੇਰਾ ਬਚਪਨ ਉਨ੍ਹਾਂ ਦੇ ਕਿੱਸਾ-ਕਾਵਿ ਦੇ ਗਾਇਨ ’ਚ ਹੀ ਬੀਤਿਆ ਹੈ। ਜਾਨੀ ਚੋਰ, ਨਲ ਦਮਯੰਤੀ, ਹੀਰ, ਸੋਹਣੀ, ਰੂਪ ਬਸੰਤ, ਜ਼ਿੰਦਗੀ ਬਿਲਾਸ ਤੇ ਹੋਰ ਅਨੇਕਾਂ ਕਿੱਸੇ ਮੈਂ ਆਪਣੇ ਪਿਤਾ ਜੀ ਪਾਸੋਂ ਸੁਣੇ ਹਨ। ਉਹ ਸਾਰਾ ਰਿਦਮ ਮੇਰੇ ਮਨ-ਮਸਤਕ ’ਚ ਅਜੇ ਵੀ ਘੁੰਮਦਾ ਰਹਿੰਦਾ ਹੈ। ਮੈਂ ਲਿਖਦਾ ਭਾਵੇਂ ਗਲਪ ਹਾਂ ਪਰ ਮੇਰੀ ਰੂਹ ਹਮੇਸ਼ਾ ਕਵਿਤਾ ’ਚ ਰਹਿੰਦੀ ਹੈ। ਮੇਰਾ ਲਾਲ ਸਿੰਘ ਦਿਲ ਨਾਲ ਜੋ ਰਿਸ਼ਤਾ ਬਹੁਤ ਗਹਿਰਾ ਸੀ, ਉਹ ਉਹਦੀ ਕਵਿਤਾ ਤੇ ਵਿਚਾਰ ਦੀ ਸਾਂਝ ਕਰਕੇ ਹੀ ਸੀ। ਮੈਂ ਉਹਦੇ ਕੋਲੋਂ ਕਵਿਤਾ ਬਾਰੇ ਬਹੁਤ ਕੁੱਝ ਸਿੱਖਿਆ। ਮੇਰੀ ਬਹੁਤੀ ਦੋਸਤੀ ਦੇ ਘੇਰੇ ’ਚ ਵੀ ਕਵੀ ਜ਼ਿਆਦਾ ਨੇ।’
ਉਸ ਦਾ ਬਹੁਤ ਸਾਰਾ ਸਾਹਿਤ ਉਰਦੂ, ਹਿੰਦੀ, ਬੰਗਲਾ, ਰਾਜਸਥਾਨੀ, ਅੰਗਰੇਜ਼ੀ ਆਦਿ ਜ਼ੁਬਾਨਾਂ ’ਚ ਅਨੁਵਾਦ ਹੋ ਚੁੱਕਾ ਹੈ। ਉਸ ਨੇ ਪੰਜ ਵਾਰ ‘ਜੈਪੁਰ ਲਿਟਰੇਚਰ ਫੈਸਟੀਵਲ’ ’ਚ ਬੁਲਾਰੇ ਵਜੋਂ ਸ਼ਿਰਕਤ ਕੀਤੀ। ਅਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ’ਚ ਵੀ ਇਕ ਫੈਸਟੀਵਲ ਦੌਰਾਨ ਬੁਲਾਰੇ ਵਜੋਂ ਗਿਆ। ਕਹਾਣੀਆਂ ਤੇ ਨਾਵਲਾਂ ਦੇ ਨਾਲ-ਨਾਲ ਉਸ ਨੇ ਇਤਿਹਾਸ ਨਾਲ ਸਬੰਧਿਤ ਚਾਰ ਕਿਤਾਬਾਂ ਲਿਖੀਆਂ, ਜਿਹੜੀਆਂ ਗ਼ਦਰ ਲਹਿਰ ਨਾਲ ਸਬੰਧਿਤ ਹਨ। ਸੱਭਿਆਚਾਰ ਅਤੇ ਦਲਿਤ ਸਮਾਜ ਬਾਰੇ ਉਸ ਦੀ ਬੜੀ ਬਾਰੀਕ ਸਮਝ ਸੀ। ਉਸ ਦੀ ਇਕ ਕਹਾਣੀ ਦਾ ਨਾਂ ਹੈ ‘ਯਹਾਂ ਚਾਏ ਅੱਛੀ ਨਹੀਂ ਬਨਤੀ’ ਪਰ ਅੱਜ ਮੈਂ ਕਹਿਣਾ ਚਾਹੁੰਨੈ ਇੱਥੇ ਤਾਂ ਚਾਹ ਹੀ ਅੱਛੀ ਨਹੀਂ ਬਣਦੀ, ਜਿੱਥੇ ਤੁਰ ਗਿਆਂ ਉੱਥੇ ਕੁਝ ਵੀ ਅੱਛਾ ਨਹੀਂ।

– ਬਿੰਦਰ ਬਸਰਾ
98765-46675